You’re viewing a text-only version of this website that uses less data. View the main version of the website including all images and videos.
ਕੁਝ ਲਾਸ਼ਾਂ ਲੰਬੇ ਸਮੇਂ ਤੱਕ ਦਫ਼ਨਾਉਣ ਤੋਂ ਬਾਅਦ ਵੀ ਕਿਉਂ ਨਹੀਂ ਸੜਦੀਆਂ, ਜਾਣੋ ਕਾਰਨ ਧਾਰਮਿਕ ਹੈ ਜਾਂ ਵਿਗਿਆਨਕ
- ਲੇਖਕ, ਓਰਚੀ ਓਤਿੰਦ੍ਰੇਲਾ
- ਰੋਲ, ਬੀਬੀਸੀ ਨਿਊਜ਼ ਬੰਗਲਾ
ਕਈ ਵਾਰ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕਬਰ ਵਿੱਚ ਦਫ਼ਨਾਉਣ ਜਾਂ ਉਸ ਦੇ ਅੰਤਿਮ ਸੰਸਕਾਰ ਵਿੱਚ ਸਮਾਂ ਲੱਗ ਜਾਂਦਾ ਹੈ।
ਪਹਿਲਾਂ ਗਰਮੀਆਂ ਦੇ ਮੌਸਮ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ ਲਾਸ਼ ਨੂੰ ਟਾਟ ਦੀਆਂ ਪੱਟੀਆਂ ਨਾਲ ਢੱਕ ਕੇ ਰੱਖਿਆ ਜਾਂਦਾ ਸੀ, ਪਰ ਹੁਣ ਇਸ ਦੇ ਲਈ ਲਾਸ਼ ਢੋਣ ਵਾਲੀ ਰੈਫ੍ਰਿਜਰੇਟਿਡ ਵੈਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਜਿਨ੍ਹਾਂ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਘੱਟ ਤਾਪਮਾਨ 'ਤੇ ਵੀ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਵਿੱਚ ਸੜਨ ਦੀ ਪ੍ਰਕਿਰਿਆ ਸ਼ੁਰੂ ਨਾ ਹੋਵੇ।
ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਮੌਤ ਤੋਂ ਬਾਅਦ ਸਰੀਰ ਵਿੱਚ ਬੈਕਟੀਰੀਆ ਪੈਦਾ ਹੋਣ ਲੱਗ ਪੈਂਦੇ ਹਨ ਅਤੇ ਇਹੀ ਸਰੀਰ ਦੇ ਸੜਨ ਦਾ ਮੁੱਖ ਕਾਰਨ ਹੈ। ਇਹ ਪ੍ਰਕਿਰਿਆ ਆਮ ਤੌਰ 'ਤੇ ਮੌਤ ਤੋਂ ਲਗਭਗ 12 ਘੰਟੇ ਬਾਅਦ ਸ਼ੁਰੂ ਹੁੰਦੀ ਹੋ ਜਾਂਦੀ ਹੈ।
ਪਰ ਕਈ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਕਬਰਿਸਤਾਨ ਵਿੱਚ ਦਫ਼ਨਾਉਣ ਦੇ ਬਾਵਜੂਦ ਲਾਸ਼ਾਂ ਲੰਬੇ ਸਮੇਂ ਤੱਕ ਨਹੀਂ ਸੜਦੀਆਂ।
ਪੁਰਾਣੀਆਂ ਕਬਰਾਂ ਦੀ ਖੁਦਾਈ ਦੌਰਾਨ ਅਜਿਹੀਆਂ ਲਾਸ਼ਾਂ ਮਿਲਦੀਆਂ ਹਨ ਜੋ ਸਾਲਾਂ ਬਾਅਦ ਵੀ ਲਗਭਗ ਜਿਉਂ ਦੀਆਂ ਤਿਉਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਮਾਮਲਿਆਂ ਨੂੰ ਅਕਸਰ ਧਾਰਮਿਕ ਦ੍ਰਿਸ਼ਟੀਕੋਣ ਨਾਲ ਜੋੜਿਆ ਜਾਂਦਾ ਹੈ, ਪਰ ਇਸਦੇ ਪਿੱਛੇ ਵਿਗਿਆਨਕ ਕਾਰਨ ਵੀ ਹਨ।
ਅਜਿਹੇ ਮਾਮਲਿਆਂ ਵਿੱਚ ਬਹੁਤ ਸਾਰੇ ਕਾਰਕ ਕੰਮ ਕਰਦੇ ਹਨ ਜੋ ਲਾਸ਼ਾਂ ਨੂੰ ਆਸਾਨੀ ਨਾਲ ਸੜਨ ਤੋਂ ਰੋਕਦੇ ਹਨ।
ਫੋਰੈਂਸਿਕ ਵਿਗਿਆਨੀ ਮੂਲ ਰੂਪ ਵਿੱਚ ਇਸਦੇ ਦੋ ਕਾਰਨ ਦੱਸਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ - ਮਮੀਫੀਕੇਸ਼ਨ ਅਤੇ ਦੂਜਾ ਕਾਰਨ ਹੈ - ਐਡਾਪੋਸਰੀ, ਭਾਵ ਸਰੀਰ ਦੇ ਆਲੇ-ਦੁਆਲੇ ਮੋਮ ਵਰਗੇ ਕਵਰ ਦਾ ਬਣਨਾ, ਜੋ ਸੜਨ ਤੋਂ ਰੋਕਦਾ ਹੈ।
ਕੁਦਰਤੀ ਮਮੀ
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰ ਨੂੰ ਅਜਿਹੇ ਵਾਤਾਵਰਣ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਹਵਾ ਖੁਸ਼ਕ ਹੋਵੇ ਅਤੇ ਨਮੀ ਬਹੁਤ ਘੱਟ ਹੋਵੇ ਅਤੇ ਤਾਪਮਾਨ ਗਰਮ ਹੋਵੇ, ਤਾਂ ਸਰੀਰ ਦਾ ਪਾਣੀ ਵਾਲਾ ਹਿੱਸਾ ਜਲਦੀ ਸੁੱਕ ਜਾਂਦਾ ਹੈ। ਇਸ ਕਾਰਨ, ਬੈਕਟੀਰੀਆ ਨਹੀਂ ਪਣਪ ਪਾਉਂਦੇ ਅਤੇ ਸਰੀਰ ਪਹਿਲਾਂ ਵਾਲੀ ਸਥਿਤੀ ਵਿੱਚ ਬਣਿਆ ਰਹਿੰਦਾ ਹੈ।
ਸਰ ਸਲੀਮ ਉੱਲਾਹ ਮੈਡੀਕਲ ਕਾਲਜ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਡਾਕਟਰ ਨਜ਼ਮੁਨ ਨਾਹਰ ਰੋਜ਼ੀ ਦੇ ਅਨੁਸਾਰ, ਇਸ ਪ੍ਰਕਿਰਿਆ ਨੂੰ ਮਮੀਫੀਕੇਸ਼ਨ ਕਿਹਾ ਜਾਂਦਾ ਹੈ।
ਇਸ ਪ੍ਰਕਿਰਿਆ ਦਾ ਉਦੇਸ਼ ਮ੍ਰਿਤਕ ਸਰੀਰ ਨੂੰ ਸੁਰੱਖਿਅਤ ਰੱਖਣਾ ਹੈ। ਇਸ ਦੇ ਤਹਿਤ, ਮਾਰੂਥਲ ਖੇਤਰਾਂ ਵਿੱਚ ਬਹੁਤ ਸਾਰੀਆਂ ਲਾਸ਼ਾਂ ਕੁਦਰਤੀ ਤੌਰ 'ਤੇ ਮਮੀ ਬਣ ਜਾਂਦੀਆਂ ਹਨ ਅਤੇ ਕਈ ਸਾਲਾਂ ਤੱਕ ਉਸੇ ਸਥਿਤੀ ਵਿੱਚ ਰਹਿੰਦੀਆਂ ਹਨ।
ਅਜਿਹੀ ਕੁਦਰਤੀ ਪ੍ਰਕਿਰਿਆ ਰਾਹੀਂ ਲਾਸ਼ਾਂ ਦਾ ਮਮੀਫਿਕੇਸ਼ਨ ਸੁੱਕੀ ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਵੀ ਸੰਭਵ ਹੈ।
ਹਾਲਾਂਕਿ, ਬੰਗਲਾਦੇਸ਼ ਦੀ ਹਵਾ ਅਤੇ ਮਿੱਟੀ ਵਿੱਚ ਉੱਚ ਨਮੀ ਦੇ ਕਾਰਨ ਅਜਿਹਾ ਆਮ ਤੌਰ 'ਤੇ ਨਹੀਂ ਹੁੰਦਾ।
ਐਡਾਪੋਸਰੀ
ਐਡਾਪੋਸਰੀ ਜਾਂ ਚਰਬੀ ਵਾਲਾ ਟਿਸ਼ੂ ਮੂਲ ਰੂਪ ਵਿੱਚ ਇੱਕ ਖਾਸ ਕਿਸਮ ਦੇ ਸਾਬਣ ਵਾਂਗ ਮੋਮ ਦੀ ਕਿਸਮ ਵਰਗਾ ਪਦਾਰਥ ਹੁੰਦਾ ਹੈ। ਇਹ ਸਰੀਰ ਵਿੱਚ ਚਰਬੀ ਨੂੰ ਵਿਗਾੜਨ ਦੀ ਬਜਾਏ ਇਸਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।
ਅਮਰੀਕਾ ਦੀ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਐਡਾਪੋਸਰੀ ਦਾ ਬਣਨਾ ਅਤੇ ਵਿਗੜਨਾ ਦੋਵੇਂ ਹੀ ਵਾਤਾਵਰਣ 'ਤੇ ਨਿਰਭਰ ਕਰਦੇ ਹਨ।
ਇੱਕ ਵਾਰ ਐਡੋਪਾਸਰੀ ਬਣ ਜਾਣ ਤੋਂ ਬਾਅਦ ਇਹ ਸੈਂਕੜੇ ਸਾਲਾਂ ਤੱਕ ਬਣਿਆ ਰਹਿ ਸਕਦਾ ਹੈ।
ਡਾਕਟਰ ਨਜ਼ਮੁਨ ਨਾਹਰ ਰੋਜ਼ੀ ਦੇ ਅਨੁਸਾਰ, ਐਡੋਪਾਸਰੀ ਦਾ ਬਣਨਾ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਇਨ੍ਹਾਂ ਵਿੱਚ ਵਾਤਾਵਰਣ ਦਾ ਤਾਪਮਾਨ, ਜਲਵਾਯੂ, ਖਾਣ-ਪੀਣ ਦੀਆਂ ਆਦਤਾਂ, ਲਾਸ਼ ਨੂੰ ਕਿਵੇਂ ਦਫ਼ਨਾਇਆ ਗਿਆ ਸੀ, ਮ੍ਰਿਤਕ ਵਿਅਕਤੀ ਦੀ ਸਰੀਰਕ ਸਥਿਤੀ ਕੀ ਸੀ, ਆਦਿ ਸ਼ਾਮਲ ਹਨ।
ਡਾਕਟਰ ਰੋਜ਼ੀ ਨੇ ਬੀਬੀਸੀ ਬੰਗਲਾ ਨੂੰ ਦੱਸਿਆ, "ਨਮੀ ਵਾਲੇ ਵਾਤਾਵਰਣ ਜਾਂ ਗਿੱਲੀਆਂ ਥਾਵਾਂ 'ਤੇ ਲਾਸ਼ਾਂ ਚਿੱਟੀਆਂ ਦਿਖਾਈ ਦਿੰਦੀਆਂ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ 'ਤੇ ਕੋਈ ਲੇਪ ਲਗਾਇਆ ਗਿਆ ਹੈ। ਸਰੀਰ 'ਚ ਚਰਬੀ ਵਾਲਾ ਹਿੱਸਾ ਪਾਣੀ ਨਾਲ ਰਸਾਇਣਕ ਪ੍ਰਕਿਰਿਆ ਕਾਰਨ ਸਰੀਰ ਦੇ ਆਲੇ-ਦੁਆਲੇ ਇੱਕ ਤੇਲਯੁਕਤ ਮੋਮ ਵਰਗੀ ਇੱਕ ਪਰਤ ਬਣਾ ਲੈਂਦਾ ਹੈ।"
ਉਹ ਕਹਿੰਦੇ ਹਨ ਕਿ ਜੇਕਰ ਇਸ ਕਿਸਮ ਦੀ ਐਡਾਪੋਸਰੀ ਤਿਆਰ ਹੋ ਜਾਵੇ ਤਾਂ ਸਰੀਰ ਬਹੁਤ ਲੰਬੇ ਸਮੇਂ ਤੱਕ ਆਪਣੀ ਅਸਲੀ ਸਥਿਤੀ ਵਿੱਚ ਬਣਿਆ ਰਹਿ ਸਕਦਾ ਹੈ। ਯਾਨੀ ਕਿ ਇਸ ਵਿੱਚ ਸੜਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਵੇਗੀ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੀ ਇੱਕ ਹੋਰ ਖੋਜ ਕਹਿੰਦੀ ਹੈ ਕਿ ਅਜਿਹਾ ਸਰੀਰ ਕਈ ਦਹਾਕਿਆਂ ਤੱਕ ਸੁਰੱਖਿਅਤ ਰਹਿ ਸਕਦਾ ਹੈ।
ਉਸ ਵਿੱਚ ਐਡਾਪਸੋਰੀ ਨਾਲ ਸਬੰਧਤ ਤਿੰਨ ਹੋਰ ਵਿਸ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ।
- ਪਹਿਲਾ - ਹਾਈਡ੍ਰੋਕਸੀ ਫੈਟੀ ਐਸਿਡ ਦਾ ਗਠਨ
- ਦੂਜਾ - ਜਿੱਥੇ ਲਾਸ਼ ਰੱਖੀ ਜਾਂਦੀ ਹੈ, ਉਸ ਜਲਵਾਯੂ ਵਿੱਚ ਪਾਣੀ ਦੀ ਜ਼ਿਆਦਾ ਮਾਤਰਾ
- ਤੀਜਾ - ਆਕਸੀਜਨ ਦੀ ਘਾਟ
ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਨਾਂ ਕਰਕੇ ਬਹੁਤ ਸਾਰੇ ਮਾਮਲਿਆਂ ਵਿੱਚ ਲਾਸ਼ ਨੂੰ ਮਿੱਟੀ ਦੇ ਬਹੁਤ ਜ਼ਿਆਦਾ ਹੇਠਾਂ ਦੱਬਣ ਦੀ ਸਥਿਤੀ 'ਚ ਅਜਿਹਾ ਵਾਤਾਵਰਣ ਪੈਦਾ ਹੋ ਸਕਦਾ ਹੈ।
ਡਾਕਟਰ ਰੋਜ਼ੀ ਦੱਸਦੇ ਹਨ ਕਿ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੇ ਸਰੀਰ ਵਿੱਚ ਰਹਿਣ ਦੀ ਸਥਿਤੀ ਵਿੱਚ ਅਜਿਹਾ ਵਾਤਾਵਰਣ ਬਣ ਸਕਦਾ ਹੈ।
ਵੱਖ-ਵੱਖ ਧਾਤਾਂ ਅਤੇ ਆਰਸੈਨਿਕ ਦੀ ਮੌਜੂਦਗੀ ਦੇ ਕਾਰਨ ਵੀ ਸਰੀਰ ਦੇ ਸੜਨ ਦੀ ਪ੍ਰਕਿਰਿਆ ਨੂੰ ਹੌਲੀ ਹੋ ਸਕਦੀ ਹੈ।
ਢਾਕਾ ਮੈਡੀਕਲ ਕਾਲਜ ਹਸਪਤਾਲ ਦੇ ਸਾਬਕਾ ਫੋਰੈਂਸਿਕ ਮਾਹਰ ਡਾਕਟਰ ਕਬੀਰ ਸੋਹੇਲ, ਐਡਾਪੋਸਰੀ ਦੀ ਇਸ ਪ੍ਰਕਿਰਿਆ ਨੂੰ ਵੱਖਰੇ ਤਰੀਕੇ ਨਾਲ ਸਮਝਾਉਂਦੇ ਹਨ।
ਉਹ ਕਹਿੰਦੇ ਹਨ, "ਸਰੀਰ ਵਿੱਚ ਮੌਜੂਦ ਚਰਬੀ ਦੇ ਸਖ਼ਤ ਹੋਣ ਕਾਰਨ, ਇਸ ਦੇ ਸੜਨ ਲਈ ਜ਼ਿੰਮੇਵਾਰ ਬੈਕਟੀਰੀਆ ਜਾਂ ਹੋਰ ਕੀਟਾਣੂ ਕੰਮ ਨਹੀਂ ਕਰ ਪਾਉਂਦੇ। ਅਜਿਹੀ ਸਥਿਤੀ ਵਿੱਚ ਸਰੀਰ ਦੀ ਬਣਤਰ ਲੰਬੇ ਸਮੇਂ ਤੱਕ ਪਹਿਲਾਂ ਵਾਂਗ ਹੀ ਬਣੀ ਰਹਿੰਦੀ ਹੈ ਅਤੇ ਚਿਹਰੇ ਦੀ ਪਛਾਣ ਵੀ ਕੀਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਰੀਰ ਨੂੰ ਬਹੁਤ ਪਹਿਲਾਂ ਦਫ਼ਨਾਇਆ ਗਿਆ ਸੀ ਪਰ ਉਹ ਅੱਜ ਵੀ ਪਹਿਲਾਂ ਵਰਗੀ ਸਥਿਤੀ ਵਿੱਚ ਹੀ ਹੈ।"
ਢਾਕਾ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਮੁਹੰਮਦ ਮਿਜ਼ਾਨੁਰ ਰਹਿਮਾਨ ਦਾ ਵੀ ਕਹਿਣਾ ਹੈ ਕਿ ਜੇਕਰ ਸਰੀਰ ਵਿੱਚ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤਾਂ ਅਜਿਹਾ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਦਫ਼ਨਾਉਣ ਵਾਲੀ ਥਾਂ 'ਤੇ ਹਵਾ ਮੌਜੂਦ ਹੋਵੇ ਜਾਂ ਮਿੱਟੀ ਬਹੁਤ ਬੰਜਰ ਹੋਵੇ ਜਿੱਥੇ ਪੌਦੇ ਆਸਾਨੀ ਨਾਲ ਨਹੀਂ ਉੱਗਦੇ ਜਾਂ ਮਿੱਟੀ ਰੇਤਲੀ ਹੋਵੇ, ਤਾਂ ਕੁਝ ਮਾਮਲਿਆਂ ਵਿੱਚ ਸੜਨ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ।
ਡਾਕਟਰ ਰਹਿਮਾਨ ਨੇ ਕਿਹਾ, "ਬੰਗਲਾਦੇਸ਼ ਵਰਗੇ ਵਾਤਾਵਰਣ ਵਿੱਚ ਦੇਖਿਆ ਜਾਂਦਾ ਹੈ ਕਿ ਸਰੀਰ ਦੀ ਚਮੜੀ ਛੇ ਤੋਂ ਬਾਰਾਂ ਦਿਨਾਂ ਦੇ ਅੰਦਰ ਢਿੱਲੀ ਹੋ ਕੇ ਵੱਖ ਹੋ ਜਾਂਦੀ ਹੈ। ਪਰ ਮੋਟੇ ਸਰੀਰਾਂ ਵਿੱਚ ਇਹ ਸਮਾਂ ਵਧ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਇਸ ਵਿੱਚ ਇੱਕ ਮਹੀਨਾ ਜਾਂ ਵੱਧ ਸਮਾਂ ਲੱਗ ਸਕਦਾ ਹੈ।"
ਬੰਗਲਾਦੇਸ਼ ਦੇ ਮਾਮਲੇ ਵਿੱਚ ਸਰਦੀਆਂ ਵਿੱਚ ਖੁਸ਼ਕ ਮੌਸਮ ਵੀ ਚਰਬੀ ਵਾਲੇ ਟਿਸ਼ੂਆਂ ਲਈ ਅਨੁਕੂਲ ਹਾਲਾਤ ਪੈਦਾ ਕਰ ਸਕਦਾ ਹੈ। ਹਾਲਾਂਕਿ, ਭਾਰਤੀ ਉਪ ਮਹਾਂਦੀਪ ਦਾ ਜਲਵਾਯੂ ਆਮ ਤੌਰ 'ਤੇ ਤੇਜ਼ੀ ਨਾਲ ਸੜਨ ਲਈ ਵਧੇਰੇ ਅਨੁਕੂਲ ਹੁੰਦਾ ਹੈ।
ਰਸਾਇਣਕ ਪ੍ਰਭਾਵ
ਡਾਕਟਰ ਸੋਹੇਲ ਦੱਸਦੇ ਹਨ ਕਿ ਕੁਝ ਮਾਮਲਿਆਂ ਵਿੱਚ ਲਾਸ਼ਾਂ ਦੀ ਸੰਭਾਲ ਕਰਨ ਦੀ ਲੋੜ ਹੁੰਦੀ ਹੈ। ਅਜਿਹੇ ਮਾਮਲਿਆਂ ਵਿੱਚ ਫਾਰਮੇਲਿਨ ਵਰਗੇ ਕਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਤਰ੍ਹਾਂ ਦੇ ਰਸਾਇਣਕ ਲੇਪ ਵਾਲੇ ਸਰੀਰ ਲੰਬੇ ਸਮੇਂ ਤੱਕ ਸੁਰੱਖਿਅਤ ਰਹਿ ਸਕਦੇ ਹਨ।
ਉਹ ਉਦਾਹਰਣ ਦਿੰਦੇ ਹੋਏ ਸਮਝਾਉਂਦੇ ਹਨ ਕਿ ਵਿਦੇਸ਼ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ 'ਤੇ ਜੇਕਰ ਉਸ ਦੀ ਲਾਸ਼ ਨੂੰ ਉਸ ਦੇ ਦੇਸ਼ ਵਾਪਸ ਭੇਜਣਾ ਪੈਂਦਾ ਹੈ ਜਾਂ ਜੇਕਰ ਇਸਨੂੰ ਕਿਸੇ ਹੋਰ ਕਾਰਨ ਕਰਕੇ ਸੁਰੱਖਿਅਤ ਰੱਖਣ ਦੀ ਲੋੜ ਹੁੰਦੀ ਹੈ, ਤਾਂ ਅਜਿਹੇ ਮਾਮਲੇ ਵਿੱਚ ਐਂਮਬਾਮਿੰਗ ਕੀਤੀ ਜਾਂਦੀ ਹੈ।
ਇਸਦੇ ਲਈ ਫਰਮੇਲਡੀਹਾਈਡ, ਮੀਥੇਨੌਲ ਅਤੇ ਕੁਝ ਹੋਰ ਰਸਾਇਣਾਂ ਦੀ ਮਦਦ ਨਾਲ ਸਰੀਰ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
ਉਂਝ ਦਫ਼ਨਾਉਣ ਤੋਂ ਬਾਅਦ ਵੀ ਰਸਾਇਣਾਂ ਕਾਰਨ ਲਾਸ਼ਾਂ ਲੰਬੇ ਸਮੇਂ ਤੱਕ ਉਸੇ ਹਾਲਤ ਵਿੱਚ ਹੀ ਰਹਿੰਦੀਆਂ ਹਨ।
ਇਸ ਤੋਂ ਇਲਾਵਾ ਮਿੱਟੀ ਵਿੱਚ ਕੁਝ ਰਸਾਇਣਾਂ ਦੀ ਮੌਜੂਦਗੀ ਵੀ ਇਸ ਦਾ ਕਾਰਨ ਬਣ ਸਕਦੀ ਹੈ।
ਜਰਨਲ ਆਫ਼ ਆਰਕੀਓਲੋਜੀਕਲ ਸਾਇੰਸ ਦੇ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਮਿੱਟੀ ਦੇ ਰਸਾਇਣਕ ਗੁਣ ਜਿਵੇਂ ਕਿ ਧਾਤਾਂ ਜਾਂ ਖਣਿਜ ਅਤੇ ਅਮਲਤਾ ਵੀ ਸਰੀਰ ਵਿੱਚ ਸੜਨ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਦੇ ਪ੍ਰਭਾਵ ਨੂੰ ਘਟਾ ਸਕਦੇ ਹਨ ਅਤੇ ਸਰੀਰ ਦੇ ਸੜਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਹਨ।
ਇਨ੍ਹਾਂ ਤੋਂ ਇਲਾਵਾ, ਕਈ ਵਾਰ ਸਰੀਰਾਂ ਦੀ ਸੰਭਾਲ ਦੇ ਮਾਮਲੇ ਵਿੱਚ ਤਾਪਮਾਨ ਦਾ ਵੀ ਪ੍ਰਭਾਵ ਪੈਂਦਾ ਹੈ। ਉਦਾਹਰਣ ਵਜੋਂ, ਹਿਮਾਲਿਆ ਵਿੱਚ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਕਈ ਦਿਨਾਂ ਤੱਕ ਠੀਕ ਹਾਲਤ ਵਿੱਚ ਬਣੀਆਂ ਰਹਿੰਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ