ਦਿਲਸ਼ਾਦ ਅਖ਼ਤਰ: ਅਮਰ ਸਿੰਘ ਚਮਕੀਲਾ ਤੋਂ ਸਾਲਾਂ ਬਾਅਦ ਸਟੇਜ 'ਤੇ ਗਾਉਂਦਾ ਮਾਰਿਆ ਗਿਆ ਗਾਇਕ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬੀ ਦੁਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਉੱਤੇ ਬਣੀ ਫ਼ਿਲਮ ਹਾਲ ਹੀ ਵਿੱਚ ‘ਨੈੱਟਫਲਿਕਸ’ ’ਤੇ ਰਿਲੀਜ਼ ਹੋਈ ਹੈ।

ਸਾਲ 1988 ਵਿੱਚ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

‘ਅਮਰ ਸਿੰਘ ਚਮਕੀਲਾ’ ਫ਼ਿਲਮ ਦਾ ਨਿਰਦੇਸ਼ਨ ਅਤੇ ਅਦਾਕਾਰਾਂ ਦੀ ਪੇਸ਼ਕਾਰੀ ਚਰਚਾ ਵਿੱਚ ਹੈ।

ਇਸ ਦੇ ਨਾਲ ਹੀ ਅਜਿਹੀ ਹੀ ਹੋਣੀ ਦਾ ਸ਼ਿਕਾਰ ਹੋਏ ਗਾਇਕਾਂ ਦੀ ਵੀ ਚਰਚਾ ਹੋ ਰਹੀ ਹੈ।

ਇਸ ਚਰਚਾ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਦਿਲਸ਼ਾਦ ਅਖ਼ਤਰ ਦਾ ਵੀ ਜ਼ਿਕਰ ਹੋ ਰਿਹਾ ਹੈ।

1980ਵਿਆਂ ਦੀ ਸ਼ੁਰੂਆਤ ਵਿੱਚ ਪੇਸ਼ੇਵਰ ਗਾਇਕ ਵਜੋਂ ਸ਼ੁਰੂਆਤ ਕਰਨ ਵਾਲੇ ਦਿਲਸ਼ਾਦ ਅਖ਼ਤਰ ਨੂੰ ਅੱਜ ਵੀ ਲੋਕ ਬੁਲੰਦ ਅਵਾਜ਼ ਵਾਲੇ ਗਾਇਕ ਵਜੋਂ ਜਾਣਦੇ ਹਨ।

‘ਦਿਲ ਵਿੱਚ ਵੱਸਨੈ ਸੱਜਣਾ ਵੇ ਰਹਿਨੈ ਅੱਖੀਆਂ ਤੋਂ ਦੂਰ’ ਅਤੇ ‘ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ’ ਉਨ੍ਹਾਂ ਦੇ ਮਸ਼ਹੂਰ ਅਤੇ ਅੱਜ ਤੱਕ ਸੁਣੇ ਜਾਣ ਵਾਲੇ ਗੀਤ ਹਨ।

ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ ਦਾ ਨਾਮ ਅਮਰ ਸਿੰਘ ਚਮਕੀਲਾ, ਕੁਲਦੀਪ ਮਾਣਕ ਸਣੇ ਉਨ੍ਹਾਂ ਚੰਦ ਕੁ ਗਾਇਕਾਂ ਦੀ ਸੂਚੀ ਵਿੱਚ ਆਉਂਦਾ ਹੈ ਜਿਨ੍ਹਾਂ ਦੀਆਂ ਪੁਰਾਣੀਆਂ ਕੈਸੇਟਸ ਅੱਜ ਵੀ ਮਹਿੰਗੇ ਭਾਅ ਉੱਤੇ ਲੋਕ ਖਰੀਦਦੇ ਹਨ।

ਉਨ੍ਹਾਂ ਦੇ ਕਈ ਗੀਤ ਲਿਖ ਚੁੱਕੇ ਅਤੇ ਕਾਲਜ ਦੇ ਸਮੇਂ ਦੇ ਜਾਣਕਾਰ ਧਰਮ ਕੰਮੇਆਣਾ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ ਦੀ ਪਹਿਲੀ ਕੈਸੇਟ 1981 ਵਿੱਚ ਆ ਗਈ ਸੀ।

ਕਿਵੇਂ ਹੋਈ ਸੀ ਮੌਤ

ਮਾਰਚ 2008 ਦੀ ‘ਦਿ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਿਲਸ਼ਾਦ ਅਖ਼ਤਰ ਨੂੰ 28 ਜਨਵਰੀ 1996 ਵਿੱਚ ਸਟੇਜ ਉੱਤੇ ਗਾਉਂਦਿਆਂ ਇੱਕ ਪੁਲਿਸ ਅਧਿਕਾਰੀ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।

ਇਹ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਵਿੱਚ ਪੈਂਦੇ ਪਿੰਡ ਸਿੰਘਪੁਰਾ ਵਿੱਚ ਵਾਪਰੀ ਸੀ।

ਉਹ ਇੱਕ ਵਿਆਹ ਦੇ ਪ੍ਰੋਗਰਾਮ ਉੱਤੇ ਗਾ ਰਹੇ ਸਨ, ਮਾਰਨ ਵਾਲੇ ਪੁਲਿਸ ਅਧਿਕਾਰੀ ਨੇ ਸ਼ਰਾਬ ਪੀਤੀ ਹੋਈ ਸੀ।

ਇਸੇ ਰਿਪੋਰਟ ਮੁਤਾਬਕ ਦਿਲਸ਼ਾਦ 'ਤੇ ਫਾਇਰਿੰਗ ਸਵਰਨ ਸਿੰਘ ਹੁੰਦਲ ਨਾਮ ਦੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਸੀ। ਉਹ ਸਾਲ 2002 ਵਿੱਚ ਡੀਐੱਸਪੀ ਰਿਟਾਇਰ ਹੋਏ ਸਨ।

ਪੁਲਿਸ ਅਧਿਕਾਰੀ ਨੇ ਦਿਲਸ਼ਾਦ ਅਖ਼ਤਰ ਨੂੰ ਕਿਸੇ ਹੋਰ ਗਾਇਕ ਦਾ ਗੀਤ ਗਾਉਣ ਲਈ ਕਿਹਾ ਸੀ ਪਰ ਦਿਲਸ਼ਾਦ ਨੇ ਇਸ ਤੋਂ ਨਾਹ ਕਰ ਦਿੱਤੀ ਸੀ ਜਿਸ ਉੱਤੇ ਪੁਲਿਸ ਅਧਿਕਾਰੀ ਨੇ ਭੜਕ ਕੇ ਆਪਣੇ ਸੁਰੱਖਿਆ ਮੁਲਾਜ਼ਮ ਕੋਲੋਂ ਏਕੇ-47 ਖੋਹ ਕੇ ਦਿਲਸ਼ਾਦ ਅਖ਼ਤਰ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ।

‘ਦਿ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਸੇ ਅਧਿਕਾਰੀ ਨੇ ਮਾਰਚ 2008 'ਚ ਖ਼ੁਦਕੁਸ਼ੀ ਕਰ ਲਈ ਸੀ।

ਉਨ੍ਹਾਂ ਉੱਤੇ ਝੂਠੇ ਪੁਲਿਸ ਮੁਕਾਬਲੇ ਦੇ ਇਲਜ਼ਾਮਾਂ ਤਹਿਤ ਸੀਬੀਆਈ ਦੇ ਕੇਸ ਸਨ।

ਕਿਹੜੇ-ਕਿਹੜੇ ਹਿੱਟ ਗੀਤ ਗਾਏ

ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ ਦੀ ਪਹਿਲੀ ਕੈਸੇਟ ਦਾ ਨਾਮ ‘ਧਰਤੀ ਪੰਜ ਦਰਿਆਵਾਂ ਦੀ’ ਸੀ ।

ਇਸ ਤੋਂ ਬਾਅਦ ਬਾਬੂ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਰਿਕਾਰਡ ਕੀਤਾ ਗਿਆ, ‘ਮਨ ਵਿੱਚ ਵੱਸਦਾ ਸੱਜਣਾ ਵੇ ਰਹਿੰਨੈ ਅੱਖੀਆਂ ਤੋਂ ਦੂਰ' ਉਨ੍ਹਾਂ ਦਾ ਮਸ਼ਹੂਰ ਗੀਤ ਸੀ।

‘ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਨੀ’ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ‘ਦੇਸੀ ਬਾਂਦਰੀ ਵਲੈਤੀ ਚੀਕਾਂ’ ਤੇ 'ਕੀ ਹਾਲ ਪ੍ਰੀਤੋ' ਦਾ ਗੀਤ ਵੀ ਗਾਏ।

ਉਹ ਦੱਸਦੇ ਹਨ, "ਦਿਲਸ਼ਾਦ ਅਖ਼ਤਰ ਨੇ ਹਰੇਕ ਭਾਂਤ ਦੇ ਗੀਤ ਗਾਏ ਉਹ ਭੰਗੜੇ ਵਾਲੇ ਗੀਤਾਂ ਦੇ ਨਾਲ-ਨਾਲ ਦੁੱਖ ਭਰੇ ਗੀਤ ਅਤੇ ਬੀਰ ਰਸ ਵਾਲੇ ਗੀਤ ਵੀ ਗਾਉਂਦੇ ਰਹੇ ਹਨ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਸਾਰੇ ਗੀਤ ਸਾਫ਼-ਸੁੱਥਰੇ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਸਨ।

ਜਦੋਂ ਦਿਲਸ਼ਾਦ ਅਖ਼ਤਰ ਨੇ ਗਾਉਣਾ ਸ਼ੁਰੂ ਕੀਤਾ ਤਾਂ ਕੈਸੇਟ ਯੁੱਗ ਸ਼ੁਰੂ ਹੋ ਗਿਆ ਸੀ ਅਤੇ ਇਹ ਕਾਫੀ ਗਿਣਤੀ ਵਿੱਚ ਵਿਕਦੇ ਰਹੇ ਹਨ।

ਮਰਾਸੀ ਭਾਈਚਾਰੇ ਨਾਲ ਸਬੰਧਤ ਸਨ

ਦਿਲਸ਼ਾਦ ਅਖ਼ਤਰ ਦਾ ਜਨਮ ਫਰੀਦਕੋਟ ਦੇ ਕਸਬੇ ਕੁੋਟਕਪੂਰਾ ਵਿੱਚ ਜਨਵਰੀ 1965 ਵਿੱਚ ਹੋਇਆ ਸੀ।

ਬੀਬੀਸੀ ਸਹਿਯੋਗੀ ਭਰਤ ਭੂਸ਼ਣ ਮੁਤਾਬਕ ਉਹ ਮਰਾਸੀ ਭਾਈਚਾਰੇ ਨਾਲ ਸਬੰਧ ਰੱਖਦੇ ਸਨ, ਉਨ੍ਹਾ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗਾਇਕੀ ਨਾਲ ਜੁੜਿਆ ਰਿਹਾ ਸੀ।

ਉਨ੍ਹਾਂ ਦੇ ਪਿਤਾ ਕੀੜੇ ਖ਼ਾਨ ਸ਼ੌਕੀਨ ਵੀ ਸੰਗੀਤ ਦੇ ਉਸਤਾਦ ਸਨ।

ਦਿਲਸ਼ਾਦ ਅਖ਼ਤਰ ਵਿੱਚ ਕੀ ਸੀ ਖ਼ਾਸ

ਪੰਜਾਬੀ ਫ਼ਿਲਮਾਂ ਦੇ ਇਤਿਹਾਸ ਬਾਰੇ ਕਿਤਾਬਾਂ ਲਿਖ ਚੁੱਕੇ ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ 1980 ਦੇ ਦਹਾਕੇ ਵਿੱਚ ਪੰਜਾਬੀ ਸੰਗੀਤਕ ਜਗਤ ਵਿੱਚ ਆਗਾਜ਼ ਕਰਨ ਵਾਲੇ ਮੋਹਰੀ ਗਾਇਕਾਂ ਵਿੱਚ ਸ਼ਾਮਲ ਸਨ।

ਉਹ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ ਬੁਲੰਦ ਆਵਾਜ਼ ਦਾ ਮਾਲਕ ਸੀ ਅਤੇ ਕੈਸੇਟ ਯੁੱਗ ਵਿੱਚ ਉਨ੍ਹਾਂ ਦੇ ਗੀਤ ਸੁਪਰ ਹਿੱਟ ਹੁੰਦੇ ਸਨ।

ਉਹ ਦੱਸਦੇ ਹਨ, “ਦਿਲਸ਼ਾਦ ਅਖ਼ਤਰ ਦੀ ਮਿਆਰੀ ਗਾਇਕੀ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1990 ਵਿਆਂ ਦੇ ਦੌਰਾਨ ਜਲੰਧਰ ਦੂਰਦਰਸ਼ਨ ‘ਤੇ ਉਨ੍ਹਾਂ ਦੇ ਗੀਤ ਖ਼ਾਸ ਤੌਰ ‘ਤੇ ਚਲਾਏ ਜਾਂਦੇ ਸਨ।”

"90ਵਿਆਂ ਦੇ ਦੌਰ ਵਿੱਚ ਜਲੰਧਰ ਦੂਰਦਰਸ਼ਨ ਉੱਤੇ ਸਰਦੂਲ ਸਿਕੰਦਰ ਅਤੇ ਦਿਲਸ਼ਾਦ ਅਖ਼ਤਰ ਖ਼ਾਸ ਮਹਿਮਾਨ ਵਜੋਂ ਹਾਜ਼ਰ ਹੁੰਦੇ ਸਨ।"

ਉਹ ਦੱਸਦੇ ਹਨ ਕਿ 1989-90 ਵਿੱਚ ਆਈ 'ਅਣਖ ਜੱਟਾਂ ਦੀ' ਫ਼ਿਲਮ ਵਿੱਚ ਉਨ੍ਹਾਂ ਨੂੰ ਗਾਉਂਦਿਆਂ ਫਿਲਮਾਇਆ ਗਿਆ ਸੀ।

“ਦਿਲਸ਼ਾਦ ਅਖ਼ਤਰ ਦੀ ਮੌਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਗਾਇਕਾਂ ਨੇ ਦਿਲਸ਼ਾਦ ਅਖ਼ਤਰ ਨੂੰ ਸਮਰਪਿਤ ਕੈਸੇਟਾਂ ਰਿਲੀਜ਼ ਕੀਤੀਆਂ, ਉਹ ਸ਼ਾਇਦ ਅਜਿਹੇ ਪਹਿਲੇ ਪੰਜਾਬੀ ਗਾਇਕ ਸਨ ਜਿਨ੍ਹਾਂ ਨੂੰ ਇੰਨਾ ਪਿਆਰ ਮਿਲਿਆ ਸੀ।”

ਇਨ੍ਹਾਂ ਵਿੱਚੋਂ ਇੱਕ ਕੈਸੇਟ ਸੀ 'ਯਾਦਾਂ ਦਿਲਸ਼ਾਦ ਦੀਆਂ'।

ਉਹ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ।

ਧਰਮ ਕੰਮੇਆਣਾ ਦੱਸਦੇ ਹਨ, “ਦਿਲਸ਼ਾਦ ਅਖ਼ਤਰ ਸਾਹਿਤਿਕ ਸੱਭਿਆਚਾਰਕ ਗੀਤਾਂ ਨੂੰ ਹੀ ਤਰਜੀਹ ਦਿੰਦੇ ਸਨ।”

"ਹਾਲਾਂਕਿ ਉਸ ਦੌਰ ਵਿੱਚ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਸੁਰਿੰਦਰ ਛਿੰਦਾ, ਗੁਰਦਾਸ ਮਾਨ ਦਾ ਵੱਖਰਾ ਮੁਕਾਮ ਸੀ ਪਰ ਉਸ ਦੌਰ ਵਿੱਚ ਆਏ ਨਵੇਂ ਗਾਇਕਾਂ ਵਿੱਚ ਦਿਲਸ਼ਾਦ ਅਖ਼ਤਰ ਦਾ ਆਪਣਾ ਨਾਮ ਸੀ।"

ਉਹ ਦੱਸਦੇ ਹਨ ਕਿ ਉਹ ਦੌਰ ਦੁਗਾਣਿਆਂ ਦਾ ਦੌਰ ਸੀ ਅਤੇ ਬਹੁਤ ਘੱਟ ਗਾਇਕ ਸੋਲੋ ਗੀਤ ਗਾਉਂਦੇ ਸੀ, ਦਿਲਸ਼ਾਦ ਅਖ਼ਤਰ ਉਨ੍ਹਾਂ ਵਿੱਚੋਂ ਇੱਕ ਸੀ।

ਲੁਧਿਆਣਾ ਰਹਿੰਦੇ ਪੰਜਾਬੀ ਗਾਇਕ ਮੁਖ਼ਤਿਆਰ ਮਣਕਾ ਦੱਸਦੇ ਹਨ ਕਿ ਉਹ ਸਾਲ 1990 ਤੋਂ ਲੈ ਕੇ 1996 ਤੱਕ ਦਿਲਸ਼ਾਦ ਅਖ਼ਤਰ ਦੇ ਸ਼ਗਿਰਦ ਰਹੇ ਸਨ।

ਉਹ ਦੱਸਦੇ ਹਨ ਕਿ ਦਿਲਸ਼ਾਦ ਅਖ਼ਤਰ ਦੀ ਯਾਦ ਵਿੱਚ ਉਨ੍ਹਾਂ ਦੇ ਕਰੀਬੀ ਰਹੇ ਲੋਕਾਂ ਵੱਲੋਂ ਹਰ ਸਾਲ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਵਿੱਚ ਮੇਲਾ ਕਰਵਾਇਆ ਜਾਂਦਾ ਹੈ।

ਇਸ ਮੇਲੇ ਵਿੱਚ ਕਈ ਨਾਮਵਰ ਗਾਇਕ ਹਿੱਸਾ ਲੈਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)