ਹਾਥਰਸ 'ਚ ਸਤਿਸੰਗ ਦੇ ਦੌਰਾਨ ਭਗਦੜ ਵਿੱਚ ਹੋਈਆਂ ਕਰੀਬ 100 ਮੌਤਾਂ, ਕੀ ਹਨ ਤਾਜ਼ਾ ਹਾਲਾਤ?

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮੱਚੀ ਭਗਦੜ ਵਿੱਚ ਕਰੀਬ 100 ਸ਼ਰਧਾਲੂਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਏਡੀਜੀ ਆਗਰਾ ਦੇ ਦਫ਼ਤਰ ਨੇ ਬੀਬੀਸੀ ਨੂੰ 100 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਹਾਥਰਸ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਸ਼ੀਸ਼ ਕੁਮਾਰ ਨੇ ਦੱਸਿਆ, "ਹਾਥਰਸ ਦੀ ਤਹਿਸੀਲ ਸਿਕੰਦਰਾਊ ਵਿਚਲੇ ਪਿੰਡ ਮੁਗਲਗੜ੍ਹੀ ਵਿੱਚ ਭੋਲੇ ਬਾਬਾ ਦਾ ਸਮਾਗਮ ਹੋ ਰਿਹਾ ਸੀ ਜਦੋਂ ਸਮਾਗਮ ਖ਼ਤਮ ਹੋ ਰਿਹਾ ਸੀ, ਜਦੋਂ ਲੋਕ ਬਾਹਰ ਨਿਕਲਣ ਲੱਗੇ ਉਦੋਂ ਇਹ ਘਟਨਾ ਵਾਪਰੀ ਹੈ।"

ਉਨ੍ਹਾਂ ਨੇ ਦੱਸਿਆ, "ਇਸ ਸਮਾਗਮ ਦੀ ਮਨਜ਼ੂਰੀ ਐੱਸਡੀਐੱਮ ਵੱਲੋਂ ਦਿੱਤੀ ਗਈ ਸੀ, ਇਹ ਇੱਕ ਨਿੱਜੀ ਸਮਾਗਮ ਸੀ।"

ਇਸ ਬਾਰੇ ਇੱਕ ਉੱਚੇ ਪੱਧਰ ਦੀ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਏਟਾ ਦੇ ਐੱਸਐੱਸਪੀ ਰਾਜੇਸ਼ ਕੁਮਾਰ ਸਿੰਘ ਨੇ ਕਿਹਾ, "ਇੱਕ ਦੁੱਖਦਾਈ ਘਟਨਾ ਹੈ। ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਨੇੜੇ ਮੁਗਲਗੜ੍ਹੀ ਪਿੰਡ ਵਿੱਚ ਭੋਲੇ ਬਾਬਾ ਦਾ ਪ੍ਰੋਗਰਾਮ ਚੱਲ ਰਿਹਾ ਸੀ। ਭਗਦੜ ਕਾਰਨ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਏਟਾ ਦੇ ਹਸਪਤਾਲ ਵਿੱਚ 27 ਲਾਸ਼ਾਂ ਪਹੁੰਚੀਆਂ ਹਨ।"

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚ 23 ਔਰਤਾਂ, ਤਿੰਨ ਬੱਚਿਆਂ ਅਤੇ ਇੱਕ ਆਦਮੀ ਦੀਆਂ ਲਾਸ਼ਾਂ ਅਜੇ ਤੱਕ ਮਿਲੀਆਂ ਹਨ।

ਸੀਐਮਓ ਏਟਾਹ ਉਮੇਸ਼ ਕੁਮਨਾਰ ਤ੍ਰਿਪਾਠੀ ਨੇ ਦੱਸਿਆ, "ਹੁਣ ਤੱਕ 27 ਲਾਸ਼ਾਂ ਪੋਸਟਮਾਰਟਮ ਹਾਊਸ ਵਿੱਚ ਪਹੁੰਚੀਆਂ ਹਨ, ਜਿਨ੍ਹਾਂ ਵਿੱਚ 25 ਔਰਤਾਂ ਅਤੇ ਦੋ ਪੁਰਸ਼ ਹਨ। ਕਈ ਜ਼ਖ਼ਮੀਆਂ ਨੂੰ ਵੀ ਦਾਖ਼ਲ ਕਰਵਾਇਆ ਗਿਆ ਹੈ। ਹੋਰ ਜਾਣਕਾਰੀ ਜਾਂਚ ਤੋਂ ਬਾਅਦ ਦਿੱਤੀ ਜਾਵੇਗੀ।"

ਬੀਬੀਸੀ ਦੇ ਸਹਿਯੋਗੀ ਪੱਤਰਕਾਰ ਧਰਮਿੰਦਰ ਚੌਧਰੀ ਨੇ ਟਰੌਮਾ ਸੈਂਟਰ ਤੋਂ ਕੁਝ ਵੀਡੀਓ ਭੇਜੇ ਹਨ, ਜਿਸ ਵਿੱਚ ਪਰਿਵਾਰਕ ਮੈਂਬਰ ਗੁੱਸਾ ਜ਼ਾਹਰ ਕਰਦੇ ਹੋਏ ਸਾਫ਼ ਤੌਰ 'ਤੇ ਦੇਖੇ ਜਾ ਸਕਦੇ ਹਨ।

ਟਰਾਮਾ ਸੈਂਟਰ 'ਚ ਮੌਜੂਦ ਪੀੜਤਾਂ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਇੰਨਾ ਵੱਡਾ ਹਾਦਸਾ ਹੋ ਗਿਆ ਹੈ ਪਰ ਇੱਥੇ ਇਕ ਵੀ ਉੱਚ ਅਧਿਕਾਰੀ ਮੌਜੂਦ ਨਹੀਂ ਹੈ। ਭੋਲੇ ਬਾਬਾ ਨੂੰ ਇੱਥੇ ਇੰਨਾ ਵੱਡਾ ਪ੍ਰੋਗਰਾਮ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ। ਪ੍ਰਸ਼ਾਸਨ ਕਿੱਥੇ ਹੈ?

ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਟਰੱਕਾਂ, ਟੈਂਪੂਆਂ ਅਤੇ ਐਂਬੂਲੈਂਸਾਂ ਵਿੱਚ ਟਰਾਮਾ ਸੈਂਟਰ ਲਿਆਂਦਾ ਗਿਆ।

ਵੀਡੀਓ 'ਚ ਟਰਾਮਾ ਸੈਂਟਰ ਦੇ ਬਾਹਰ ਫਰਸ਼ 'ਤੇ ਔਰਤਾਂ ਦੀਆਂ ਲਾਸ਼ਾਂ ਪਈਆਂ ਦੇਖੀਆਂ ਜਾ ਸਕਦੀਆਂ ਹਨ। ਟਰਾਮਾ ਸੈਂਟਰ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਵਿਚ ਉਥੇ ਪਹੁੰਚ ਰਹੇ ਹਨ।

ਯੂਪੀ ਦੇ ਸੀਐੱਮਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਬਿਆਨ ਜਾਰੀ ਕਰਕੇ ਹਾਥਰਸ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ।

ਬਿਆਨ ਅਨੁਸਾਰ, "ਮੁੱਖ ਮੰਤਰੀ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦਾ ਢੁੱਕਵਾਂ ਇਲਾਜ਼ ਮੁਹੱਈਆ ਕਰਵਾਉਣ ਅਤੇ ਮੌਕੇ 'ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਨੇ ਏ.ਡੀ.ਜੀ. ਆਗਰਾ ਅਤੇ ਕਮਿਸ਼ਨਰ ਨੂੰ "ਅਲੀਗੜ੍ਹ ਦੀ ਅਗਵਾਈ ਵਿੱਚ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)