ਤੁਸੀਂ ਫਟੇ-ਪੁਰਾਣੇ ਨੋਟਾਂ ਨੂੰ ਮੁਫ਼ਤ ਵਿੱਚ ਕਿਵੇਂ ਬਦਲ ਸਕਦੇ ਹੋ ਤੇ ਕਿਹੜੇ ਨੋਟ ਬਿਲਕੁੱਲ ਨਹੀਂ ਬਦਲੇ ਜਾ ਸਕਦੇ

    • ਲੇਖਕ, ਹਰੀਕ੍ਰਿਸ਼ਨਾ ਪੁਲੁਗੂ
    • ਰੋਲ, ਬੀਬੀਸੀ ਪੱਤਰਕਾਰ

ਚੇਤਨਿਆ ਅਕਸਰ ਸੱਤ ਸੀਟਾਂ ਵਾਲੇ ਆਟੋ ਵਿੱਚ ਹੋਰ ਸਵਾਰੀਆਂ ਨਾਲ ਸਫ਼ਰ ਕਰਦੇ ਹਨ। ਜਦੋਂ ਵੀ ਉਹ ਆਪਣੇ ਸਫ਼ਰ ਤੋਂ ਬਾਅਦ ਕਿਰਾਇਆ ਅਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਬਕਾਏ ਵਿੱਚ ਛੋਟੇ ਨੋਟ ਮਿਲਦੇ ਹਨ।

ਬਹੁਤੀ ਵਾਰ ਚੇਤਨਿਆ ਨੂੰ ਮਿਲਣ ਵਾਲੀ ਨੋਟਾਂ ਦੀ ਹਾਲਤ ਖ਼ਰਾਬ ਹੁੰਦੀ ਹੈ, ਉਹ ਫਟੇ ਹੁੰਦੇ ਹਨ ਜਾਂ ਮਿੱਟੀ ਨਾਲ ਲਿਬੜੇ ਹੁੰਦੇ ਹਨ। ਕੋਈ ਵੀ ਅਜਿਹੇ ਨੋਟਾਂ ਨੂੰ ਸਵੀਕਾਰ ਨਹੀਂ ਕਰਦਾ ਤੇ ਨਾ ਹੀ ਚੇਤਨਿਆ ਅਜਿਹੇ ਨੋਟ ਹੋਰਾਂ ਨੂੰ ਦਿੰਦੇ ਹਨ। ਨਤੀਜਾ ਇਹ ਹੈ ਕਿ ਹੁਣ ਚੇਤਨਿਆ ਕੋਲ ਅਜਿਹੇ ਕਈ ਨੋਟ ਇਕੱਠੇ ਹੋਏ ਪਏ ਹਨ।

ਅਜਿਹੇ ਨੋਟਾਂ ਦਾ ਕੀ ਕੀਤਾ ਜਾਵੇ ਜਾਂ ਇਨ੍ਹਾਂ ਨੂੰ ਕਿਵੇਂ ਬਦਲਾਇਆ ਜਾਵੇ, ਇਸ ਬਾਰੇ ਚੇਤਨਿਆ ਨੂੰ ਕੁਝ ਨਹੀਂ ਪਤਾ।

ਇਹ ਦਿੱਕਤ ਸਿਰਫ਼ ਚੇਤਨਿਆ ਦੀ ਹੀ ਨਹੀਂ ਹੈ। ਭਾਰਤ ਵਿੱਚ ਕਈ ਲੋਕ ਇਸ ਤਰ੍ਹਾਂ ਦੀ ਸਮੱਸਿਆ ਨਾਲ ਰੋਜ਼ਾਨਾ ਪਰੇਸ਼ਾਨ ਹੁੰਦੇ ਹਨ।

ਪੁਰਾਣੇ, ਫਟੇ ਅਤੇ ਖ਼ਰਾਬ ਹੋਏ ਨੋਟਾਂ ਦੇ ਨਾਲ-ਨਾਲ ਮਾੜੀ ਹਾਲਤ ਵਾਲੇ ਸਿੱਕਿਆਂ ਨੂੰ ਬਦਲਣਾ ਔਖਾ ਹੋ ਜਾਂਦਾ ਹੈ। ਕਈ ਵਾਰ ਤਾਂ ਏਟੀਐਮ ਤੋਂ ਵੀ ਅਜਿਹੇ ਥ਼ਰਾਬ ਨੋਟ ਨਿਕਲਦੇ ਹਨ।

ਦਿਨੋ-ਦਿਨ 10 ਅਤੇ 20 ਰੁਪਏ ਦੇ ਨੋਟਾਂ ਦੀ ਗਿਣਤੀ ਹੇਠਾਂ ਜਾ ਰਹੀ ਹੈ। ਇਹੀ ਕਾਰਨ ਹੈ ਕਿ ਇਹ ਨੋਟ ਹਰ ਦਿਨ ਪੁਰਾਣੇ ਅਤੇ ਖ਼ਰਾਬ ਹੋ ਰਹੇ ਹਨ। ਕਈ ਲੋਕਾਂ ਨੂੰ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਇਨ੍ਹਾਂ ਨੋਟਾਂ ਨੂੰ ਕਿਵੇਂ ਬਦਲਿਆ ਜਾਵੇ।

ਅੱਜ ਕੱਲ੍ਹ ਅਜਿਹੀਆਂ ਮਸ਼ੀਨਾਂ (ਕਿਓਸਕ) ਹਨ ਜੋ ਕਸਬਿਆਂ ਅਤੇ ਸ਼ਹਿਰਾਂ ਵਿੱਚ ਕੁਝ ਫੀਸ ਲੈ ਕੇ ਅਜਿਹੇ ਨੋਟ ਅਤੇ ਸਿੱਕੇ ਬਦਲਦੀਆਂ ਹਨ।

ਨਿੱਜੀ ਤੌਰ ਉੱਤੇ ਚਲਾਏ ਜਾਣ ਵਾਲੇ ਇਹ ਕਿਓਸਕ ਪੁਰਾਣੇ, ਫਟੇ ਅਤੇ ਖ਼ਰਾਬ ਹੋਏ ਨੋਟਾਂ ਤੇ ਸਿੱਕਿਆਂ ਨੂੰ ਨਵੇਂ ਨੋਟਾਂ ਨਾਲ ਬਦਲਦੇ ਹਨ। ਇਸ ਕੰਮ ਲਈ ਉਹ 'ਕਮਿਸ਼ਨ' ਲੈਂਦੇ ਹਨ। ਨੋਟਾਂ ਦੀ ਹਾਲਤ ਅਤੇ ਕਿਓਸਕ ਦੀ ਥਾਂ ਦੇ ਆਧਾਰ 'ਤੇ ਕਮਿਸ਼ਨ ਵੱਖ-ਵੱਖ ਹੋ ਸਕਦਾ ਹੈ।

ਹਾਲਾਂਕਿ ਅਜਿਹੇ ਨੋਟਾਂ ਨੂੰ ਬਦਲਣ ਦੇ ਸੌਖੇ ਤਰੀਕੇ ਹਨ। ਉਹ ਬੈਂਕ ਜਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਖੇਤਰੀ ਦਫ਼ਤਰ ਹਨ।

ਇਸ ਰਿਪੋਰਟ ਵਿੱਚ ਜਾਣਦੇ ਹਾਂ....

  • ਕਿਸ ਕਿਸਮ ਦੇ ਨੋਟ ਅਤੇ ਸਿੱਕੇ ਵਰਤੋਂ ਲਈ ਅਯੋਗ ਮੰਨੇ ਜਾਂਦੇ ਹਨ?
  • ਕਿਹੜੇ ਨੋਟਾਂ ਨੂੰ ਗੰਦੇ ਨੋਟ ਮੰਨਿਆ ਜਾਂਦਾ ਹੈ?
  • ਕੱਟੇ ਹੋਏ ਨੋਟ ਕਿਹੜੇ ਹਨ?
  • ਨੋਟਾਂ ਨੂੰ ਕਿਵੇਂ ਸ਼੍ਰੇਣੀਬੱਧ ਕੀਤਾ ਗਿਆ ਹੈ?
  • ਅਜਿਹੇ ਹਰ ਨੋਟ ਲਈ ਐਕਸਚੇਂਜ ਰੇਟ (ਬਦਲਣ ਦੀ ਫੀਸ) ਕੀ ਹੈ?

ਕਿਹੜੇ ਨੋਟ ਬਦਲੇ ਜਾ ਸਕਦੇ ਹਨ?

ਉਹ ਨੋਟ ਜੋ ਰੋਜ਼ਾਨਾ ਵਰਤੋਂ ਕਰਕੇ 'ਗੰਦਾ' ਹੋ ਗਿਆ ਹੈ।

ਇਸ ਤੋਂ ਇਲਾਵਾ 10 ਰੁਪਏ ਤੋਂ ਵੱਧ ਦੇ ਉਹ ਨੋਟ ਜਿਸ ਦੇ ਦੋ ਟੋਟੋ ਹੋ ਗਏ।

ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਨੋਟਾਂ 'ਤੇ ਲੱਗੇ ਨੰਬਰ ਗਾਇਬ ਨਹੀਂ ਹੋਣੇ ਚਾਹੀਦੇ।

ਜੇ ਕੋਈ ਖ਼ਰਾਬ ਨੋਟ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਬਦਲਿਆ ਜਾ ਸਕਦਾ ਹੈ।

ਫਟੇ ਜਾਂ ਕੱਟੇ ਹੋਏ ਨੋਟ

ਇੱਕ ਖ਼ਰਾਬ ਨੋਟ ਅਜਿਹਾ ਨੋਟ ਹੁੰਦਾ ਹੈ ਜਿਸ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਗਾਇਬ ਹੈ ਜਾਂ ਦੋ ਤੋਂ ਵੱਧ ਟੋਟਿਆਂ ਦਾ ਬਣਿਆ ਹੁੰਦਾ ਹੈ।

ਨੋਟ ਜਾਰੀ ਕਰਨ ਵਾਲੇ ਅਥਾਰਟੀ ਦੇ ਨਾਂ ਜਿਵੇਂ ਕਿ ਭਾਰਤ ਸਰਕਾਰ, ਭਾਰਤੀ ਰਿਜ਼ਰਵ ਬੈਂਕ, ਇਸ ਤੋਂ ਇਲਾਵਾ ਹਸਤਾਖਰ, ਅਸ਼ੋਕਾ ਪਿੱਲਰ, ਗਾਂਧੀ ਦੀ ਤਸਵੀਰ, ਵਾਟਰਮਾਰਕ ਨੂੰ ਨੋਟ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਮੰਨਿਆ ਜਾਂਦਾ ਹੈ।

ਜੇ ਕਿਸੇ ਨੋਟ ਤੋਂ ਇਹ ਜ਼ਰੂਰੀ ਵਿਸ਼ੇਸ਼ਤਾਵਾਂ ਗਾਇਬ ਹਨ ਤਾਂ ਆਰਬੀਈ ਨੋਟ ਨੂੰ ਖ਼ਰਾਬ ਨੋਟ ਮੰਨਦਾ ਹੈ। ਇਨ੍ਹਾਂ ਨੂੰ ਵੀ ਬਦਲਿਆ ਜਾ ਸਕਦਾ ਹੈ।

ਬਹੁਤ ਮਾੜੀ ਹਾਲਤ ’ਚ ਜਾਂ ਸੜੇ ਨੋਟ

ਨੋਟ ਜੋ ਬਹੁਤ ਹੀ ਫਟਣ ਵਾਲੀ ਹਾਲਤ ਵਿੱਚ ਹਨ ਜਾਂ ਬੁਰੀ ਤਰ੍ਹਾਂ ਸੜ ਗਏ ਹਨ ਜਾਂ ਇਕੱਠੇ ਜੁੜ ਗਏ ਹਨ ਅਤੇ ਇਸ ਲਈ ਇਹ ਨੋਟ ਇਸ ਸ਼੍ਰੇਣੀ ਅਧੀਨ ਆਉਂਦੇ ਹਨ।

ਅਜਿਹੇ ਨੋਟਾਂ ਨੂੰ ਆਮ ਤੌਰ ਉੱਤੇ ਵਰਤਣ ਵਿੱਚ ਮੁਸ਼ਕਲ ਆਉਂਦੀ ਹੈ। ਇਨ੍ਹਾਂ ਨੂੰ ਵੀ ਬਦਲਿਆ ਜਾ ਸਕਦਾ ਹੈ।

ਨੋਟਾਂ ਨੂੰ ਬਦਲਾਉਣ ਦੀ ਪ੍ਰਕਿਰਿਆ

ਹੁਣ ਤੱਕ ਦੱਸੇ ਗਏ ਅਤੇ ਵੱਖ-ਵੱਖ ਸ਼੍ਰੇਣੀਆਂ ਅਧੀਨ ਆਉਂਦੇ ਨੋਟ ਬਦਲਾਇਆ ਜਾ ਸਕਦੇ ਹਨ।

ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਦੇ ਘੱਟੋ-ਘੱਟ 20 ਨੋਟ ਹੀ ਇੱਕ ਦਿਨ ਵਿੱਚ ਬਦਲਾਏ ਜਾ ਸਕਦੇ ਹਨ।

ਬੈਂਕਾਂ ਵੱਲੋਂ ਅਜਿਹੇ ਨੋਟਾਂ ਨੂੰ ਬਦਲਣ ਲਈ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ।

ਜੇ ਕੋਈ ਵਿਅਕਤੀ 20 ਤੋਂ ਵੱਧ ਨੋਟ ਜਾਂ 5,000 ਰੁਪਏ ਤੋਂ ਵੱਧ ਰਾਸ਼ੀ ਬਦਲਣ ਲਈ ਬੇਨਤੀ ਕਰਦਾ ਹੈ ਤਾਂ ਬੈਂਕਾਂ ਨੂੰ ਇਸ ਅਰਜ਼ੀ ਨੂੰ ਇੱਕ ਰਸੀਦ ਦੇ ਕੇ ਸਵੀਕਾਰ ਕਰਨਾ ਚਾਹੀਦਾ ਹੈ।

ਹਾਲਾਂਕਿ ਆਰਬੀਆਈ ਵੱਲੋਂ ਜੁਲਾਈ, 2015 ਵਿੱਚ ਜਾਰੀ ਕੀਤੇ ਇੱਕ ਸਰਕੂਲਰ ਅਨੁਸਾਰ, ਬੈਂਕ ਅਜਿਹੇ ਮਾਮਲਿਆਂ ਵਿੱਚ ਸਰਵਿਸ ਕਮਿਸ਼ਨ ਚਾਰਜ ਕਰ ਸਕਦੇ ਹਨ। ਜੇ ਨੋਟਾਂ ਦੀ ਕੀਮਤ 50,000 ਰੁਪਏ ਤੋਂ ਵੱਧ ਜਾਂਦੀ ਹੈ ਤਾਂ ਬੈਂਕ ਤੈਅ ਨਿਯਮਾਂ ਮੁਤਾਬਕ ਕਮਿਸ਼ਨ ਲੈਂਦੇ ਹਨ।

ਨੋਟਾਂ ਨੂੰ ਬਦਲਾਉਣ ਦੀ ਥਾਂ

ਭਾਰਤੀ ਰਿਜ਼ਰਵ ਬੈਂਕ ਐਕਟ 1934 ਦੇ ਸੈਕਸ਼ਨ 28 ਅਤੇ 58(2) ਮੁਤਾਬਕ, ਕੋਈ ਵੀ ਵਿਅਕਤੀ ਭਾਰਤ ਸਰਕਾਰ ਜਾਂ ਭਾਰਤੀ ਰਿਜ਼ਰਵ ਬੈਂਕ ਤੋਂ ਕਿਸੇ ਵੀ ਗੁੰਮ ਹੋਏ, ਚੋਰੀ ਹੋਏ, ਕੱਟੇ ਜਾਂ ਅਪੂਰਣ ਕਰੰਸੀ ਨੋਟ ਦੀ ਕੀਮਤ ਵਸੂਲਣ ਦਾ ਹੱਕਦਾਰ ਨਹੀਂ ਹੋਵੇਗਾ।

ਇਸ ਦਾ ਮਤਲਬ ਇਹ ਹੈ ਕਿ ਗੁੰਮ, ਚੋਰੀ ਜਾਂ ਅਪੂਰਣ ਕਰੰਸੀ ਨੋਟਾਂ ਨੂੰ ਬੈਂਕਾਂ ਤੋਂ ਵਾਪਸ ਨਹੀਂ ਲਿਆ ਜਾ ਸਕਦਾ।

ਹਾਲਾਂਕਿ ਆਰਬੀਆਈ ਨੇ ਭਾਰਤ ਸਰਕਾਰ ਦੀ ਸਹਿਮਤੀ ਨਾਲ ਲੋਕਾਂ ਨੂੰ ਦਰਪੇਸ਼ ਅਸੁਵਿਧਾ ਨੂੰ ਦੂਰ ਕਰਨ ਲਈ ਖਾਸ ਮੌਕਿਆਂ 'ਤੇ ਖ਼ਰਾਬ ਨੋਟਾਂ ਨੂੰ ਬਦਲਣ ਦਾ ਖੁੱਲ੍ਹ ਕੇ ਫੈਸਲਾ ਕੀਤਾ ਹੈ।

ਰਿਜ਼ਰਵ ਬੈਂਕ ਨੇ ਬੈਂਕਾਂ ਅਤੇ ਕਰੰਸੀ ਚੈਸਟਾਂ 'ਤੇ ਖਰਾਬ ਨੋਟਾਂ ਨੂੰ ਬਦਲਣ ਦੀ ਵਿਵਸਥਾ ਕੀਤੀ ਹੈ। ਕਰੰਸੀ ਚੈਸਟ ਉਹ ਥਾਂਵਾਂ ਹਨ ਜਿੱਥੇ ਆਰਬੀਆਈ ਵੱਲੋਂ ਛਾਪੇ ਗਏ ਨੋਟ ਬੈਂਕਾਂ ਅਤੇ ਏਟੀਐਮ ਵਿੱਚ ਵੰਡੇ ਜਾਂਦੇ ਹਨ।

ਰਿਜ਼ਰਵ ਬੈਂਕ ਨੇ ਇਸ ਸਾਲ ਅਪ੍ਰੈਲ 'ਚ ਪੁਰਾਣੇ, ਕੱਟੇ ਹੋਏ ਨੋਟਾਂ ਅਤੇ ਸਿੱਕਿਆਂ ਨੂੰ ਲੈ ਕੇ ਮੁੱਖ ਨਿਰਦੇਸ਼ ਜਾਰੀ ਕੀਤੇ ਸਨ।

ਇਨ੍ਹਾਂ ਨਿਰਦੇਸ਼ਾਂ ਮੁਤਾਬਕ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਹੇਠ ਲਿਖੀਆਂ ਗਾਹਕ ਸੇਵਾਵਾਂ ਪ੍ਰਦਾਨ ਕਰਨ ਲਈ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਉਦੇਸ਼ ਲਈ ਆਰਬੀਆਈ ਦੇ ਖੇਤਰੀ ਦਫਤਰਾਂ ਤੱਕ ਪਹੁੰਚਣ ਦੀ ਕੋਈ ਲੋੜ ਨਾ ਪਵੇ।

  • ਸਾਰੀਆਂ ਰਾਸ਼ੀਆਂ ਦੇ ਤਾਜ਼ੇ ਜਾਂ ਚੰਗੀ ਕੁਆਲਿਟੀ ਦੇ ਨੋਟ ਅਤੇ ਸਿੱਕੇ ਜਾਰੀ ਕਰਨਾ
  • ਮਾੜੀ ਹਾਲਤ ਵਾਲੇ, ਫਟੇ ਅਤੇ ਪੁਰਾਣੇ ਨੋਟ ਬਦਲਣਾ
  • ਸਿੱਕੇ ਅਤੇ ਨੋਟਾਂ ਨੂੰ ਬਦਲਣ ਲਈ ਜਾਂ ਲੈਣ-ਦੇਣ ਲਈ ਸਵੀਕਾਰ ਕਰਨਾ

ਆਰਬੀਆਈ ਨੇ ਹਰ ਬੈਂਕ ਦੀ ਬ੍ਰਾਂਚ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਲੋਕਾਂ ਨੂੰ ਇਹ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਾਜ ਵਾਲੇ ਦਿਨਾਂ ਵਿੱਚ ਮੁਹੱਈਆ ਕਰਵਾਉਣ। ਇਸ ਦੇ ਨਾਲ ਹੀ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਇਨ੍ਹਾਂ ਸਹੂਲਤਾਂ ਬਾਰੇ ਬੈਂਕਾਂ ਵੱਲੋਂ ਲੋਕਾਂ ਦੀ ਸੁਵਿਧਾ ਲਈ ਵੱਡੇ ਪੱਧਰ ਉੱਤੇ ਪ੍ਰਚਾਰ ਹੋਣਾ ਚਾਹੀਦਾ ਹੈ।

ਕੋਈ ਵੀ ਬੈਂਕ ਅਜਿਹੇ ਨੋਟਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ।

ਬੈਂਕ ਨੋਟਾਂ ਨੂੰ ਬਦਲਣ ਲਈ ਕਿਸੇ ਵੀ ਤਰ੍ਹਾਂ ਦੇ ਕਮਿਸ਼ਨ ਨਹੀਂ ਲੈ ਸਕਦੇ ਅਤੇ ਉਪਭੋਗਤਾਵਾਂ ਨੂੰ ਆਪਣੇ ਨੋਟ ਬਦਲਵਾਉਣ ਲਈ ਕਿਸੇ ਤਰ੍ਹਾਂ ਦੇ ਫਾਰਮ ਨੂੰ ਭਰਨ ਦੀ ਲੋੜ ਨਹੀਂ ਹੈ।

ਜੇ ਕੋਈ ਸ਼ਖ਼ਸ ਪੰਜ ਨੋਟ ਦਿੰਦਾ ਹੈ ਤਾਂ ਨੋਨ-ਚੈਸਟ ਬ੍ਰਾਂਚਾਂ ਨੂੰ ਆਮ ਤੌਰ 'ਤੇ ਨੋਟ ਰਿਫੰਡ ਨਿਯਮ 2009 ਦੇ ਭਾਗ III ਵਿੱਚ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨੋਟਾਂ ਬਾਰੇ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਕਾਊਂਟਰ 'ਤੇ ਨੋਟਾਂ ਦਾ ਭੁਗਤਾਨ ਕਰਨਾ ਚਾਹੀਦਾ ਹੈ।

ਜੇ ਨੋਨ-ਚੈਸਟ ਬ੍ਰਾਂਚਾਂ ਅਜਿਹੇ ਨੋਟਾਂ ਬਾਰੇ ਫ਼ੈਸਲਾ ਕਰਨ ਦੇ ਯੋਗ ਨਹੀਂ ਹਨ ਤਾਂ ਨੋਟਾਂ ਦੇ ਬਦਲੇ ਇੱਕ ਰਸੀਦ ਦੇਣੀ ਚਾਹੀਦੀ ਹੈ ਅਤੇ ਫੈਸਲੇ ਲਈ ਸਬੰਧਤ ਕਰੰਸੀ ਚੈਸਟ ਬ੍ਰਾਂਚ ਨੂੰ ਭੇਜੇ ਜਾਣਗੇ।

ਭੁਗਤਾਨ ਦੀ ਸੰਭਾਵਿਤ ਮਿਤੀ ਬਾਰੇ ਉਪਭੋਗਤਾ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਮਿਆਦ 30 ਦਿਨਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਬੈਂਕਾਂ ਨੂੰ ਨੋਟਾਂ ਦੇ ਬਦਲਣ ਦੀ ਰਾਸ਼ੀ ਨੂੰ ਉਪਭੋਗਤਾ ਦੇ ਖਾਤੇਂ ਵਿੱਚ ਟ੍ਰਾਂਸਫ਼ਰ ਕਰਨ ਲਈ ਖ਼ਾਤੇ ਦੀ ਜਾਣਕਾਰੀ ਲੈਣ ਚਾਹੀਦੀ ਹੈ।

ਵੱਡੀ ਗਿਣਤੀ ਵਿੱਚ ਦਿੱਤੇ ਜਾਂਦੇ ਨੋਟ

ਜਦੋਂ ਕੋਈ ਉਪਭੋਗਤਾ ਪੰਜ ਤੋਂ ਵੱਧ ਨੋਟ ਦਿੰਦਾ ਹੈ ਪਰ ਰਕਮ ਪੰਜ ਹਜ਼ਾਰ ਤੋਂ ਵੱਧ ਨਹੀਂ ਹੁੰਦੀ ਤਾਂ ਉਪਭੋਗਤਾ ਅਜਿਹੇ ਨੋਟਾਂ ਨੂੰ ਨੇੜਲੀ ਕਰੰਸੀ ਚੈਸਟ ਬ੍ਰਾਂਚ ਵਿੱਚ ਆਪਣੇ ਖਾਤੇ ਦੇ ਵੇਰਵਿਆਂ ਨਾਲ ਪੋਸਟ ਰਾਹੀਂ ਵੀ ਭੇਜ ਸਕਦਾ ਹੈ ਤੇ ਇਨ੍ਹਾਂ ਨੋਟਾਂ ਨੂੰ ਉੱਥੇ ਜਾ ਕੇ ਬਦਲਾ ਸਕਦਾ ਹੈ।

ਜਿਹੜੀ ਵੀ ਕਰੰਸੀ ਚੈਸਟ ਬ੍ਰਾਂਚ ਪੋਸਟ ਰਾਹੀਂ ਨੋਟ ਹਾਸਲ ਕਰਦੀ ਹੈ, ਉਸ ਨੂੰ ਨੋਟਾਂ ਦੇ ਹਾਸਲ ਕਰਨ ਤੋਂ 30 ਦਿਨਾਂ ਅੰਦਰ ਉਪਭੋਗਤਾ ਦੇ ਖ਼ਾਤੇ ਵਿੱਚ ਪੈਸੇ ਟ੍ਰਾਂਸਫ਼ਰ ਕਰਨੇ ਹੁੰਦੇ ਹਨ।

ਜੇ ਨੋਟਾਂ ਦੀ ਰਕਮ ਪੰਜ ਹਜ਼ਾਰ ਤੋਂ ਉੱਤੇ ਬਣਦੀ ਹੈ ਤਾਂ ਉਪਭੋਗਤਾ ਨੂੰ ਖ਼ੁਦ ਕਰੰਸੀ ਚੈਸਟ ਬ੍ਰਾਂਚ ਵਿੱਚ ਜਾਣਾ ਚਾਹੀਦਾ ਹੈ।

ਕਿਹੜੀ ਕਰੰਸੀ ਬਦਲੀ ਜਾਵੇਗੀ?

ਅਜਿਹੀ ਕਰੰਸੀ ਵਿੱਚ ਮਾੜੀ ਹਾਲਤ ਵਾਲੇ ਇੱਕ, ਦੋ ਅਤੇ ਪੰਜ ਰੁਪਏ ਦੇ ਨੋਟ ਆਉਂਦੇ ਹਨ। ਹਾਲਾਂਕਿ ਇਨ੍ਹਾਂ ਨੋਟਾਂ ਦੇ ਦੋ ਤੋਂ ਵੱਧ ਟੋਟੇ ਨਹੀਂ ਹੋਣੇ ਚਾਹੀਦੇ।

ਮਾੜੀ ਹਾਲੇ ਵਾਲੇ ਦੋਵੇਂ ਟੋਟੇ ਇੱਕੋ ਨੋਟ ਦੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਨੋਟ ਦੀ ਕੋਈ ਵੀ ਵਿਸ਼ੇਸ਼ਤਾ ਨਾ ਤਾਂ ਗੁੰਮ ਹੋਣੀ ਚਾਹੀਦੀ ਹੈ ਨਾ ਹੀ ਨੁਕਸਾਨੀ।

ਦੋ ਟੋਟਿਆਂ ਵਾਲੇ ਕਿਸੇ ਵੀ ਨੋਟ ਦਾ ਸੀਰੀਅਲ ਨੰਬਰ ਘੱਟੋ-ਘੱਟ ਕਿਸੇ ਇੱਕ ਟੋਟੇ ਉੱਤੇ ਹੋਣਾ ਲਾਜ਼ਮੀ ਹੈ।

ਅਜਿਹੇ ਨੋਟ ਬੈਂਕ ਵਿੱਚ ਜਮਾਂ ਕਰਵਾਏ ਜਾ ਸਕਦੇ ਹਨ ਜਾਂ ਫ਼ਿਰ ਬੈਂਕ ਦੇ ਕਾਊਂਟਰ ਤੋਂ ਬਦਲਾਏ ਜਾ ਸਕਦੇ ਹਨ।

ਜੇ ਡਬਲ ਡਿਜੀਟ ਜਾਂ ਇਸ ਤੋਂ ਵੱਧ ਡਿਜੀਟ ਕਰੰਸੀ ਵਾਲੇ 10, 20, 50, 100 ਰੁਪਏ ਦੇ ਨੋਟ ਬਦਲਾਉਣੇ ਹੋਣ ਤਾਂ ਇਨ੍ਹਾਂ ਦੇ ਦੋ ਤੋਂ ਵੱਧ ਟੋਟੇ ਨਹੀਂ ਹੋਣੇ ਚਾਹੀਦੇ।

ਦੋਵੇ ਟੋਟੇ ਇੱਕੋ ਨੋਟ ਦੇ ਹੋਣੇ ਚਾਹੀਦੇ ਹਨ ਅਤੇ ਦੋਵੇਂ ਟੋਟਿਆਂ ਉੱਤੇ ਸੀਰੀਅਲ ਨੰਬਰ ਹੋਣਾ ਚਾਹੀਦਾ ਹੈ।

ਕਿਹੜੇ ਨੋਟਾਂ ਬਦਲੇ ਕਿੰਨੇ ਪੈਸੇ ਮਿਲਦੇ ਹਨ?

ਮਾੜੀ ਹਾਲਤ ਵਾਲੇ ਨੋਟਾਂ ਬਦਲੇ ਭੁਗਤਾਨ ਕਰਨ ਲਈ ਇਹ ਨਿਯਮ ਹਨ...

ਗੰਦੇ ਨੋਟ...

  • ਅਜਿਹਾ ਨਹੀਂ ਹੋਣਾ ਚਾਹੀਦਾ ਕਿ ਨੋਟ 'ਤੇ ਛਪੇ ਅੱਖਰ ਪੂਰੀ ਤਰ੍ਹਾਂ ਦਿਖਦੇ ਨਾ ਹੋਣ।
  • ਇੱਕ ਨਿਰਧਾਰਿਤ ਅਧਿਕਾਰੀ ਨੋਟ 'ਤੇ ਛਪੇ ਅੱਖਰਾਂ ਦੀ ਜਾਂਚ ਕਰਦਾ ਹੈ ਅਤੇ ਐਕਸਚੇਂਜ ਮੁੱਲ ਦਾ ਭੁਗਤਾਨ ਉਦੋਂ ਹੀ ਕੀਤਾ ਜਾਵੇਗਾ ਜਦੋਂ ਅਧਿਕਾਰੀ ਸੰਤੁਸ਼ਟ ਹੋਵੇਗਾ ਕਿ ਨੋਟ ਅਸਲੀ ਹਨ।

ਫਟੇ ਨੋਟ...

  • ਜੇ ਫਟੇ ਹੋਏ ਨੋਟ ਦੇ ਵੱਡੇ ਹਿੱਸੇ ਦਾ ਸਾਈਜ਼ ਭੁਗਤਾਨ ਕਰਨ ਵਾਲੇ ਨੋਟ ਦਾ 50 ਫੀਸਦੀ ਤੋਂ ਵੱਧ ਹੋਵੇਗਾ ਤਾਂ ਪੂਰੀ ਕੀਮਤ ਅਦਾ ਕੀਤੀ ਜਾਵੇਗੀ।
  • ਜੇ ਫਟੇ ਹੋਏ ਨੋਟ ਦੇ ਵੱਡੇ ਹਿੱਸੇ ਦਾ ਸਾਈਜ਼ ਭੁਗਤਾਨ ਕਰਨ ਵਾਲੇ ਨੋਟ ਦਾ 50 ਫੀਸਦੀ ਤੋਂ ਘੱਟ ਜਾਂ ਬਰਾਬਰ ਹੋਵੇਗਾ ਤਾਂ ਕੋਈ ਕੀਮਤ ਅਦਾ ਨਹੀਂ ਕੀਤੀ ਜਾਵੇਗੀ।

ਇਹ ਨਿਯਮ ਇੱਕ ਤੋਂ 20 ਰੁਪਏ ਦੇ ਕਰੰਸੀ ਨੋਟਾਂ ਉੱਤੇ ਲਾਗੂ ਹੁੰਦੇ ਹਨ। ਇਹੀ ਨਹੀਂ ਇਹ ਨਿਯਮ ਨਵੇਂ 10 ਅਤੇ 20 ਰੁਪਏ ਦੇ ਨੋਟਾਂ ਉੱਤੇ ਵੀ ਲਾਗੂ ਹੁੰਦੇ ਹਨ ਜਿਨ੍ਹਾਂ ਉੱਤੇ ਗਾਂਧੀ ਦੀ ਤਸਵੀਰ ਹੈ।

50 ਰੁਪਏ ਅਤੇ ਇਸ ਤੋਂ ਵੱਧ ਦੇ ਨੋਟਾਂ ਨੂੰ ਬਦਲਾਉਣ ਲਈ ਭੁਗਤਾਨ ਹੋਣਾ ਜਾਂ ਰੱਦ ਕੀਤਾ ਜਾਣਾ, ਇਨ੍ਹਾਂ ਨਿਯਮਾਂ ਉੱਤੇ ਅਧਾਰਿਤ ਹੈ...

  • ਜੇ ਫਟੇ ਹੋਏ ਨੋਟ ਦੇ ਵੱਡੇ ਹਿੱਸੇ ਦਾ ਸਾਈਜ਼ ਭੁਗਤਾਨ ਕਰਨ ਵਾਲੇ ਨੋਟ ਦਾ 80 ਫੀਸਦੀ ਤੋਂ ਵੱਧ ਹੋਵੇਗਾ ਤਾਂ ਪੂਰੀ ਕੀਮਤ ਅਦਾ ਕੀਤੀ ਜਾਵੇਗੀ।
  • ਜੇ ਫਟੇ ਹੋਏ ਨੋਟ ਦੇ ਵੱਡੇ ਹਿੱਸੇ ਦਾ ਸਾਈਜ਼ ਭੁਗਤਾਨ ਕਰਨ ਵਾਲੇ ਨੋਟ ਦਾ 40 ਤੋਂ 80 ਫੀਸਦੀ ਹੋਵੇਗਾ ਤਾਂ ਅੱਧੀ ਕੀਮਤ ਅਦਾ ਕੀਤੀ ਜਾਵੇਗੀ।
  • ਜੇ ਫਟੇ ਹੋਏ ਨੋਟ ਦੇ ਵੱਡੇ ਹਿੱਸੇ ਦਾ ਸਾਈਜ਼ ਭੁਗਤਾਨ ਕਰਨ ਵਾਲੇ ਨੋਟ ਦਾ 40 ਫੀਸਦੀ ਤੋਂ ਘੱਟ ਹੋਵੇਗਾ ਤਾਂ ਕੋਈ ਕੀਮਤ ਅਦਾ ਨਹੀਂ ਕੀਤੀ ਜਾਵੇਗੀ।
  • 50 ਰੁਪਏ ਜਾਂ ਇਸ ਤੋਂ ਵੱਧ ਦੇ ਫਟੇ ਨੋਟ ਦੇ ਕਿਸੇ ਟੋਟੇ ਦਾ ਸਾਈਜ਼ 40 ਫੀਸਦੀ ਜਾਂ ਭੁਗਤਾਨ ਕਰਨ ਵਾਲੇ ਨੋਟ ਦੇ 40 ਫੀਸਦੀ ਤੋਂ ਵੱਧ ਹੋਵੇਗਾ ਤਾਂ ਪੂਰੀ ਕੀਮਤ ਅਦਾ ਕੀਤੀ ਜਾਵੇਗੀ।

ਜਾਣ-ਬੁੱਝ ਕੇ ਨੁਕਸਾਨੇ ਗਏ ਨੋਟਾਂ ਦਾ ਕੀ ਕੀਤਾ ਜਾਂਦਾ ਹੈ?

ਜਿਹੜੇ ਨੋਟਾਂ ਨੂੰ ਜਾਣ-ਬੁੱਝ ਕੇ ਕੱਟਿਆ, ਫਾੜਿਆ ਜਾਂ ਖ਼ਰਾਬ ਕੀਤਾ ਜਾਂਦਾ ਹੈ, ਜੇ ਉਨ੍ਹਾਂ ਬਦਲਾਉਣ ਲਈ ਦਿੱਤਾ ਜਾਂਦਾ ਹੈ ਤਾਂ ਨੋਟ ਰਿਫੰਡ ਰੂਲਜ਼ 2009 ਦੇ ਨਿਯਮ 6 (3) ਅਧੀਨ ਨਕਾਰਿਆ ਜਾਂਦਾ ਹੈ।

ਹਾਲਾਂਕਿ, ਇਹ ਸਾਬਤ ਕਰਨਾ ਸੌਖਾ ਨਹੀਂ ਹੁੰਦਾ ਕਿ ਅਜਿਹੇ ਨੋਟਾਂ ਨੂੰ ਜਾਣ-ਬੁੱਝ ਕੇ ਨੁਕਸਾਨਿਆ ਗਿਆ ਹੈ।

ਇਸ ਲਈ ਅਧਿਕਾਰੀ ਬੜੀ ਬਾਰੀਕੀ ਨਾਲ ਅਜਿਹੇ ਨੋਟਾਂ ਦੀ ਕੋਖ ਕਰਦੇ ਹਨ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਨੋਟ ਜਾਣ-ਬੁੱਝ ਕੇ ਨੁਕਸਾਨੇ ਗਏ ਹਨ ਜਾਂ ਨਹੀਂ।

ਜਦੋਂ ਅਜਿਹੇ ਨੋਟਾਂ ਨੂੰ ਵੱਡੀ ਗਿਣਤੀ ਵਿੱਚ ਬਦਲਾਉਣ ਲਈ ਦਿੱਤਾ ਜਾਂਦਾ ਹੈ ਕਿ ਆਖ਼ਿਰ ਨੋਟ ਕੱਟੇ ਗਏ ਹਨ ਜਾਂ ਬਦਲੇ ਜਾਂ ਇਨ੍ਹਾਂ ਨਾਲ ਛੇੜਛਾੜ ਕੀਤੀ ਗਈ ਹੈ। ਇਨ੍ਹਾਂ ਨੂੰ ਇਹ ਦੇਖ ਕੇ ਪਛਾਣਿਆ ਜਾ ਸਕਦਾ ਹੈ ਕਿ ਨੋਟ ਦੇ ਗੁੰਮ ਹੋਏ ਹਿੱਸਿਆਂ ਦੀ ਸਥਿਤੀ ਜਾਂ ਥਾਂ ਵਿੱਚ ਵੱਡੇ ਪੱਧਰ ਉੱਤੇ ਇਕਸਾਰਤਾ ਹੈ।

ਅਜਿਹਿਆਂ ਮਾਮਲਿਆਂ ਵਿੱਚ ਆਰਬੀਆਈ ਦੇ ਸਬੰਧਤ ਅਧਿਕਾਰੀ ਨੂੰ ਅਜਿਹੇ ਨੋਟਾਂ ਨੂੰ ਜਮਾਂ ਕਰਵਾਉਣ ਵਾਲੇ ਵਿਅਕਤੀ ਦਾ ਨਾਮ, ਨੋਟਾਂ ਦੇ ਨੰਬਰ ਅਤੇ ਰਕਮ ਬਾਰੇ ਦੱਸਿਆ ਜਾਂਦਾ ਹੈ।

ਜੇ ਵੱਡੀ ਗਿਣਤੀ ਵਿੱਚ ਅਜਿਹੇ ਨੋਟ ਜਮਾਂ ਕਰਵਾਏ ਜਾਂਦੇ ਹਨ ਤਾਂ ਮਾਮਲਾ ਸਥਾਨਕ ਪੁਲਿਸ ਥਾਣੇ ਵਿੱਚ ਵੀ ਰਿਪੋਰਟ ਕੀਤਾ ਜਾ ਸਕਦਾ ਹੈ।

ਸ਼ਿਕਾਇਤਾਂ ਦਾ ਨਿਵਾਰਣ

ਜੇ ਉਪਭੋਗਤਾਵਾਂ ਨੂੰ ਨੋਟਾਂ ਨੂੰ ਬਦਲਾਉਣ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਬੈਂਕ ਦੀ ਅਥਾਰਿਟੀ ਨੂੰ ਸ਼ਿਕਾਇਤ ਕਰ ਸਕਦੇ ਹਨ।

ਜੇ ਬੈਂਕ ਵੱਲੋਂ ਉਪਭੋਗਤਾ ਦੀ ਸੰਤੁਸ਼ਟੀ ਦੇ ਹਿਸਾਬ ਨਾਲ ਸ਼ਿਕਾਇਤ ਦਾ ਨਿਪਟਾਰਾ 30 ਦਿਨਾਂ ਦੇ ਅੰਦਰ ਨਹੀਂ ਕੀਤਾ ਜਾਂਦਾ ਤਾਂ ਉਪਭੋਗਤਾ ‘ਦਿ ਰਿਜ਼ਰਵ ਬੈਂਕ ਇੰਟਗ੍ਰੇਟੇਡ ਓਂਬਡਸਮੈਨ ਸਕੀਮ, 2021’ ਤਹਿਤ ‘ਆਰਬੀਆਈ ਓਂਬਡਸਮੈਨ’ ਤੱਕ ਪਹੁੰਚ ਕਰ ਸਕਦਾ ਹੈ।

ਸ਼ਿਕਾਇਤ ਨੂੰ ਆਨਲਾਈਨ https://cms.rbi.org.in/ ’ਤੇ ਵੀ ਦਰਜ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇੱਕ ਨਿਰਧਾਰਿਤ ਈਮੇਲ ([email protected]) ਰਾਹੀਂ ਵੀ।

ਉਪਭੋਗਤਾ ਆਪਣੀ ਸ਼ਿਕਾਇਤ ਇਸ ਪਤੇ ਉੱਤੇ ਵੀ ਪੋਸਟ ਰਾਹੀਂ ਭੇਜ ਸਕਦੇ ਹਨ...

ਸੈਂਟਰਲਾਈਜ਼ਡ ਰਿਸੀਪਟ ਐਂਡ ਪ੍ਰੋਸੈਸਿੰਗ ਸੈਂਟਰ (Centralized Receipt and Processing Centre)

ਰਿਜ਼ਰਵ ਬੈਂਕ ਆਫ਼ ਇੰਡੀਆ, ਚੌਥੀ ਮੰਜ਼ਿਲ, ਸੈਕਟਰ – 17, ਚੰਡੀਗੜ੍ਹ - 160017

ਕਿਸ ਤਰ੍ਹਾਂ ਦੇ ਨੋਟ ਬਦਲੇ ਨਹੀਂ ਜਾਣਗੇ?

ਫਟੇ-ਪੁਰਾਣੇ, ਨੁਕਸਾਨੇ, ਗੰਦੇ ਨੋਟਾਂ ਨੂੰ ਕੋਖਣ ਤੋਂ ਬਾਅਦ ਸਬੰਧਤ ਬੈਂਕ ਅਧਿਕਾਰੀ ਆਪਣੇ ਫ਼ੈਸਲੇ ਨੂੰ ਸਟੈਂਪ ਰਾਹੀਂ ਰਿਕਾਰਡ ਕਰਦਾ ਹੈ। ਉਹ ‘ਪੇਅ’/‘ਪੇਡ’ ਐਂਡ ‘ਰਿਜੈਕਟ’ ਦੀ ਸਟੈਂਪ ਨੋਟਾਂ ਉੱਤੇ ਲਾਉਂਦਾ ਹੈ।

ਸਟੈਂਪ ਉੱਤੇ ਬੈਂਕ ਅਤੇ ਬ੍ਰਾਂਚ ਦਾ ਨਾਮ ਹੋਵੇਗਾ।

ਜਿੰਨ੍ਹਾਂ ਨੋਟਾਂ ਉੱਤੇ ‘ਪੇਅ’/‘ਪੇਡ’ (ਜਾਂ ‘ਰਿਜੈਕਟ’) ਸਟੈਂਪ ਹੋਵੇਗੀ, ਜੇ ਉਨ੍ਹਾਂ ਨੂੰ ਕਿਸੇ ਬੈਂਕ ਦੀ ਬ੍ਰਾਂਚ ਵਿੱਚ ਭੁਗਤਾਨ ਲਈ ਦਿੱਤਾ ਜਾਂਦਾ ਹੈ। ਆਰਬੀਆਈ ਨੇ ਸਾਰੇ ਬੈਂਕਾਂ ਨੂੰ ਹੁਕਮ ਦਿੱਤੇ ਸੀ ਕਿ ਨਿਗਰਾਨੀ ਅਧੀਨ ਵੀ ਲੋਕਾਂ ਨੂੰ ਅਜਿਹੇ ਨੋਟਾਂ ਦਾ ਭੁਗਤਾਨ ਨਾਲ ਕਰਨ।

ਆਰਬੀਆਈ ਨੇ ਸੁਝਾਅ ਦਿੱਤਾ ਹੈ ਕਿ ਬੈਂਕ ਆਪਣੇ ਗਾਹਕਾਂ ਨੂੰ ਕਿਸੇ ਵੀ ਬੈਂਕ ਜਾਂ ਕਿਸੇ ਹੋਰ ਤੋਂ ਅਜਿਹੇ ਨੋਟ ਸਵੀਕਾਰ ਨਾ ਕਰਨ ਲਈ ਸਾਵਧਾਨ ਕਰਨ।

ਕਿਸ ਤਰ੍ਹਾਂ ਦੇ ਨੋਟ ਅੱਗੇ ਨਹੀਂ ਵੰਡੇ ਜਾ ਸਕਦੇ?

ਨੋਟ ਰਿਫੰਡ ਰੂਲਜ਼, 2009 ਦੇ ਨਿਯਮ 6 (3) (iii) ਮੁਤਾਬਕ ਜਿੰਨ੍ਹਾਂ ਨੋਟਾਂ ਉੱਤੇ ਕੋਈ ਸਲੋਗਨ, ਸਿਆਸੀ ਜਾਂ ਧਾਰਮਿਕ ਸੰਦੇਸ਼, ਦਾਗ ਆਦਿ ਹੋਣ ਉਨ੍ਹਾਂ ਨੂੰ ਅੱਗੇ ਵੰਡਣ ਲਈ ਅਯੋਗ ਮੰਨਿਆ ਜਾਂਦਾ ਹੈ।

ਜਿੰਨ੍ਹਾਂ ਨੋਟਾਂ ਉੱਤੇ ਦਾਗ਼ (ਰੰਗ ਦੇ ਧੱਬੇ ਸਮੇਤ) ਹੋਣ, ਉਹ ਕਾਨੂੰਨੀ ਟੈਂਡਰ ਬਣੇ ਰਹਿਣਗੇ। ਅਜਿਹੇ ਨੋਟ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਮ੍ਹਾਂ ਜਾਂ ਬਦਲੇ ਜਾ ਸਕਦੇ ਹਨ।

ਅਜਿਹੇ ਕੋਈ ਵੀ ਨੋਟ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਇਹ ਨੋਟ ਆਰਬੀਆਈ ਨੂੰ ਭੇਜਣੇ ਚਾਹੀਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)