ਉਨ੍ਹਾਂ ਅਜਨਬੀਆਂ ਦੀ ਕਹਾਣੀ ਜੋ ਇੱਕ-ਦੂਜੇ ਦੀ ਜਾਨ ਬਚਾਉਣ ਦਾ ਸਬੱਬ ਬਣ ਗਏ

ਤਸਵੀਰ ਸਰੋਤ, AFP
- ਲੇਖਕ, ਸ਼ੈਰਨ ਬਾਰਬਰ ਅਤੇ ਨੈਟਲੀ ਰਾਈਟ
- ਰੋਲ, ਬੀਬੀਸੀ ਨਿਊਜ਼
ਜਰਮਨੀ ਦੇ ਮਾਰਿਅਸ ਵਰਨਰ ਨੇ ਅਨਜਾਣ ਰਹਿੰਦਿਆਂ ਸਟੈਮ-ਸੈੱਲ ਦਾਨ ਕਰਕੇ ਇੱਕ ਬ੍ਰਿਟਿਸ਼ ਡਾਕਟਰ ਦੀ ਜਾਨ ਬਚਾਈ।
ਹਾਲਾਂਕਿ ਹੁਣ ਉਹ ਕਹਿੰਦੇ ਹਨ ਕਿ ਇਸ ਘਟਨਾ ਨੇ ਸ਼ਾਇਦ ਉਨ੍ਹਾਂ ਨੂੰ ਵੀ ਜਿਊਂਦੇ ਰਹਿਣ ਵਿੱਚ ਮਦਦ ਕੀਤੀ ਹੈ ਅਤੇ ਉਨ੍ਹਾਂ ਦੀ ਜਾਨ ਬਚਾਈ ਹੈ।
ਜਦੋਂ ਉਨ੍ਹਾਂ ਨੇ ਸਟੈਮ ਸੈਲ ਦਾਨ ਕੀਤੇ ਸਨ ਤਾਂ ਉਹ ਮਾੜੇ ਦੌਰ ਵਿੱਚੋਂ ਲੰਘ ਰਹੇ ਸਨ ਅਤੇ ਆਤਮ ਹੱਤਿਆ ਦੇ ਵਿਚਾਰਾਂ ਨਾਲ ਜੂਝ ਰਹੇ ਸਨ।
ਡਾ਼ ਨਿਕ ਐਮਬਲਟਨ ਇੱਕ ਦੁਰਲੱਭ ਕਿਸਮ ਦੇ ਖੂਨ ਦੇ ਕੈਂਸਰ ਤੋਂ ਪੀੜਤ ਸਨ ਜਦੋਂ ਉਨ੍ਹਾਂ ਦੀ ਇਕਲੌਤੀ ਉਮੀਦ ਬੋਨ-ਮੈਰੋ ਟਰਾਂਸਪਲਾਂਟ ਸੀ।
ਪਹਿਲਾਂ ਬ੍ਰਿਟੇਨ ਵਿੱਚ ਹੀ ਦਾਨੀ ਦੀ ਭਾਲ ਕੀਤੀ ਗਈ ਜਦੋਂ ਕੋਈ ਮੈਚ ਨਾ ਮਿਲਿਆ ਤਾਂ ਖੋਜ ਦਾ ਦਾਇਰਾ ਦੁਨੀਆਂ ਭਰ ਵਿੱਚ ਫੈਲ ਗਿਆ।
ਘਟਨਾ ਤੋਂ ਦੋ ਸਾਲ ਬਾਅਦ ਬੀਬੀਸੀ ਨਿਊਜ਼ ਅਤੇ ਚੈਰਿਟੀ ਐਂਥਨੀ ਨੋਲਨ ਨੇ ਦੋ ‘ਬਲੱਡ ਬ੍ਰਦਰਜ਼’ ਨੂੰ ਪਹਿਲੀ ਵਾਰ ਇੱਕ ਦੂਜੇ ਨੂੰ ਲੱਭਣ ਵਿੱਚ ਮਦਦ ਕੀਤੀ।
'ਮਰ ਸਕਦਾ ਸੀ'
ਦੋ ਤੋਂ ਜ਼ਿਆਦਾ ਦਹਾਕਿਆਂ ਤੱਕ ਡਾ਼ ਨਿਕ ਨੇ ਨਿਊਕਾਸਲ ਦੇ ਨਵਜਾਤ ਬੱਚਿਆਂ ਦੇ ਆਈਸੀਯੂ ਵਿੱਚ ਕੰਮ ਕੀਤਾ ਹੈ। ਜਿੱਥੇ ਰਹਿ ਕੇ ਉਨ੍ਹਾਂ ਨੇ ਦੁਨੀਆਂ ਦੇ ਹਜ਼ਾਰਾਂ ਸਭ ਤੋਂ ਛੋਟੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਵਿੱਚ ਮਦਦ ਕੀਤੀ ਹੈ।
ਹਾਲਾਂਕਿ 2021 ਵਿੱਚ ਉਨ੍ਹਾਂ ਨੂੰ ਖ਼ੁਦ ਇੱਕ ਡਾਕਟਰ ਦੀ ਜ਼ਰੂਰਤ ਸੀ।
ਉਸ ਦਿਨ ਉਹ ਹਸਪਤਾਲ ਦੇ ਵਰਾਂਢਿਆਂ ਵਿੱਚ ਤੁਰੇ ਜਾ ਰਹੇ ਸਨ ਕਿ, ਉਹ ਦੱਸਦੇ ਹਨ ਕਿ ‘‘ਮੈਨੂੰ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਹੈ।’’
ਉਹ ਕਹਿੰਦੇ ਹਨ,“ਮੈਨੂੰ ਪੂਰਾ ਅਹਿਸਾਸ ਸੀ ਕਿ ਮੈਂ ਮਰ ਸਕਦਾ ਹਾਂ, ਇਸ ਲਈ ਮੈਂ ਇੱਕ ਵਸੀਅਤ ਬਣਾਈ।’’
“ਮੈਂ ਇਹ ਖ਼ਬਰ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ ਦਿੱਤੀ।’’

ਤਸਵੀਰ ਸਰੋਤ, BBC News
“ਮੈਨੂੰ ਆਪਣੇ ਬੱਚਿਆਂ ਲਈ ਸਭ ਤੋਂ ਜ਼ਿਆਦਾ ਦੁਖ ਹੋਇਆ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਪਿਤਾ ਤੋਂ ਬਿਨਾਂ ਵੱਡੇ ਹੋਣ।’’
ਬੋਨ ਮੈਰੋ ਟਰਾਂਸਪਲਾਂਟ ਵਿੱਚ ਖੂਨ ਦੇ ਖਰਾਬ ਸੈਲਾਂ ਨੂੰ ਤੰਦਰੁਸਤ ਸੈੱਲਾਂ ਨਾਲ ਬਦਲ ਦਿੱਤਾ ਜਾਂਦਾ ਹੈ। ਖ਼ਤਰਾ ਇਹ ਹੁੰਦਾ ਹੈ ਕਿ ਜੇ ਮਿਲਾਨ (ਮੈਚ) ਪੂਰਾ ਨਾ ਹੋਵੇ ਤਾਂ ਸਰੀਰ ਦੀ ਰੱਖਿਆ ਪ੍ਰਣਾਲੀ ਨਵੇਂ ਸੈਲਾਂ ਨੂੰ ਆਪਣੇ-ਆਪ ਨਸ਼ਟ (ਰੱਦ) ਕਰ ਦਿੰਦੀ ਹੈ)
ਐਂਥਨੀ ਨੋਲਨ ਚੈਰਿਟੀ ਦੇ ਸ਼ਾਰਲੋਟ ਹਿਊਜ਼ ਨੇ ਕਿਹਾ: “ਅਸੀਂ ਪਹਿਲਾਂ ਬ੍ਰਿਟੇਨ ਵਿੱਚ ਦਾਨੀ ਦੀ ਭਾਲ ਕਰਦੇ ਹਾਂ ਅਤੇ ਉਮੀਦ ਹੁੰਦੀ ਹੈ ਕਿ ਇੱਥੇ ਕੋਈ ਮੈਚ ਮਿਲ ਜਾਵੇਗਾ।”
“ਜੇ ਅਸੀਂ ਅਜਿਹਾ ਨਾ ਹੋਵੇ ਤਾਂ ਅਸੀਂ ਦੁਨੀਆਂ ਭਰ ਵਿੱਚੋਂ ਕਿਤੋਂ ਵੀ ਮੈਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।”
“ਮੈਚ ਕਿਤੋਂ ਵੀ ਮਿਲ ਸਕਦਾ ਹੈ।”
'ਬੇਹੱਦ ਭਾਵੁਕਤਾ ਦਾ ਵੇਗ'
ਜਦੋਂ ਤੱਕ ਟਰਾਂਸਪਲਾਂਟ ਦੇ ਸਫ਼ਲ ਹੇਣ ਦੀ ਪੁਸ਼ਟੀ ਨਹੀਂ ਹੋ ਜਾਂਦੀ ਉਦੋਂ ਤੱਕ ਦਾਨੀ ਅਤੇ ਮਰੀਜ਼ ਨੂੰ ਇੱਕ ਦੂਜੇ ਬਾਰੇ ਨਹੀਂ ਦੱਸਿਆ ਜਾਂਦਾ।
ਦੋ ਸਾਲ ਬਾਅਦ ਜਿਵੇਂ ਹੀ ਨਿਕ ਨੂੰ ਅਪਰੇਸ਼ਨ ਸਫ਼ਲ ਰਹਿਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਆਪਣੇ ਦਾਨੀ ਨੂੰ ਮਿਲਣਾ ਚਾਹੁੰਦੇ ਹਨ।
ਐਂਥਨੀ ਨੋਲਨ ਨਾਲ ਕੰਮ ਕਰਦੇ ਹੋਏ ਬੀਬੀਸੀ ਨਿਊਜ਼ ਨੇ ਡ੍ਰੇਸਡੈਨ ਨੇੜੇ ਕੇਮਨਿਜ਼ ਵਿੱਚ 24 ਸਾਲਾ ਮਾਰਿਅਸ ਨਾਂ ਦੇ ਲੜਕੇ ਦੀ ਪਛਾਣ ਕੀਤੀ। ਮਾਰਿਅਸ ਦਾ ਨਾਂ ਛੋਟੀ ਉਮਰ ਤੋਂ ਹੀ ਦਾਨੀਆਂ ਦੀ ਸੂਚੀ ਵਿੱਚ ਸ਼ਾਮਲ ਸੀ।
ਉਹ ਯੂਕੇ ਜਾਣ ਅਤੇ ਮੈਗੀ ਦੇ ਨਿਊਕਸਲ ਕੈਂਸਰ-ਸਪੋਰਟ ਸੈਂਟਰ, ਫ੍ਰੀਮੈਨ ਹਸਪਤਾਲ (ਜਿੱਥੇ ਟਰਾਂਸਪਲਾਂਟ ਹੋਇਆ ਸੀ।) ਵਿੱਚ ਨਿਕ ਨੂੰ ਮਿਲਣ ਲਈ ਤਿਆਰ ਹੋ ਗਏ।
ਜਿਵੇਂ ਹੀ ਦੋਵੇਂ ਜਣੇ ਮਿਲੇ ਤਾਂ ਉਨ੍ਹਾਂ ਨੇ ਇੱਕ-ਦੂਜੇ ਨੂੰ ਜੱਫੀ ਪਾਈ ਅਤੇ ਮਾਰਿਅਸ ਨੇ ਕਿਹਾ: ‘‘ਮੈਂ ਬਹੁਤ ਭਾਵੁਕ ਹਾਂ...ਮੈਂ ਕੰਬ ਰਿਹਾ ਹਾਂ।’’
‘ਬਹੁਤ ਬਹੁਤ ਸ਼ੁਕਰੀਆ’
ਨਿਕ ਨੇ ਉਨ੍ਹਾਂ ਨੂੰ ਕਿਹਾ: ‘‘ਕੈਂਸਰ ਦੇ ਸਾਰੇ ਸੈੱਲ ਖਤਮ ਹੋ ਗਏ ਹਨ। ਜਦੋਂ ਉਨ੍ਹਾਂ ਨੇ ਮੇਰੇ ਖੂਨ ਦੀ ਜਾਂਚ ਕੀਤੀ ਤਾਂ ਉਹ ਕਹਿੰਦੇ ਕਿ ਖੂਨ ਦੇ ਸਾਰੇ ਸੈੱਲ ਤੁਹਾਡੇ ਹਨ।”
“ਜੇਕਰ ਤੁਸੀਂ ਨਾ ਹੁੰਦੇ ਤਾਂ ਮੈਂ ਮਰ ਜਾਂਦਾ।
‘‘ਮੇਰੇ ਚਾਰ ਬੱਚੇ ਹਨ, ਅੱਜ ਉਨ੍ਹਾਂ ਦਾ ਪਿਓ ਜਿਊਂਦਾ ਨਾ ਹੁੰਦਾ।
"ਮੇਰਾ ਮਤਲਬ ਹੈ ਕਿ ਮੈਂ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ‘ਧੰਨਵਾਦ’।”
ਮਾਰਿਅਸ ਨੂੰ ਲੱਗਿਆ ਉਨ੍ਹਾਂ ਨੂੰ ਨਿਕ ਦਾ ਜਵਾਬ ਦੇਣ ਲਈ ਸ਼ਬਦ ਨਹੀਂ ਮਿਲ ਰਹੇ ਸਨ। ਉਹ ਬਸ ਇਹੀ ਕਹਿ ਸਕੇ: “ਧੰਨਭਾਗ।”
ਫਿਰ ਦੋਵਾਂ ਦੇ ਹੰਝੂ ਵਹਿਣ ਲੱਗੇ, ਨਿਕ ਨੇ ਵਾਰ ਫਿਰ ਘੁਸਰਮੁਸਰ ਕੀਤੀ ਅਤੇ ਕਿਹਾ: ‘‘ਤੁਹਾਡਾ ਬਹੁਤ-ਬਹੁਤ ਸ਼ੁਕਰੀਆ।’’
‘ਹੰਝੂ ਵਹਿਣ ਲੱਗੇ’
ਮਾਰਿਅਸ ਦੱਸਦੇ ਹਨ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਟਰਾਂਸਪਲਾਂਟ ਸਫਲ ਰਿਹਾ ਹੈ ਅਤੇ ਮਰੀਜ਼ ਬਚ ਗਿਆ।
ਉਹ ਕਹਿੰਦੇ ਹਨ, ‘‘ਇਸ ਜਾਣਕਾਰੀ ਤੋਂ ਬਾਅਦ ਤਾਂ (ਮੇਰੇ) ਸਿਰਫ਼ ਹੰਝੂ ਵਹਿੰਦੇ ਹਨ।’’
"ਮੈਂ ਆਪਣੇ ਕੰਮ ’ਤੇ ਜਾ ਰਿਹਾ ਸੀ ਅਤੇ ਮੈਨੂੰ ਆਪਣੀ ਕਾਰ ਰੋਕ ਕੇ ਉਸ ਵਿੱਚੋਂ ਬਾਹਰ ਨਿਕਲਣਾ ਪਿਆ। ਮੈਨੂੰ ਤਾਜ਼ੀ ਹਵਾ ਦੀ ਜ਼ਰੂਰਤ ਸੀ ਕਿਉਂਕਿ ਮੇਰੇ “ਹੰਝੂ ਨਿਕਲ ਆਏ ਸਨ।”
ਫਿਰ, ਮਾਰਿਅਸ ਨੇ ਦੱਸਿਆ ਇਸ ਤੋਂ ਪਹਿਲਾਂ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਕੋਸ਼ਿਸ਼ ਕੀਤੀ ਸੀ ਪਰ ਇੱਕ ਤਰ੍ਹਾਂ ਨਾਲ ਨਿਕ ਨੇ ਉਨ੍ਹਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਸੀ।
ਉਹ ਕਹਿੰਦੇ ਹਨ, ‘‘ਜਦੋਂ ਮੈਂ 13 ਸਾਲ ਦਾ ਸੀ ਉਦੋਂ ਤੋਂ ਮੈਂ ਹੀ ਮੈਂ ਮਾਨਸਿਕ ਸਮੱਸਿਆਵਾਂ ਨਾਲ ਜੂਝਦਾ ਰਿਹਾ ਹਾਂ।’’
‘‘ਮੇਰੇ ਲਈ ਜ਼ਿੰਦਗੀ ਵਿੱਚ ਆਪਣਾ ਰਸਤਾ ਤਲਾਸ਼ਣਾ ਅਤੇ ਜ਼ਿੰਦਗੀ ਪ੍ਰਤੀ ਆਪਣੀ ਸਮਝ ਬਣਾਉਣੀ ਮੁਸ਼ਕਿਲ ਸੀ।’’
‘‘ਹੁਣ, ਮੈਂ ਕਹਿ ਸਕਦਾ ਹਾਂ, ‘ਮੈਂ ਕੁਝ ਚੰਗਾ ਕੀਤਾ ਹੈ।’’
ਹੁਣ ਨਿਕ ਅਤੇ ਮਾਰਿਅਸ ਦੀਆਂ ਰਗਾਂ ਵਿੱਚ ਇੱਕੋ ਖੂਨ ਦੌੜ ਰਿਹਾ ਹੈ। ਦੋਵਾਂ ਨੇ ਫੈਸਲਾ ਕੀਤਾ ਹੈ ਕਿ ਉਹ ‘ਬਲੱਡ ਬ੍ਰਦਰਜ਼’ ਵਜੋਂ ਇੱਕ ਦੂਜੇ ਨਾਲ ਜੁੜੇ ਰਹਿਣਗੇ।












