ਕੈਂਸਰ ਦਾ ਨਵਾਂ ਇਲਾਜ ਜੋ ਕੀਮੋਥੈਰੇਪੀ ਦਾ ਬਦਲ ਹੋ ਸਕਦਾ ਹੈ

 ਆਰਥਰ ਵਾਇਲਨ ਵਜਾ ਰਿਹਾ ਹੈ
ਤਸਵੀਰ ਕੈਪਸ਼ਨ, ਆਰਥਰ ਹੁਣ ਵਾਪਸ ਸਕੂਲ ਜਾਣ ਲੱਗਿਆ ਹੈ ਅਤੇ ਆਪਣੇ ਸ਼ੌਂਕ ਵੀ ਪੂਰੇ ਕਰ ਰਿਹਾ ਹੈ
    • ਲੇਖਕ, ਮਿਸ਼ੇਲ ਰੌਬਰਟਸ
    • ਰੋਲ, ਡਿਜੀਟਲ ਹੈਲਥ ਐਡੀਟਰ

ਬ੍ਰਿਟੇਨ ਵਿੱਚ ਕੁਝ ਬੱਚਿਆਂ ਨੂੰ ਕੈਂਸਰ ਦੇ ਇਲਾਜ ਲਈ ਨਵੀਂ ਦਵਾਈ ਦਿੱਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੀਮੋਥੈਰਿਪੀ ਨਾਲੋਂ ਕਿਤੇ ਘੱਟ ਹਾਨੀਕਾਰਕ ਹੈ।

ਗਿਆਰਾਂ ਸਾਲਾ ਆਰਥਰ, ਉਨ੍ਹਾਂ ਕੁਝ ਪਹਿਲੇ ਬੱਚਿਆਂ ਵਿੱਚੋਂ ਹੈ ਜਿਨ੍ਹਾਂ ਨੂੰ ਲੰਡਨ ਦੇ ਗ੍ਰੇਟ ਓਰਮੋਂਡ ਸਟਰੀਟ ਹਸਪਤਾਲ ਵਿੱਚ ਖੂਨ ਦੇ ਕੈਂਸਰ ਲਈ ਇਹ ਦਵਾਈ ਦਿੱਤੀ ਜਾ ਰਹੀ ਹੈ।

ਆਰਥਰ ਦਾ ਪਰਿਵਾਰ ਇਸ ਇਲਾਜ ਨੂੰ “ਸੂਰਜ ਦੀ ਇੱਕ ਕਿਰਨ” ਵਾਂਗ ਕਿਹਾ ਹੈ ਕਿਉਂਜੋ ਇਸ ਨੇ ਆਰਥਰ ਨੂੰ ਹੋਰ ਬਿਮਾਰ ਕੀਤੇ ਬਿਨਾਂ ਆਪਣਾ ਅਸਰ ਦਿਖਾਇਆ ਹੈ।

ਇਹ ਦਵਾਈ ਮਰੀਜ਼ ਨੂੰ ਕਿਤੇ ਵੀ ਦਿੱਤੀ ਜਾ ਸਕਦੀ ਹੈ ਅਤੇ ਹਸਪਤਾਲ ਆਉਣਾ ਜ਼ਰੂਰੀ ਨਹੀਂ ਹੈ। ਇਸ ਲਈ ਹੁਣ ਆਰਥਰ ਆਪਣੀ ਜ਼ਿੰਦਗੀ ਆਮ ਵਾਂਗ ਜਿਉਂ ਸਕਦਾ ਹੈ। ਅਤੇ ਉਹ ਘਰ ਵੀ ਪਹਿਲਾਂ ਨਾਲੋਂ ਜ਼ਿਆਦਾ ਰਹਿੰਦਾ ਹੈ।

ਆਰਥਰ ਇਸ ਨੂੰ ਆਪਣੇ “ਬਲਿਨਾ ਬੈਕਪੈਕ” ਵਿੱਚ ਰੱਖਦਾ ਹੈ।

ਆਰਥਰ ਦੀ ਕੀਮੋਥੈਰਿਪੀ ਨਾ ਸਿਰਫ਼ ਅਸਫਲ ਹੋ ਗਈ ਸੀ ਸਗੋਂ ਕੀਮੋ ਨਾਲ ਆਰਥਰ ਬਹੁਤ ਜ਼ਿਆਦਾ ਕਮਜ਼ੋਰ ਵੀ ਹੋ ਗਿਆ ਸੀ। ਅਜਿਹੇ ਵਿੱਚ ਬਲਿਨਾ ਹੀ ਉਸ ਲਈ ਇੱਕ ਅਸਲੀ ਵਿਕਲਪ ਬਚਿਆ ਸੀ।

ਆਰਥਰ ਆਪਣੇ ਬੈਕਪੈਕ ਨਾਲ
ਤਸਵੀਰ ਕੈਪਸ਼ਨ, ਆਰਥਰ ਆਪਣੇ ਬੈਕਪੈਕ ਨਾਲ

ਬਲਿਨਾ ਦੀ ਵਰਤੋਂ ਬਾਲਗਾਂ ਵਿੱਚ ਕੈਂਸਰ ਦੇ ਇਲਾਜ ਲਈ ਪਹਿਲਾਂ ਹੀ ਮਾਨਤਾ ਪ੍ਰਾਪਤ ਹੈ। ਹਾਲਾਂਕਿ ਹੁਣ ਮਾਹਰਾਂ ਨੂੰ ਉਮੀਦ ਹੈ ਕਿ ਇਸ ਨਾਲ ਬੱਚਿਆਂ ਦੇ ਕੈਂਸਰ ਵਿੱਚ ਵੀ ਮਦਦ ਮਿਲੇਗੀ।

ਪੂਰੇ ਬ੍ਰਿਟੇਨ ਵਿੱਚ ਲਗਭਗ 20 ਕੇਂਦਰਾਂ ਵਿੱਚ ਬੀ-ਸੈੱਲ ਅਕਿਊਟ ਲਿੰਫੋਬਲਾਸਟਿਕ ਲਿਊਕਿਮੀਆ (ਬੀ-ਏਐਲਐਲ) ਲਈ ਇਸਦੀ ਆਫ-ਲੇਬਲ ਵਰਤੋਂ ਕੀਤੀ ਜਾ ਰਹੀ ਹੈ।

ਦਵਾਈ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਨਾਲ ਮਿਲ ਕੇ ਕੈਂਸਰ ਸੈੱਲਾਂ ਨੂੰ ਪਛਾਨਣ ਅਤੇ ਨਸ਼ਟ ਕਰਨ ਵਿੱਚ ਮਦਦ ਕਰਦੀ ਹੈ।

ਇਹ ਸਿਰਫ਼ ਪ੍ਰਭਾਵਿਤ ਸੈੱਲਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀ ਹੈ। ਜਦਕਿ ਕੀਮੋਥੈਰਿਪੀ ਵਿੱਚ ਇਲਾਜ ਦੌਰਾਨ ਤੰਦਰੁਸਤ ਸੈੱਲ ਵੀ ਰਗੜੇ ਜਾਂਦੇ ਹਨ। ਇਸ ਕਾਰਨ ਮਰੀਜ਼ ਬਹੁਤ ਕਮਜ਼ੋਰ ਹੋ ਜਾਂਦੇ ਸਨ।

 ਆਰਥਰ ਆਪਣੀ ਬਲਿਨਾ ਇਲਾਜ ਕਿੱਟ ਦੀ ਸ਼ੁਰੂਆਤ ਕਰਦਾ ਹੋਇਆ
ਤਸਵੀਰ ਕੈਪਸ਼ਨ, ਆਰਥਰ ਆਪਣੀ ਬਲਿਨਾ ਇਲਾਜ ਕਿੱਟ ਦੀ ਸ਼ੁਰੂਆਤ ਕਰਦਾ ਹੋਇਆ

ਬਲਿਨਾ ਪਲਾਸਟਿਕ ਦੇ ਇੱਕ ਬੈਗ ਵਿੱਚ ਤਰਲ ਦੇ ਰੂਪ ਵਿੱਚ ਮਿਲਦੀ ਹੈ ਜੋ ਮਰੀਜ਼ ਦੇ ਖੂਨ ਵਿੱਚ ਰਬੜ ਦੀ ਨਲਕੀ ਰਾਹੀਂ ਪਹੁੰਚਾਈ ਜਾਂਦੀ ਹੈ। ਇਸਦੀ ਨਲਕੀ ਕਈ ਮਹੀਨਿਆਂ ਤੱਕ ਮਰੀਜ਼ ਦੀ ਬਾਂਹ ਵਿੱਚ ਲਗਾ ਕੇ ਰੱਖੀ ਜਾਂਦੀ ਹੈ।

ਬੈਟਰੀ ਨਾਲ ਚੱਲਣ ਵਾਲਾ ਇੱਕ ਪੰਪ ਇਸ ਦੇ ਖੂਨ ਵਿੱਚ ਮਿਲਣ ਨੂੰ ਨਿਰਧਾਰਿਤ ਕਰਦਾ ਹੈ। ਬਲਿਨਾ ਦਾ ਇੱਕ ਬੈਗ ਕਈ ਦਿਨਾਂ ਤੱਕ ਚਲਦਾ ਰਹਿ ਸਕਦਾ ਹੈ।

ਇਹ ਸਾਰੀ ਕਿੱਟ ਏ4 ਅਕਾਰ ਦੇ ਇੱਕ ਰਜਿਸਟਰ ਦੇ ਅਕਾਰ ਦੀ ਹੈ ਅਤੇ ਮਰੀਜ਼ ਸੌਖਿਆਂ ਹੀ ਆਪਣੇ ਨਾਲ ਪਿੱਠੂ ਬੈਗ ਵਿੱਚ ਰੱਖ ਕੇ ਇੱਕ ਤੋਂ ਦੂਜੀ ਥਾਂ ਲਿਜਾ ਸਕਦਾ ਹੈ।

ਇਸ ਦੇ ਆਰਥਰ ਲਈ ਕਈ ਅਰਥ ਸਨ। ਉਹ ਪਾਰਕ ਵਿੱਚ ਝੂਲਾ ਖੇਡਣ ਜਾ ਸਕਦਾ ਸੀ। ਇਸੇ ਦੌਰਾਨ ਉਸਦਾ ਇਲਾਜ ਵੀ ਚੱਲ ਰਿਹਾ ਸੀ।

ਇਸ ਤੋਂ ਇਲਾਵਾ ਇਸ ਨਾਲ ਉਹ ਕੀਮੋ ਜਿਸ ਨੇ ਉਸ ਲਈ ਕੰਮ ਕਰਨਾ ਵੀ ਬੰਦ ਕਰ ਦਿੱਤਾ ਸੀ ਤੋਂ ਉਲਟ ਕਮਜ਼ੋਰ ਵੀ ਨਹੀਂ ਹੋਇਆ ਸੀ।

ਲਗਾਤਾਰ ਬਣੀ ਰਹਿਣ ਵਾਲੀ ਚੁਣੌਤੀ

ਦੂਜੇ ਮਰੀਜ਼ਾਂ ਵਾਂਗ ਆਰਥਰ ਨੂੰ ਵੀ ਇਲਾਜ ਸ਼ੁਰੂ ਕਰਨ ਤੋਂ ਦਵਾਈਆਂ ਦਿੱਤੀਆਂ ਗਈਆਂ ਤਾਂ ਜੋ ਉਸਦਾ ਸਰੀਰ ਬਲਿਨਾ ਪ੍ਰਤੀ ਕੋਈ ਪ੍ਰਤੀਕਿਰਿਆ ਨਾ ਕਰੇ।

ਸ਼ੁਰੂਆਤ ਵਿੱਚ ਉਸ ਨੂੰ ਬੁਖਾਰ ਹੋਇਆ ਅਤੇ ਕਈ ਦਿਨ ਹਸਪਤਾਲ ਵਿੱਚ ਭਰਤੀ ਵੀ ਰਹਿਣਾ ਪਿਆ।

ਹਾਲਾਂਕਿ ਕੁਝ ਹੀ ਸਮੇਂ ਬਾਅਦ ਉਸ ਦਾ ਬੁਖਾਰ ਠੀਕ ਹੋ ਗਿਆ ਅਤੇ ਉਹ ਆਪਣੇ ਘਰ ਜਾਣ ਯੋਗ ਹੋ ਗਿਆ।

ਆਰਥਰ ਦਾ ਪਿੱਠੂ ਬੈਗ ਹਮੇਸ਼ਾ ਉਸਦੇ ਨਾਲ ਰਹਿੰਦਾ ਹੈ। ਉਦੋਂ ਵੀ ਜਦੋਂ ਉਹ ਸੌਂ ਰਿਹਾ ਹੁੰਦਾ ਹੈ। ਭਾਵੇਂ ਕਿ ਪੰਪ ਕੁਝ ਅਵਾਜ਼ ਕਰਦਾ ਹੈ ਪਰ ਆਰਥਰ ਨੂੰ ਇਸ ਦੀ ਆਦਤ ਹੋ ਗਈ ਹੈ ਅਤੇ ਉਹ ਚੰਗੀ ਨੀਂਦ ਲੈਂਦਾ ਹੈ।

ਆਰਥਰ ਦੀ ਮਾਂ ਸੈਂਡਰੀਨ ਨੇ ਕਿਹਾ ਕਿ ਕੀਮੋ ਕਾਰਨ “ਉਹ ਪ੍ਰੇਸ਼ਾਨ ਰਹਿੰਦਾ ਸੀ ਜਦਕਿ ਬਲਿਨਾ ਕਾਰਨ ਉਹ ਸਹਿਜ ਹੋ ਗਿਆ ਹੈ।”

“ਇਹ ਬਿਲਕੁਲ ਉਸਦੇ ਵੱਸ ਤੋਂ ਬਾਹਰ ਜਾ ਰਿਹਾ ਸੀ— ਦਵਾਈਆਂ ਉਸ ਨੂੰ ਨੁਕਸਾਨ ਕਰ ਰਹੀਆਂ ਸਨ ਅਤੇ ਅਸੀਂ ਹਮੇਸ਼ਾ ਇਸ ਚੁਣੌਤੀ ਨਾਲ ਜੂਝਦੇ ਰਹਿੰਦੇ ਸੀ।”

“ਅਸੀਂ ਉਸ ਨੂੰ ਬੁਰਾ ਮਹਿਸੂਸ ਕਰਵਾ ਕੇ ਉਸ ਦਾ ਇਲਾਜ ਕਰ ਰਹੇ ਸੀ। ਇਸ ਨੂੰ ਸਮਝ ਸਕਣਾ ਬਹੁਤ ਮੁਸ਼ਕਲ ਹੈ।”

ਵੱਡਾ ਕਦਮ

ਸ਼ੁਰੂ ਵਿੱਚ ਆਰਥਰ ਨੂੰ ਹਰ ਚਾਰ ਦਿਨਾਂ ਬਾਅਦ ਹਸਪਤਾਲ ਜਾਣਾ ਪੈਂਦਾ ਸੀ ਤਾਂ ਜੋ ਡਾਕਟਰ ਕਿੱਟ ਦੁਬਾਰਾ ਭਰ ਸਕਣ। ਹਾਲਾਂਕਿ ਹੁਣ ਉਹ ਘਰੇ ਹੀ ਸਭ ਕੁਝ ਕਰ ਲੈਂਦਾ ਹੈ।

ਸੈਂਡਰੀਨ ਦੱਸਦੇ ਹਨ ਕਿ ਆਰਥਰ ਇਸ ਤੋਂ ਖੁਸ਼ ਸੀ ਕਿ ਉਹ ਇਸ ਨੂੰ ਸਾਂਭ ਸਕਦਾ ਹੈ ਅਤੇ ਆਪਣੇ ਇਲਾਜ ਲਈ ਜ਼ਿੰਮੇਵਾਰ ਹੈ। ਉਸਨੇ ਇਹ ਸਭ ਅਪਣਾ ਲਿਆ ਹੈ।

ਅਪ੍ਰੈਲ 2023 ਵਿੱਚ ਆਖਰੀ ਅਪਰੇਸ਼ਨ ਕਰਕੇ ਆਰਥਰ ਦੀ ਬਾਂਹ ਵਿੱਚ ਲੱਗੀ ਟਿਊਬ ਕੱਢ ਦਿੱਤੀ ਗਈ।

ਉਸ ਦੀ ਮਾਂ ਮੁਤਾਬਕ ਇਹ ਇੱਕ ਵੱਡਾ ਕਦਮ ਸੀ ਜਿਸ ਨੇ ਉਸ ਨੂੰ ਅਜ਼ਾਦ ਕਰ ਦਿੱਤਾ।

ਡਾਕਟਰਾਂ ਦੀ ਰਾਇ ਹੈ ਕਿ ਬਲਿਨਾ ਲਗਭਗ 80 ਫੀਸਦੀ ਤੱਕ ਕੀਮੋਥੈਰੀਪੀ ਦਾ ਬਦਲ ਬਣ ਸਕਦਾ ਹੈ।

ਬ੍ਰਿਟੇਨ ਵਿੱਚ ਲਗਭਗ 400 ਬੱਚਿਆਂ ਦੇ ਆਰਥਰ ਵਰਗਾ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ।

ਆਰਥਰ ਆਪਣੇ ਮਾਂ-ਬਾਪ ਨਾਲ ਕੀਮੋ ਅਤੇ ਸਟੀਰੋਇਡ ਸੈਸ਼ਨ ਦੌਰਾਨ
ਤਸਵੀਰ ਕੈਪਸ਼ਨ, ਆਰਥਰ ਆਪਣੇ ਮਾਂ-ਬਾਪ ਨਾਲ ਕੀਮੋ ਅਤੇ ਸਟੀਰੋਇਡ ਸੈਸ਼ਨ ਦੌਰਾਨ

ਚੀਫ ਇਨਵੈਸਟੀਗੇਟਰ ਅਤੇ ਬੱਚਿਆਂ ਵਿੱਚ ਲਹੂ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਅਜੇ ਵੋਰਾ ਮੁਤਾਬਕ, “ਕੀਮੋਥੈਰਿਪੀਆਂ ਜ਼ਹਿਰ ਹਨ ਜੋ ਕੈਂਸਰ ਵਾਲੇ ਸੈਲਾਂ ਨੂੰ ਤਾਂ ਮਾਰਦੀਆਂ ਹਨ ਸਗੋਂ ਸਧਾਰਨ ਸੈਲਾਂ ਨੂੰ ਵੀ ਮਾਰਦੀਆਂ ਅਤੇ ਨੁਕਸਾਨ ਪਹੁੰਚਾਉਂਦੀਆਂ ਹਨ। ਇਸੇ ਕਾਰਨ ਸਾਈਡ ਇਫੈਕਟ ਹੁੰਦੇ ਹਨ।”

"ਬਲਿਨਾਟੂਮੋਮਾਬ ਇੱਕ ਵਧੇਰੇ ਨਰਮ ਅਤੇ ਦਇਆਵਾਨ ਇਲਾਜ ਹੈ।"

ਇਸੇ ਦੌਰਾਨ ਇੱਕ ਹੋਰ ਇਮੀਊਨੋਥੈਰਿਪੀ ਦਵਾਈ ਚੀਮੈਟਿਰਿਕ ਐਂਟੀਜਨ ਰਿਸੈਪਟਰ ਟੀ-ਸੈਲ ਥੈਰਿਪੀ (ਸੀਏਆਰ-ਟੀ) ਅੱਜ-ਕੱਲ ਮਿਲਣ ਲੱਗੀ ਹੈ।

ਹਾਲਾਂਕਿ ਇਹ ਬਲਿਨਾ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਹੈ। ਇਸ ਵਿੱਚ ਮਰੀਜ਼ ਦੇ ਹੀ ਸੈਲ ਪਹਿਲਾਂ ਕੱਢੇ ਜਾਂਦੇ ਹਨ ਅਤੇ ਪ੍ਰਯੋਗਸ਼ਾਲਾ ਵਿੱਚ ਸੋਧ ਕੇ ਫਿਰ ਦਵਾਈ ਦੇ ਰੂਪ ਵਿੱਚ ਉਸਦੇ ਲਾਏ ਜਾਂਦੇ ਹਨ। ਇਸ ਪ੍ਰਕਿਰਿਆ ਵਿੱਚ ਸਮਾਂ ਲਗਦਾ ਹੈ।

ਇਲਾਜ ਦੇ ਸਦਕਾ ਆਰਥਰ ਦਾ ਕੈਂਸਰ ਹੁਣ ਠੀਕ ਹੋ ਚੁੱਕਿਆ ਹੈ।

ਸੈਂਡਰੀਨ ਨੇ ਕਿਹਾ, ਨਵੇਂ ਸਾਲ ਦਾ ਦਿਨ ਸੀ ਜਦੋਂ ਸਾਨੂੰ ਪਤਾ ਚੱਲਿਆ ਕਿ ਬਲਿਨਾ ਨੇ ਕੰਮ ਕੀਤਾ ਸੀ ਅਤੇ ਕੈਂਸਰ ਦੇ ਕੋਈ ਅਵਸ਼ੇਸ਼ ਨਹੀਂ ਸਨ। ਇਹ ਬਹੁਤ ਅਦਭੁਤ ਸੀ ਇਸ ਲਈ ਅਸੀਂ ਦੂਹਰਾ ਜਸ਼ਨ ਮਨਾਇਆ।

ਰਿਪੋਰਟ ਨਿਕੀ ਸਟੀਆਸਟਨੀ ਅਤੇ ਨੀਲ ਪੈਟੋਨ ਦੇ ਸਹਿਯੋਗ ਨਾਲ ਲਿਖੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)