ਪਾਕਿਸਤਾਨ ਦਾ ਸਿਆਸੀ ਸੰਕਟ ਮੁਲਕ ਨੂੰ ਇੰਝ ਕਰ ਸਕਦਾ ਹੈ ਪ੍ਰਭਾਵਿਤ

    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ

ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਲਾਹੌਰ ਹਾਈ ਕੋਰਟ ਨੇ ਕਿਹਾ ਹੈ ਕਿ ਪੁਲਿਸ ਵੀਰਵਾਰ ਸਵੇਰੇ 10 ਵਜੇ ਤੱਕ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਨਾ ਕਰੇ।

ਅਦਾਲਤ ਨੇ ਪੁਲਿਸ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੀਆਂ ਵੀਡੀਓਜ਼ ਵੀ ਪੇਸ਼ ਕਰਨ ਲਈ ਕਿਹਾ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਪੁਲਿਸ 'ਤੇ ਹਮਲਾ ਕਰਨ ਵਾਲੇ ਲੋਕਾਂ ਦੇ ਵੀਡੀਓ ਵੀ ਮੰਗੇ ਹਨ। ਲਾਹੌਰ ਹਾਈ ਕੋਰਟ ਨੇ ਕਿਹਾ ਹੈ ਕਿ ਹਿੰਸਾ 'ਚ ਸ਼ਾਮਲ ਲੋਕਾਂ 'ਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੁਕੱਦਮਾ ਚਲਾਇਆ ਜਾਵੇਗਾ।

ਇਮਰਾਨ ਖ਼ਾਨ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਵਾਲਿਆਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਸਮਰਥਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਸਨ।

ਇਮਰਾਨ ਖ਼ਾਨ ਦੇ ਸਮਰਥਕਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ ਸੀ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਵੀ ਗ਼ੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਪਾਕਿਸਤਾਨ ਵਿੱਚ ਪਿਛਲੇ ਦੋ ਦਿਨਾਂ ਵਿੱਚ ਜੋ ਘਟਨਾਕ੍ਰਮ ਵਾਪਰਿਆ ਹੈ, ਉਸ ਦੇ ਪਾਕਿਸਤਾਨ ਦੀ ਸਿਆਸਤ ਲਈ ਕੀ ਮਾਇਨੇ ਹਨ ਤੇ ਕੀ ਇਹ ਉਥੇ ਪਹਿਲਾਂ ਤੋਂ ਹੀ ਬਦਲੀਆਂ ਸਿਆਸੀ ਸਮੀਕਰਨਾਂ ਨੂੰ ਹੋਰ ਉਲਝਾ ਦੇਵੇਗਾ?

ਅਸਥਿਰਤਾ ਦੀ ਸਿਆਸਤ

ਸਿਆਸੀ ਟਿੱਪਣੀਕਾਰ ਹਸਨ ਅਸਕਰੀ ਰਿਜ਼ਵੀ ਦਾ ਕਹਿਣਾ ਹੈ ਕਿ ਤਾਜ਼ਾ ਘਟਨਾਕ੍ਰਮ ਨੇ ਪਾਕਿਸਤਾਨ ਦੇ ਹਾਲਾਤ ਨੂੰ ਅਜਿਹੀ ਥਾਂ ਲਿਆ ਖੜਾ ਕੀਤਾ ਹੈ ਜਿੱਥੇ ਇਹ ਕਹਿਣਾ ਬਹੁਤ ਔਖਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਕੀ ਹੋਵੇਗਾ।

ਉਹ ਕਹਿੰਦੇ ਹਨ, "ਪਾਕਿਸਤਾਨ ਦੀ ਆਰਥਿਕ ਹਾਲਤ ਖਰਾਬ ਹੈ, ਪਾਕਿਸਤਾਨ ਦੀ ਸਿਆਸੀ ਸਿਹਤ ਵੀ ਮਾੜੀ ਹੈ, ਪਾਕਿਸਤਾਨ ਵਿੱਚ ਕਾਨੂੰਨ ਵਿਵਸਥਾ ਦਾ ਵੀ ਰੱਬ ਹੀ ਰਾਖਾ ਹੈ।”

“ਇਸ ਸਮੇਂ ਸਿਰਫ਼ ਇੱਕ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸੰਕਟ ਹੋਰ ਵਧੇਗਾ। ਤੇ ਜਿੰਨਾ ਇਹ ਡੂੰਘਾ ਹੋਵੇਗਾ, ਓਨੀ ਹੀ ਅਰਾਜਕਤਾ ਵਧੇਗੀ, ਓਨੀ ਹੀ ਅਸ਼ਾਂਤੀ ਹੋਵੇਗੀ।"

ਹਸਨ ਰਿਜ਼ਵੀ ਦਾ ਮੰਨਣਾ ਹੈ ਕਿ ਇਹ ਟਕਰਾਅ ਆਈਐੱਮਐੱਫ਼ (ਵਿਸ਼ਵ ਮੁਦਰਾ ਫੰਡ) ਨਾਲ ਚੱਲ ਰਹੀ ਗੱਲਬਾਤ ਨੂੰ ਲੀਹ ਤੋਂ ਹੇਠਾਂ ਲਾਹ ਸਕਦਾ ਹੈ।

ਹਸਨ ਰਿਜ਼ਵੀ ਦਾ ਮੰਨਣਾ ਹੈ ਕਿ ਜੇ ਇਮਰਾਨ ਖ਼ਾਨ ਨੂੰ ਹੁਣੇ ਜਾਂ ਅਗਲੇ ਕੁਝ ਦਿਨਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਚੋਣਾਂ ਮੁਲਤਵੀ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।

“ਕਿਸੇ ਨੂੰ ਨਹੀਂ ਪਤਾ ਕਿ ਪਾਕਿਸਤਾਨ ’ਤੇ ਫ਼ਿਰ ਕਿਹੜਾ ਕਹਿਰ ਢਹਿ ਸਕਦਾ ਹੈ।”

ਹਸਨ ਰਿਜ਼ਵੀ ਦਾ ਮੰਨਣਾ ਹੈ ਕਿ ਨੈਤਿਕ ਅਤੇ ਕਾਨੂੰਨੀ ਤੌਰ 'ਤੇ ਇਮਰਾਨ ਖ਼ਾਨ ਨੂੰ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਸੀ। ਪਰ ਇਹ ਮਾਮਲਾ ਇੰਨਾ ਸਧਾਰਨ ਨਹੀਂ ਹੈ। ਮੌਜੂਦਾ ਹਾਲਾਤ ਵਿੱਚ ਇਸ ਵਧਦੀ ਸਿਆਸੀ ਗ਼ਰਮੀ ਨੂੰ ਵੱਖਰੇ ਤੌਰ 'ਤੇ ਦੇਖਣਾ ਸਹੀ ਨਹੀਂ ਹੋਵੇਗਾ।

"ਪੁਲਿਸ ਪੂਰੀ ਤਰ੍ਹਾਂ ਸਿਆਸੀ ਹੈ। ਪਾਕਿਸਤਾਨ ਵਿੱਚ ਅਜਿਹੇ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਦੀ ਕੋਈ ਰਿਵਾਇਤ ਨਹੀਂ ਹੈ, ਜਦੋਂ ਇਮਰਾਨ ਖ਼ਾਨ ਨੇ ਵਾਅਦਾ ਕੀਤਾ ਹੈ ਕਿ ਉਹ 18 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣਗੇ, ਤਾਂ ਲਾਹੌਰ ਵਿੱਚ ਅਜਿਹਾ ਡਰਾਮਾ ਰਚਣ ਦੀ ਕੋਈ ਲੋੜ ਨਹੀਂ। ਇਹ ਸਭ ਸਿਆਸਤ ਹੈ। ਅਸਥਿਰਤਾ ਦੀ ਸਿਆਸਤ।"

ਫ਼ੈਸਲਾਕੁਨ ਪਲ

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜ਼ਮਾਨ ਪਾਰਕ ਨੂੰ ਜੰਗ ਦਾ ਮੈਦਾਨ ਬਣਾਉਣ ਪਿੱਛੇ ਪਾਕਿਸਤਾਨੀ ਸੁਰੱਖਿਆ ਸਥਾਪਨਾ (ਫ਼ੌਜ) ਦਾ ਹੱਥ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਜ਼ਮਾਨ ਪਾਰਕ ਵਿੱਚਲੇ ਆਪਰੇਸ਼ਨ ਸੁਰੱਖਿਆ ਅਦਾਰੇ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਸਕਦਾ ਸੀ।

ਸਿਆਸੀ ਟਿੱਪਣੀਕਾਰ ਰਸੂਲ ਬਖ਼ਸ਼ ਰਈਸ ਦਾ ਮੰਨਣਾ ਹੈ ਕਿ ਜ਼ਮਾਨ ਪਾਰਕ ਵਿੱਚ ਹੋਇਆ ਟਕਰਾਅ ਇਸਟੈਬਲਿਸ਼ਮੈਂਟ ਤੇ ਉਸ ਦੇ ਸਿਆਸੀ ਸਹਿਯੋਗੀਆਂ ਦੇ ਇਮਰਾਨ ਖ਼ਾਨ ਨੂੰ ਪਾਕਿਸਤਾਨ ਦੀ ਸਿਆਸਤ ਤੋਂ ਬੇਦਖ਼ਲ ਕਰਨ ਅਤੇ ਉਸ ਦੀ ਪਾਰਟੀ ਨੂੰ ਤਬਾਹ ਕਰਨ ਲਈ ਅਤੇ ਇੱਕ ਸਾਲ ਤੋਂ ਵੀ ਵੱਧ ਚੱਲੀ ਮੁਹਿੰਮ ਦਾ ਸਿੱਟਾ ਹੈ।

"ਉਹ ਇਸ ਬਾਰੇ ਕੁਝ ਲੁਕਾਉਂਦੇ ਨਹੀਂ ਹਨ, ਪਰ ਉਹ ਹੁਣ ਤੱਕ ਕੁਝ ਵੀ ਹਾਸਲ ਨਹੀਂ ਕਰ ਸਕੇ ਹਨ। ਇਸ ਸਮੇਂ ਪਾਕਿਸਤਾਨ ਦੀ ਸੁਰੱਖਿਆ ਸਥਾਪਨਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਹਨ ਅਤੇ ਇਮਰਾਨ ਖ਼ਾਨ ਅਤੇ ਦੇਸ਼ ਦੇ ਲੋਕ ਇੱਕ ਪਾਸੇ ਹਨ।”

“ਇਸ ਟਕਰਾਅ ਤੋਂ ਇਮਰਾਨ ਖ਼ਾਨ ਨੂੰ ਹਰ ਤਰ੍ਹਾਂ ਨਾਲ ਫਾਇਦਾ ਹੋਣ ਵਾਲਾ ਹੈ ਅਤੇ ਦੂਜੇ ਪੱਖ ਨੂੰ ਨੁਕਸਾਨ ਹੀ ਹੋਵੇਗਾ।”

ਰਸੂਲ ਬਖ਼ਸ਼ ਰਈਸ ਦਾ ਕਹਿਣਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾ ਰਿਹਾ ਹੈ।

1970 ਦੇ ਦਹਾਕੇ ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਮਾਰਸ਼ਲ ਲਾਅ ਪ੍ਰਸ਼ਾਸਕ ਜਨਰਲ ਜ਼ਿਆ ਉਲ ਹੱਕ ਦਾ ਸਾਥ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ। ਭੁੱਟੋ ਨੂੰ ਜ਼ਿਆ ਉਲ ਸਰਕਾਰ ਨੇ ਫ਼ਾਂਸੀ ਦੇ ਦਿੱਤੀ ਸੀ।

ਪਾਕਿਸਤਾਨ ਦੇ ਸਿਆਸੀ ਇਤਿਹਾਸ ਵਿੱਚ ਇਹ ਇੱਕ ਫ਼ੈਸਲਾਕੁਨ ਪਲ ਹੈ। ਇਸ ਨਾਲ ਦੇਸ਼ ਦੀ ਸਿਆਸਤ ਦਾ ਭਵਿੱਖ ਤੈਅ ਹੋਵੇਗਾ ਅਤੇ ਇਸ ਵਿੱਚ ਫ਼ੌਜ ਦੀ ਭੂਮਿਕਾ ਵੀ।

ਡਾਕਟਰ ਹਸਨ ਰਿਜ਼ਵੀ ਵੀ ਇਸ ਨਾਲ ਸਹਿਮਤ ਹਨ। ਉਸ ਦਾ ਕਹਿਣਾ ਹੈ ਕਿ ਇਸ ਸਥਿਤੀ ਵਿੱਚ ਫ਼ੌਜ ਸਰਕਾਰ ਨੂੰ ਸੰਜਮ ਨਾਲ ਕੰਮ ਕਰਨ ਲਈ ਕਹਿ ਸਕਦੀ ਹੈ, ਪਰ ਉਹ ਅਜਿਹਾ ਨਹੀਂ ਕਰ ਰਹੀ।

ਉਹ ਕਹਿੰਦੇ ਹਨ, "ਪਾਕਿਸਤਾਨ ਦੇ ਸੰਦਰਭ ਵਿੱਚ, ਸਪੱਸ਼ਟ ਤੌਰ 'ਤੇ ਗ਼ੈਰ-ਨਿਰਪੱਖ ਇਹ ਰਵੱਈਆ ਸਰਕਾਰ ਲਈ ਸਿਰਫ ਖੁੱਲ੍ਹਾ ਸਮਰਥਨ ਦੇਣ ਦਾ ਸੰਕੇਤ ਹੈ।"

ਗ੍ਰਿਫ਼ਤਾਰੀ ਬਾਰੇ ਪਾਰਟੀ ਦੀ ਦੋ ਰਾਇ

ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਨੇ ਅਦਾਲਤ ਵਿੱਚ ਪੇਸ਼ ਨਾ ਹੋ ਕੇ ਸਥਿਤੀ ਨੂੰ ਅਸਥਿਰ ਕਰ ਦਿੱਤਾ ਹੈ।

ਹਾਲਾਂਕਿ, ਪਾਕਿਸਤਾਨ ਦੇ ਸੀਨੀਅਰ ਨਿਊਜ਼ ਐਂਕਰ ਹਾਮਿਦ ਮੀਰ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਦੇ ਭਾਵੁਕ ਸਮਰਥਕਾਂ ਅਤੇ ਤਹਿਰੀਕ-ਏ-ਇਨਸਾਫ਼ ਪਾਕਿਸਤਾਨ ਦੇ ਆਗੂਆਂ ਦਾ ਇੱਕ ਸਮੂਹ ਇਮਰਾਨ ਦੀ ਗ੍ਰਿਫ਼ਤਾਰੀ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ।

ਉਨ੍ਹਾਂ ਨੂੰ ਇਸਲਾਮਾਬਾਦ ਪੁਲਿਸ 'ਤੇ ਭਰੋਸਾ ਨਹੀਂ ਹੈ ਜੋ ਪਹਿਲਾਂ ਹੀ ਕਾਨੂੰਨ ਤੋੜਨ ਲਈ ਬਦਨਾਮ ਹੈ। ਇਮਰਾਨ ਖ਼ਾਨ ਦੇ ਸਾਥੀ ਸ਼ਾਹਬਾਜ਼ ਗਿੱਲ ਨਾਲ ਉਨ੍ਹਾਂ ਨੇ ਕੀ ਕੀਤਾ?

ਉਨ੍ਹਾਂ ਨੂੰ ਇਸਲਾਮਾਬਾਦ 'ਚ ਇਮਰਾਨ ਖ਼ਾਨ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫ਼ਿਰ ਕਿਸੇ ਹੋਰ ਨੂੰ ਸੌਂਪ ਦਿੱਤਾ ਗਿਆ ਸੀ।

ਹਾਮਿਦ ਦਾ ਹਵਾਲਾ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਵੱਲ ਹੈ।

ਪੀਟੀਆਈ ਦੇ ਕੁਝ ਸੀਨੀਅਰ ਸੂਤਰਾਂ ਦੇ ਹਵਾਲੇ ਨਾਲ ਹਾਮਿਦ ਮੀਰ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਕਈ ਆਗੂ ਇਮਰਾਨ ਖ਼ਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਰਾਜ਼ੀ ਸਨ, ਪਰ ਇਮਰਾਨ ਖ਼ਾਨ ਦੇ ਭਾਵੁਕ ਸਮਰਥਕ ਅਤੇ ਪਾਰਟੀ ਦੇ ਕੱਟੜ ਸਮਰਥਕ ਉਨ੍ਹਾਂ ਵੱਲੋਂ ਖ਼ੁਦ ਨੂੰ ਪੁਲੀਸ ਹਵਾਲੇ ਕਰਨ ਕਰ ਦੇਣ ਦੇ ਵਿਰੋਧ ਕਰ ਰਹੇ ਹਨ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਇਮਰਾਨ ਖ਼ਾਨ ਨੂੰ ਖੁੱਲ੍ਹੀ ਧਮਕੀ ਦੇ ਰਹੇ ਹਨ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨੂੰ ਸਬਕ ਸਿਖਾਉਣਗੇ।

ਹਾਮਿਦ ਮੀਰ ਦਾ ਮੰਨਣਾ ਹੈ ਕਿ ਇਸ ਨਾਲ ਵੀ ਇਮਰਾਨ ਖ਼ਾਨ ਦੇ ਸਮਰਥਕਾਂ ਨੂੰ ਰੋਹ ਵਿੱਚ ਆਉਣ ਦਾ ਬਹਾਨਾ ਮਿਲ ਗਿਆ ਹੈ।

ਦੇਸ਼ ਸਾਹਮਣੇ ਖ਼ਤਰਨਾਕ ਮਿਸਾਲ

ਕਈ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਦਾਲਤ ਪਹਿਲਾਂ ਹੀ ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖ਼ਾਨ ਨੂੰ ਕਈ ਵਾਰ ਪੇਸ਼ ਹੋਣ ਤੋਂ ਛੋਟ ਦੇ ਚੁੱਕੀ ਹੈ।

ਜੇਕਰ ਇਮਰਾਨ ਖ਼ਾਨ ਨੂੰ ਹੁਣ ਰਿਹਾਅ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਲਈ ਖ਼ਤਰਨਾਕ ਮਿਸਾਲ ਕਾਇਮ ਕਰਨ ਵਾਲਾ ਮਾਮਲਾ ਸਾਬਤ ਹੋਵੇਗਾ।

ਵਿਸ਼ਲੇਸ਼ਕ ਬੈਰਿਸਟਰ ਮੁਨੀਬ ਫ਼ਾਰੂਕ ਕਹਿੰਦੇ ਹਨ, "ਇਹ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਕਿ ਜੇਕਰ ਕਿਸੇ ਸਿਆਸੀ ਆਗੂ ਨੂੰ ਜਨਤਕ ਸਮਰਥਨ ਹਾਸਿਲ ਹੈ, ਤਾਂ ਉਹ ਅਦਾਲਤੀ ਵਾਰੰਟਾਂ ਦੇ ਬਾਵਜੂਦ ਆਪਣੇ ਸਮਰਥਕਾਂ ਨੂੰ ਖੜ੍ਹਾ ਕਰਕੇ ਇਹ ਕਹਿ ਸਕਦਾ ਹੈ ਕਿ ਉਹ ਝੁਕੇਗਾ ਨਹੀਂ ਅਤੇ ਦੇਸ਼ ਨੂੰ ਬੇਵੱਸ ਸਾਬਤ ਕਰ ਸਕਦਾ ਹੈ।"

“ਇਮਰਾਨ ਖ਼ਾਨ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਹ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਗੈਰ-ਜ਼ਮਾਨਤੀ ਵਾਰੰਟ ਦਾ ਸਿਧਾਂਤ ਸਪੱਸ਼ਟ ਹੈ।

ਜਦੋਂ ਜੱਜ ਅਦਾਲਤ ਦੇ ਸਾਹਮਣੇ ਕਿਸੇ ਮੁਲਜ਼ਮ ਨੂੰ ਪੇਸ਼ ਕਰਨਾ ਚਾਹੁੰਦਾ ਹਨ, ਤਾਂ ਉਹ ਖ਼ੁਦ ਉਸ ਨੂੰ ਗ੍ਰਿਫ਼ਤਾਰ ਕਰਨ ਨਹੀਂ ਜਾਂਦਾ, ਉਹ ਇਸ ਲਈ ਸੂਬੇ ਦੀ ਤਾਕਤ ਦੀ ਵਰਤੋਂ ਕਰਦਾ ਹੈ।

ਜੇਕਰ ਪੁਲਿਸ ਆਪਣੀ ਕਾਨੂੰਨੀ ਜ਼ਿੰਮੇਵਾਰੀ ਨਿਭਾਉਣ ਜਾਂਦੀ ਹੈ ਅਤੇ ਉਸਨੂੰ ਆਪਣਾ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ, ਤਾਂ ਦੇਸ਼ ਆਪਣੀ ਪੂਰੀ ਤਾਕਤ ਨਾਲ ਇਸਦੇ ਪਿੱਛੇ ਖੜ੍ਹਾ ਹੋ ਸਕਦਾ ਹੈ ਅਤੇ ਆਪਣੀ ਪੂਰੀ ਤਾਕਤ ਦੀ ਵਰਤੋਂ ਕਰ ਸਕਦਾ ਹੈ।"

ਮੁਨੀਬ ਦਾ ਕਹਿਣਾ ਹੈ ਕਿ ਪਾਕਿਸਤਾਨ ਲਈ ਇਹ ਫੈਸਲਾਕੁੰਨ ਪਲ ਹੈ।

“ਇਹ ਸੱਚ ਹੈ ਕਿ ਇਮਰਾਨ ਖ਼ਾਨ ਇਸ ਸਮੇਂ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਆਗੂ ਹਨ, ਉਨ੍ਹਾਂ ਦੀ ਪਾਰਟੀ ਲੋਕਾਂ ਦੇ ਸਭ ਤੋਂ ਨੇੜੇ ਹੈ, ਪਰ ਕੀ ਇਹ ਸਭ ਉਨ੍ਹਾਂ ਨੂੰ ਕਾਨੂੰਨ ਤੋਂ ਉੱਪਰ ਬਣਾਉਂਦਾ ਹੈ।”

“ਕੀ ਦੇਸ਼ ਨੂੰ ਉਨ੍ਹਾਂ ਦੇ ਅੱਗੇ ਝੁਕਣਾ ਚਾਹੀਦਾ ਹੈ, ਗੋਡੇ ਟੇਕਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਤਹਿ ਕਰ ਸਕਦੇ ਹਨ ਕਿ ਕੀ ਉਨ੍ਹਾਂ ਨੇ ਕਦੋਂ ਅਦਾਲਤ ਵਿੱਚ ਪੇਸ਼ ਹੋਣਾ ਹੈ ਤੇ ਕਦੋਂ ਨਹੀਂ।”

ਦੁਖ਼ ਦੀ ਗੱਲ ਇਹ ਹੈ ਕਿ ਜੇ ਇਮਰਾਨ ਖ਼ਾਨ ਮੀਡੀਆ ਕੈਮਰਿਆਂ ਦੇ ਸਾਹਮਣੇ, ਪੁਲਿਸ ਕੋਲ ਪੇਸ਼ ਹੁੰਦੇ ਤਾਂ ਉਹੀ ਪੁਲਿਸ ਜੋ ਉਨ੍ਹਾਂ ਦੇ ਸਮਰਥਕਾਂ ਨਾਲ ਝੜਪ ਕਰ ਰਹੀ ਸੀ, ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈ ਰਹੀ ਹੁੰਦੀ।

ਅਰਾਜਕਤਾ ਦੇ ਘਰੇਲੂ ਜੰਗ ਦਾ ਖ਼ਤਰਾ

ਪੀਟੀਆਈ ਦਾ ਦਾਅਵਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਸਮਰਥਕਾਂ 'ਤੇ ਹਮਲਾ ਕੀਤਾ ਹੈ, ਪਰ ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਮਰਾਨ ਖ਼ਾਨ 'ਤੇ ਅਰਾਜਕਤਾ ਫ਼ੈਲਾਉਣ ਅਤੇ ਦੇਸ਼ ਨੂੰ ਘਰੇਲੂ ਜੰਗ ਦੇ ਕੰਢੇ 'ਤੇ ਲਿਆ ਖੜ੍ਹਾ ਕਰਨ ਦੇ ਇਲਜ਼ਾਮ ਲਗਾਏ ਹਨ।

ਇਸਲਾਮਾਬਾਦ 'ਚ ਸੂਚਨਾ ਮੰਤਰੀ ਮਰੀਅਮ ਨੇ ਕਿਹਾ, "ਪੁਲਿਸ ਕੋਲ ਗੋਲੀਆਂ ਨਹੀਂ ਸਨ ਤੇ ਉਨ੍ਹਾਂ 'ਤੇ ਇਮਰਾਨ ਖ਼ਾਨ ਦੇ ਸਮਰਥਕਾਂ ਦੇ ਜਥਿਆਂ ਨੇ ਹਮਲਾ ਕੀਤਾ ਸੀ। ਉਹ ਔਰਤਾਂ ਅਤੇ ਬੱਚਿਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਹਨ।"

ਉਨ੍ਹਾਂ ਨੇ ਦਾਅਵਾ ਕੀਤਾ ਕਿ ਲਾਹੌਰ ਵਿੱਚ ਇਮਰਾਨ ਖ਼ਾਨ ਦੇ ਘਰ ਦੇ ਬਾਹਰ ਹੋਈਆਂ ਝੜਪਾਂ ਵਿੱਚ 65 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਮਰੀਅਮ ਔਰੰਗਜ਼ੇਬ ਨੇ ਇਹ ਵੀ ਕਿਹਾ ਕਿ ਹੁਣ ਇਹ ਨਿਆਂਪਾਲਿਕਾ ਦਾ ਇਮਤਿਹਾਨ ਹੈ।

ਉਨ੍ਹਾਂ ਕਿਹਾ, "ਸਰਕਾਰ ਦਾ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਦਾਲਤਾਂ ਨੇ ਵੱਖ-ਵੱਖ ਮਾਮਲਿਆਂ ਵਿੱਚ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ ਅਤੇ ਪੁਲਿਸ ਅਦਾਲਤੀ ਹੁਕਮਾਂ ਦੀ ਪਾਲਣਾ ਕਰ ਰਹੀ ਹੈ।"

“ਜੇਕਰ ਅਦਾਲਤਾਂ ਨੇ ਉਨ੍ਹਾਂ ਖ਼ਿਲਾਫ਼ ਪੁਰਾਣੀਆਂ ਉਲੰਘਣਾਵਾਂ ਬਦਲੇ ਵੀ ਵਾਰੰਟ ਜਾਰੀ ਕੀਤੇ ਹੁੰਦੇ ਤਾਂ ਅੱਜ ਦੇ ਹਾਲਾਤ ਇਹ ਨਾ ਹੁੰਦੇ।”

“ਜੇ ਅੱਜ ਅਦਾਲਤ ਇਮਰਾਨ ਖ਼ਾਨ ਦੇ ਵਾਰੰਟ ਰੱਦ ਕਰ ਦਿੰਦੀ ਹੈ ਜਾਂ ਉਸ ਵਿੱਚ ਦੇਰੀ ਕਰ ਦਿੰਦੀ ਹੈ, ਤਾਂ ਅਦਾਲਤਾਂ ਨੂੰ ਹਰ ਪਾਕਿਸਤਾਨੀ ਨੂੰ ਇਸੇ ਤਰੀਕੇ ਨਾਲ ਰਾਹਤ ਦੇਣੀ ਚਾਹੀਦੀ ਹੈ।"

ਦੂਜੇ ਪਾਸੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਦਾ ਕਹਿਣਾ ਹੈ ਕਿ ਪੁਲਿਸ ਨੇ ਜ਼ਮਾਨ ਪਾਰਕ 'ਚ ਸਥਿਤੀ ਨੂੰ ਬੜੇ ਸਬਰ ਨਾਲ ਕਾਬੂ ਕਰ ਲਿਆ ਸੀ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ, ਨਹੀਂ ਤਾਂ ਪੁਲਿਸ ਲਈ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨਾ ਬਹੁਤਾ ਔਖਾ ਨਹੀਂ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਆਪਣੀ ਸਿਆਸਤ ਚਮਕਾਉਣ ਲਈ ਲਾਸ਼ਾਂ ਵਿਛਾਉਣਾ ਚਾਹੁੰਦੇ ਹਨ।

ਤੋਸ਼ਾਖ਼ਾਨਾ ਮਾਮਲਾ ਤੇ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ

  • ਇਸਲਾਮਾਬਾਦ ਹਾਈ ਕੋਰਟ ਤੋਂ ਇਮਰਾਨ ਖ਼ਾਨ ਨੂੰ ਬੁੱਧਵਾਰ ਕੁਝ ਰਾਹਤ ਦਿੰਦਿਆ ਕਾਰਵਾਈ ਵੀਰਵਾਰ ਸਵੇਰ ਤੱਕ ਰੋਕੀ।
  • ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੰਗਲਵਾਰ ਦੁਪਿਹਰ ਤੋਂ ਸ਼ੁਰੂ ਹੋਇਆ ਹੰਗਾਮਾ ਬੁੱਧਵਾਰ ਅਦਾਲਤੀ ਹੁਕਮ ਆਉਣ ਤੱਕ ਜਾਰੀ ਰਿਹਾ ਸੀ।
  • ਇਮਰਾਨ ਖ਼ਿਲਾਫ਼ ਇਸਲਾਮਾਬਾਦ ਦੀ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਗ਼ੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਸੀ।
  • ਇਸਲਾਮਾਬਾਦ ਅਤੇ ਲਾਹੌਰ ਪੁਲਿਸ ਦੀਆਂ ਟੀਮਾਂ ਜਦੋਂ ਭਾਰੀ ਫੋਰਸ ਬਲ ਨਾਲ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਪਹੁੰਚੀਆਂ ਤਾਂ ਉਨ੍ਹਾਂ ਨੂੰ ਇਮਰਾਨ ਦੀ ਪਾਰਟੀ ਪੀਟੀਆਈ ਦੇ ਵਰਕਰਾਂ ਦੇ ਭਾਰੀ ਹਿੰਸਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
  • ਇਮਰਾਨ ਖ਼ਾਨ ਦਾ ਘਰ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ ਵਿੱਚ ਹੈ, ਅਤੇ ਉਨ੍ਹਾਂ ਦੇ ਘਰ ਨੂੰ ਜਾਣ ਵਾਲੇ ਹਰ ਇਲਾਕੇ ਨੂੰ ਪੁਲਿਸ ਨੇ ਸੀਲ ਕੀਤਾ ਹੋਇਆ ਸੀ।
  • ਇਸ ਇਲਾਕੇ ਦੀਆਂ ਬਿਜਲੀ ਤੇ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ।
  • ਪਥਰਾਅ ਦੌਰਾਨ ਪੁਲਿਸ ਨੇ ਭਾਰੀ ਫਾਇਰਿੰਗ ਵੀ ਹੋਣ ਦੀਆਂ ਰਿਪੋਰਟਾਂ ਸਨ।
  • ਮੌਕੇ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਤਰਹਬ ਅਸਗਰ ਮੁਤਾਬਕ ਪੁਲਿਸ ਨੇ ਵਰਕਰਾਂ ਨੂੰ ਖਿਡਾਉਣ ਲ਼ਈ ਲਾਠੀਚਾਰਜ ਕੀਤਾ ਗਿਆ ਤਾਂ ਅੱਗੋਂ ਇਮਰਾਨ ਸਮਰਥਕਾਂ ਨੇ ਪਥਰਾਅ ਕਰ ਦਿੱਤਾ।
  • ਇਸੇ ਦੌਰਾਨ ਇਮਰਾਨ ਖਾਨ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਆਪਣੇ ਸਮਰਥਕਾਂ ਨੂੰ ਸੰਘਰਸ਼ ਦਾ ਰਾਹ ਨਾ ਛੱਡਣ ਦਾ ਵੀਡੀਓ ਸੰਦੇਸ਼ ਜਾਰੀ ਕੀਤਾ ਸੀ।

ਸੋਸ਼ਲ ਮੀਡੀਆ 'ਤੇ ਮੱਤਭੇਦ

ਗ੍ਰਿਫ਼ਤਾਰੀ ਦਾ ਘਟਨਾਕ੍ਰਮ ਦੌਰਾਨ ਜ਼ਮਾਨ ਪਾਰਕ ਨਾਲ ਜੁੜੇ ਵਿਸ਼ੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੇ ਰਹੇ। ਇਮਰਾਨ ਖ਼ਾਨ ਦੇ ਸਮਰਥਕ ਪੁਲਿਸ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਉਸਦੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰ ਰਹੇ ਸਨ।

ਰਾਸ਼ਟਰਪਤੀ ਆਰਿਫ਼ ਅਲਵੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਇਸ ਘਟਨਾਕ੍ਰਮ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਲਾਹੌਰ ਦੇ ਹਾਲਾਤ ਨੂੰ ਬਦਲੇ ਦੀ ਸਿਆਸਤ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀਆਂ ਤਰਜੀਹਾਂ ਕੀ ਹਨ, ਸਰਕਾਰ ਨੂੰ ਇਸ ਸਮੇਂ ਲੋਕਾਂ ਨੂੰ ਆਰਥਿਕ ਰਾਹਤ ਦੇਣ ਲਈ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਇਮਰਾਨ ਖ਼ਾਨ ਦੀ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਅਤੇ ਇਸ ਸਥਿਤੀ ਨੂੰ ਨਿਆਂਪਾਲਿਕਾ ਲਈ ਇਮਤਿਹਾਨ ਦਾ ਸਮਾਂ ਦੱਸਿਆ।

ਕੁਝ ਮਸ਼ਹੂਰ ਲੋਕਾਂ ਨੇ ਵੀ ਇਮਰਾਨ ਖ਼ਾਨ ਦਾ ਸਮਰਥਨ ਕੀਤਾ ਹੈ। ਅਦਾਕਾਰਾ ਆਤਿਕਾ ਓਢੋ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਹ ਇਮਰਾਨ ਖ਼ਾਨ ਦੀ ਤੰਦਰੁਸਤੀ ਲਈ ਦੁਆ ਕਰ ਰਹੀ ਹੈ।

"ਇਮਰਾਨ ਖ਼ਾਨ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਸਾਡੇ ਦੇਸ਼ ਦੀਆਂ ਬੇੜੀਆਂ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਕਿਸੇ ਨਾਲ ਵੀ ਅਜਿਹਾ ਸਲੂਕ ਨਹੀਂ ਹੋਣਾ ਚਾਹੀਦਾ।"

ਅਦਨਾਨ ਸਿੱਦੀਕੀ ਨੇ ਟਵਿੱਟਰ 'ਤੇ ਲਿਖਿਆ ਕਿ ਇਹ ਦੇਖਣਾ ਹੈਰਾਨ ਕਰਨ ਵਾਲਾ ਹੈ ਕਿ ਪਾਕਿਸਤਾਨ 'ਚ ਹਰ ਤਬਕੇ ਦੇ ਲੋਕ ਇਮਰਾਨ ਖ਼ਾਨ ਦੇ ਸਮਰਥਨ 'ਚ ਆ ਰਹੇ ਹਨ।

ਹਾਲਾਂਕਿ, ਪੀਟੀਆਈ ਦੀਆਂ ਵਿਰੋਧੀ ਪਾਰਟੀਆਂ ਪੀਟੀਆਈ ਸਮਰਥਕਾਂ ਦੀ ਆਲੋਚਨਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਸ ਸਮੇਂ ਦੀ ਯਾਦ ਦਿਵਾ ਰਹੀਆਂ ਹਨ ਜਦੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਨੂੰ ਜੇਲ੍ਹ ਭੇਜਿਆ ਗਿਆ ਸੀ।

ਉਦੋਂ ਇਮਰਾਨ ਖ਼ਾਨ ਸਰਕਾਰ ਨੇ ਕਿਹਾ ਸੀ ਕਿ ਇਨਸਾਫ਼ ਹੋ ਗਿਆ ਹੈ।

ਕਿਉਂ ਜਾਰੀ ਹੋਇਆ ਵਾਰੰਟ?

ਦੋ ਵੱਖ-ਵੱਖ ਅਦਾਲਤਾਂ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਇਹ ਵਾਰੰਟ ਅਦਾਲਤ ਦੀ ਸੁਣਵਾਈ ਦੌਰਾਨ ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਜਾਰੀ ਕੀਤੇ ਗਏ ਹਨ।

ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖ਼ਾਨ ਖ਼ਿਲਾਫ਼ 28 ਫ਼ਰਵਰੀ ਨੂੰ ਦੋਸ਼ ਆਇਦ ਕੀਤੇ ਜਾਣੇ ਸਨ ਪਰ ਉਹ ਅਦਾਲਤ ਵਿੱਚ ਪੇਸ਼ ਨਾ ਹੋ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ। ਦੋਸ਼ ਤੈਅ ਕਰਨ ਸਮੇਂ ਕਿਸੇ ਵੀ ਦੋਸ਼ੀ ਦਾ ਅਦਾਲਤ ਵਿੱਚ ਹਾਜ਼ਰ ਹੋਣਾ ਲਾਜ਼ਮੀ ਨਹੀਂ ਹੁੰਦਾ ਹੈ।

ਦੂਜਾ ਮਾਮਲਾ ਪਿਛਲੇ ਸਾਲ ਅਗਸਤ ਵਿੱਚ ਇੱਕ ਰੈਲੀ ਦੌਰਾਨ ਇੱਕ ਮਹਿਲਾ ਜੱਜ ਨੂੰ ਧਮਕੀ ਦੇਣ ਨਾਲ ਸਬੰਧਤ ਹੈ। ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਜਾਰੀ ਹੋਇਆ ਗ਼ੈਰ-ਜ਼ਮਾਨਤੀ ਵਾਰੰਟ 16 ਮਾਰਚ ਤੱਕ ਮੁਅੱਤਲ ਹੈ।

ਤੋਸ਼ਾਖਾਨਾ ਮਾਮਲੇ ਵਿੱਚ ਪੁਲਿਸ ਨੇ ਕਈ ਵਾਰ ਪਹਿਲਾਂ ਵੀ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਪੁਲਿਸ ਨੂੰ ਦੱਸਿਆ ਗਿਆ ਕਿ ਇਮਰਾਨ ਖ਼ਾਨ ਘਰ ਨਹੀਂ ਹਨ ਅਤੇ ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ ਹੈ।

ਇਮਰਾਨ ਖ਼ਾਨ ਨਵੰਬਰ 2022 ਤੋਂ ਲਾਹੌਰ ਵਿੱਚ ਰਹਿ ਰਹੇ ਹਨ। ਇਸ ਦਿਨ ਇੱਕ ਰੈਲੀ ਵਿੱਚ ਉਨ੍ਹਾਂ 'ਤੇ ਵਜ਼ੀਰਾਬਾਦ ਦੀ ਰੈਲੀ ਦੌਰਾਨ ਹਮਲਾ ਹੋਇਆ ਸੀ। ਇਮਰਾਨ ਖ਼ਾਨ ਦਾ ਦਾਅਵਾ ਹੈ ਕਿ ਉਹ ਅਜੇ ਵੀ ਪੂਰ੍ਹੀ ਤਰ੍ਹਾਂ ਤੰਦਰੁਸਤ ਨਹੀਂ ਹੋਏ ਹਨ ਤੇ ਉਨ੍ਹਾਂ ਦੀ ਲੱਤ 'ਤੇ ਪਲਾਸਟਰ ਲੱਗਾ ਹੋਇਆ ਹੈ।

ਇਮਰਾਨ ਖ਼ਾਨ ਨੂੰ ਪਿਛਲੇ ਸਾਲ ਅਪ੍ਰੈਲ 'ਚ ਸੱਤਾ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੀ ਪਾਰਟੀ ਦਾ ਕਹਿਣਾ ਹੈ ਕਿ ਉਦੋਂ ਤੋਂ ਹੁਣ ਤੱਕ ਉਨ੍ਹਾਂ ਖ਼ਿਲਾਫ਼ 70 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)