ਪੰਜਾਬ : ਘਰੋਂ ਜਾਂਦੇ ਹਨ ਤਾਂ ਮਾਪਿਆਂ,ਵਾਪਸ ਆਉਂਦੇ ਹਨ ਤਾਂ ਅਧਿਆਪਕਾਂ ਨੂੰ ਫੋਨ ਕਰ ਕੇ ਪੁੱਛਣਾ ਪੈਂਦਾ ਹੈ, ਬੱਚੇ ਪਹੁੰਚ ਗਏ? ਆਖ਼ਰ ਕਿਉਂ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

ਤੜਕੇ ਸਾਢੇ ਛੇ ਵਜੇ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਵਗ਼ਦੇ ਸਤਲੁਜ ਦਰਿਆ ਤੇ ਕੰਢੇ ’ਤੇ ਖੜੇ ਸਕੂਲੀ ਵਿਦਿਆਰਥੀ।

ਵਿਦਿਆਰਥਣ ਕਿਰਨਾ ਰਾਣੀ ਅਤੇ ਅੰਜਲਾ ਰਾਣੀ, ਇਸ ਦਰਿਆ ਦੇ ਕਿਨਾਰੇ ਖੜ੍ਹੀ ਇੱਕ ਬੇੜੀ ਵਿੱਚ ਆਪਣੇ ਸਕੂਲੀ ਬਸਤੇ ਰੱਖ ਰਹੀਆਂ ਹਨ।

ਇੱਕ ਕੁੜੀ ਬੇੜੀ ਦਾ ਰੱਸਾ ਖੋਲ੍ਹ ਰਹੀ ਹੈ ਅਤੇ ਦੂਜੀ ਉਸ ਚਲਾਉਣ ਲਈ ਚੱਪੂ ਨੂੰ ਸਾਫ਼ ਕਰ ਰਹੀ ਹੈ।

ਇਨ੍ਹਾਂ ਕੁੜੀਆਂ ਲਈ ਇਹ ਰੋਜ਼ ਦਾ ਕੰਮ ਹੈ, ਜੋ ਹੁਣ ਬੇਹੱਦ ਸਹਿਜ ਹੋ ਚੁੱਕਿਆ ਹੈ। ਪਿਛਲੇ 5 ਸਾਲਾਂ ਤੋਂ ਉਹ ਇਸ ਕਿਸ਼ਤੀ ਵਿੱਚ ਸਵਾਰ ਹੋ ਕੇ ਹੀ ਪੜ੍ਹਨ ਲਈ ਆਪਣੇ ਸਕੂਲ ਜਾ ਰਹੀਆਂ ਹਨ।

ਇਹ ਦੋਵੇਂ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਕਾਲੂਵਾਲਾ ਦੀਆਂ ਵਸਨੀਕ ਹਨ।

ਦਸਵੀਂ ਜਮਾਤ ਵਿੱਚ ਪੜ੍ਹਦੀਆਂ ਇਨਾਂ ਕੁੜੀਆਂ ਦੀ ਮੁਸ਼ਕਿਲ ਇਹ ਹੈ ਕੇ ਪਿੰਡ ਕਾਲੂਵਾਲਾ ਤੋਂ ਇਨ੍ਹਾਂ ਦੇ ਸਕੂਲ ਲਈ ਕੋਈ ਸਿੱਧੀ ਸੜਕ ਹੀ ਨਹੀਂ ਹੈ।

ਇਹ ਸਮੱਸਿਆ ਇਨ੍ਹਾਂ ਦੋ ਕੁੜੀਆਂ ਦੀ ਹੀ ਨਹੀਂ ਹੈ ਸਗੋਂ ਇਸ ਸਾਰੇ ਪਿੰਡ ਦੀ ਹੈ। ਬੱਚਿਆਂ ਨੇ ਸਕੂਲ ਜਾਣਾ ਹੋਵੇ ਜਾਂ ਵੱਡਿਆ ਨੇ ਕਿਸੇ ਹੋਰ ਕੰਮ, ਬੇੜੀ ਦੀ ਵਰਤੋਂ ਕੀਤੇ ਬਗੈਰ ਪਿੰਡੋਂ ਨਹੀਂ ਨਿਕਲਿਆ ਜਾ ਸਕਦਾ ਹੈ।

ਕਿਰਨਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਪਾਸ ਕੀਤੀ ਸੀ।

"ਮੈ 5 ਸਾਲ ਪਹਿਲਾਂ ਅਗਲੀ ਪੜ੍ਹਾਈ ਲਈ ਪਿੰਡ ਗੱਟੀ ਰਾਜੋ ਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖ਼ਲਾ ਲਿਆ ਸੀ। ਉਸ ਸਮੇਂ ਤੋਂ ਲਗਾਤਾਰ ਮੈਂ ਆਪਣੇ ਸਹਿਪਾਠੀਆਂ ਨਾਲ ਬੇੜੀ ਰਾਹੀਂ ਹੀ ਸਕੂਲ ਦਾ ਸਫ਼ਰ ਤੈਅ ਕਰਦੀ ਆ ਰਹੀ ਹਾਂ।"

‘ਡੂੰਘੇ ਪਾਣੀ ਤੋਂ ਡਰ ਲੱਗਦਾ ਸੀ’

ਜੇਕਰ ਇਸ ਖਿੱਤੇ ਦੀ ਭੂਗੋਲਿਕ ਸਥਿਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਪਿੰਡ ਕਾਲੂਵਾਲਾ ਤਿੰਨ ਪਾਸਿਆਂ ਤੋਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ।

ਇਸ ਪਿੰਡ ਦੇ ਚੌਥੇ ਪਾਸੇ ਵੱਲ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਭਾਰਤ-ਪਾਕਿ ਸਰਹੱਦ ਉੱਪਰ ਕੰਡਿਆਲੀ ਤਾਰ ਲੱਗੀ ਹੋਈ ਹੈ।

ਇਸ ਕਾਰਨ ਸਿਰਫ਼ ਇੱਕ ਪਾਸੇ ਤੋਂ ਹੀ ਪਿੰਡ ਕਾਲੂਵਾਲਾ ਤੋਂ ਫਿਰੋਜ਼ਪੁਰ ਜਾਣ ਲਈ ਰਸਤਾ ਹੈ।

ਉਂਝ, ਪਿੰਡ ਕਾਲੂ ਵਾਲਾ ਤੋਂ ਪਿੰਡ ਗੱਟੀ ਰਾਜੋਕੇ ਦੇ ਸਕੂਲ ਦੀ ਦੂਰੀ ਚਾਰ ਕਿਲੋਮੀਟਰ ਦੀ ਹੈ।

ਕਿਰਨਾ ਰਾਣੀ ਕਹਿੰਦੇ ਹਨ, "ਜੇਕਰ ਅਸੀਂ ਫਿਰੋਜ਼ਪੁਰ ਦੇ ਰਸਤੇ ਆਪਣੇ ਸਕੂਲ ਲਈ ਜਾਂਦੇ ਹਾਂ ਤਾਂ ਇਹ ਦੂਰੀ ਕਾਫ਼ੀ ਜ਼ਿਆਦਾ ਬਣ ਜਾਂਦੀ ਹੈ। ਸਾਡੇ ਕੋਲ ਸਾਈਕਲ ਵੀ ਨਹੀਂ ਹਨ ਕਿ ਅਸੀਂ ਇਹ ਰਸਤਾ ਤੈਅ ਕਰ ਸਕੀਏ।

"ਜਿਸ ਜਗ੍ਹਾ ਤੋਂ ਅਸੀਂ ਬੇੜੀ ਰਾਹੀਂ ਦਰਿਆ ਪਾਰ ਕਰਦੀਆਂ ਹਾਂ, ਉੱਥੇ ਪਾਣੀ 50 ਤੋਂ 60 ਫੁੱਟ ਤੱਕ ਡੂੰਘਾ ਹੈ। ਪਹਿਲਾਂ ਪਹਿਲ ਦਰਿਆ ਤੋਂ ਡਰ ਲੱਗਦਾ ਸੀ ਪਰ ਹੁਣ ਸਾਨੂੰ ਆਦਤ ਹੋ ਗਈ ਹੈ।"

ਕਿਰਨਾ ਦੱਸਦੇ ਹਨ, "ਸਾਡੀ ਮੁਸ਼ਕਿਲ ਮਹਿਜ਼ ਦਰਿਆ ਪਾਰ ਕਰਨਾ ਹੀ ਨਹੀਂ ਹੈ। ਦਰਿਆ ਪਾਰ ਕਰਨ ਤੋਂ ਬਾਅਦ ਵੀ ਅਸੀਂ ਕੱਚੇ ਰਸਤੇ ਰਾਹੀਂ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਜਾਂਦੀਆਂ ਹਾਂ। ਇਸ ਤੋਂ ਪਹਿਲਾਂ ਘਰ ਤੋਂ ਦਰਿਆ ਤੱਕ ਪਹੁੰਚਣ ਤੱਕ ਡੇਢ ਕਿਲੋਮੀਟਰ ਦਾ ਸਫ਼ਰ ਪੈਦਲ ਕਰਨਾ ਪੈਂਦਾ ਹੈ।"

ਪੜ੍ਹਾਈ ਲਈ ਮੁਸ਼ਕਲ ਝੱਲਣ ਨੂੰ ਤਿਆਰ

ਅੰਜਲਾ ਰਾਣੀ ਆਪਣੀ ਮੁਸ਼ਕਲ ਦੱਸਦੇ ਹੋਏ ਗੱਲ ਨੂੰ ਅੱਗੇ ਤੋਰਦੇ ਹਨ।

ਕਿਰਨਾ ਕਹਿੰਦੇ ਹਨ, "ਅਸੀਂ ਕਿਸ਼ਤੀ ਦੇ ਰੱਸੇ ਨੂੰ ਆਪ ਖਿੱਚਦੀਆਂ ਹਾਂ। ਪਾਣੀ ਦਾ ਵਹਾਅ ਤੇਜ਼ ਹੋਣ 'ਤੇ ਸਾਨੂੰ ਚੱਪੂ ਵੀ ਖ਼ੁਦ ਚਲਾਉਣੇ ਪੈਂਦੇ ਹਨ। ਕਈ ਵਾਰ ਕੋਈ ਪਿੰਡ ਦਾ ਆਦਮੀ ਆ ਜਾਂਦਾ ਹੈ ਤਾਂ ਕਿਸ਼ਤੀ ਚਲਾਉਣ ਵਿਚ ਸਾਡੀ ਮਦਦ ਹੋ ਜਾਂਦੀ ਹੈ"।

"ਮੇਰਾ ਮਕਸਦ ਉਚੇਰੀ ਪੜ੍ਹਾਈ ਕਰਨਾ ਹੈ। ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਸਾਡੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ।"

"ਮੈਂ ਆਪਣੇ ਆਪ ਨੂੰ ਸਮਝਾ ਲਿਆ ਹੈ ਕਿ ਜੇਕਰ ਪੜ੍ਹਾਈ ਕਰਨੀ ਹੈ ਤਾਂ ਫਿਰ ਮੁਸ਼ਕਲ ਕੱਟਣੀ ਹੀ ਪਵੇਗੀ। ਸਾਡੀ ਮੁਸ਼ਕਲ ਬਾਬਤ ਮੀਡੀਆ ਵਿੱਚ ਖ਼ਬਰ ਤਾਂ ਆ ਜਾਂਦੀ ਹੈ ਪਰ ਸਰਕਾਰਾਂ ਕੁਝ ਨਹੀਂ ਕਰਦੀਆਂ।"

ਚਿੰਤਾ ’ਚ ਮਾਪੇ

ਦਰਿਆ ਪਾਰ ਕਰਕੇ ਸਕੂਲ ਜਾਂਦੀਆਂ ਇਨ੍ਹਾਂ ਕੁੜੀਆਂ ਦੇ ਮਾਪੇ ਅਤੇ ਅਧਿਆਪਕ ਹਰ ਸਮੇਂ ਚਿੰਤਾ ਵਿੱਚ ਰਹਿੰਦੇ ਹਨ।

ਮਲਕੀਤ ਸਿੰਘ ਅੰਜਲਾ ਰਾਣੀ ਦੇ ਭਰਾ ਹਨ। ਉਹ ਬੱਚਿਆਂ ਦੇ ਦਰਿਆ ਪਾਰ ਕਰਨ ਦੀ ਮੁਸ਼ਕਿਲ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹਨ।

"ਪਿਛਲੇ ਸਾਲ ਜਦੋਂ ਦਰਿਆ ਵਿੱਚ ਪਾਣੀ ਦਾ ਵਹਾਅ ਵਧਿਆ ਸੀ ਤਾਂ ਦਰਿਆ ਪਾਰ ਕਰਦੇ ਸਮੇਂ ਦੋ ਬੱਚੇ ਡੁੱਬ ਗਏ ਸਨ। ਸਤਲੁਜ ਦਰਿਆ ਕਿਨਾਰੇ ਖੜ੍ਹੀਆਂ ਬੇੜੀਆਂ ਕੀ ਹਾਲਤ ਵੀ ਖਸਤਾ ਹੈ।"

ਛਿੰਦਰ ਕੌਰ, ਵਿਦਿਆਰਥਣ ਕਿਰਨਾ ਰਾਣੀ ਦੇ ਮਾਤਾ ਹਨ।

ਉਹ ਕਹਿੰਦੇ ਹਨ, "ਮੇਰੀ ਧੀ ਜਦੋਂ ਸਕੂਲ ਜਾਂਦੀ ਹੈ ਤਾਂ ਮੈਨੂੰ ਇਹੀ ਡਰ ਸਤਾਉਂਦਾ ਰਹਿੰਦਾ ਹੈ ਕੇ ਬੱਚੇ ਨੇ ਸਹੀ ਢੰਗ ਨਾਲ ਦਰਿਆ ਪਾਰ ਕਰ ਲਿਆ ਹੋਵੇ। ਜ਼ਿਆਦਾ ਚਿੰਤਾ ਹੋਣ 'ਤੇ ਸਕੂਲ ਦੇ ਅਧਿਆਪਕਾਂ ਨੂੰ ਫ਼ੋਨ ਕਰਕੇ ਪੁੱਛਣਾ ਪੈਂਦਾ ਹੈ ਕਿ ਕੀ ਬੱਚੇ ਸਹੀ ਸਲਾਮਤ ਪਹੁੰਚ ਗਏ ਹਨ।"

"ਅਸੀਂ ਸਰਕਾਰਾਂ ਮੂਹਰੇ ਬੇਨਤੀਆਂ ਕਰਕੇ ਹੰਭ ਗਏ ਹਾਂ ਕਿ ਦਰਿਆ ਉੱਪਰ ਪੁਲ ਬਣਾ ਦਿੱਤਾ ਜਾਵੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਜਦੋਂ ਵੋਟਾਂ ਆਉਂਦੀਆਂ ਹਨ ਤਾਂ ਲੀਡਰ ਵਾਅਦਾ ਕਰਕੇ ਚਲੇ ਜਾਂਦੇ ਹਨ। ਮੁੜ ਨਹੀਂ ਬਹੁੜਦੇ।"

ਸਰਕਾਰਾਂ ਦੇ ਵਾਅਦੇ

ਕਰੀਬ ਇੱਕ ਸਾਲ ਪਹਿਲਾਂ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਸਕੂਲ ਜਾਂਦੀਆਂ ਇਨ੍ਹਾਂ ਕੁੜੀਆਂ ਦੇ ਸਬੰਧ ਵਿੱਚ ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਵੀ ਲਿਆ ਸੀ।

ਇਸ ਮਗਰੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ 5 ਅਪ੍ਰੈਲ 2023 ਨੂੰ ਪਿੰਡ ਕਾਲੂਵਾਲਾ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਸਨ।

ਪਿੰਡ ਵਾਸੀਆਂ ਮੁਤਾਬਕ ਉਸ ਵੇਲੇ ਮੰਤਰੀ ਨੇ ਦਰਿਆ ਉੱਪਰ ਜਲਦੀ ਹੀ ਪੁਲ ਦਾ ਨਿਰਮਾਣ ਸ਼ੁਰੂ ਕਰਨ ਦੀ ਗੱਲ ਕਹੀ ਸੀ।

ਛਿੰਦਰ ਕੌਰ ਕਹਿੰਦੇ ਹਨ, "ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਨੂੰ ਉਸ ਵੇਲੇ ਭਰੋਸਾ ਦਵਾਇਆ ਸੀ ਕਿ ਸਤਲੁਜ ਦਰਿਆ ਉਪਰ ਪੁਲ ਦਾ ਨਿਰਮਾਣ ਜਲਦੀ ਹੀ ਕਰ ਦਿੱਤਾ ਜਾਵੇਗਾ"।

"ਉਸ ਤੋਂ ਬਾਅਦ ਪੁਲ ਤਾਂ ਕੀ ਬਣਨਾ ਸੀ ਸਗੋਂ ਕੋਈ ਵੀ ਅਧਿਕਾਰੀ ਵੀ ਸਾਡੇ ਬੱਚਿਆਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ।"

"ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਦਰਿਆ ਉਪਰ ਪੁਲ ਬਣਾ ਦਿੱਤਾ ਜਾਵੇ ਤਾਂ ਜੋ ਸਾਡੇ ਬੱਚਿਆਂ ਦੀ ਜ਼ਿੰਦਗੀ ਹਰ ਰੋਜ਼ ਜ਼ੋਖਮ ਵਿੱਚ ਨਾ ਪਵੇ।"

ਜ਼ਿਕਰਯੋਗ ਹੈ ਕਿ 17 ਨਵੰਬਰ 2022 ਨੂੰ ਐੱਨਐੱਚਆਰਸੀ ਵਲੋਂ ਪੰਜਾਬ ਸਰਕਾਰ ਨੂੰ ਸਤਲੁਜ ਕੰਢੇ ਵਸੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਕੋਲ ਲ਼ੋੜੀਦੀਆਂ ਸਿਖਿਆ ਸੁਵਿਧਾਵਾਂ ਦੀ ਘਾਟ ਸਬੰਧੀ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਪੰਜਾਬ ਸਰਕਾਰ ਨੂੰ ਬੱਚਿਆਂ ਦੀਆਂ ਲੋਕਾਂ ਨੂੰ ਮੁੱਖ ਰੱਖਦਿਆਂ ਉਪਰਾਲੇ ਕਰਨ ਲਈ ਵੀ ਕਿਹਾ ਸੀ।

ਸਕੂਲ ਵਿੱਚ ਘਟਦੀ ਵਿਦਿਆਰਥੀਆਂ ਦੀ ਗਿਣਤੀ

ਵਿਸ਼ਾਲ ਗੁਪਤਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਹਿਸਾਬ ਦੇ ਅਧਿਆਪਕ ਹਨ।

ਉਹ ਕਹਿੰਦੇ ਹਨ, "ਕਾਲੂਵਾਲਾ ਤੋਂ ਸਾਡੇ ਸਕੂਲ ਵਿੱਚ ਪਹਿਲਾਂ ਕਾਫ਼ੀ ਬੱਚੇ ਆਉਂਦੇ ਸਨ। ਹੁਣ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ 13 ਦੇ ਕਰੀਬ ਰਹਿ ਗਈ ਹੈ।"

"ਇਸ ਦਾ ਇੱਕ ਕਾਰਨ ਸਤਲੁਜ ਦਰਿਆ ਨੂੰ ਪਾਰ ਕਰਕੇ ਸਕੂਲ ਆਉਣਾ ਹੈ। ਬੱਚਿਆਂ ਨੂੰ ਸਕੂਲ ਆਉਣ ਵਿੱਚ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।"

"ਸਕੂਲ ਆਉਣ-ਜਾਣ ਲਈ ਬੱਚਿਆਂ ਨੂੰ ਘਰ ਤੋਂ ਦਰਿਆ ਤੱਕ ਉਹ ਪੈਦਲ ਚਲਣਾ ਪੈਂਦਾ ਹੈ। ਫਿਰ ਕੁੜੀਆਂ ਦਰਿਆ ਨੂੰ ਪਾਰ ਕਰਦੀਆਂ ਹਨ ਅਤੇ ਫਿਰ ਅੱਗੇ ਉਨਾਂ ਨੂੰ ਸਕੂਲ ਤੱਕ ਪੈਦਲ ਚੱਲਣਾ ਪੈਂਦਾ ਹੈ।"

"ਪਛੜਿਆ ਇਲਾਕਾ ਹੋਣ ਦੇ ਬਾਵਜੂਦ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ। ਸਕੂਲ ਵੱਲੋਂ ਪਿੰਡ ਕਾਲੂਕੇ ਦੇ ਸਮੁੱਚੇ ਵਿਦਿਆਰਥੀਆਂ ਦੀ ਫ਼ੀਸ ਮੁਆਫ਼ ਕੀਤੀ ਗਈ ਹੈ।"

ਪ੍ਰਸ਼ਾਸਨ ਕੋਲ ਬੱਚਿਆਂ ਦੀ ਮੁਸ਼ਕਿਲ ਹੱਲ ਕਰਨ ਦਾ ਮੁੱਦਾ ਚੁੱਕਣ ਦੀ ਗੱਲ ਨੂੰ ਲੈ ਕੇ ਵਿਸ਼ਾਲ ਗੁਪਤਾ ਕਹਿੰਦੇ ਹਨ, "ਸਰਕਾਰ ਕੋਲ ਮੀਡੀਆ ਰਿਪੋਰਟਾਂ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਵਿੱਚ ਇਹ ਗੱਲ ਕਈ ਵਾਰ ਉਭਾਰੀ ਗਈ ਹੈ।"

"ਪਿਛਲੇ ਸਮੇਂ ਦੌਰਾਨ ਪਿੰਡ ਕਾਲੂਵਾਲਾ ਅਤੇ ਗੱਟੀ ਰਾਜੋ ਕੇ ਦਰਮਿਆਨ ਪੈਂਦੇ ਸਤਲੁਜ ਦਰਿਆ ਉੱਪਰ ਪੁਲ ਬਣਾਉਣ ਦੀ ਗੱਲ ਚੱਲੀ ਸੀ। ਬਾਅਦ ਵਿੱਚ ਇਸ ਤਜਵੀਜ਼ ਦਾ ਕੀ ਬਣਿਆ ਇਹ ਸਬੰਧਤ ਵਿਭਾਗ ਹੀ ਦੱਸ ਸਕਦਾ ਹੈ।"

ਅਜਿਹਾ ਨਹੀਂ ਹੈ ਕਿ ਸਿਰਫ਼ ਬੱਚਿਆਂ ਦੇ ਮਾਪੇ ਹੀ ਆਪਣੇ ਬੱਚਿਆਂ ਦੇ ਦਰਿਆ ਪਾਰ ਕਰਨ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਇਹ ਚਿੰਤਾ ਸਕੂਲ ਅਧਿਆਪਕਾਂ ਦੀ ਵੀ ਬਣੀ ਰਹਿੰਦੀ ਹੈ।

ਵਿਸ਼ਾਲ ਗੁਪਤਾ ਕਹਿੰਦੇ ਹਨ, "ਸਕੂਲ ਦੇ ਅਧਿਆਪਕਾਂ ਨੂੰ ਬੱਚਿਆਂ ਦੇ ਮਾਪਿਆਂ ਦੇ ਫ਼ੋਨ ਹਰ ਰੋਜ਼ ਆਉਂਦੇ ਹਨ। ਉਨ੍ਹਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਬੱਚੇ ਸਕੂਲ ਠੀਕ-ਠਾਕ ਪਹੁੰਚ ਗਏ ਜਾਂ ਨਹੀਂ।"

"ਦੂਜੇ ਪਾਸੇ ਛੁੱਟੀ ਹੋਣ ਤੋਂ ਬਾਅਦ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਅਕਸਰ ਹੀ ਫ਼ੋਨ ਕਰਦੇ ਹਨ। ਅਸੀਂ ਬੱਚਿਆਂ ਦੇ ਘਰ ਸਹੀ-ਸਲਾਮਤ ਪਹੁੰਚਣ ਦੀ ਖ਼ਬਰ ਲੈਂਦੇ ਹਾਂ।"

ਵਿਸ਼ਾਲ ਗੁਪਤਾ ਕੁਝ ਭਾਵੁਕ ਹੋ ਕੇ ਕਹਿੰਦੇ ਹਨ, "ਬੱਚਿਆਂ ਦੇ ਜੀਵਨ ਦੀ ਸੁਰੱਖਿਆ ਨੂੰ ਲੈ ਕੇ ਇਹ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਦਰਿਆ ਪਾਰ ਕਰਕੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਆਪਣਿਆਂ ਬੱਚਿਆਂ ਵਾਂਗ ਸਮਝ ਕੇ ਇਹ ਫਰਜ਼ ਅਦਾ ਕਰ ਰਹੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)