ਡੌਨਲਡ ਟਰੰਪ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦੇਸ਼ ਨਿਕਾਲੇ ਲਈ ਕਿਵੇਂ ਫੌਜ ਦੀ ਵਰਤੋਂ ਦੀ ਤਿਆਰੀ ਕਰ ਰਹੇ

    • ਲੇਖਕ, ਮੈਕਸ ਮੈਤਜ਼ਾ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਗੈਰ ਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ ਉੱਤੇ ਮੁਲਕ ਵਿੱਚੋਂ ਬਾਹਰ ਕੱਢਣ ਲਈ ਅਮਰੀਕੀ ਫੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਨੈੱਟਵਰਕ 'ਤੇ ਇਸ ਯੋਜਨਾ ਦੀ ਪੁਸ਼ਟੀ ਕੀਤੀ ਹੈ।

ਇਸ ਚਰਚਾ ਦੀ ਸ਼ੁਰੂਆਤ ਇੱਕ ਕੰਜ਼ਰਵੇਟਿਵ ਹਮਾਇਤੀ ਦੀ ਟਿੱਪਣੀ ਨਾਲ ਹੋਈ ਸੀ।

ਜਿਸ ਨੇ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੇ ਟਰੰਪ ਦੇ ਬਿਆਨਾਂ ’ਤੇ ਟਿੱਪਣੀ ਕਰਦਿਆਂ ਲਿਖਿਆ ਗਿਆ ਸੀ, ''ਟਰੰਪ ਇੱਕ ਕੌਮੀ ਐਮਰਜੈਂਸੀ ਦਾ ਐਲਾਨ ਕਰਨਗੇ ਅਤੇ ਸਮੂਹਿਕ ਦੇਸ ਨਿਕਾਲੇ ਦੇ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ।''

ਸੋਮਵਾਰ ਨੂੰ ਡੌਨਲਡ ਟਰੰਪ ਨੇ ਇਸ ਦੇ ਜਵਾਬ ਵਿੱਚ ਸੋਸ਼ਲ ਮੀਡੀਆ ’ਤੇ ਹੀ ਇੱਕ ਪੋਸਟ ਜ਼ਰੀਏ ਜਵਾਬ ਦਿੱਤਾ, ਉਨ੍ਹਾਂ ਲਿਖਿਆ, "ਸੱਚ !!!"

ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਟਰੰਪ ਨੇ ਪਰਵਾਸ ਦੇ ਮਸਲੇ ਨਾਲ ਨਜਿੱਠਣ ਅਤੇ ਸੰਘੀ ਏਜੰਸੀ ਕਸਟਮਜ਼ ਇਨਫ਼ੋਰਸਮੈਂਟ (ਆਈਸ) ਜੋ ਦੇਸ ਨਿਕਾਲੇ ਦੇ ਮਾਮਲਿਆਂ ਨਾਲ ਨਜਿੱਠਦੀ ਹੈ, ਦੀ ਇਸ ਮਸਲੇ ਉੱਤੇ ਮਦਦ ਕਰਨ ਲਈ ਨੈਸ਼ਨਲ ਗਾਰਡਜ਼ ਨੂੰ ਲਾਮਬੰਦ ਕਰਨ ਦਾ ਵਾਅਦਾ ਵਾਰ-ਵਾਰ ਕੀਤਾ ਸੀ।

ਦੇਸ਼-ਨਿਕਾਲਾ ਅਤੇ ਚੁਣੌਤੀਆਂ

ਟਰੰਪ ਦੀ ਤਾਜ਼ਾ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਸਵਾਲ ਉੱਠ ਰਹੇ ਹਨ ਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਮੂਹਿਕ ਦੇਸ ਨਿਕਾਲੇ ਨੂੰ ਅੰਜ਼ਾਮ ਦੇਣ ਦੇ ਆਪਣੇ ਵਾਅਦੇ ਨੂੰ ਕਿਵੇਂ ਪੂਰਾ ਕਰਨਗੇ।

ਉਨ੍ਹਾਂ ਨੇ ਕਈ ਵਾਰ ਕਿਹਾ ਹੈ ਕਿ ਉਹ ਦਫ਼ਤਰ ਵਿੱਚ ਆਪਣੇ ਪਹਿਲੇ ਦਿਨ 20 ਜਨਵਰੀ, 2025 ਤੋਂ ਗੈਰ ਕਾਨੂੰਨੀ ਪਰਵਾਸੀਆਂ ਦੇ ਦੇਸ ਨਿਕਾਲੇ ਦਾ ਕੰਮ ਸ਼ੁਰੂ ਕਰ ਦੇਣਗੇ।

ਪਰ ਜੇ ਕੋਈ ਅਮਰੀਕੀ ਪ੍ਰਸ਼ਾਸਨਿਕ ਵਿਭਾਗ ਕਾਨੂੰਨੀ ਤੌਰ 'ਤੇ ਇਨ੍ਹਾਂ ਯੋਜਨਾਵਾਂ ਨੂੰ ਅੰਜ਼ਾਮ ਦੇਣ ਦੇ ਯੋਗ ਹੋਵੇ ਵੀ ਤਾਂ ਵੀ ਅਧਿਕਾਰੀਆਂ ਨੂੰ ਕਈ ਕਿਸਮ ਦੀਆਂ ਲੌਜੀਸਟਿਕਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਉਦਾਹਰਨ ਲਈ, ਮਾਹਰਾਂ ਨੂੰ ਖ਼ਦਸ਼ਾ ਹੈ ਕਿ ਲੱਖਾਂ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਲੱਭਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਆਈਸ ਦੇ 20,000 ਏਜੰਟ ਅਤੇ ਸਹਾਇਤਾ ਕਰਮਚਾਰੀ ਇਸ ਕੰਮ ਨੂੰ ਨੇਪਰ੍ਹੇ ਚਾੜਨ ਵਿੱਚ ਲਈ ਕਾਫ਼ੀ ਨਹੀਂ ਹੋਣਗੇ।

ਇਸ ਸਾਰੇ ਕੰਮ ਵਿੱਚ ਇੱਕ ਵੱਡੀ ਵਿੱਤੀ ਲਾਗਤ ਵੀ ਹੋਵੇਗੀ, ਪਰ ਟਰੰਪ ਨੇ ਹਾਲ ਹੀ ਵਿੱਚ ਐੱਨਬੀਸੀ ਨਿਊਜ਼ ਨੂੰ ਕਿਹਾ ਕਿ ਵਿੱਤ ਉਨ੍ਹਾਂ ਦੇ ਪ੍ਰਸ਼ਾਸਨ ਦੇ ਯਤਨਾਂ ਨੂੰ ਰੋਕ ਨਹੀਂ ਸਕੇਗਾ।

ਦੇਸ-ਨਿਕਾਲੇ ਲਈ ਵਫ਼ਾਦਾਰਾਂ ਦੀ ਚੋਣ

ਟਰੰਪ ਦੀ ਪੋਸਟ ਸੋਮਵਾਰ ਨੂੰ ਉਨ੍ਹਾਂ ਦੇ ਸੋਸ਼ਲ ਨੈੱਟਵਰਕ ਉੱਤੇ ਆਈ। ਚੋਣਾਂ ਜਿੱਤਣ ਤੋਂ ਬਾਅਦ ਟਰੰਪ ਹੁਣ ਆਪਣੇ ਪ੍ਰਸ਼ਾਸਨ ਦੇ ਮੁੱਖ ਅਹੁਦਿਆਂ ਲਈ ਆਪਣੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਰਹੇ ਹਨ।

ਟਰੰਪ ਪਹਿਲਾਂ ਹੀ ਇਮੀਗ੍ਰੇਸ਼ਨ ਅਤੇ ਦੇਸ ਨਿਕਾਲੇ ਦੀ ਨੀਤੀ ਦੀ ਨਿਗਰਾਨੀ ਕਰਨ ਵਾਲੀਆਂ ਚੋਟੀ ਦੀਆਂ ਭੂਮਿਕਾਵਾਂ ਲਈ ਆਪਣੇ ਕਈ ਵਫ਼ਾਦਾਰ ਸਹਿਯੋਗੀਆਂ ਦੀ ਚੋਣ ਕਰ ਚੁੱਕੇ ਹਨ।

ਜਿਸ ਵਿੱਚ ਕ੍ਰਿਸਟੀ ਨੋਏਮ, ਜਿਨ੍ਹਾਂ ਨੂੰ ਹੋਮਲੈਂਡ ਸਕਿਓਰਿਟੀ ਵਿਭਾਗ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਸਾਬਕਾ ਆਈਸ ਮੁਖੀ ਟੌਮ ਹੌਮੈਨ ਨੂੰ ਟਰੰਪ ਨੇ ਆਪਣੇ ‘ਸਰਹੱਦੀ ਜ਼ਾਰ’ ਦਾ ਨਾਮ ਦਿੱਤਾ ਹੈ।

ਯੋਜਨਾ ਕਿਵੇਂ ਲਾਗੂ ਹੋਵੇਗੀ

ਟਰੰਪ ਦੀ ਟੀਮ ਨੇ ਹੁਣ ਤੱਕ ਇਸ ਬਾਰੇ ਕੁਝ ਵੇਰਵੇ ਜਾਰੀ ਕੀਤੇ ਹਨ ਕਿ ਇਸ ਯੋਜਨਾ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਹ ਇੱਕ ਕੌਮੀ ਐਮਰਜੈਂਸੀ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਅਮਰੀਕਾ ਵਿੱਚ ਫ਼ੌਜ ਤੈਨਾਤ ਕਰਨ ਦਾ ਅਧਿਕਾਰ ਮਿਲ ਜਾਵੇਗਾ।

ਹੋਮੈਨ ਨੇ ਸੋਮਵਾਰ ਨੂੰ ਫੌਕਸ ਨਿਊਜ਼ ਨੂੰ ਦੱਸਿਆ ਸੀ ਕਿ ਉਹ ‘ਯੋਜਨਾ ਨੂੰ ਅੰਤਿਮ ਰੂਪ ਦੇਣ ਲਈ’ ਇਸ ਹਫ਼ਤੇ ਟਰੰਪ ਦੇ ਫਲੋਰਿਡਾ ਵਿਚਲੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

ਇਸ ਦੌਰਾਨ ਅਮਰੀਕੀ ਰੱਖਿਆ ਵਿਭਾਗ (ਡੀਓਡੀ) ਦੀ ਇਸ ਮਸਲੇ ’ਤੇ ਭੂਮਿਕਾ ਸਬੰਧੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ।

"ਕੀ ਡੀਓਡੀ ਸਹਾਇਤਾ ਕਰ ਸਕਦਾ ਹੈ?

ਹੋਮੈਨ ਦਾ ਡੀਓਡੀ ਦੀ ਭੂਮਿਕਾ ਬਾਰੇ ਕਹਿਣਾ ਹੈ, “ਡੀਓਡੀ ਸਾਡੇ ਲਈ ਕਈ ਪੱਖਾਂ ਤੋਂ ਮਦਦਗਾਰ ਹੋ ਸਕਦਾ ਹੈ। ਅਸਲ ਵਿੱਚ ਦੇਸ ਨਿਕਾਲੇ ਦੀ ਰਫ਼ਤਾਰ ਵੱਖ-ਵੱਖ ਏਜੰਸੀਆਂ ਵੱਲੋਂ ਦਿੱਤੇ ਗਏ ਸਰੋਤਾਂ 'ਤੇ ਨਿਰਭਰ ਕਰੇਗੀ।”

ਸੋਮਵਾਰ ਨੂੰ, ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏਸੀਐੱਲਯੂ) ਨੇ ਦੇਸ ਨਿਕਾਲੇ ਦੀ ਯੋਜਨਾ ਕਿਵੇਂ ਕੰਮ ਕਰੇਗੀ ਇਸ ਬਾਰੇ ਹੋਰ ਵੇਰਵਿਆਂ ਲਈ ਆਈਸ 'ਤੇ ਮੁਕੱਦਮਾ ਕੀਤਾ।

ਗਰੁੱਪ ਨੇ ਸਮੂਹਿਕ ਦੇਸ ਨਿਕਾਲੇ ਨੂੰ ਰੋਕਣ ਦੀ ਕੋਸ਼ਿਸ਼ ਦੇ ਇਰਾਦੇ ਨਾਲ ਇਸ ਪ੍ਰਕਿਰਿਆ ਨੂੰ ਕਾਨੂੰਨੀ ਚੁਣੌਤੀਆਂ ਦੇਣ ਦੀ ਯੋਜਨਾ ਬਣਾਈ ਹੈ।

ਟਰੰਪ ਦੇ ਪਹਿਲੇ ਕਾਰਜਕਾਲ ਦੇ ਚਾਰ ਸਾਲਾਂ ਦੌਰਾਨ, ਤਕਰੀਬਨ 15 ਲੱਖ ਲੋਕਾਂ ਨੂੰ ਦੇਸ ਨਿਕਾਲਾ ਦਿੱਤਾ ਗਿਆ ਸੀ ਅਤੇ ਬਾਇਡਨ ਪ੍ਰਸ਼ਾਸਨ ਦੌਰਾਨ ਵੀ ਇਹ ਅੰਕੜੇ ਤਕਰੀਬਨ ਇੰਨੇ ਹੀ ਸਨ।

ਓਬਾਮਾ ਦੇ ਦੋ ਕਾਰਜਕਾਲਾਂ ਦੌਰਾਨ, 30 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਇਮੀਗ੍ਰੇਸ਼ਨ ਸੁਧਾਰ ਵਕੀਲਾਂ ਨੇ ‘ਡਿਪੋਰਟਰ-ਇਨ-ਚੀਫ਼’ ਉਪਨਾਮ ਦਿੱਤਾ ਸੀ।

ਪਰ ਸ਼ਾਇਦ ਸਮੂਹਿਕ ਦੇਸ ਨਿਕਾਲੇ ਦੀ ਸਭ ਤੋਂ ਨਜ਼ਦੀਕੀ ਇਤਿਹਾਸਕ ਉਦਾਹਰਣ 1954 ਵਿੱਚ ਵਾਪਰੀ ਸੀ। ਇਹ ਉਹ ਸਮਾਂ ਜੀ ਜਦੋਂ ਆਪਰੇਸ਼ਨ ਵੈੱਟਬੈਕ ਵਿੱਚ 13 ਲੱਖ ਲੋਕਾਂ ਨੂੰ ਦੇਸ ਤੋਂ ਬਾਹਰ ਕੀਤਾ ਦਿੱਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)