You’re viewing a text-only version of this website that uses less data. View the main version of the website including all images and videos.
ਵੈਨੇਜ਼ੁਏਲਾ: ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਜਿਸ ਜੇਲ੍ਹ ਵਿੱਚ ਰੱਖਿਆ ਗਿਆ, ਉਸ ਨੂੰ 'ਧਰਤੀ 'ਤੇ ਨਰਕ' ਕਿਉਂ ਕਿਹਾ ਜਾਂਦਾ ਹੈ
- ਲੇਖਕ, ਜੁਆਨ ਫਰਾਂਸਿਸਕੋ ਆਲੋਨਸੋ
- ਰੋਲ, ਬੀਬੀਸੀ ਨਿਊਜ਼ ਮੁੰਡੋ
ਇੱਕ ਬਰਤਰਫ਼ ਕੀਤੇ ਗਏ ਰਾਸ਼ਟਰਪਤੀ, ਜਿਨ੍ਹਾਂ ਨੂੰ ਨਿਊਯਾਰਕ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਫੌਰੀ ਤੌਰ 'ਤੇ ਅਮਰੀਕਾ ਲਿਆਂਦਾ ਗਿਆ ਹੋਵੇ, ਕਿੱਥੇ ਰੱਖਿਆ ਜਾ ਸਕਦਾ ਹੈ?
ਵੈਨੇਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਨੂੰ ਜਿੱਥੇ ਰੱਖਿਆ ਗਿਆ ਹੈ, ਬਰੁਕਲਿਨ ਦੀ ਉਸ ਜੇਲ੍ਹ ਨੂੰ ਅਮਰੀਕਾ ਦੇ ਇੱਕ ਵਕੀਲ ਨੇ "ਧਰਤੀ 'ਤੇ ਨਰਕ" ਦੱਸਿਆ ਹੈ। ਕੁਝ ਜੱਜਾਂ ਨੇ ਤਾਂ ਮੁਲਜ਼ਮਾਂ ਨੂੰ ਉੱਥੇ ਭੇਜਣ ਤੋਂ ਵੀ ਇਨਕਾਰ ਕੀਤਾ ਹੋਇਆ ਹੈ।
ਹੱਥਕੜੀਆਂ ਵਿੱਚ ਅਤੇ ਦੋ ਨਸ਼ਾ ਵਿਰੋਧੀ ਏਜੰਟਾਂ ਦੀ ਨਿਗਰਾਨੀ ਹੇਠ, ਮਾਦੁਰੋ ਨੇ ਨਿਊਯਾਰਕ ਪਹੁੰਚਣ 'ਤੇ ਮਜ਼ਾਕੀਆ ਲਹਿਜਾ ਇਖਤਿਆਰ ਕੀਤਾ।
ਉਨ੍ਹਾਂ ਨੇ ਤਨਜ਼ ਕਸਕਦਿਆਂ ਕਿਹਾ, "ਗੁੱਡ ਨਾਈਟ ਇੰਝ ਹੀ ਕਹਿੰਦੇ ਨੇ ਨਾ ਜਿਵੇਂ ਬੁਏਨੋਸ ਨੋਚੇਸ ਕਹੀਦਾ ਹੈ? ਗੁੱਡ ਨਾਈਟ! ਨਵਾਂ ਸਾਲ ਮੁਬਾਰਕ!"
ਉਨ੍ਹਾਂ ਨੂੰ ਪਹਿਲਾਂ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ) ਦੇ ਹੈੱਡਕੁਆਰਟਰ ਲਿਜਾਇਆ ਗਿਆ ਅਤੇ ਫਿਰ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ (ਐੱਮਡੀਸੀ) ਦੀ ਇੱਕ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ।
ਉਮੀਦ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰਸ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਸਬੰਧਤ ਇਲਜ਼ਾਮਾਂ ਦਾ ਸਾਹਮਣਾ ਕਰਦੇ ਹੋਏ ਇੱਥੇ ਹੀ ਰਹਿਣਗੇ (ਹਾਲਾਂਕਿ ਦੋਵਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ)।
ਸਟੀਲ ਦੇ ਬੈਰੀਕੇਡ ਅਤੇ ਕੈਮਰੇ
ਐਮਡੀਸੀ ਕੰਕਰੀਟ ਅਤੇ ਸਟੀਲ ਨਾਲ ਬਣੀ ਬਹੁ-ਮੰਜ਼ਿਲਾ ਇਮਾਰਤ ਹੈ, ਜੋ ਬਰੁਕਲਿਨ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਬੰਦਰਗਾਹ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਅਤੇ ਫਿਫਥ ਐਵੇਨਿਊ, ਸੈਂਟਰਲ ਪਾਰਕ ਅਤੇ ਹੋਰ ਮਸ਼ਹੂਰ ਸੈਰ-ਸਪਾਟਾ ਸਥਾਨਾਂ ਤੋਂ ਲਗਭਗ 3 ਮੀਲ (5 ਕਿਲੋਮੀਟਰ) ਦੂਰ ਹੈ।
ਇਸਦਾ ਉਦਘਾਟਨ, ਸ਼ਹਿਰ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਵੱਧਦੀ ਭੀੜ ਦੀ ਸਮੱਸਿਆ ਨੂੰ ਹੱਲ ਕਰਨ ਲਈ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ। ਇਹ ਜੇਲ੍ਹ ਉਸ ਜਗ੍ਹਾ 'ਤੇ ਬਣੀ ਹੈ ਜਿੱਥੇ ਪਹਿਲਾਂ ਬੰਦਰਗਾਹ 'ਤੇ ਆਉਣ-ਜਾਣ ਵਾਲੇ ਜਹਾਜ਼ਾਂ ਦੇ ਸਾਮਾਨ ਨੂੰ ਰੱਖਣ ਅਤੇ ਵੰਡਣ ਲਈ ਗੋਦਾਮ ਹੁੰਦੇ ਸਨ।
ਫੈਡਰਲ ਬਿਊਰੋ ਆਫ ਪ੍ਰਿਜ਼ਨਜ਼ (BOP) ਦੀ ਵੈੱਬਸਾਈਟ ਅਨੁਸਾਰ, ਹਾਲਾਂਕਿ ਇਸਦਾ ਮੁੱਖ ਮਕਸਦ ਮੈਨਹਟਨ ਅਤੇ ਬਰੁਕਲਿਨ ਦੀਆਂ ਅਦਾਲਤਾਂ ਵਿੱਚ ਸੁਣਵਾਈ ਦੀ ਉਡੀਕ ਕਰ ਰਹੇ ਮਹਿਲਾ ਅਤੇ ਪੁਰਸ਼ ਕੈਦੀਆਂ ਨੂੰ ਰੱਖਣਾ ਹੈ, ਪਰ ਇੱਥੇ ਛੋਟੀਆਂ ਸਜ਼ਾਵਾਂ ਕੱਟ ਰਹੇ ਮੁਜਰਮਾਂ ਨੂੰ ਵੀ ਰੱਖਿਆ ਜਾਂਦਾ ਹੈ।
ਦਰਅਸਲ, ਇਹ ਇਸ ਸਮੇਂ ਨਿਊਯਾਰਕ ਵਿੱਚ ਬਿਊਰੋ ਆਫ਼ ਪ੍ਰਿਜ਼ਨਰਜ਼ ਦੁਆਰਾ ਚਲਾਈ ਜਾਣ ਵਾਲੀ ਇਕਲੌਤੀ ਸੰਸਥਾ ਹੈ, ਕਿਉਂਕਿ ਏਜੰਸੀ ਨੇ 2021 ਵਿੱਚ ਮੈਨਹਟਨ ਵਿਚਲੀ ਅਜਿਹੀ ਹੀ ਇੱਕ ਜੇਲ੍ਹ ਨੂੰ ਸਾਲ 2019 ਵਿੱਚ ਜਿਨਸੀ ਅਪਰਾਧੀ ਅਤੇ ਅਮਰੀਕੀ ਫਾਈਨਾਂਸਰ ਜੈਫਰੀ ਐਪਸਟੀਨ ਦੀ ਰਹੱਸਮਈ ਹਾਲਤਾਂ ਵਿੱਚ ਖੁਦਕੁਸ਼ੀ ਤੋਂ ਬਾਅਦ ਬੰਦ ਕਰ ਦਿੱਤਾ ਸੀ।
ਇਹ ਹਿਰਾਸਤੀ ਕੇਂਦਰ ਅਮਰੀਕੀ ਅਟਾਰਨੀ ਦੇ ਦਫ਼ਤਰਾਂ ਅਤੇ ਦੋ ਸੰਘੀ ਅਦਾਲਤਾਂ ਦੇ ਵਿਚਕਾਰ ਸਥਿਤ ਹੈ, ਅਤੇ ਇਹ ਸਟੀਲ ਦੇ ਬੈਰੀਕੇਡਾਂ ਅਤੇ ਬਹੁਤ ਦੂਰ ਤੱਕ ਦੇਖ ਸਕਣ ਦੇ ਸਮਰੱਥ ਕੈਮਰਿਆਂ ਨਾਲ ਲੈਸ ਹੈ।
ਮਾਦੁਰੋ ਦੇ ਆਉਣ ਤੋਂ ਬਾਅਦ, ਬਾਹਰੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।
ਪਬਲਿਕ ਬ੍ਰੌਡਕਾਸਟਿੰਗ ਸਰਵਿਸ (PBS) ਦੇ ਅਨੁਸਾਰ, ਆਪਣੀ ਸਖ਼ਤ ਬਣਤਰ ਦੇ ਬਾਵਜੂਦ, ਇਸ ਕੇਂਦਰ ਵਿੱਚ ਖੁੱਲ੍ਹੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਲਈ ਜਗ੍ਹਾ, ਮੈਡੀਕਲ ਯੂਨਿਟ ਅਤੇ ਇੱਕ ਲਾਇਬ੍ਰੇਰੀ ਵੀ ਬਣੀ ਹੋਈ ਹੈ।
ਹਾਲਾਂਕਿ, ਮੀਡੀਆ ਰਿਪੋਰਟਾਂ ਮੁਤਾਬਕ ਕੈਦੀ ਆਪਣਾ ਜ਼ਿਆਦਾਤਰ ਸਮਾਂ ਤੰਗ ਕੋਠੜੀਆਂ ਵਿੱਚ ਬਿਤਾਉਂਦੇ ਹਨ। ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਂ ਜਵਾਬ ਸਾਹਮਣੇ ਨਹੀਂ ਆਇਆ ਹੈ।
'ਅਣਮਨੁੱਖੀ ਹਾਲਾਤ'
ਮੀਡੀਆ ਰਿਪੋਰਟਾਂ ਅਨੁਸਾਰ, 1,000 ਕੈਦੀਆਂ ਦੀ ਸਮਰੱਥਾ ਵਾਲੇ ਐੱਮਡੀਸੀ ਵਿੱਚ 2019 ਵਿੱਚ ਕੈਦੀਆਂ ਦੀ ਗਿਣਤੀ 1,600 ਤੱਕ ਪਹੁੰਚ ਗਈ ਸੀ। ਬੀਓਪੀ ਦੀ ਵੈੱਬਸਾਈਟ ਮੁਤਾਬਕ, ਇਸ ਵੇਲੇ ਇੱਥੇ 1,330 ਤੋਂ ਕੁਝ ਵੱਧ ਕੈਦੀ ਹਨ।
ਇਸ ਤੋਂ ਇਲਾਵਾ, ਖ਼ਬਰ ਏਜੰਸੀ ਏਪੀ ਨੇ ਨਵੰਬਰ 2024 ਵਿੱਚ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਜੇਲ੍ਹ ਸਟਾਫ ਦੀ ਲੋੜੀਂਦੀ ਗਿਣਤੀ ਦੇ ਮੁਕਾਬਲੇ ਲਗਭਗ ਅੱਧੇ ਸਟਾਫ ਨਾਲ ਕੰਮ ਕਰ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਕੈਦੀਆਂ ਦੀ ਜ਼ਿਆਦਾ ਭੀੜ ਅਤੇ ਮੁਲਾਜ਼ਮਾਂ ਦੀ ਕਮੀ ਹੀ ਐੱਮਡੀਸੀ ਵਿੱਚ ਅਕਸਰ ਹੋਣ ਵਾਲੀ ਹਿੰਸਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਇਮਾਰਤ ਦਾ ਭੌਤਿਕ ਢਾਂਚਾ ਵੀ ਚਿੰਤਾ ਦਾ ਵਿਸ਼ਾ ਹੈ। ਇਹ ਗੱਲ 2019 ਵਿੱਚ ਉਦੋਂ ਸਪੱਸ਼ਟ ਹੋਈ ਸੀ ਜਦੋਂ ਬਿਜਲੀ ਗੁੱਲ ਹੋਣ ਕਾਰਨ ਕੜਾਕੇ ਦੀ ਸਰਦੀ ਵਿੱਚ ਕਈ ਦਿਨਾਂ ਤੱਕ ਉੱਥੇ ਮੌਜੂਦ ਲੋਕਾਂ ਨੂੰ ਗਰਮਾਹਟ ਤੋਂ ਬਿਨਾਂ ਰਹਿਣਾ ਪਿਆ।
ਨਿਊਯਾਰਕ ਦੀ ਤਤਕਾਲੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਸ ਨੇ ਐਲਾਨ ਕੀਤਾ ਸੀ ਕਿ "ਐੱਮਡੀਸੀ ਦੇ ਹਾਲਾਤ ਨਾਸਵੀਕਾਰਨਯੋਗ ਅਤੇ ਅਣਮਨੁੱਖੀ ਹਨ"। ਉਨ੍ਹਾਂ ਨੇ ਉਨ੍ਹਾਂ ਦੇ ਕਹੇ ਮੁਤਾਬਕ ਜੇਲ੍ਹ ਦੀ ਖਸਤਾ ਹਾਲਤ ਨੂੰ ਲੈ ਕੇ ਫੈਡਰਲ ਸਰਕਾਰ 'ਤੇ ਮੁਕੱਦਮਾ ਵੀ ਕੀਤਾ ਸੀ।
ਜੇਮਸ ਨੇ ਅੱਗੇ ਕਿਹਾ, "ਜੇਲ੍ਹ ਵਿੱਚ ਹੋਣ ਦਾ ਮਤਲਬ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰਹਿਣਾ ਨਹੀਂ ਹੋਣਾ ਚਾਹੀਦਾ।"
ਐਂਡਰਿਊ ਡਾਲਕ ਵਰਗੇ ਵਕੀਲਾਂ ਨੇ 'ਨਿਊਯਾਰਕ ਟਾਈਮਜ਼' ਨੂੰ ਦੱਸਿਆ ਹੈ ਕਿ ਇਹ ਜੇਲ੍ਹ "ਧਰਤੀ 'ਤੇ ਨਰਕ" ਹੈ। ਇਹ ਟਿੱਪਣੀ ਉਦੋਂ ਆਈ ਜਦੋਂ 2024 ਵਿੱਚ ਡਾਲਕ ਦੇ ਇੱਕ ਮੁਵੱਕਿਲ, ਐਡਵਿਨ ਕੋਰਡੇਰੋ ਦਾ ਹੋਰ ਕੈਦੀਆਂ ਵੱਲੋਂ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਰਿਪੋਰਟਾਂ ਮੁਤਾਬਕ 2021 ਤੋਂ 2024 ਦੇ ਦਰਮਿਆਨ ਕਈ ਕੈਦੀਆਂ ਨੇ ਆਪਣੀ ਜਾਨ ਵੀ ਲੈ ਲਈ।
ਜੱਜ ਵੀ ਇਸ ਜੇਲ੍ਹ ਦੀ ਹਾਲਤ ਤੋਂ ਨਾਖੁਸ਼ ਹਨ, ਜਿਸਦਾ ਸਬੂਤ ਲੋਕਾਂ ਨੂੰ ਉੱਥੇ ਭੇਜਣ ਵਿੱਚ ਉਨ੍ਹਾਂ ਦੀ ਝਿਜਕ ਤੋਂ ਮਿਲਦਾ ਹੈ।
ਉਨ੍ਹਾਂ ਵਿੱਚੋਂ ਇੱਕ ਜ਼ਿਲ੍ਹਾ ਜੱਜ ਗੈਰੀ ਬ੍ਰਾਊਨ ਸਨ, ਜਿਨ੍ਹਾਂ ਨੇ ਅਗਸਤ 2024 ਵਿੱਚ ਕਿਹਾ ਸੀ ਕਿ ਜੇਕਰ ਬੀਓਪੀ ਨੇ ਟੈਕਸ ਧੋਖਾਧੜੀ ਦੇ ਮੁਜਰਮ ਇੱਕ 75 ਸਾਲਾ ਵਿਅਕਤੀ ਨੂੰ ਬਰੁਕਲਿਨ ਦੀ ਐੱਮਡੀਸੀ ਵਿੱਚ ਭੇਜਿਆ, ਤਾਂ ਉਹ ਉਸਦੀ ਨੌਂ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਨੂੰ ਰੱਦ ਕਰਕੇ ਉਸਨੂੰ ਘਰ ਵਿੱਚ ਨਜ਼ਰਬੰਦ ਕਰ ਦੇਣਗੇ।
'ਦਿ ਇੰਡੀਪੈਂਡੈਂਟ' ਅਖਬਾਰ ਮੁਤਾਬਕ ਬ੍ਰਾਊਨ ਨੇ ਕਿਹਾ, "ਇਹ ਘਟਨਾਵਾਂ [ਲੜਾਈਆਂ ਦੇ ਹਵਾਲੇ ਨਾਲ] ਨਿਗਰਾਨੀ ਦੀ ਅਫਸੋਸਨਾਕ ਕਮੀ, ਜਨਤਕ ਵਿਵਸਥਾ ਵਿੱਚ ਵਿਘਨ ਅਤੇ ਅਰਾਜਕ ਮਾਹੌਲ ਨੂੰ ਦਰਸਾਉਂਦੀਆਂ ਹਨ, ਜੋ ਕਿ ਨਾਸਵੀਕਾਰਨਯੋਗ, ਨਿੰਦਣਯੋਗ ਅਤੇ ਘਾਤਕ ਇੰਤਜ਼ਾਮਾਂ ਦਾ ਨਤੀਜਾ ਹੈ।"
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ ਵੀ ਇਹ ਜੇਲ੍ਹ ਸੁਰਖੀਆਂ ਵਿੱਚ ਰਹੀ ਹੈ। ਪਿਛਲੇ ਸਾਲ ਮਾਰਚ ਵਿੱਚ ਅਮਰੀਕੀ ਨਿਆਂ ਵਿਭਾਗ ਨੇ ਹਿੰਸਾ ਅਤੇ ਨਜਾਇਜ਼ ਸਮਾਨ ਰੱਖਣ ਦੇ 12 ਵੱਖ-ਵੱਖ ਮਾਮਲਿਆਂ ਵਿੱਚ ਕੈਦੀਆਂ ਅਤੇ ਸਾਬਕਾ ਅਧਿਕਾਰੀਆਂ ਸਮੇਤ 25 ਜਣਿਆਂ 'ਤੇ ਮੁਕੱਦਮਾ ਚਲਾਉਣ ਦਾ ਐਲਾਨ ਕੀਤਾ ਸੀ।
ਬੀਓਪੀ ਨੇ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ "ਸਾਡੀ ਹਿਰਾਸਤ ਵਿੱਚ ਸੌਂਪੇ ਗਏ ਵਿਅਕਤੀਆਂ ਦੀ ਰੱਖਿਆ ਕਰਨ ਦੇ ਨਾਲ-ਨਾਲ ਜੇਲ੍ਹ ਕਰਮਚਾਰੀਆਂ ਅਤੇ ਸਮਾਜ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ।"
ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇੱਕ 'ਅਰਜੈਂਟ ਐਕਸ਼ਨ ਟੀਮ' ਬਣਾਈ ਗਈ ਹੈ ਜੋ ਐੱਮਡੀਸੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਸਟਾਫ ਭਰਤੀ ਕਰਨ ਅਤੇ ਰੱਖ-ਰਖਾਅ ਦੇ ਪੁਰਾਣੇ ਕੰਮਾਂ ਨੂੰ ਨਿਪਟਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੋਰਡੇਰੋ ਅਤੇ ਹੋਰਾਂ ਦੀ ਮੌਤ ਤੋਂ ਬਾਅਦ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸਨ।
ਹੋਰ ਅਹਿਮ ਹਸਤੀਆਂ
ਬਰੁਕਲਿਨ ਜੇਲ੍ਹ ਦੇ ਕਥਿਤ ਮਾੜੇ ਹਾਲਾਤਾਂ ਦੇ ਬਾਵਜੂਦ, ਅਮਰੀਕੀ ਅਧਿਕਾਰੀਆਂ ਨੇ ਹੋਰ ਵੀ ਕਈ ਉੱਚ-ਪ੍ਰੋਫਾਈਲ ਹਸਤੀਆਂ ਨੂੰ ਉੱਥੇ ਭੇਜਣਾ ਜਾਰੀ ਰੱਖਿਆ ਹੈ।
ਮਿਸਾਲ ਵਜੋਂ, ਮਾਦੁਰੋ ਇੱਥੇ ਜੇਲ੍ਹ ਦੀ ਕੋਠੜੀ ਵਿੱਚ ਪਹੁੰਚਣ ਵਾਲੇ ਕੋਈ ਪਹਿਲੇ ਲਾਤੀਨੀ ਅਮਰੀਕੀ ਸਿਆਸਤਦਾਨ ਨਹੀਂ ਹਨ।
ਹੋਂਡੂਰਸ ਦੇ ਸਾਬਕਾ ਰਾਸ਼ਟਰਪਤੀ ਜੁਆਨ ਓਰਲੈਂਡੋ ਹਰਨਾਂਡੇਜ਼ ਨੇ ਪਿਛਲੇ ਜੂਨ ਤੱਕ ਐੱਮਡੀਸੀ ਵਿੱਚ ਤਿੰਨ ਸਾਲਾਂ ਤੋਂ ਵੱਧ ਸਮਾਂ ਬਿਤਾਇਆ। ਉਨ੍ਹਾਂ ਨੂੰ ਨਸ਼ਾ ਤਸਕਰੀ ਲਈ ਇੱਕ ਸੰਘੀ ਅਦਾਲਤ ਦੁਆਰਾ 45 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਦਸੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਸੀ।
ਮੈਕਸੀਕੋ ਦੇ ਸਾਬਕਾ ਜਨਤਕ ਸੁਰੱਖਿਆ ਮੰਤਰੀ ਜੇਨਾਰੋ ਗਾਰਸੀਆ ਲੂਨਾ ਨੇ ਵੀ ਨਿਊਯਾਰਕ ਦੀ ਇਸ ਜੇਲ੍ਹ ਦੀਆਂ ਕੋਠੜੀਆਂ ਵਿੱਚ ਸਮਾਂ ਬਿਤਾਇਆ ਸੀ।
ਮੈਕਸੀਕੋ ਦੇ ਸਭ ਤੋਂ ਬਦਨਾਮ ਨਸ਼ਾ ਤਸਕਰਾਂ ਵਿੱਚੋਂ ਇੱਕ ਜੋਕਿਨ "ਅਲ ਚਾਪੋ" ਗੁਜ਼ਮੈਨ ਵੀ ਉੱਥੇ ਰਹੇ ਸਨ। ਇਸੇ ਤਰ੍ਹਾਂ ਸਿਨਾਲੋਆ ਕਾਰਟਲ ਦੇ ਨੇਤਾਵਾਂ ਵਿੱਚੋਂ ਇੱਕ, ਮੈਕਸੀਕਨ ਇਸਮਾਈਲ "ਅਲ ਮੇਓ" ਜ਼ੈਂਬਾਡਾ, ਅਜੇ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦੀ ਉਡੀਕ ਵਿੱਚ ਇਸੇ ਇਮਾਰਤ ਵਿੱਚ ਬੰਦ ਹਨ।
ਹੋਰ ਮਸ਼ਹੂਰ ਕੈਦੀਆਂ ਵਿੱਚ ਜੌਨ ਗੋਟੀ ਵਰਗੇ ਸੰਗਠਿਤ ਅਪਰਾਧ ਨਾਲ ਜੁੜੇ ਲੋਕ ਅਤੇ ਅਲ-ਕਾਇਦਾ ਦੇ ਉਹ ਮੈਂਬਰ ਸ਼ਾਮਲ ਸਨ ਜਿਨ੍ਹਾਂ ਨੂੰ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਇੱਥੋਂ ਤੱਕ ਕਿ ਰੈਪਰ ਅਤੇ ਸੰਗੀਤ ਨਿਰਮਾਤਾ ਸ਼ਾਨ "ਡਿਡੀ" ਕੋਮਜ਼ ਨੇ ਵੀ ਕੁਝ ਮਹੀਨੇ ਐੱਮਡੀਸੀ ਵਿੱਚ ਬਿਤਾਏ। ਲੇਕਿਨ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਔਰਤਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਵਿੱਚ ਚਾਰ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ, ਉਸਨੂੰ ਨਿਊ ਜਰਸੀ ਦੀ ਇੱਕ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਐਪਸਟੀਨ ਦੀ ਸਹਿਯੋਗੀ ਅਤੇ ਸਾਬਕਾ ਸਾਥੀ ਘਿਸਲੇਨ ਮੈਕਸਵੈੱਲ; ਫੇਲ੍ਹ ਹੋ ਚੁੱਕੇ ਕ੍ਰਿਪਟੋ ਪਲੇਟਫਾਰਮ ਐੱਫਟੀਐੱਕਸ ਦੇ ਮੋਢੀ ਸੈਮ ਬੈਂਕਮੈਨ-ਫ੍ਰਾਈਡ; ਅਤੇ ਵਿੱਤੀ ਅਪਰਾਧਾਂ ਲਈ ਤਿੰਨ ਸਾਲ ਦੀ ਸਜ਼ਾ ਕੱਟ ਚੁੱਕੇ ਟਰੰਪ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ ਵੀ ਐੱਮਡੀਸੀ ਦੇ ਸਾਬਕਾ ਕੈਦੀਆਂ ਵਿੱਚ ਸ਼ਾਮਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ