ਬੰਗਲਾਦੇਸ਼ ਸੰਕਟ: ਮੁਲਕ ਦੀਆਂ ਮੌਜੂਦਾ ਹਾਲਤਾਂ ਬਾਰੇ ਕੀ ਸੋਚਦੇ ਹਨ ਉੱਥੇ ਵੱਸਦੇ ਪੰਜਾਬੀ

ਬੰਗਲਾਦੇਸ਼

ਤਸਵੀਰ ਸਰੋਤ, Getty Images

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਗੁਆਂਢੀ ਦੇਸ ਬੰਗਲਾਦੇਸ਼ ਵਿੱਚ ਸਿਆਸੀ ਸੰਕਟ ਇੰਨਾ ਗਹਿਰਾ ਹੋ ਗਿਆ ਕਿ ਮੁਲਕ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਆਪਣਾ ਅਹੁਦਾ ਅਤੇ ਦੇਸ਼ ਦੋਵੇਂ ਛੱਡ ਦਿੱਤੇ ਹਨ।

ਜਿਸ ਤੋਂ ਬਾਅਦ ਅੰਦੋਲਨਕਾਰੀ ਲੋਕਾਂ ਦੀ ਮੰਗ ਮੁਤਾਬਕ ਦੇਸ ਦੀ ਸੰਸਦ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ।

ਸਰਕਾਰੀ ਨੌਕਰੀਆਂ ਵਿੱਚ ਰਾਖ਼ਵੇਂਕਰਨ ਖ਼ਿਲਾਫ਼ ਸ਼ੁਰੂ ਹੋਇਆ ਵਿਦਿਆਰਥੀ ਅੰਦੋਲਨ ਸੱਤਾ ਪਲਟਣ ਤੱਕ ਪਹੁੰਚ ਗਿਆ ਅਤੇ 4 ਅਗਸਤ ਨੂੰ ਹੋਈ ਹਿੰਸਾ 'ਚ ਘੱਟੋ-ਘੱਟ 94 ਲੋਕ ਮਾਰੇ ਗਏ ਸਨ।

ਵਿਦਿਆਰਥੀ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਤਿੰਨ ਸੌ ਨੂੰ ਪਾਰ ਕਰ ਗਈ ਹੈ।

ਵੀਡੀਓ ਕੈਪਸ਼ਨ, ਬੰਗਲਾਦੇਸ਼ ਵਿੱਚ ਵੱਸਦੇ ਪੰਜਾਬੀ ਕਿਸ ਹਾਲਾਤ 'ਚ ਰਹਿ ਰਹੇ

ਦੇਸ ਦੇ ਹਾਲਾਤ ਦਾ ਅਸਰ ਭਾਰਤ ਤੋਂ ਕਾਰੋਬਾਰ ਦੀ ਆਸ ਨਾਲ ਬੰਗਲਾਦੇਸ਼ ਜਾ ਵਸਣ ਵਾਲੇ ਭਾਰਤੀਆਂ ਉੱਤੇ ਵੀ ਪਿਆ ਹੈ।

ਪੰਜਾਬ ਤੋਂ ਬਿਹਤਰ ਰੋਜ਼ਗਾਰ ਲਈ ਢਾਕਾ ਜਾ ਵੱਸੇ ਭਾਰਤੀ ਨਾਗਰਿਕ ਉਮਰਾਓ ਸ਼ੇਰ ਸਿੰਘ ਉੱਪਲ ਨੇ ਬੰਗਲਾ ਦੇਸ਼ ਦੇ ਹਾਲਾਤ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਰਾਜਧਾਨੀ ਢਾਕਾ ਦੇ ਹਾਲਾਤ ਬਾਰੇ ਦੱਸਿਆ, “ਸੋਮਵਾਰ ਨਾਲੋਂ ਅੱਜ ਸਥਿਤੀ ਠੀਕ ਲੱਗ ਰਹੀ ਹੈ, ਲੋਕ ਆਪੋ ਆਪਣੇ ਕੰਮ ਕਾਜ ਉੱਤੇ ਜਾ ਰਹੇ ਹਨ ਅਤੇ ਮੈਂ ਵੀ ਇਸ ਸਮੇਂ ਆਪਣੇ ਦਫ਼ਤਰ ਵਿੱਚ ਕੰਮ ਕਰ ਰਿਹਾ ਹਾਂ।”

ਉਮਰਾਓ ਸ਼ੇਰ ਸਿੰਘ ਉੱਪਲ ਬੰਗਲਾਦੇਸ਼ ਦੀ ਪ੍ਰਮੁੱਖ ਟੈਕਸਟਾਈਲ ਕੰਪਨੀ ਸਿਲਵਰ ਲਾਈਨ ਗਰੁੱਪ ਵਿੱਚ ਚੀਫ਼ ਓਪਰੇਟਿੰਗ ਅਫ਼ਸਰ (ਸੀਓਓ) ਦੇ ਅਹੁਦੇ ਉੱਤੇ ਕੰਮ ਕਰਦੇ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਟਿਆਲਾ ਦਾ ਪਰਿਵਾਰ

ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਸ਼ਹਿਰ ਨਾਲ ਸਬੰਧਿਤ ਉਮਰਾਓ ਸ਼ੇਰ ਸਿੰਘ ਉੱਪਲ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਜਿਸ ਸਥਿਤੀ ਵਿੱਚ ਬੰਗਲਾਦੇਸ਼ ਗੁਜ਼ਰ ਰਿਹਾ ਸੀ, ਬੇਸ਼ੱਕ ਉਹ ਉਸ ਤੋਂ ਚਿੰਤਤ ਸਨ।

ਉਨ੍ਹਾਂ ਦੱਸਿਆ ਕਿ ਸੋਮਵਾਰ ਦੀ ਘਟਨਾ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੋ ਗਏ ਸਨ ਪਰ ਫ਼ਿਲਹਾਲ ਕਰਫ਼ਿਊ ਹਟਾ ਦਿੱਤਾ ਗਿਆ ਹੈ ਅਤੇ ਸਥਿਤੀ ਆਮ ਦਿਨਾਂ ਵਰਗੀ ਹੋਣ ਵੱਲ ਜਾ ਰਹੀ ਹੈ।

4 ਅਗਸਤ ਨੂੰ ਹੋਈ ਵਿਆਪਕ ਹਿੰਸਾ ਤੋਂ ਬਾਅਦ 5 ਅਗਸਤ ਦੇ ਦਿਨ ਦੀ ਸ਼ੁਰੂਆਤ ਬਹੁਤ ਹੀ ਤਣਾਅਪੂਰਨ ਸਥਿਤੀ ਵਿੱਚ ਸ਼ੁਰੂ ਹੋਈ ਸੀ। ਤਣਾਅ ਦੇ ਮੱਦੇਨਜ਼ਰ ਸਰਕਾਰ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਛੁੱਟੀ ਦਾ ਐਲਾਨ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆ ਇਸ ਵਕਤ ਬੰਗਲਾਦੇਸ਼ ਵੱਲ ਦੇਖ ਰਹੀ ਹੈ ਅਤੇ ਉਨ੍ਹਾਂ ਨਾਲ ਜੁੜੇ ਲੋਕ ਮੌਜੂਦਾ ਸਥਿਤੀ ਤੋਂ ਚਿੰਤਤ ਹਨ ਅਤੇ ਫ਼ੋਨ ਰਾਹੀਂ ਲਗਾਤਾਰ ਉਨ੍ਹਾਂ ਦੇ ਰਾਬਤੇ ਵਿੱਚ ਹਨ।

ਅੰਦੋਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰੀ ਰਿਹਾਇਸ਼ ਤੋਂ ਸਮਾਨ ਲਾਉਂਦੇ ਹੋਏ ਅੰਦੋਲਨਕਾਰੀ

ਉਮਰਾਓ ਸ਼ੇਰ ਸਿੰਘ ਉੱਪਲ ਨੇ ਦੱਸਿਆ ਕਿ ਸੋਮਵਾਰ ਨੂੰ ਢਾਕਾ ਵਿੱਚ ਹਾਲਤ ਖ਼ਰਾਬ ਹੁੰਦੇ ਦੇਖ ਜਦੋਂ ਕਰਫ਼ਿਊ ਲਗਾ ਦਿੱਤਾ ਗਿਆ ਤਾਂ ਉਹ ਘਰ ਵਿੱਚ ਹੀ ਸਨ।

ਮੀਡੀਆ ਰਿਪੋਰਟਾਂ ਦੇ ਆਧਾਰ ਉੱਤੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨੇ ਚਿੰਤਤ ਹੋ ਕੇ ਫ਼ੋਨ ਉੱਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਕੁਝ ਲੋਕਾਂ ਨੇ ਉਨ੍ਹਾਂ ਨੂੰ ਵਾਪਸ ਦੇਸ਼ ਪਰਤਣ ਆਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪਲ ਉਨ੍ਹਾਂ ਕਾਫ਼ੀ ਤਣਾਅਪੂਰਨ ਸਨ, ਪਰ ਉਨ੍ਹਾਂ ਨੇ ਹਿੰਮਤ ਤੋਂ ਕੰਮ ਲਿਆ।

ਉੱਪਲ ਮੁਤਾਬਕ ਉਨ੍ਹਾਂ ਪਰਿਵਾਰ ਨੂੰ ਵਾਪਸ ਭਾਰਤ ਭੇਜਣ ਬਾਰੇ ਸੋਚਿਆ ਵੀ ਸੀ ਪਰ ਉਨ੍ਹਾਂ ਦੀ ਪਤਨੀ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਉਮਰਾਓ ਸ਼ੇਰ ਸਿੰਘ ਉੱਪਲ ਦੱਸਦੇ ਹਨ ਕਿ ਫ਼ਿਲਹਾਲ ਮੁਲਕ ਵਿੱਚ ਫੌਜ ਦਾ ਰਾਜ ਹੈ ਅਤੇ ਸਥਿਤੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਮੰਗਲਵਾਰ ਨੂੰ ਸੜਕਾਂ ਉੱਤੇ ਆਵਾਜਾਈ ਆਮ ਵਾਂਗ ਦੇਖਣ ਨੂੰ ਮਿਲ ਰਹੀ ਹੈ ਅਤੇ ਉਨ੍ਹਾਂ ਦੇ ਦਫ਼ਤਰ ਵਿੱਚ ਕਰਮਚਾਰੀਆਂ ਦੀ ਹਾਜ਼ਰੀ ਪੂਰੀ ਹੈ।

ਉਮਰਾਓ ਸ਼ੇਰ ਸਿੰਘ ਉੱਪਲ
ਤਸਵੀਰ ਕੈਪਸ਼ਨ, ਉਮਰਾਓ ਸ਼ੇਰ ਸਿੰਘ ਉੱਪਲ ਪਰਿਵਾਰ ਸਮੇਤ ਕਰੀਬ ਸੱਤ ਸਾਲ ਤੋਂ ਢਾਕਾ ਵਿੱਚ ਕੰਮ ਕਰੇ ਹਨ

ਓਪਲ ਪਰਿਵਾਰ ਦੀ ਢਾਕਾ ਵਿੱਚ ਖ਼ੁਸ਼ਗਵਾਰ ਸ਼ੁਰੂਆਤ

ਉਮਰਾਓ ਸ਼ੇਰ ਸਿੰਘ ਉੱਪਲ ਪਰਿਵਾਰ ਸਮੇਤ ਕਰੀਬ ਸੱਤ ਸਾਲ ਤੋਂ ਢਾਕਾ ਵਿੱਚ ਕੰਮ ਕਰੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਭਾਰਤ ਵਿੱਚ ਜੇਸੀਟੀ ਕੰਪਨੀ ਵਿੱਚ ਕੰਮ ਕਰਦੇ ਸਨ, ਉਸ ਤੋਂ ਬਾਅਦ ਉਹ ਢਾਕਾ ਆ ਗਏ।

ਉੱਪਲ ਦੀ ਇੱਕ ਧੀ ਕੈਨੇਡਾ ਵਿੱਚ ਹੈ ਅਤੇ ਦੂਜੀ ਇਸ ਵਕਤ ਢਾਕਾ ਵਿੱਚ ਹੀ ਪੜ੍ਹਾਈ ਕਰ ਰਹੀ ਹੈ।

ਬੰਗਲਾਦੇਸ਼ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਟੈਕਸਟਾਈਲ ਦਾ ਹੱਬ ਹੈ ਅਤੇ ਉਨ੍ਹਾਂ ਦੀ ਕੰਪਨੀ ਦੁਨੀਆ ਦੇ ਵੱਖ ਵੱਖ ਮੁਲਕਾਂ ਦੇ ਮਸ਼ਹੂਰ ਬਰਾਂਡਾਂ ਲਈ ਮਾਲ ਤਿਆਰ ਕਰਦੀ ਹੈ।

ਬੰਗਲਾਦੇਸ਼ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਉਮਰਾਓ ਸ਼ੇਰ ਸਿੰਘ ਉੱਪਲ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਦੌਰਾਨ ਉਨ੍ਹਾਂ ਨਾਲ ਕਿਸੇ ਵੀ ਤਰਾਂ ਦਾ ਇੱਥੇ ਕੋਈ ਵਿਤਕਰਾ ਨਹੀਂ ਹੋਇਆ ਅਤੇ ਉਹ ਦਸਤਾਰ ਸਜਾ ਕੇ ਹੀ ਦਫ਼ਤਰ ਅਤੇ ਹੋਰ ਜਨਤਕ ਥਾਵਾਂ ਉੱਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਢਾਕਾ ਵਿੱਚ ਪੰਜਾਬੀਆਂ ਦੇ ਕੁਝ ਪਰਿਵਾਰ ਹਨ, ਜੋ ਟੈਕਸਟਾਈਲ ਕਾਰੋਬਾਰ ਨਾਲ ਹੀ ਜੁੜੇ ਹੋਏ ਹਨ।

ਢਾਕਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇੱਕ ਗੁਰਦੁਆਰਾ ਸਾਹਿਬ ਵੀ ਹੈ, ਜਿੱਥੇ ਹਰ ਛੁੱਟੀ ਵਾਲੇ ਦਿਨ ਇੱਥੇ ਰਹਿਣ ਵਾਲੀ ਸਿੱਖ ਸੰਗਤ ਜੁੜਦੀ ਹੈ।

ਪੰਜਾਬ ਤੋਂ ਇਲਾਵਾ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਦੇ ਲੋਕ ਇੱਥੇ ਵੱਡੀ ਤਦਾਦ ਵਿੱਚ ਹਨ।

ਇਹ ਵੀ ਪੜ੍ਹੋ-
ਉਮਰਾਓ ਸ਼ੇਰ ਸਿੰਘ ਉੱਪਲ
ਤਸਵੀਰ ਕੈਪਸ਼ਨ, ਉੱਪਲ ਦਾ ਕਹਿਣਾ ਹੈ ਕਿ ਢਾਕਾ ਵਿੱਚ ਉਨ੍ਹਾਂ ਦਾ ਕਾਰੋਬਾਰ ਚੰਗਾ ਚੱਲ ਰਿਹਾ ਹੈ

ਕੀ ਹੋਇਆ ਹੈ ਬੰਗਲਾ ਦੇਸ਼ ਵਿੱਚ

ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਖ਼ਿਲਾਫ਼ ਸ਼ੁਰੂ ਹੋਇਆ ਇਹ ਵਿਦਿਆਰਥੀ ਅੰਦੋਲਨ ਦੇਸ਼ ਵਿਆਪੀ ਮੁਜ਼ਾਹਰੇ ਵਿੱਚ ਬਦਲ ਗਿਆ ਅਤੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਸਰਕਾਰ ਦੇ ਪਤਨ ਤੱਕ ਪਹੁੰਚ ਗਿਆ।

ਸ਼ੇਖ਼ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ, ਹਜ਼ਾਰਾਂ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋ ਗਏ ਅਤੇ ਉੱਥੇ ਭੰਨਤੋੜ ਅਤੇ ਲੁੱਟਮਾਰ ਕੀਤੀ।

ਫੌਜ ਵੱਲੋਂ ਦੇਸ਼ ਵਿੱਚ ਅੰਤਰਿਮ ਸਰਕਾਰ ਬਣਾਉਣ ਦੇ ਐਲਾਨ ਦੇ ਬਾਵਜੂਦ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਅੰਦੋਲਨ ਅਤੇ ਬੰਗਲਾਦੇਸ਼ ਵਿੱਚ ਅੱਗੇ ਕੀ ਹੋਵੇਗਾ।

ਸ਼ੇਖ ਹਸੀਨਾ ਦਾ ਪੰਦਰਾਂ ਸਾਲਾਂ ਦਾ ਲਗਾਤਾਰ ਸ਼ਾਸਨ ਅਤੇ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਅਚਾਨਕ ਖ਼ਤਮ ਹੋ ਗਿਆ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ।

ਅੰਦੋਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦਿਆਰਥੀ ਅੰਦੋਲਨ ਦੇ ਹੱਕ ਵਿੱਚ ਲੱਖਾਂ ਲੋਕ ਸੜਕਾਂ ਉੱਤੇ ਉੱਤਰ ਆਏ

ਯਾਦ ਰਹੇ ਕਿ ਪਹਿਲੀ ਜੁਲਾਈ ਤੋਂ ਚੱਲ ਰਹੇ ਵਿਦਿਆਰਥੀ ਅੰਦੋਲਨ ਤੋਂ ਬਾਅਦ 21 ਜੁਲਾਈ ਨੂੰ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਤਕਰਬੀਨ ਖ਼ਤਮ ਕਰ ਦਿੱਤਾ ਸੀ।

ਪਰ ਇਸ ਫੈਸਲੇ ਦੇ ਬਾਵਜੂਦ ਬੰਗਲਾਦੇਸ਼ ਦੇ ਵਿਦਿਆਰਥੀਆਂ ਅਤੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜਨ ਲੱਗੀ।

ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਗਿਆ ਅਤੇ ਵਿਰੋਧੀ ਪਾਰਟੀਆਂ ਵੀ ਸੜਕਾਂ 'ਤੇ ਉਤਰ ਆਈਆਂ।

ਵਿਦਿਆਰਥੀ ਜਥੇਬੰਦੀਆਂ ਨੇ 4 ਅਗਸਤ ਤੋਂ ਮੁਕੰਮਲ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਸਰਕਾਰ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਸਖ਼ਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਹੋਈ, ਫੌਜ ਸੜਕਾਂ 'ਤੇ ਉਤਰ ਆਈ, ਪਰ ਲੋਕ ਨਹੀਂ ਰੁਕੇ।

4 ਅਗਸਤ ਨੂੰ ਹੋਈ ਹਿੰਸਾ 'ਚ ਘੱਟੋ-ਘੱਟ 94 ਲੋਕ ਮਾਰੇ ਗਏ ਸਨ।

ਵਿਦਿਆਰਥੀ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਤਿੰਨ ਸੌ ਨੂੰ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)