ਉੱਚੀਆਂ ਇਮਾਰਤਾਂ ਵਿੱਚ ਅੱਗ ਲੱਗ ਜਾਵੇ ਤਾਂ ਕੀ ਕਰੀਏ ਕਿ ਜਾਨ ਬਚਣ ਦੀ ਸੰਭਾਵਨਾ ਵਧ ਜਾਵੇ

ਦੁਨੀਆ ਦੀ ਆਬਾਦੀ ਦੇ ਨਾਲ-ਨਾਲ ਉੱਚੀਆਂ ਇਮਾਰਤਾਂ ਦੀ ਗਿਣਤੀ ਵੀ ਵਧ ਰਹੀ ਹੈ, ਖਾਸ ਕਰਕੇ ਸ਼ਹਿਰਾਂ ਵਿੱਚ।

ਪਰ ਹਾਂਗ ਕਾਂਗ ਵਿੱਚ ਇਸ ਹਫ਼ਤੇ ਇੱਕ ਰਿਹਾਇਸ਼ੀ ਉੱਚੀ ਇਮਾਰਤ 'ਚ ਲੱਗੀ ਭਿਆਨਕ ਅੱਗ ਤੋਂ ਬਾਅਦ ਦੁਨੀਆ ਭਰ ਵਿੱਚ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੱਖਾਂ ਲੋਕ ਚਿੰਤਾ ਵਿੱਚ ਹਨ।

ਅਤੇ ਕਹਿਣ ਦੀ ਲੋੜ ਨਹੀਂ ਕਿ ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਵਿਚਾਰ ਵੀ ਆਇਆ ਹੋਣਾ ਕਿ "ਜੇ ਮੇਰੇ ਬਲਾਕ ਵਿੱਚ ਅੱਗ ਲੱਗ ਜਾਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?"

ਯੂਕੇ ਦੀ ਨੈਸ਼ਨਲ ਫਾਇਰ ਚੀਫ਼ਸ ਕੌਂਸਲ ਫਾਇਰਜ਼ ਇਨ ਟਾਲ ਬਿਲਡਿੰਗਜ਼ ਗਰੁੱਪ ਦੇ ਚੇਅਰਮੈਨ ਬੇਨ ਲੇਵੀ ਨੇ ਬੀਬੀਸੀ ਨਿਊਜ਼ ਵਰਲਡ ਸਰਵਿਸ ਨਾਲ ਗੱਲ ਕਰਦਿਆਂ ਕਿਹਾ, "ਇੱਕ ਇਮਾਰਤ ਜਿੰਨੀ ਉੱਚੀ ਹੋਵੇਗੀ, ਅੱਗ ਲੱਗਣ ਦੀ ਸਥਿਤੀ ਵਿੱਚ ਇਸ 'ਚ ਰਹਿਣ ਵਾਲੇ (ਲੋਕ) ਪੂਰੀ ਸੁਰੱਖਿਆ ਤੋਂ ਓਨੇ ਹੀ ਦੂਰ ਹੋਣਗੇ।"

ਪਰ ਉਹ ਕੁਝ ਬੁਨਿਆਦੀ ਗੱਲਾਂ 'ਤੇ ਜ਼ੋਰ ਦਿੰਦੇ ਹਾਂ ਜੋ ਲੋਕ ਅੱਗ ਲੱਗਣ ਦੀ ਸਥਿਤੀ ਵਿੱਚ ਅਪਣਾ ਸਕਦੇ ਹਨ ਅਤੇ ਜ਼ਿੰਦਾ ਬਚਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦੇ ਹਨ।

ਇਮਾਰਤ 'ਚ ਅੱਗ ਲੱਗ ਜਾਵੇ ਤਾਂ ਕਿਵੇਂ ਬਚਿਆ ਜਾਵੇ

ਬੇਨ ਲੇਵੀ ਕਹਿੰਦੇ ਹਨ, "ਜਦੋਂ ਹੀ ਤੁਹਾਨੂੰ ਕਿਸੇ ਇਮਾਰਤ 'ਚ ਅੱਗ ਦਾ ਪਤਾ ਲੱਗੇ ਤਾਂ ਸਬੰਧਿਤ ਹੈਲਪਲਾਈਨ ਨੰਬਰ 'ਤੇ ਤੁਰੰਤ ਕਾਲ ਕਰੋ।"

ਲੇਵੀ ਮੁਤਾਬਕ, "ਜੇਕਰ ਤੁਹਾਨੂੰ ਤੁਹਾਡੇ ਆਪਣੇ ਨੇੜੇ-ਤੇੜੇ ਅੱਗ ਲੱਗਦੀ ਨਜ਼ਰ ਆਵੇ, ਤਾਂ ਪਹਿਲਾਂ ਯਕੀਨੀ ਬਣਾਓ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸੁਚੇਤ ਕਰੋ, ਫਿਰ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੋ। ਇਹ ਨਾ ਸੋਚੋ ਕਿ ਕਿਸੇ ਨੇ ਪਹਿਲਾਂ ਹੀ ਕਾਲ ਕਰ ਦਿੱਤੀ ਹੋਣੀ। ਅੱਗ ਲੱਗਣ ਵਰਗੀ ਸਥਿਤੀ ਵਿੱਚ ਹਰੇਕ ਸਕਿੰਟ ਮਾਅਨੇ ਰੱਖਦਾ ਹੈ। ਜਿੰਨੀ ਜਲਦੀ ਸਾਨੂੰ (ਐਮਰਜੈਂਸੀ ਸੇਵਾ ਨੂੰ) ਇਸ ਬਾਰੇ ਪਤਾ ਲੱਗੇਗਾ, ਓਨੀ ਜਲਦੀ ਅਸੀਂ ਮਦਦ ਭੇਜ ਸਕਦੇ ਹਾਂ, ਵੱਧ ਤੋਂ ਵੱਧ ਜਾਨਾਂ ਬਚਾ ਸਕਦੇ ਹਾਂ।''

"ਦੂਜੀ ਗੱਲ - ਸ਼ਾਂਤ ਰਹੋ। ਭੱਜੋ ਨਾ। ਨਜ਼ਦੀਕੀ ਨਿਕਾਸ ਰਸਤੇ ਤੱਕ ਆਰਾਮ ਨਾਲ ਪਹੁੰਚਣ ਦੀ ਕੋਸ਼ਿਸ਼ ਕਰੋ। ਇਸ ਨਾਲ ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣਾ ਆਸਾਨ ਹੋ ਜਾਵੇਗਾ, ਬਾਹਰ ਨਿਕਲਣ ਅਤੇ ਬਚਣ ਦੇ ਰਸਤੇ ਵਿੱਚ ਭੀੜ-ਭੜੱਕਾ ਨਹੀਂ ਹੋਵੇਗਾ ਅਤੇ ਫਾਇਰਫਾਈਟਰਾਂ ਦੇ ਬਚਾਅ ਯਤਨਾਂ ਵਿੱਚ ਵੀ ਰੁਕਾਵਟ ਆਉਣ ਤੋਂ ਬਚਿਆ ਜਾ ਸਕੇਗਾ।''

''ਅਤੇ ਜੇ ਤੁਸੀਂ ਕਰ ਸਕਦੇ ਹੋ - ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ ਸੁਰੱਖਿਅਤ ਹੋ - 'ਤੇ ਫਿਰ ਉਨ੍ਹਾਂ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਬਾਹਰ ਨਿਕਲਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ (ਜਿਵੇਂ ਬਜ਼ੁਰਗ, ਬੱਚੇ ਜਾਂ ਬਿਮਾਰ ਵਿਅਕਤੀ)।"

ਪੌੜੀਆਂ ਰਾਹੀਂ ਹੇਠਾਂ ਆਉਣਾ ਸਭ ਤੋਂ ਸੁਰੱਖਿਅਤ

ਹਾਲਾਂਕਿ, ਉੱਚੀਆਂ ਇਮਾਰਤਾਂ ਵਿੱਚ ਚੁਣੌਤੀ ਇਹ ਹੈ ਕਿ ਅਜਿਹੀ ਸਥਿਤੀ ਵਿੱਚ ਬਾਹਰ ਨਿਕਲਣ ਦਾ ਇੱਕੋ-ਇੱਕ ਭਰੋਸੇਯੋਗ ਰਸਤਾ ਆਮ ਤੌਰ 'ਤੇ ਪੌੜੀਆਂ ਰਾਹੀਂ ਹੇਠਾਂ ਆਉਣਾ ਹੁੰਦਾ ਹੈ, ਅਤੇ ਹਰੇਕ ਫਲੋਰ ਤੋਂ ਲੋਕਾਂ ਦੇ ਆਉਣ ਕਾਰਨ ਇਨ੍ਹਾਂ ਪੌੜੀਆਂ 'ਚ ਭੀੜ ਹੋ ਜਾਂਦੀ ਹੈ ਅਤੇ ਲੋਕਾਂ ਦੀ ਨਿਕਾਸੀ ਹੌਲੀ ਹੋ ਜਾਂਦੀ ਹੈ।

ਦਰਅਸਲ, ਅਜਿਹੀ ਸਥਿਤੀ 'ਚ ਪੌੜੀਆਂ ਤੋਂ ਨਿਕਾਸੀ ਦੌਰਾਨ ਲੱਗਣਾ ਵਾਲਾ ਸਮਾਂ ਜ਼ਿਆਦਾਤਰ ਲੋਕਾਂ ਦੀ ਉਮੀਦ ਨਾਲੋਂ ਬਹੁਤ ਹੌਲੀ ਹੁੰਦਾ ਹੈ। ਨਿਯੰਤਰਿਤ ਜਾਂ ਡ੍ਰਿਲ ਸਥਿਤੀਆਂ ਵਿੱਚ, ਲੋਕ ਲਗਭਗ 0.4-0.7 ਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਹੇਠਾਂ ਉਤਰਦੇ ਹਨ। ਪਰ ਇੱਕ ਅਸਲ ਐਮਰਜੈਂਸੀ ਵਿੱਚ, ਖਾਸ ਕਰਕੇ ਉੱਚੀਆਂ ਇਮਾਰਤਾਂ ਵਿੱਚ ਅੱਗ ਲੱਗਣ ਦੌਰਾਨ ਇਹ ਗਤੀ ਤੇਜ਼ੀ ਨਾਲ ਘਟ ਸਕਦੀ ਹੈ।

ਇਸ ਦਾ ਇੱਕ ਪ੍ਰਮੁੱਖ ਕਾਰਨ ਹੈ - ਥਕਾਵਟ। ਜ਼ਿਆਦਾ ਦੇਰ ਲਈ ਤੁਰਨਾ ਉਤਰਨ ਦੀ ਗਤੀ ਨੂੰ ਕਾਫ਼ੀ ਹੌਲੀ ਕਰ ਦਿੰਦਾ ਹੈ। ਅਤੇ ਉੱਚੀਆਂ ਇਮਾਰਤਾਂ 'ਚੋਂ ਬਚ ਕੇ ਨਿਕਲਣ ਵਾਲੇ ਜ਼ਿਆਦਾਤਰ ਲੋਕ ਘੱਟੋ-ਘੱਟ ਇੱਕ ਵਾਰ ਤਾਂ ਰੁਕਦੇ ਹਨ।

ਸਾਲ 2010 ਵਿੱਚ ਚੀਨ ਦੇ ਸ਼ੰਘਾਈ ਵਿੱਚ ਇੱਕ ਉੱਚੀ ਇਮਾਰਤ ਵਿੱਚ ਅੱਗ ਲੱਗਣ ਦੌਰਾਨ ਜ਼ਿੰਦਾ ਬਚੇ ਲਗਭਗ ਅੱਧੇ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਦੀ ਗਤੀ ਕਾਫ਼ੀ ਹੌਲੀ ਹੋ ਗਈ ਸੀ।

ਪੌੜੀਆਂ ਤੋਂ ਉਤਰਨ ਵੇਲੇ ਆਉਂਦੀਆਂ ਦਿੱਕਤਾਂ

ਘਰ ਦੇ ਬਜ਼ੁਰਗ ਜਾਂ ਛੋਟੇ ਮੈਂਬਰਾਂ ਦੀ ਤੁਰਨ ਦੀ ਗਤੀ ਹੌਲੀ ਹੋ ਸਕਦੀ ਹੈ। ਘਰ ਦੇ ਮੈਂਬਰ ਅਕਸਰ ਇਸ ਸਥਿਤੀ ਨੂੰ ਨਹੀਂ ਸਮਝਦੇ ਅਤੇ ਸੋਚਦੇ ਹਨ ਇਕੱਠੇ ਬਾਹਰ ਨਿਕਲਾਂਗੇ ਆਦਿ। ਅਤੇ ਇਸ ਨਾਲ ਨਿਕਾਸੀ ਦੀ ਪ੍ਰਕਿਰਿਆ ਹੋਰ ਹੌਲੀ ਹੋ ਸਕਦੀ ਹੈ , ਬਾਹਰ ਨਿਕਲਣ ਦੀ ਗਤੀ ਨੂੰ ਹੋਰ ਵੀ ਹੌਲੀ ਕਰ ਸਕਦੀ ਹੈ।

ਆਸਟ੍ਰੇਲੀਆ ਦੀ ਮੈਲਬੌਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਲਾਦ ਹਘਾਨੀ, ਜੋ ਸ਼ਹਿਰੀ ਜੋਖਮ, ਰੇਜ਼ੀਲਿਏਂਸ ਅਤੇ ਮੋਬਿਲਿਟੀ ਸਬੰਧੀ ਅਧਿਐਨ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਨਿਊਜ਼ ਵਰਲਡ ਸਰਵਿਸ ਨੂੰ ਦੱਸਿਆ, "ਮੇਰੀ ਖੋਜ ਦਰਸਾਉਂਦੀ ਹੈ ਕਿ ਜਦੋਂ ਲੋਕ ਪਰਿਵਾਰਾਂ ਨਾਲ ਆਉਂਦੇ ਹਨ, ਤਾਂ ਉਹ ਪੌੜੀਆਂ 'ਤੇ ਵੀ ਇਹ ਬਹੁਭੁਜ ਆਕਾਰ ਬਣਾ ਲੈਂਦੇ ਹਨ।"

ਇਸਦਾ ਮਤਲਬ ਹੈ ਕਿ ਉਨ੍ਹਾਂ ਦੇ ਵਿਚਕਾਰ ਬਹੁਤ ਸਾਰੀ ਜਗ੍ਹਾ ਬੇਕਾਰ ਹੋ ਜਾਂਦੀ ਹੈ। ਇਹ ਭੀੜ ਦਾ ਕਾਰਨ ਬਣ ਸਕਦਾ ਹੈ ਅਤੇ ਭੀੜ ਦੀ ਗਤੀ ਨੂੰ ਹੌਲੀ ਕਰ ਸਕਦਾ ਹੈ।

ਉਨ੍ਹਾਂ ਕਿਹਾ, "ਜਦਕਿ ਜੇਕਰ ਪਰਿਵਾਰ ਜਾਂ ਲੋਕਾਂ ਦਾ ਸਮੂਹ ਜੋ ਇਕੱਠੇ ਹੁੰਦੇ ਹਨ, ਸੱਪ ਵਾਂਗ ਇੱਕ ਕਤਾਰ ਬਣਾ ਕੇ ਇੱਕ-ਦੂਜੇ ਦੇ ਪਿੱਛੇ ਚੱਲਦੇ ਹਨ - ਮੈਂ ਇਸਦਾ ਪ੍ਰਯੋਗ ਕੀਤਾ ਹੈ ਅਤੇ ਦਿਖਾਇਆ ਹੈ ਕਿ ਇਸ ਨਾਲ ਲੋਕ ਤੇਜ਼ੀ ਨਾਲ ਅੱਗੇ ਵਧ ਪਾਉਂਦੇ ਹਨ।"

ਲੇਵੀ ਕਹਿੰਦੇ ਹਨ, "ਇਹ (ਕਤਾਰ 'ਚ ਚੱਲਣਾ) ਮਦਦ ਕਰ ਸਕਦਾ ਹੈ ਜੇਕਰ ਸਮੂਹ ਇੱਕ, ਦੋ, ਤਿੰਨ, ਚਾਰ... ਗਿਣਤੀ ਕਰਦੇ ਹੋਏ ਇੱਕਸਾਰ ਰਫ਼ਤਾਰ ਬਣਾਈ ਰੱਖੇ" ਜਦਕਿ ਜੋ ਆਪ ਉਤਰਨ ਦੇ ਸਮਰੱਥ ਹਨ ਉਹ ਰੇਲਿੰਗ ਨੂੰ ਫੜ੍ਹ ਕੇ ਉਤਰ ਸਕਦੇ ਹਨ।''

ਪਰ ਉਹ ਅੱਗੇ ਇਹ ਵੀ ਕਹਿੰਦੇ ਹਨ ਕਿ "ਯਾਦ ਰੱਖੋ ਕਿ ਜਦੋਂ ਤੁਸੀਂ ਹੇਠਾਂ ਆ ਰਹੇ ਹੋ, ਤਾਂ ਫਾਇਰਫਾਈਟਰ ਪੌੜੀਆਂ ਤੋਂ ਉੱਪਰ ਆ ਰਹੇ ਹੋ ਸਕਦੇ ਹਨ।"

ਜ਼ਿੰਦਾ ਬਚਣ ਦੀ ਕੁੰਜੀ ਹੈ - ਤਿਆਰੀ

ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਇੱਕ ਉੱਚੀ ਇਮਾਰਤ ਵਿੱਚ ਅੱਗ ਲੱਗਣ ਦੀ ਸਥਿਤੀ ਵਿੱਚ ਜ਼ਿੰਦਾ ਬਚਣ ਦੀ ਕੁੰਜੀ ਹੈ - ਤਿਆਰੀ। ਇਮਾਰਤ 'ਚ ਲੱਗੀ ਅੱਗ ਤੋਂ ਬਚਣ ਦੇ ਤਰੀਕਿਆਂ (ਨਿਕਾਸੀ ਮਾਰਗ ਆਦਿ) ਅਤੇ ਆਮ ਲੇਆਉਟ ਸਬੰਧੀ ਜਾਣਕਾਰੀ ਮਹੱਤਵਪੂਰਨ ਹੋ ਸਕਦੀ ਹੈ, ਖਾਸ ਕਰਕੇ ਉਨ੍ਹਾਂ ਨਿਵਾਸੀਆਂ ਲਈ ਜਿਨ੍ਹਾਂ ਨੂੰ ਅੱਧੀ ਰਾਤ ਨੂੰ ਭੱਜਣਾ ਪੈ ਸਕਦਾ ਹੈ।

ਲੇਵੀ ਸਲਾਹ ਦਿੰਦੇ ਹਨ ਕਿ ਇਮਾਰਤ ਦੀ ਸਭ ਤੋਂ ਹੇਠਲੀ ਮੰਜ਼ਿਲ 'ਤੇ ਜਾਣ ਲਈ ਹਮੇਸ਼ਾ ਲਿਫਟ ਦੀ ਵਰਤੋਂ ਕਰਨ ਦੀ ਬਜਾਏ ਸਮੇਂ-ਸਮੇਂ 'ਤੇ ਪੌੜੀਆਂ ਤੋਂ ਵੀ ਹੇਠਾਂ ਉਤਰਨਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਐਮਰਜੈਂਸੀ ਵਿੱਚ ਲੋੜ ਪਵੇ, ਇਸ ਤੋਂ ਪਹਿਲਾਂ ਹੀ ਇਹ ਤਜ਼ਰਬਾ ਰੱਖੋ ਕਿ ਪੌੜੀਆਂ ਤੋਂ ਹੇਠਾਂ ਉਤਰਨਾ ਕਿਹੋ ਜਿਹਾ ਹੁੰਦਾ ਹੈ। ਪਹਿਲਾਂ ਤੋਂ ਅਤੇ ਕਿਸੇ ਵੀ ਘਟਨਾ ਲਈ ਤਿਆਰ ਰਹੋ।"

ਹਘਾਨੀ ਦੱਸਦੇ ਹਨ ਕਿ ਐਮਰਜੈਂਸੀ ਦੌਰਾਨ ਲੋਕ ਡਰ ਜਾਂਦੇ ਹਨ। "ਸਪਸ਼ਟ ਤੌਰ 'ਤੇ, ਬਹੁਤ ਸਾਰੇ ਲੋਕ ਅੱਗ ਦਾ ਅਲਾਰਮ ਅਤੇ ਜਾਣਕਾਰੀ ਸੁਣ ਕੇ ਝਿਜਕ ਜਾਂਦੇ ਹਨ (ਭਾਵ ਨਿਕਲਣ ਦਾ ਫੈਸਲਾ ਲੈਣ 'ਚ ਦੇਰੀ ਕਰਦੇ ਹਨ)।"

ਉਨ੍ਹਾਂ ਕਿਹਾ, "ਆਮ ਤੌਰ 'ਤੇ, ਜੋ ਬਚ ਜਾਂਦੇ ਹਨ ਉਹ ਅਜਿਹੇ ਲੋਕ ਹੁੰਦੇ ਹਨ ਜੋ ਬਹੁਤ ਜਲਦੀ ਪ੍ਰਤੀਕਿਰਿਆ ਕਰਦੇ ਹਨ। ਅਤੇ ਇਹ ਇਸ ਨਾਲ ਜੁੜਿਆ ਹੋਇਆ ਹੈ ਕਿ ਉਨ੍ਹਾਂ ਨੂੰ ਅੱਗ ਤੋਂ ਬਚਣ ਦੇ ਤਰੀਕਿਆਂ ਬਾਰੇ ਕਿੰਨੀ ਜਾਣਕਾਰੀ ਅਤੇ ਗਿਆਨ ਹੈ ਅਤੇ ਉਨ੍ਹਾਂ ਨੇ ਕਿੰਨੀ ਵਾਰ ਅੱਗ ਤੋਂ ਬਚਣ ਦੇ ਅਭਿਆਸ ਕੀਤੇ ਹਨ।"

ਇਮਾਰਤਾਂ ਦਾ ਤੈਅ ਮਿਆਰਾਂ ਮੁਤਾਬਕ ਸੁਰੱਖਿਅਤ ਹੋਣਾ ਬਹੁਤ ਜ਼ਰੂਰੀ

ਲੇਵੀ ਇਹ ਵੀ ਕਹਿੰਦੇ ਹਨ ਕਿ ਜਿੰਨਾ ਸੰਭਵ ਹੋ ਸਕੇ ਇਮਾਰਤਾਂ ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ।

ਉਹ ਕਹਿੰਦੇ ਹਨ, "ਅਸੀਂ ਸਾਰੇ ਇਹ ਮੰਨਦੇ ਹਾਂ ਕਿ ਸਾਡੀਆਂ ਇਮਾਰਤਾਂ ਸੁਰੱਖਿਅਤ ਹਨ ਅਤੇ ਤੈਅ ਮਿਆਰਾਂ ਅਨੁਸਾਰ ਬਣਾਈਆਂ ਗਈਆਂ ਹਨ, ਜੋ ਅੱਗ ਲੱਗਣ ਦੀ ਸਥਿਤੀ ਵਿੱਚ ਵੀ ਨਿਯਮਾਂ ਮੁਤਾਬਕ ਹੁੰਦੀਆਂ ਹਨ।"

"ਫਿਰ, ਫਾਇਰ ਡੋਰਜ਼, ਕੰਪਾਰਟਮੈਂਟੇਸ਼ਨ ਅਤੇ ਸਟ੍ਰਕਚਰਲ ਇੰਟੈਗ੍ਰਿਟੀ ਸੰਬੰਧੀ ਅੱਗ ਸੁਰੱਖਿਆ ਸਿਧਾਂਤ ਮਜ਼ਬੂਤ ਅਤੇ ਸਹੀ ਹੋਣੇ ਚਾਹੀਦੇ ਹਨ ਅਤੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ, ਇੰਨਾ ਸੁਰੱਖਿਅਤ ਕਿ ਜੇਕਰ ਉਹ ਚਾਹੁਣ ਤਾਂ ਇਮਾਰਤ ਨੂੰ ਆਰਾਮ ਨਾਲ ਖਾਲੀ ਕਰ ਸਕਣ।

"ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਦੁਨੀਆ ਭਰ ਵਿੱਚ ਉੱਚੀਆਂ ਇਮਾਰਤਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੇਖੀਆਂ ਹਨ, ਜਿੱਥੇ ਇਹ ਧਾਰਨਾਵਾਂ ਗਲਤ ਸਾਬਤ ਹੋਈਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)