You’re viewing a text-only version of this website that uses less data. View the main version of the website including all images and videos.
ਪੰਜਾਬ ਦੀਆਂ 13 ਥਾਵਾਂ ’ਤੇ ਐੱਨਆਈਏ ਦੀ ਛਾਪੇਮਾਰੀ, ਅਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰੇ ਵੀ ਪਹੁੰਚੀ ਟੀਮ, ਕੀ ਹੈ ਮਾਮਲਾ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
ਐੱਨਆਈਏ ਵੱਲੋਂ ਸ਼ੁੱਕਰਵਾਰ ਸਵਖਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ 13 ਥਾਵਾਂ ’ਤੇ ਛਾਪੇ ਮਾਰੇ ਗਏ ਹਨ।
ਐੱਨਆਈਏ ਵੱਲੋਂ ਅਜੇ ਤੱਕ ਰੇਡ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪੁਲਿਸ ਸੂਤਰਾਂ ਮੁਤਾਬਕ ਇਹ ਛਾਪੇ 2023 ਦੀ ਇੱਕ ਘਟਨਾ ਦੇ ਸਬੰਧ ਵਿੱਚ ਮਾਰੇ ਗਏ ਹਨ, ਜਿਸ ਵਿੱਚ ਕੈਨੇਡਾ ਦੇ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਸੀ ਅਤੇ ਹਾਈ ਕਮਿਸ਼ਨ ਦੀ ਚਾਰਦੀਵਾਰੀ ਦੀ ਇਮਾਰਤ ਦੇ ਅੰਦਰ ਕਥਿਤ ਤੌਰ ਉੱਤੇ ਦੋ ਗ੍ਰਨੇਡ ਵੀ ਸੁੱਟੇ ਸਨ।
ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਸਵੇਰੇ 6 ਵਜੇ ਪੁੱਜੀ ਟੀਮ
ਇਨ੍ਹਾਂ 13 ਛਾਪਿਆਂ ਵਿੱਚੋਂ ਇੱਕ ਮੋਗਾ ਜ਼ਿਲ੍ਹੇ ਦੇ ਕਸਬੇ ਸਮਾਲਸਰ ਵਿਖੇ ਕਵੀਸ਼ਰ ਮੱਖਣ ਸਿੰਘ ਮੁਸਾਫਰ (40) ਦੇ ਘਰ ਮਾਰਿਆ ਗਿਆ ਹੈ। ਐੱਨਆਈਏ ਦੀ ਟੀਮ ਸਵੇਰੇ 6 ਵਜੇ ਉਨ੍ਹਾਂ ਦੇ ਘਰੇ ਪਹੁੰਚ ਗਈ ਸੀ। ਪਰ ਉਹ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸਨ।
ਮੱਖਣ ਸਿੰਘ ਮੁਸਾਫਰ ‘ਨਿਧੱੜਕ ਪੰਜਾਬੀ ਕਵੀਸ਼ਰੀ ਜਥਾ’ ਨਾਮ ਦੇ ਜਥੇ ਦਾ ਸੰਚਾਲਨ ਕਰਦੇ ਹਨ। ਮੱਖਣ ਸਿੱਘ ਅਕਸਰ ਹੀ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਵਰਗੇ ਮੁਲਕਾਂ ਵਿੱਚ ਕਰਵਾਏ ਜਾਂਦੇ ਕਵੀਸ਼ਰੀ ਸਮਾਗਮਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਦਾ ਛਾਪਾ ਉਨ੍ਹਾਂ ਦੀਆਂ ਵਿਦੇਸ਼ੀ ਫੇਰੀਆਂ ਨਾਲ ਹੀ ਸਬੰਧਤ ਹੈ।
ਪੁਲਿਸ ਦੇ ਸੂਤਰਾਂ ਮੁਤਾਬਕ ਉਨ੍ਹਾਂ ਦੀ ਹੁਣ ਤੱਕ ਕਿਸੇ ਵੀ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਨਹੀਂ ਰਹੀ ਹੈ।
ਬੀਤੇ ਕੱਲ੍ਹ ਮੱਖਣ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਤੇਵਾਲਾ ਨੇੜੇ ਮਹਿਤਾ ਚੌਕ ਵਿੱਚ ਕਰਵਾਏ ਕਵੀਸ਼ਰੀ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ ਸੀ।
ਇਸ ਤੋਂ ਇਲਾਵਾ ਮੱਖਣ ਸਿੰਘ ਮੁਸਾਫਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਮੁੱਦਿਆਂ ਬਾਰੇ ਜਨਤਕ ਸਮਾਗਮਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਆਵਾਜ਼ ਚੁੱਕਦੇ ਰਹਿੰਦੇ ਹਨ।
ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਦੇ ਘਰ ਅਤੇ ਦੁਕਾਨ ਉੱਤੇ ਵੀ ਛਾਪਾ
ਐੱਨਆਈਏ ਨੇ ਖਾਲਿਸਤਾਨ ਹਮਾਇਤੀ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਪ੍ਰਗਟ ਸਿੰਘ ਸੰਧੂ ਦੇ ਘਰ ਅਤੇ ਦੁਕਾਨ ’ਤੇ ਵੀ ਛਾਪਾ ਮਾਰਿਆ ਗਿਆ ਹੈ, ਜੋ ਰਈਆ-ਫੇਰੂਮਾਨ ਰੋਡ ਉੱਤੇ ਸਥਿਤ ਹੈ।
ਅਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਸੰਧੂ ਪੇਸ਼ੇ ਵਜੋਂ ਇੱਕ ਕਾਰੋਬਾਰੀ ਹਨ ਅਤੇ ਉਹ ‘ਸੰਧੂ ਫਰਨੀਚਰ’ ਨਾਮ ਦੀ ਦੁਕਾਨ ਚਲਾਉਂਦੇ ਹਨ। ਇਲਾਕੇ ਵਿੱਚ ਉਹ ‘ਸੰਧੂ ਫਰਨੀਚਰ ਰਈਏ ਵਾਲੇ’ ਨਾਮ ਦੇ ਨਾਲ ਮਸ਼ਹੂਰ ਹਨ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਦੀਪ ਸਿੰਘ ਭਿੰਡਰ ਜੋ ਕਿ ਅਮ੍ਰਿਤਪਾਲ ਸਿੰਘ ਦੀ ਟੀਮ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਐੱਨਆਈਏ ਦੀ ਟੀਮ ਸਵੇਰੇ 5 ਵਜੇ ਪਰਗਟ ਸਿੰਘ ਸੰਧੂ ਦੇ ਘਰ ਪਹੁੰਚੀ ਸੀ।
ਚਰਨਦੀਪ ਸਿੰਘ ਨੇ ਇਲਜ਼ਾਮ ਲਾਇਆ ਕਿ ਕੇਂਦਰੀ ਏਜੰਸੀਆਂ ਵੱਲੋਂ ਅਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਐੱਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਦਾ ਸਬੰਧ ਕੈਨੇਡਾ ਦੇ ਉਟਵਾ ਸ਼ਹਿਰ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਅਤੇ ਹਮਲਿਆਂ ਨਾਲ ਹੈ।
ਇਸ ਮਾਮਲੇ ਦੀ ਜਾਂਚ ਦੌਰਾਨ ਕੁਝ ਤੱਥ ਸਾਹਮਣੇ ਆਏ ਸਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।
ਐੱਮਪੀ ਅਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ
ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਪਲੈਟਫਾਮ 'ਐਕਸ' ਤੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ।
ਇਸ ਪੋਸਟ ਵਿੱਚ ਲਿਖਿਆ, “ਅੱਜ ਸਵੇਰ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ-ਰਿਸ਼ਤੇਦਾਰਾਂ ਦੇ ਘਰ ਐੱਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਭਾਈ ਸਾਬ੍ਹ ਦੇ ਘਰ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਖਾਸ ਕਰਕੇ ਉਨ੍ਹਾਂ ਦੇ ਘਰ ਦੀਆਂ ਬਜ਼ੁਰਗ ਬੀਬੀਆਂ ਨੂੰ।”
“ਭਾਈ ਸਾਬ੍ਹ ਨੂੰ ਲੋਕਾਂ ਨੇ ਚੁਣਿਆ ਤੇ ਖਡੂਰ ਸਾਹਿਬ ਤੋਂ ਜਿਤਾਇਆ, ਪਰ ਫੇਰ ਵੀ ਇਸ ਤਰ੍ਹਾਂ ਵਾਰ-ਵਾਰ ਉਨ੍ਹਾਂ ਦੇ ਘਰਦਿਆਂ ਨੂੰ ਪ੍ਰੇਸ਼ਾਨ ਕਰਨਾ ਸਰਾਸਰ ਗਲਤ ਹੈ, ਜੇ ਕਿਸੇ ਵੀ ਤਰ੍ਹਾਂ ਦੇ ਕੋਈ ਸਬੂਤ ਹਨ ਤਾਂ ਸਾਹਮਣੇ ਨਸ਼ਰ ਕਰੋ।”
“ਅੱਜ ਪੰਜਾਬ ਵਿੱਚ ਅਨੇਕਾਂ ਕੁਰੀਤੀਆਂ ਫੈਲੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਨਸ਼ਾ ਤੇ ਗੈਂਗਸਟਰਵਾਦ ਮੁੱਖ ਹਨ, ਪਰ ਸਰਕਾਰ ਇਨ੍ਹਾਂ ਦੇ ਸਰਗਨਿਆਂ ਨੂੰ ਫੜਨ ਦੀ ਬਜਾਏ ਭਾਈ ਸਾਬ੍ਹ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਪਿੱਛੇ ਪਈ ਹੈ।”
“ਭਾਈ ਸਾਬ੍ਹ ਨੇ ਹਮੇਸ਼ਾ ਆਪਣੇ ਲੋਕਾਂ ਬਾਰੇ ਸੋਚਿਆ ਹੈ ਤੇ ਅੱਗੇ ਵੀ ਸੋਚਦੇ ਰਹਿਣਗੇ ਤੇ ਉਨ੍ਹਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਇਹ ਪਹਿਲਾਂ ਵੀ ਸਾਬਿਤ ਹੋ ਚੁੱਕਿਆ ਹੈ ਤੇ ਅੱਗੇ ਵੀ ਹੋਵੇਗਾ।’’
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ