You’re viewing a text-only version of this website that uses less data. View the main version of the website including all images and videos.
ਪੋਲੀਓ ਪੀੜਤ ਭਿਖਾਰੀ ਮੁੰਡਾ, ਜੋ 16 ਸਾਲ ਦੀ ਉਮਰ ਵਿੱਚ ਪੜ੍ਹਨਾ ਸਿੱਖਿਆ ਤੇ ਹੁਣ ਡਾਕਟਰ ਬਣ ਕੇ ਜਾਨਾਂ ਬਚਾਉਂਦਾ ਹੈ
- ਲੇਖਕ, ਬੈਨੀ ਲੂ ਅਤੇ ਵੀਬੇਕੇ ਵੇਨੇਮਾ
- ਰੋਲ, ਬੀਬੀਸੀ ਪੱਤਰਕਾਰ
ਲੀ ਚੁਆਂਗਯੇ 37 ਸਾਲਾ ਡਾਕਟਰ ਹੈ, ਉਨ੍ਹਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸਰ ਕਰਨ ਅਤੇ ਪਹਾੜਾਂ ਉੱਤੇ ਚੜ੍ਹਨ ਦੇ ਸ਼ੌਕ ਦੀ ਕਹਾਣੀ ਚੀਨ ਵਿੱਚ ਵਾਇਰਲ ਹੋਈ ਸੀ।
ਪੋਲੀਓ ਤੋਂ ਪ੍ਰਭਾਵਿਤ ਲੀ ਨੂੰ ਬਚਪਨ ਵਿੱਚ ਇੱਕ ਧੋਖੇ ਤੋਂ ਬਾਅਦ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਪੜ੍ਹਨਾ ਸਿੱਖਿਆ ਸੀ।
1988 ਵਿੱਚ ਹੇਨਾਨ ਸੂਬੇ ਵਿੱਚ ਇੱਕ ਗਰੀਬ ਕਿਸਾਨ ਦੇ ਘਰ ਜੰਮੇ ਲੀ ਚੁਆਂਗਯੇ ਨੂੰ ਸੱਤ ਮਹੀਨੇ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ, ਜਿਸ ਕਾਰਨ ਉਹ ਆਪਣੀਆਂ ਅੱਡੀਆਂ 'ਤੇ ਬੈਠਣ ਤੋਂ ਬਿਨ੍ਹਾਂ ਤੁਰਨ ਤੋਂ ਅਸਮਰੱਥ ਹੋ ਗਏ ਸਨ।
ਬਚਪਨ ਵਿੱਚ, ਲੀ ਦੂਜੇ ਬੱਚਿਆਂ ਵਾਂਗ ਬੈਗ ਪੈਕ ਕਰਕੇ ਸਕੂਲ ਜਾਣ ਦਾ ਸੁਪਨਾ ਦੇਖਦੇ ਸਨ, ਪਰ ਉਨ੍ਹਾਂ ਨੂੰ ਬਹੁਤ ਮਜ਼ਾਕ ਦਾ ਸਾਹਮਣਾ ਕਰਨਾ ਪਿਆ।
ਕੁਝ ਬੱਚਿਆਂ ਨੇ ਉਨ੍ਹਾਂ ਨੂੰ 'ਦੁਨੀਆਂ ਉੱਤੇ ਭਾਰ' ਦੱਸਿਆ ਜੋ ਸਿਰਫ਼ ਖਾ ਸਕਦਾ ਸੀ ਅਤੇ ਹੋਰ ਕੋਈ ਕੰਮ ਕਰਨ ਦੇ ਯੋਗ ਨਹੀਂ ਸੀ।
ਲੀ ਕਹਿੰਦੇ ਹਨ, "ਇਸ ਗੱਲ ਨੇ ਮੈਨੂੰ ਬਹੁਤ ਦੁੱਖ ਦਿੱਤਾ।"
ਜਦੋਂ ਲੀ ਨੌਂ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਲੱਤਾਂ ਦੀ ਸਰਜਰੀ ਨਾਲ ਉਹ ਤੁਰ ਸਕਦੇ ਹਨ, ਇਸ ਲਈ ਪਰਿਵਾਰ ਨੇ ਉਨ੍ਹਾਂ ਦੀ ਸਰਜਰੀ ਲਈ ਹੋਰ ਪੈਸੇ ਉਧਾਰ ਲਏ।
ਲੀ ਨੂੰ ਵੀ ਆਪ੍ਰੇਸ਼ਨ ਤੋਂ ਬਹੁਤ ਉਮੀਦਾਂ ਸਨ।
ਉਹ ਕਹਿੰਦੇ ਹਨ, "ਜਦੋਂ ਮੈਂ ਵਾਰਡ ਵਿੱਚ ਇਲਾਜ ਕਰਵਾ ਰਿਹਾ ਸੀ, ਤਾਂ ਦੂਜੇ ਬੱਚੇ ਰੋ ਰਹੇ ਸਨ, ਪਰ ਮੈਂ ਮੁਸਕਰਾ ਰਿਹਾ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਜਲਦੀ ਹੀ ਇੱਕ ਆਮ ਵਿਅਕਤੀ ਵਾਂਗ ਤੁਰਾਂਗਾ।"
ਪਰ ਸਰਜਰੀ ਅਸਫਲ ਰਹੀ, ਜਿਸ ਨਾਲ ਲੀ ਦੇ ਤੁਰਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਅਤੇ ਉਹ ਡੂੰਘੇ ਡਿਪਰੈਸ਼ਨ ਵਿੱਚ ਡੁੱਬ ਗਏ।
ਉਨ੍ਹਾਂ ਨੂੰ ਮਹਿਸੂਸ ਹੋਣ ਲੱਗਿਆ ਕਿ ਜ਼ਿੰਦਗੀ ਬੇਕਾਰ ਹੈ। ਲੀ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਜਿਉਣ ਨਾਲੋਂ ਮਰਨਾ ਪਸੰਦ ਕਰੇਗਾ।
ਉਨਾਂ ਦੀ ਮਾਂ ਨੇ ਸਮਝਾਇਆ ਕਿ ਉਹ ਹਾਰ ਨਾ ਮੰਨੇ।
ਲੀ ਦੱਸਦੇ ਹਨ, ਮਾਂ ਨੇ ਧਰਵਾਸ ਦਿੱਤਾ ਤੇ ਕਿਹਾ, "ਅਸੀਂ ਤੈਨੂੰ ਇਸ ਤਰ੍ਹਾਂ ਪਾਲ ਰਹੇ ਹਾਂ ਕਿ ਜਦੋਂ ਅਸੀਂ ਬੁੱਢੇ ਹੋਵਾਂਗੇ, ਸਾਡੇ ਕੋਲ ਗੱਲ ਕਰਨ ਲਈ ਕੋਈ ਹੋਵੇ। ਬਿੱਲੀ ਜਾਂ ਕੁੱਤਾ ਬੋਲ ਨਹੀਂ ਸਕਦਾ, ਪਰ ਤੂੰ ਬੋਲ ਸਕਦਾ ਹੈਂ।"
ਮਾਂ ਦੇ ਸ਼ਬਦਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਲੀ ਕਹਿੰਦੇ ਹਨ, "ਮੈਂ ਸੋਚਿਆ ਕਿ ਮੇਰੇ ਮਾਪਿਆਂ ਅਤੇ ਪਰਿਵਾਰ ਨੇ ਮੇਰੇ ਲਈ ਕਿੰਨਾ ਕੁਝ ਕੁਰਬਾਨ ਕੀਤਾ ਹੈ ਅਤੇ ਮੈਂ ਰੋਣ ਲੱਗਿਆ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਜੀਣਾ ਪਵੇਗਾ, ਸਿਰਫ਼ ਆਪਣੇ ਲਈ ਨਹੀਂ ਸਗੋਂ ਉਨ੍ਹਾਂ ਲਈ ਵੀ।"
ਥੋੜ੍ਹੀ ਦੇਰ ਬਾਅਦ, ਸ਼ਹਿਰ ਤੋਂ ਬਾਹਰ ਇੱਕ ਅਜਨਬੀ ਪਿੰਡ ਆਇਆ, ਜੋ ਮੰਦਰਾਂ ਵਿੱਚ ਧੂਫ਼ ਵੇਚਣ ਲਈ ਅਪਾਹਜ ਬੱਚਿਆਂ ਦੀ ਭਾਲ ਵਿੱਚ ਸੀ।
ਉਸ ਆਦਮੀ ਨੇ ਲੀ ਨਾਲ ਵਾਅਦਾ ਕੀਤਾ ਕਿ ਉਹ ਉਸ ਸਮੇਂ ਉਨ੍ਹਾਂ ਦੇ ਪਿਤਾ ਦੀ ਮਹੀਨਾਵਾਰ ਤਨਖਾਹ ਦੇ ਬਰਾਬਰ ਪੈਸੇ ਘਰ ਭੇਜੇਗਾ।
ਲੀ ਦੱਸਦੇ ਹਨ, "ਮੇਰੇ ਮਾਪੇ ਇਸਦੇ ਸਖ਼ਤ ਵਿਰੁੱਧ ਸਨ, ਪਰ ਮੈਂ ਇਸ ਨੂੰ ਪੈਸੇ ਕਮਾਉਣ ਅਤੇ ਆਪਣੇ ਪਰਿਵਾਰ ਦਾ ਬੋਝ ਘਟਾਉਣ ਦੇ ਮੌਕੇ ਵਜੋਂ ਦੇਖਿਆ।"
ਉਹ ਉਸ ਆਦਮੀ ਦੇ ਕਹੇ ਵਿੱਚ ਆ ਗਏ ਸਨ।
ਸੜਕ 'ਤੇ ਭੀਖ ਮੰਗਣਾ
ਪਰ ਉਸ ਵਿਅਕਤੀ ਵੱਲੋਂ ਕੀਤਾ ਗਿਆ ਕੰਮ ਦਾ ਵਾਅਦਾ ਮਹਿਜ਼ ਇੱਕ ਧੋਖਾ ਸੀ।
ਡਾਕਟਰ ਲੀ ਦਾ ਦਾਅਵਾ ਹੈ ਕਿ ਉਹ ਅਜਨਬੀ ਭੀਖ ਮੰਗਣ ਦਾ ਕੰਮ ਚਲਾਉਂਦਾ ਸੀ ਅਤੇ ਅਗਲੇ ਸੱਤ ਸਾਲਾਂ ਤੱਕ, ਉਸ ਨੂੰ ਹੋਰ ਅਪਾਹਜ ਬੱਚਿਆਂ ਅਤੇ ਬਾਲਗਾਂ ਨਾਲ ਸੜਕਾਂ 'ਤੇ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ।
ਆਪਣੇ ਨਵੇਂ 'ਬੌਸ' ਨਾਲ ਆਪਣੀ ਪਹਿਲੀ ਰਾਤ ਨੂੰ ਦੂਜੇ ਬੱਚਿਆਂ ਵਿੱਚੋਂ ਇੱਕ ਨੇ ਲੀ ਨੂੰ ਸਖ਼ਤ ਮਿਹਨਤ ਕਰਨ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਨਹੀਂ ਤਾਂ ਉਸਨੂੰ ਕੁੱਟਿਆ ਜਾਵੇਗਾ।
ਉਸ ਬੱਚੇ ਦਾ ਕਿਹਾ ਇਹ ਸੱਚ ਨਿਕਲਿਆ।
ਅਗਲੀ ਸਵੇਰ, ਲੀ ਨੂੰ ਫੁੱਟਪਾਥ 'ਤੇ ਛੱਡ ਦਿੱਤਾ ਗਿਆ, ਬਿਨ੍ਹਾਂ ਕਮੀਜ਼ਾਂ ਪਹਿਨਾਏ, ਸਿੱਕਿਆਂ ਲਈ ਇੱਕ ਕਟੋਰਾ ਫੜੀ ਅਤੇ ਉਸਦੀਆਂ ਲੱਤਾਂ ਉਸਦੀ ਪਿੱਠ ਦੁਆਲੇ ਇੱਕ ਅਜਿਹੇ ਅੰਦਾਜ਼ ਵਿੱਚ ਟਿਕਾਈਆਂ ਗਈਆਂ ਸਨ ਤਾਂ ਜੋ ਹੋਰ ਹਮਦਰਦੀ ਪੈਦਾ ਹੋ ਸਕੇ।
ਲੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਲੋਕ ਉਸਦੇ ਕਟੋਰੇ ਵਿੱਚ ਪੈਸੇ ਕਿਉਂ ਪਾ ਰਹੇ ਹਨ, ਜਦੋਂ ਤੱਕ ਰਾਹਗੀਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਭੀਖ ਕਿਉਂ ਮੰਗ ਰਿਹਾ ਹੈ, ਜਦੋਂ ਕਿ ਇਹ ਉਸਦੀ ਸਕੂਲ ਜਾਣ ਦੀ ਉਮਰ ਹੈ।
ਲੀ ਕਹਿੰਦੇ ਹਨ, "ਮੇਰੇ ਜੱਦੀ ਸ਼ਹਿਰ ਵਿੱਚ, ਭੀਖ ਮੰਗਣਾ ਸ਼ਰਮਨਾਕ ਸੀ। ਮੈਨੂੰ ਅਹਿਸਾਸ ਨਹੀਂ ਸੀ ਕਿ ਮੈਂ ਇਹੀ ਕਰ ਰਿਹਾ ਸੀ। ਇਸ ਅਹਿਸਾਸ ਨੇ ਮੈਨੂੰ ਅੰਦਰੋਂ ਤੋੜ ਦਿੱਤਾ।"
ਲੀ ਇੱਕ ਦਿਨ ਵਿੱਚ ਕੁਝ ਸੌ ਯੂਆਨ ਕਮਾਉਂਦੇ ਸਨ। ਇਹ 1990 ਦੇ ਦਹਾਕੇ ਵਿੱਚ ਬਹੁਤ ਸਾਰਾ ਪੈਸਾ ਸੀ ਪਰ ਇਹ ਸਭ ਉਨ੍ਹਾਂ ਦੇ ਬੌਸ ਨੂੰ ਜਾਂਦਾ ਸੀ।
ਉਹ ਕਹਿੰਦੇ ਹਨ, "ਜੇ ਮੈਂ ਦੂਜੇ ਬੱਚਿਆਂ ਨਾਲੋਂ ਘੱਟ ਕਮਾਉਂਦਾ, ਤਾਂ ਉਹ ਮੇਰੇ 'ਤੇ ਆਲਸੀ ਹੋਣ ਦਾ ਇਲਜ਼ਾਮ ਲਗਾਉਂਦਾ ਅਤੇ ਕਈ ਵਾਰ ਮੈਨੂੰ ਕੁੱਟਦਾ।"
"ਇਹ ਦੌਰ ਜ਼ਿੰਦਗੀ ਦਾ ਸੱਚਮੁੱਚ ਦੁਖਦਾਈ ਦੌਰ ਸੀ।"
ਇਸ ਸਮੇਂ ਦੌਰਾਨ ਕਈ ਵਾਰ ਕੁਝ ਬੱਚੇ ਭੱਜ ਗਏ ਜਾਂ ਪੁਲਿਸ ਵੱਲੋਂ ਘਰ ਭੇਜ ਦਿੱਤੇ ਗਏ।
ਪਰ ਲੀ ਉੱਥੇ ਹੀ ਰਿਹਾ, ਆਪਣੇ ਪਰਿਵਾਰ ਦੀ ਮਦਦ ਕਰਨ ਲਈ ਦ੍ਰਿੜ ਸੀ। ਜਦੋਂ ਪੁਲਿਸ ਨੇ ਸਹਾਇਤਾ ਦੀ ਪੇਸ਼ਕਸ਼ ਕੀਤੀ ਤਾਂ ਉਸਨੇ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਉਹ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ।
ਸੱਤ ਸਾਲਾਂ ਤੱਕ, ਸਰਦੀਆਂ ਅਤੇ ਗਰਮੀਆਂ ਵਿੱਚ ਲੀ ਨੇ ਭੀਖ ਮੰਗਦੇ ਹੋਏ ਦੇਸ਼ ਘੁੰਮਿਆ।
ਲੀ ਨੇ ਬੀਬੀਸੀ ਵਰਲਡ ਸਰਵਿਸ ਆਉਟਲੁੱਕ ਪ੍ਰੋਗਰਾਮ ਨੂੰ ਦੱਸਿਆ, "ਇਹ ਨਰਕ ਵਿੱਚ ਰਹਿਣ ਵਰਗਾ ਮਹਿਸੂਸ ਹੋ ਰਿਹਾ ਸੀ। ਮੈਂ ਸ਼ਰਮਿੰਦਾ ਸੀ, ਕਿਸੇ ਦੀਆਂ ਅੱਖਾਂ ਵੱਲ ਦੇਖਣ ਤੋਂ ਪਰਹੇਜ਼ ਕਰਦਾ ਸੀ, ਮੇਰੀ ਲੱਤ ਦਰਦ ਨਾਲ ਪਿੱਛੇ ਮੁੜੀ ਹੋਈ ਸੀ ਤਾਂ ਜੋ ਤਰਸ ਆਵੇ। ਮੈਂ ਭੀਖ ਮੰਗਣ ਤੋਂ ਬਚਣ ਲਈ ਮੀਂਹ ਵਰ੍ਹਣ ਜਾਂ ਹਨੇਰਾ ਹੋਣ ਦੀ ਪ੍ਰਾਰਥਨਾ ਕੀਤੀ।"
ਹਰ ਨਵੇਂ ਸਾਲ ਦੀ ਸ਼ਾਮ ਨੂੰ ਉਹ ਘਰ ਫ਼ੋਨ ਕਰਦੇ ਸਨ, ਆਪਣੇ ਮਾਪਿਆਂ ਨੂੰ ਭਰੋਸਾ ਦਿਵਾਉਂਦੇ ਸਨ ਕਿ ਸਭ ਕੁਝ ਠੀਕ ਹੈ ਅਤੇ ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ।
ਉਹ ਕਹਿੰਦੇ ਹਨ, "ਪਰ ਫ਼ੋਨ ਕਰਨ ਤੋਂ ਬਾਅਦ, ਮੈਂ ਆਪਣੇ ਕਮਰੇ ਵਿੱਚ ਰੋਂਦਾ ਸੀ। ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸ ਸਕਦਾ ਸੀ ਕਿ ਮੈਂ ਸੜਕ 'ਤੇ ਭੀਖ ਮੰਗ ਰਿਹਾ ਸੀ।"
ਹੁਣ ਵੀ, 20 ਸਾਲ ਬਾਅਦ, ਇਹ ਸਦਮਾ ਅਜੇ ਵੀ ਬਰਕਰਾਰ ਹੈ।
"ਭੀਖ ਮੰਗਣ ਨੇ ਡੂੰਘੇ ਮਨੋਵਿਗਿਆਨਕ ਜ਼ਖ਼ਮ ਛੱਡ ਦਿੱਤੇ, ਮੈਨੂੰ ਅਜੇ ਵੀ ਇਸ ਬਾਰੇ ਸੁਫ਼ਨੇ ਆਉਂਦੇ ਹਨ, ਫ਼ਿਰ ਸੋਚਦਾਂ ਹਾ ਇਹ ਸਿਰਫ਼ ਇੱਕ ਸੁਪਨਾ ਹੈ।"
ਸਿੱਖਿਆ ਰਾਹੀਂ ਇੱਕ ਨਵਾਂ ਰਸਤਾ
ਜਦੋਂ ਲੀ ਨੇ ਸੜਕ 'ਤੇ ਇੱਕ ਅਖ਼ਬਾਰ ਚੁੱਕਿਆ ਤਾਂ ਸਭ ਕੁਝ ਬਦਲ ਗਿਆ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਆਪਣੇ ਨਾਮ ਦੇ ਸ਼ਬਦ ਹੀ ਪੜ੍ਹ ਸਕਦੇ ਸਨ।
ਫਿਰ 16 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਘਰ ਵਾਪਸ ਜਾਣ ਅਤੇ ਅੰਤ ਵਿੱਚ ਸਕੂਲ ਜਾਣ ਦਾ ਇਰਾਦਾ ਕੀਤਾ।
ਉਹ ਦੱਸਦੇ ਹਨ, "ਮੈਂ ਪੜ੍ਹ-ਲਿਖ ਨਹੀਂ ਸਕਦਾ ਅਤੇ ਸਿਰਫ਼ ਸਿੱਖਿਆ ਰਾਹੀਂ ਹੀ ਮੈਂ ਆਪਣੀ ਜ਼ਿੰਦਗੀ ਬਦਲ ਸਕਦਾ ਹਾਂ।"
ਉਸੇ ਦੌਰਾਨ ਸਰਕਾਰ ਨੇ ਇੱਕ ਨਵੀਂ ਨੀਤੀ ਪੇਸ਼ ਕੀਤੀ ਸੀ, ਜਿਸ ਵਿੱਚ ਅਪਾਹਜ ਬੱਚਿਆਂ ਨੂੰ ਭੀਖ ਮੰਗਣ ਲਈ ਵਰਤਣਾ ਅਪਰਾਧ ਬਣਾ ਦਿੱਤਾ ਗਿਆ ਸੀ।
ਲੀ ਨੂੰ ਇਹ ਵੀ ਸੁਣਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਆਪਣੇ ਬੌਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।
ਆਪਣੇ ਮਾਪਿਆਂ ਨਾਲ ਦੁਬਾਰਾ ਮਿਲ ਕੇ, ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਅਸਲ ਵਿੱਚ ਕਿਨ੍ਹਾਂ ਹਾਲਾਤ ਵਿੱਚ ਜੀਅ ਰਹੇ ਸਨ। ਲੀ ਨੂੰ ਇਹ ਪਤਾ ਲੱਗਣ 'ਤੇ ਬਹੁਤ ਗੁੱਸਾ ਆਇਆ ਕਿ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਨੇ ਉਨ੍ਹਾਂ ਨੂੰ ਵਾਅਦੇ ਨਾਲੋਂ ਬਹੁਤ ਘੱਟ ਪੈਸੇ ਘਰ ਭੇਜੇ ਸਨ।
ਆਪਣੇ ਮਾਪਿਆਂ ਦੇ ਸਾਥ ਨਾਲ, ਲੀ ਨੇ ਐਲੀਮੈਂਟਰੀ ਸਕੂਲ ਦੇ ਦੂਜੇ ਸਾਲ ਵਿੱਚ ਦਾਖਲਾ ਲਿਆ। ਇਸ ਕਲਾਸ ਵਿੱਚ ਹੋਰ ਬੱਚੇ ਲੀ ਤੋਂ 10 ਸਾਲ ਛੋਟੇ ਸਨ।
ਲੀ ਜਦੋਂ ਪਹਿਲੇ ਦਿਨ ਸਕੂਲ ਗਏ ਤਾਂ ਬੱਚੇ ਉਨ੍ਹਾਂ ਦੇ ਡੈਸਕ ਦੁਆਲੇ ਇਕੱਠੇ ਹੋ ਗਏ ਸਨ, ਪਰ ਲੀ ਨੂੰ ਕੋਈ ਪਰਵਾਹ ਨਹੀਂ ਸੀ।
ਉਹ ਦੱਸਦੇ ਹਨ, "ਮੈਂ ਪਰੇਸ਼ਾਨ ਨਹੀਂ ਸੀ, ਮੈਨੂੰ ਪਹਿਲਾਂ ਬਹੁਤ ਮਜ਼ਾਕ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ, ਇੱਕ ਵਿਦਿਆਰਥੀ ਹੋਣ ਦੇ ਨਾਤੇ, ਮੈਂ ਸਿਰਫ਼ ਸਿੱਖਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਸੀ।"
ਲੀ ਸਭ ਤੋਂ ਵੱਧ ਸਮਰਪਿਤ ਵਿਦਿਆਰਥੀ ਬਣ ਗਏ, ਭਾਵੇਂ ਉਨ੍ਹਾਂ ਦੀ ਸਰੀਰਕ ਸਥਿਤੀ ਨੇ ਟਾਇਲਟ ਤੱਕ ਪਹੁੰਚਣ ਵਰਗੇ ਕੰਮ ਔਖੇ ਬਣਾ ਦਿੱਤੇ ਸਨ।
ਲੀ ਨੇ ਦੱਸਿਆ, "ਟਾਇਲਟ ਜਾਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ, ਇਸ ਲਈ ਮੈਂ ਅਕਸਰ ਪੂਰੀ ਕੋਸ਼ਿਸ਼ ਕਰਦਾ ਕਿ ਸਕੂਲ ਵਿੱਚ ਪਾਣੀ ਨਾ ਹੀ ਪੀਵਾਂ।"
ਅਡੋਲ ਦ੍ਰਿੜ ਇਰਾਦੇ ਨਾਲ, ਲੀ ਨੇ ਨੌਂ ਸਾਲਾਂ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪੂਰੀ ਕੀਤੀ।
ਉਹ ਪਿੰਡ ਦੇ ਬੱਚਿਆਂ ਨੂੰ ਖੇਡਣ ਲਈ ਬੁਲਾਉਂਦੇ ਸਨ ਅਤੇ ਫਿਰ ਉਨ੍ਹਾਂ ਤੋਂ ਆਪਣੇ ਘਰ ਦੇ ਕੰਮ ਵਿੱਚ ਮਦਦ ਮੰਗਦੇ ਸਨ।
ਜਦੋਂ ਕਾਲਜ ਵਿੱਚ ਅਰਜ਼ੀ ਦੇਣ ਦਾ ਸਮਾਂ ਆਇਆ, ਤਾਂ ਉਨ੍ਹਾਂ ਦੀ ਸਰੀਰਕ ਸਥਿਤੀ ਨੇ ਉਨ੍ਹਾਂ ਕੋਲ ਮੌਜੂਦ ਬਦਲਾਂ ਨੂੰ ਸੀਮਤ ਕਰ ਦਿੱਤਾ, ਪਰ ਉਹ ਮੈਡੀਕਲ ਪ੍ਰੋਗਰਾਮਾਂ ਲਈ ਅਰਜ਼ੀ ਦੇ ਸਕਦੇ ਸਨ।
ਲੀ ਨੇ ਸੋਚਿਆ, "ਜੇ ਮੈਂ ਡਾਕਟਰ ਬਣ ਗਿਆ, ਤਾਂ ਸ਼ਾਇਦ ਮੈਂ ਆਪਣੀ ਸਥਿਤੀ ਦੀ ਖੋਜ ਕਰ ਸਕਦਾ ਹਾਂ ਅਤੇ ਮੈਂ ਆਪਣੇ ਪਰਿਵਾਰ ਦੀ ਮਦਦ ਕਰ ਸਕਦਾ ਹਾਂ, ਜਾਨਾਂ ਬਚਾ ਸਕਦਾ ਹਾਂ ਅਤੇ ਸਮਾਜ ਵਿੱਚ ਯੋਗਦਾਨ ਪਾ ਸਕਦਾ ਹਾਂ।"
ਲੀ ਨੇ 25 ਸਾਲ ਦੀ ਉਮਰ ਵਿੱਚ ਮੈਡੀਕਲ ਸਕੂਲ ਵਿੱਚ ਦਾਖਲਾ ਲੈ ਲਿਆ। ਉੱਥੇ ਸਹੂਲਤਾਂ ਵਧੇਰੇ ਪਹੁੰਚਯੋਗ ਸਨ, ਪਰ ਉਨ੍ਹਾਂ ਨੂੰ ਪ੍ਰੈਕਟੀਕਲ ਕਲਾਸਾਂ ਸਭ ਤੋਂ ਔਖੀਆਂ ਲੱਗੀਆਂ।
"ਜਦੋਂ ਕਿ ਸਹਿਪਾਠੀ ਇੰਟਰਨਸ਼ਿਪ ਦੌਰਾਨ ਮਰੀਜ਼ਾਂ ਨੂੰ ਮਿਲਣ ਲਈ ਜਾਂ ਵਾਰਡਾਂ ਵਿਚਕਾਰ ਦੌੜਨ ਲਈ ਅਧਿਆਪਕ ਦੇ ਪਿੱਛੇ-ਪਿੱਛੇ ਆਸਾਨੀ ਨਾਲ ਜਾ ਸਕਦੇ ਸਨ, ਮੇਰੀਆਂ ਸਰੀਰਕ ਸੀਮਾਵਾਂ ਨੇ ਇਹ ਸਭ ਮੁਸ਼ਕਲ ਬਣਾ ਦਿੱਤਾ ਸੀ। ਦੂਜੇ ਵਿਦਿਆਰਥੀ ਜੋ ਇੱਕ ਦਿਨ ਵਿੱਚ ਸਿੱਖਦੇ ਸਨ, ਉਹ ਸਿੱਖਣ ਵਿੱਚ ਮੈਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ।"
ਲੀ ਨੂੰ ਲੱਗਾ ਕਿ ਉਨ੍ਹਾਂ ਨੂੰ ਮਜ਼ਬੂਤ ਹੋਣਾ ਪਵੇਗਾ ਅਤੇ ਉਨ੍ਹਾਂ ਨੇ ਪਹਾੜਾਂ 'ਤੇ ਚੜ੍ਹਨਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ।
ਆਪਣੀ ਪਹਿਲੀ ਚੜ੍ਹਾਈ 'ਤੇ ਉਨ੍ਹਾਂ ਨੂੰ ਮਾਊਂਟ ਤਾਈ ਦੀ ਚੋਟੀ 'ਤੇ ਪਹੁੰਚਣ ਲਈ ਪੰਜ ਦਿਨ ਅਤੇ ਰਾਤਾਂ ਲੱਗੀਆਂ।
ਜਦੋਂ ਉਨ੍ਹਾਂ ਦੇ ਹੱਥ ਅਤੇ ਪੈਰ ਟੁੱਟ ਗਏ ਅਤੇ ਖੂਨ ਵਗਣ ਲੱਗਾ, ਤਾਂ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਸਗੋਂ ਆਪਣਾ ਸਫ਼ਰ ਜਾਰੀ ਰੱਖਿਆ।
ਪਹਾੜ ਚੜ੍ਹਨਾ ਇੱਕ ਅਜਿਹਾ ਜਨੂੰਨ ਬਣਿਆ ਹੋਇਆ ਹੈ ਜੋ ਇਸ ਗਰਮੀਆਂ ਵਿੱਚ ਇੱਕ ਵਾਇਰਲ ਸਨਸਨੀ ਬਣ ਗਿਆ ਕਿਉਂਕਿ ਡਾਕਟਰ ਲੀ ਨੇ ਆਪਣੀਆਂ ਚੜ੍ਹਾਈਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ।
ਹੁਣ ਡਾਕਟਰ ਲੀ ਸ਼ਿਨਜਿਆਂਗ ਵਿੱਚ ਇੱਕ ਛੋਟਾ ਜਿਹਾ ਪੇਂਡੂ ਕਲੀਨਿਕ ਚਲਾਉਂਦੇ ਹਨ, ਜਿੱਥੇ ਉਹ ਦਿਨ ਰਾਤ ਕਾਲ 'ਤੇ ਰਹਿੰਦੇ ਹਨ।
ਉਨ੍ਹਾਂ ਦੇ ਮਰੀਜ਼ ਉਨ੍ਹਾਂ ਨੂੰ ਆਪਣਾ 'ਚਮਤਕਾਰੀ ਡਾਕਟਰ' ਕਹਿੰਦੇ ਹਨ।
ਉਹ ਕਹਿੰਦੇ ਹਨ, "ਆਪਣੇ ਹੱਥਾਂ ਨਾਲ ਮਰੀਜ਼ਾਂ ਦੀ ਦੇਖਭਾਲ ਕਰਨਾ, ਆਪਣੇ ਗੁਆਂਢੀਆਂ ਦੀ ਸਿਹਤ ਵਿੱਚ ਸੁਧਾਰ ਕਰਨਾ, ਇਹ ਮੈਨੂੰ ਕਿਸੇ ਵੀ ਚੀਜ਼ ਤੋਂ ਵੱਧ ਸੰਤੁਸ਼ਟ ਕਰਦਾ ਹੈ।"
ਆਪਣੀ ਕਹਾਣੀ ਦੀ ਵਿਸ਼ਵਵਿਆਪੀ ਚੀਨੀ ਭਾਈਚਾਰਿਆਂ ਤੱਕ ਪਹੁੰਚ ਤੋਂ ਹੈਰਾਨ, ਲੀ ਨੂੰ ਉਮੀਦ ਹੈ ਕਿ ਇਹ ਲੋਕਾਂ ਦੇ ਰਵੱਈਏ ਨੂੰ ਬਦਲਣ ਵਿੱਚ ਮਦਦ ਕਰੇਗੀ।
ਉਹ ਕਹਿੰਦੇ ਹਨ, "ਕੁਝ ਲੋਕ ਅਪਾਹਜ ਲੋਕਾਂ ਨੂੰ ਬੇਕਾਰ ਸਮਝਦੇ ਹਨ। ਰੈਸਟੋਰੈਂਟਾਂ ਵਿੱਚ, ਬੈਠਣ ਵੇਲੇ ਮੈਨੂੰ ਭਿਖਾਰੀ ਸਮਝ ਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉੱਥੇ ਕੋਈ ਖਾਣਾ ਨਹੀਂ ਹੈ। ਮੈਂ ਮੁਸਕਰਾਉਂਦਾ ਹਾਂ ਅਤੇ ਚਲਾ ਜਾਂਦਾ ਹਾਂ। ਹਾਲਾਂਕਿ, ਜ਼ਿਆਦਾਤਰ ਲੋਕ ਦਿਆਲੂ ਹੁੰਦੇ ਹਨ।"
ਆਤਮਵਿਸ਼ਵਾਸ ਅਤੇ ਮਕਸਦ ਭਰੀ ਜ਼ਿੰਦਗੀ
ਬਹੁਤ ਸਾਰੇ ਲੋਕਾਂ ਨੇ ਲੀ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਉਸ ਆਦਮੀ ਦੀ ਰਿਪੋਰਟ ਕਿਉਂ ਨਹੀਂ ਕੀਤੀ ਜਿਸਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਸੀ।
ਲੀ ਕਹਿੰਦੇ ਹਨ, "ਮੈਂ ਅਤੀਤ ਨੂੰ ਅਤੀਤ ਰਹਿਣ ਦੇਣ ਦਾ ਫੈਸਲਾ ਕੀਤਾ।"
"ਉਹ ਸੱਤ ਸਾਲ ਲੰਬਾ ਇੱਕ ਦਰਦਨਾਕ ਅਨੁਭਵ ਸੀ, ਪਰ ਉਹ ਸਾਲ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਸਨ।"
ਲੀ ਦੇ ਸਫ਼ਰ ਨੇ ਉਸਦੇ ਦ੍ਰਿਸ਼ਟੀਕੋਣ ਨੂੰ ਨਵਾਂ ਰੂਪ ਦਿੱਤਾ।
ਉਹ ਕਹਿੰਦੇ ਹਨ, "ਸਕੂਲ ਜਾਣ ਦੇ ਯੋਗ ਹੋਣ ਤੋਂ ਬਾਅਦ, ਮੈਂ ਦੂਜਿਆਂ ਦੇ ਵਿਚਾਰਾਂ ਜਾਂ ਨਿਰਣੇ ਦੀ ਪਰਵਾਹ ਕਰਨੀ ਛੱਡ ਦਿੱਤੀ। ਮੈਨੂੰ ਅਹਿਸਾਸ ਹੋਇਆ ਕਿ ਉਹ ਚੀਜ਼ਾਂ ਅਰਥਹੀਣ ਸਨ। ਮੈਂ ਆਪਣਾ ਸਮਾਂ ਅਤੇ ਊਰਜਾ ਪੜ੍ਹਾਈ ਅਤੇ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪ੍ਰਾਪਤ ਕਰਨ 'ਤੇ ਕੇਂਦਰਿਤ ਕਰਨਾ ਚਾਹੁੰਦਾ ਸੀ।"
ਉਹ ਕਹਿੰਦੇ ਹਨ ਕਿ ਬਹੁਤ ਸਾਰੇ ਅਪਾਹਜ ਲੋਕ 'ਅੱਗੇ ਵਧਣ ਲਈ ਸੰਘਰਸ਼' ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਨਿਆਂ ਦੀ ਬਜਾਇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇਗਾ।
"ਪਰ ਮੇਰੇ ਲਈ, ਇਹ ਮੁੱਦਾ ਨਹੀਂ ਹੈ। ਮੈਂ ਕੈਂਪਸ ਅਤੇ ਸ਼ਹਿਰਾਂ ਵਿੱਚ ਬੈਠ ਕੇ ਜਾਂ ਰੀਂਗ ਕੇ ਘੁੰਮਦਾ ਹਾਂ, ਭਾਵੇਂ ਕਲਾਸਾਂ ਲਈ, ਵਰਕਸ਼ਾਪਾਂ ਲਈ, ਜਾਂ ਆਪਣੇ ਕੰਮ ਵਿੱਚ ਸੈਂਕੜੇ ਅਪਾਹਜ ਦੋਸਤਾਂ ਦੀ ਮਦਦ ਕਰਨ ਲਈ। ਮੈਨੂੰ ਲੱਗਦਾ ਹੈ ਕਿ ਮੈਂ ਇਹ ਕਰਨ ਵਿੱਚ ਆਤਮਵਿਸ਼ਵਾਸੀ ਦਿਖਾਈ ਦਿੰਦਾ ਹਾਂ।"
"ਮੈਨੂੰ ਹੁਣ ਦੂਜਿਆਂ ਦੇ ਨਕਾਰਾਤਮਕ ਵਿਚਾਰਾਂ ਦੀ ਪਰਵਾਹ ਨਹੀਂ ਹੈ।"
ਲੋਕਾਂ ਨੂੰ, ਉਹ ਇੱਕ ਸਲਾਹ ਦਿੰਦੇ ਹਨ, "ਸਾਡੀ ਜ਼ਿੰਦਗੀ ਪਹਾੜਾਂ ਵਾਂਗ ਹੈ। ਅਸੀਂ ਇੱਕ ਚੜ੍ਹਦੇ ਹਾਂ ਅਤੇ ਅੱਗੇ ਇੱਕ ਹੋਰ ਹੈ। ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਅਤੇ ਤਰੱਕੀ ਕਰ ਰਹੇ ਹਾਂ।"
"ਮੈਨੂੰ ਲੱਗਦਾ ਹੈ ਕਿ ਇੱਕ ਵਿਅਕਤੀ ਨੂੰ ਹਮੇਸ਼ਾ ਸਕਾਰਾਤਮਕ, ਆਸ਼ਾਵਾਦੀ ਰਹਿਣਾ ਚਾਹੀਦਾ ਹੈ ਅਤੇ ਕਦੇ ਵੀ ਆਪਣੇ ਸੁਪਨਿਆਂ ਨੂੰ ਨਹੀਂ ਛੱਡਣਾ ਚਾਹੀਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ