ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ʻਅੱਤਵਾਦੀʼ ਤਾਂ ਕਾਂਗਰਸ ਨੇ ਇੰਝ ਕੀਤਾ ਪਲਟਵਾਰ

ਰਵਨੀਤ ਸਿੰਘ ਬਿੱਟੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿੱਟੂ ਕੇਂਦਰੀ ਰਾਜ ਮੰਤਰੀ ਹਨ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਰਾਹੁਲ ਗਾਂਧੀ ਉੱਤੇ ਦਿੱਤੇ ਇੱਕ ਬਿਆਨ ਤੋਂ ਬਾਅਦ ਸਿਆਸੀ ਅਖਾੜਾ ਭਖ ਗਿਆ ਹੈ।

ਰਵਨੀਤ ਬਿੱਟੂ ਨੇ ਕਿਹਾ, "ਮੇਰੇ ਖ਼ਿਆਲ ਨਾਲ ਜੇਕਰ ਕਿਸੇ ʼਤੇ ਇਨਾਮ ਹੋਣਾ ਚਾਹੀਦਾ ਹੈ ਫੜ੍ਹਨ ਲਈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸ ਨੂੰ ਏਜੰਸੀਆਂ ਵੱਲੋਂ ਐਲਾਨਿਆ ਜਾਣਾ ਚਾਹੀਦਾ ਹੈ, ਉਹ ਅੱਜ ਰਾਹੁਲ ਗਾਂਧੀ ਹਨ।"

ਦਰਅਸਲ, ਬਿੱਟੂ ਨੇ ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਧਾਰਮਿਕ ਸਹਿਣਸ਼ੀਲਤਾ ਅਤੇ ਸਿੱਖਾਂ ਬਾਰੇ ਪੇਸ਼ ਕੀਤੇ ਵਿਚਾਰਾਂ ਦੇ ਜਵਾਬ ਵਿੱਚ ਇਹ ਬਿਆਨ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਖ਼ਬਰ ਏਜੰਸੀ ਏਐੱਨਆਈ ਮੁਤਾਬਕ, 15 ਸਤੰਬਰ ਨੂੰ ਬਿਹਾਰ ਦੇ ਭਾਗਲਪੁਰ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਨਹੀਂ ਹਨ ਕਿਉਂਕਿ ਉਹ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਬਿਤਾਉਂਦੇ ਹਨ।

ਬਿੱਟੂ ਨੇ ਕਿਹਾ, "ਰਾਹੁਲ ਗਾਂਧੀ ਭਾਰਤ ਨੂੰ ਪਿਆਰ ਨਹੀਂ ਕਰਦੇ, ਕਿਉਂਕਿ ਉਹ ਵਿਦੇਸ਼ਾਂ ਵਿੱਚ ਅਕਸਰ ਦੇਸ਼ ਬਾਰੇ ਨਕਾਰਾਤਮਕ ਬੋਲਦੇ ਹਨ।"

ਇਸ ਤੋਂ ਇਲਾਵਾ, ਰਵਨੀਤ ਸਿੰਘ ਬਿੱਟੂ ਨੇ ਜ਼ਿਕਰ ਕੀਤਾ ਕਿ ਵੱਖਵਾਦੀ, ਬੰਬ ਬਣਾਉਣ ਵਾਲੇ ਅਤੇ ਬੰਦੂਕ ਮਾਹਿਰਾਂ ਵਰਗੇ ਵਿਅਕਤੀਆਂ ਨੇ ਗਾਂਧੀ ਦੀ ਟਿੱਪਣੀ ਦਾ ਸਮਰਥਨ ਕੀਤਾ ਹੈ।

ਬਿੱਟੂ ਨੇ ਕਿਹਾ, "ਮੈਨੂੰ ਲੱਗਦਾ ਹੈ ਜੇਕਰ ਕਿਸੇ ਦੇਸ਼ ਦੇ ਨੰਬਰ ਵਨ ਅੱਤਵਾਦੀ ʼਤੇ ਇਨਾਮ ਹੋਣਾ ਚਾਹੀਦਾ ਹੈ ਫੜ੍ਹਨ ਲਈ ਜਾਂ ਏਜੰਸੀਆਂ ਨੂੰ ਜਿਸ ਨੂੰ ਦੇਸ਼ ਦਾ ਜੋ ਸਭ ਤੋਂ ਵੱਡਾ ਦੁਸ਼ਮਣ ਐਲਾਨਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ।

ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਕਾਂਗਰਸ ਨੇ ਮੁਸਲਮਾਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕੰਮ ਨਹੀਂ ਆਇਆ, ਹੁਣ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।"

ਰਾਜਾ ਵੜਿੰਗ ਦਾ ਪਲਟਵਾਰ

ਰਾਜਾ ਵੜਿੰਗ

ਤਸਵੀਰ ਸਰੋਤ, Amarinder Singh Raja Warring/X

ਤਸਵੀਰ ਕੈਪਸ਼ਨ, ਰਾਜਾ ਵੜਿੰਗ ਨੇ ਬਿੱਟੂ ਦੇ ਬਿਆਨ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ

ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਵੱਲੋਂ ਸਖ਼ਤ ਪ੍ਰਤੀਕਿਰਿਆ ਆ ਰਹੀ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੇ ਬਿਆਨ ʼਤੇ ਸਖ਼ਤ ਪ੍ਰਤੀਕਿਰਿਆ ਦਿੱਤੀ।

ਵੜਿੰਗ ਨੇ ਹਰਿਆਣਾ ਦੇ ਸਿਰਸਾ ਵਿੱਚ ਬੋਲਦਿਆਂ ਕਿਹਾ, "ਉਹ ਪਾਰਟੀ ਛੱਡ ਕੇ ਲੜਨ ਲਈ ਗਿਆ ਸੀ ਅਤੇ ਉਸ ਨੂੰ "ਮੇਰੇ ਖ਼ਿਲਾਫ਼ ਭੇਜਿਆ ਗਿਆ ਸੀ। ਲੁਧਿਆਣਾ ਵਿੱਚ ਮੈਂ ਉਸ ਨੂੰ ਹਰਾਇਆ।"

"ਅੱਜ ਉਹ ਕਹਿ ਰਿਹਾ ਹੈ ਕਿ ਰਾਹੁਲ ਗਾਂਧੀ ਤਾਂ ਅੱਤਵਾਦੀ ਹੈ। ਬਿੱਟੂ ਇੱਕ ਬੱਚਾ ਸੀ, ਜਿਸ ਨੂੰ ਕੁਝ ਨਹੀਂ ਆਉਂਦਾ ਸੀ ਇਸ ਦੇ ਬਾਵਜੂਦ ਰਾਹੁਲ ਗਾਂਧੀ ਨੇ ਉਸ ਨੂੰ ਤਿੰਨ ਵਾਰ ਲੋਕ ਸਭਾ ਮੈਂਬਰ ਬਣਾਇਆ।"

"ਅੱਜ ਉਸ ਰਾਹੁਲ ਗਾਂਧੀ ਨੂੰ ਕਹਿ ਰਿਹਾ ਹੈ ਕਿ ਉਹ ਅੱਤਵਾਦੀ ਹੈ। ਬਿੱਟੂ ਜੀ, ਰਾਹੁਲ ਗਾਂਧੀ ਤੁਹਾਡੇ ਕਹਿਣ ʼਤੇ ਅੱਤਵਾਦੀ ਨਹੀਂ ਬਣੇਗਾ। ਪਰ ਤੁਹਾਡੀ ਮਾਨਸਿਕਤਾ, ਬੁੱਧੀ ਅਤੇ ਗਿਆਨ ਬਾਰੇ ਦੇਸ਼ ਦੇ ਲੋਕਾਂ ਨੂੰ ਚਾਨਣ ਹੋ ਰਿਹਾ ਹੈ ਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕੁਝ ਵੀ ਕਹਿ ਰਿਹਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਜਿਸ ਨੇ ਆਪਣੇ ਪਿਉ ਦੇ ਕਾਤਲਾਂ ਨੂੰ ਵੀ ਮੁਆਫ਼ ਕਰ ਦਿੱਤਾ, ਤੁਸੀਂ ਉਸ ਨੂੰ ਅੱਤਵਾਦੀ ਕਹੋਗੇ, ਤੁਹਾਨੂੰ ਬਹੁਤ-ਬਹੁਤ ਵਧਾਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਅੱਤਵਾਦੀ ਬੋਲ ਕੇ ਤੁਹਾਡਾ ਭਾਜਪਾ ਵਿੱਚ ਕੱਦ ਵਧ ਰਿਹਾ ਹੈ ਤਾਂ ਬੋਲੋ ਸਾਨੂੰ ਕੋਈ ਇਤਰਾਜ਼ ਨਹੀਂ।"

"ਪਰ ਅਜਿਹੀ ਰਾਜਨੀਤੀ ਚੰਗੀ ਨਹੀਂ ਹੈ, ਲੋਕ ਇਸ ਨੂੰ ਗ਼ੱਦਾਰੀ ਅਤੇ ਅਹਿਸਾਨ ਫਰਾਮੋਸ਼ੀ ਕਹਿੰਦੇ ਹਨ।"

ਇਹ ਵੀ ਪੜ੍ਹੋ-

ਬਿੱਟੂ ਖ਼ਿਲਾਫ਼ ਸਖ਼ਤ ਪ੍ਰਤੀਕਿਰਿਆਵਾਂ

ਇੰਨਾ ਨਹੀਂ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਿੱਟੂ ਦੇ ਬਿਆਨ ʼਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ʼਤੇ ਇੱਕ ਵੀਡੀਓ ਸ਼ੇਅਰ ਕਰ ਕੇ ਕਿਹਾ ਹੈ, "ਜਿਸ ਆਦਮੀ ਦੀ ਹੋਂਦ ਅੱਜ ਜਿਸ ਲੀਡਰ ਕਾਰਨ ਹੈ, ਜਿਸ ਪਰਿਵਾਰ ਕਾਰਨ ਹੈ, ਜਿਸ ਪਾਰਟੀ ਦੇ ਕਾਰਨ ਹੈ ਅਤੇ ਜਿਸ ਦੀ ਲੀਡਰਸ਼ਿਪ ਹੇਠਾਂ ਉਹ ਤਿੰਨ ਵਾਰ ਲੋਕ ਸਭਾ ਮੈਂਬਰ ਰਿਹਾ ਹੈ ਤੇ ਅੱਜ ਉਸ ਨੂੰ ਉਹ ਅੱਤਵਾਦੀ ਦੱਸੇ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਕੋਈ ਸਿਆਸੀ ਦੀਵਾਲੀਆਪਨ ਨਹੀਂ ਹੋ ਸਕਦਾ।"

ਉਨ੍ਹਾਂ ਨੇ ਕਿਹਾ, "ਮੈਂ ਭਾਰਤ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀਆਂ ਨੂੰ ਲੋਕਾਂ ਨੇ ਨਕਾਰਿਆ ਹੈ ਤੇ ਤੁਸੀਂ ਉਨ੍ਹਾਂ ਮੰਤਰੀ ਬਣਾਇਆ ਹੈ। ਮੰਤਰੀ ਬਣਨ ਮਗਰੋਂ ਇਹ ਸੰਵਿਧਾਨਕ ਅਹੁਦੇ ʼਤੇ ਰਹਿ ਕੇ ਅਤੇ ਚੁਣੇ ਵਿਰੋਧੀ ਧਿਰ ਦੇ ਆਗੂ ਬਾਰੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਦਰਸਾਉਂਦੀ ਹੈ ਕਿ ਨਾ ਤਾਂ ਇਨ੍ਹਾਂ ਨੂੰ ਸੰਵਿਧਾਨ ʼਤੇ ਵਿਸ਼ਵਾਸ ਹੈ ਅਤੇ ਨਾ ਹੀ ਇਨ੍ਹਾਂ ਨੂੰ ਇਹ ਪਤਾ ਹੈ ਕਿ ਕਿਸ ਅਹੁਦੇ ʼਤੇ ਬਿਰਾਜਮਾਨ ਹਨ।"

ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, @Partap_Sbajwa/X

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੈਣੂਗੋਪਾਲ ਨੇ ਕਿਹਾ ਹੈ ਕਿ ਇਹ ਮੋਦੀ ਸਰਕਾਰ 'ਚ ਮੰਤਰੀ ਬਣਨ ਦੀ ਘੱਟੋ-ਘੱਟ ਯੋਗਤਾ, ਖ਼ਾਸ ਕਰਕੇ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਦਲਬਦਲੂ ਕਾਂਗਰਸੀਆਂ ਲਈ, ਰਾਹੁਲ ਗਾਂਧੀ 'ਤੇ ਹੇਠਲੇ ਪੱਧਰ ਦੇ ਨਿੱਜੀ ਹਮਲੇ ਕਰਨਾ ਹੈ।

ਉਨ੍ਹਾਂ ਨੇ ਕਿਹਾ, "ਜਮਹੂਰੀਅਤ ਉਦੋਂ ਹੀ ਕੰਮ ਕਰ ਸਕਦੀ ਹੈ ਜਦੋਂ ਸਿਆਸੀ ਪਾਰਟੀਆਂ ਵਿਚਕਾਰ ਬੁਨਿਆਦੀ ਸਤਿਕਾਰ ਹੋਵੇ ਅਤੇ ਸਿਆਸੀ ਵਿਰੋਧੀਆਂ ਨੂੰ ਨਿੱਜੀ ਦੁਸ਼ਮਣ ਨਹੀਂ ਸਗੋਂ ਵਿਚਾਰਧਾਰਕ ਵਿਰੋਧੀ ਸਮਝਿਆ ਜਾਵੇ।"

ਕੇਸੀ ਵੈਣੂਗੋਪਾਲ

ਤਸਵੀਰ ਸਰੋਤ, @kcvenugopalmp/X

ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਸਿੱਖਾਂ ਬਾਰੇ ਕੀ ਕਿਹਾ

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਹੁਲ ਨੇ ਵਾਸ਼ਿੰਗਟਨ ਡੀਸੀ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਹੁੰਦਿਆਂ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਮੁੱਦੇ ਉੱਤੇ ਵਿਚਾਰ ਰੱਖੇ ਸਨ

ਦਰਅਸਲ, ਲੋਕਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ 10 ਸਤੰਬਰ ਨੂੰ ਅਮਰੀਕਾ ਦੇ ਦੌਰੇ ਦੌਰਾਨ ਵਾਸ਼ਿੰਗਟਨ ਡੀਸੀ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਹੁੰਦਿਆਂ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਮੁੱਦੇ ਉੱਤੇ ਵਿਚਾਰ ਰੱਖੇ ਸਨ।

ਰਾਹੁਲ ਗਾਂਧੀ ਨੇ ਕਿਹਾ, "ਪਹਿਲਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਸਿਆਸੀ ਨਹੀਂ ਹੈ। ਇਹ ਸਤਹੀ ਪੱਧਰ ਦੀ ਸਮਝ ਹੈ।"

"ਲੜਾਈ ਇਸ ਬਾਰੇ ਹੈ ਕਿ ਕੀ ਉਹ ਇੱਕ ਸਿੱਖ ਵਜੋਂ ਭਾਰਤ 'ਚ ਆਪਣੀ ਪੱਗ ਬੰਨ੍ਹ ਸਕਦੇ ਹਨ ਜਾਂ ਨਹੀਂ, ਜਾਂ ਉਹ ਕੜਾ ਪਾ ਸਕਦਾ ਹੈ ਜਾਂ ਨਹੀਂ ,ਜਾਂ ਉਹ ਗੁਰਦੁਆਰੇ ਜਾ ਸਕਦੇ ਹੈ ਜਾਂ ਨਹੀਂ, ਲੜਾਈ ਇਸ ਬਾਰੇ ਹੈ।

"ਤੇ ਸਿਰਫ਼ ਉਸ ਲਈ ਹੀ ਨਹੀਂ ਸਾਰੇ ਧਰਮਾਂ ਲਈ ਹੈ..ਲੜਾਈ ਤਮਿਲਨਾਡੂ, ਪੰਜਾਬ, ਹਰਿਆਣਾ, ਤੇਲੰਗਾਨਾ, ਕਰਨਾਟਕ, ਆਂਧਰ ਪ੍ਰਦੇਸ਼ ਦੀ ਵੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)