ਕੈਨੇਡਾ: ਗੁਰਦੁਆਰੇ ਤੇ ਮੰਦਰ ਦੀਆਂ ਕੰਧਾਂ ਉੱਤੇ ਖਾਲਿਸਤਾਨੀ ਨਾਅਰੇ, 'ਵੱਖਵਾਦੀ ਸਾਡੇ ਬਜ਼ੁਰਗਾਂ ਦੇ ਸੁਪਨਿਆਂ ਤੇ ਕੁਰਬਾਨੀਆਂ ਨੂੰ ਕਮਜ਼ੋਰ ਕਰ ਰਹੇ'

ਕੈਨੇਡਾ ਵਿੱਚ ਦੋ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਖਾਲਿਸਤਾਨੀ ਪੱਖੀ ਨਾਅਰੇ ਅਤੇ ਹੋਰ ਇਤਰਾਜ਼ਯੋਗ ਸ਼ਬਦ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਲੰਘੀ 19 ਅਪ੍ਰੈਲ ਦੀ ਸਵੇਰ, ਕੈਨੇਡਾ ਦੇ ਸਰੀ ਵਿੱਚ ਬਣੇ ਲਕਸ਼ਮੀ ਨਾਰਾਇਣ ਮੰਦਿਰ ਅਤੇ ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ, ਜਿਸ ਨੂੰ ਰੌਸ ਸਟਰੀਟ ਗੁਰੂਦੁਆਰੇ ਵਜੋਂ ਜਾਣਿਆ ਜਾਂਦਾ ਹੈ, ਦੀਆਂ ਕੰਧਾਂ 'ਤੇ ਸਪਰੇਅ ਨਾਲ ਖਾਲਿਸਤਾਨੀ ਪੱਖੀ ਸ਼ਬਦ ਲਿਖੇ ਗਏ ਸਨ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ, ਮੰਦਿਰ ਕਮੇਟੀ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ, ਗੁਰਦੁਆਰਾ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਆਪਣੇ ਅਧਿਕਾਰਿਤ ਪੇਜ 'ਤੇ ਸਾਂਝਾ ਕੀਤੀ ਹੈ ਅਤੇ ਘਟਨਾ ਦੀ ਨਿਖੇਧੀ ਕੀਤੀ ਹੈ।

ਫਿਲਹਾਲ ਇਹ ਨਾਅਰੇ ਮਿਟਾ ਦਿੱਤੇ ਗਏ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੁਰਦੁਆਰਾ ਪ੍ਰਸ਼ਾਸਨ ਨੇ ਕੀਤੀ ਨਿਖੇਧੀ - 'ਸਾਡੀਆਂ ਪਵਿੱਤਰ ਕੰਧਾਂ ਨੂੰ ਖਰਾਬ ਕਰ ਦਿੱਤਾ'

ਖਾਲਸਾ ਦੀਵਾਨ ਸੁਸਾਇਟੀ ਨੇ ਇਸ ਪੂਰੀ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਰੋਸ ਪ੍ਰਗਟਾਇਆ ਹੈ।

ਸੁਸਾਇਟੀ ਦੇ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਖਾਲਸਾ ਸਾਜਨਾ ਦਿਵਸ ਅਜਿਹਾ ਦਿਨ ਹੈ ਜੋ ਸਿੱਖਾਂ ਦੀ ਤਾਕਤ, ਏਕਤਾ ਦਾ ਪ੍ਰਤੀਕ ਹੈ ਅਤੇ ਇਸ ਮੌਕੇ, ਅਸੀਂ ਆਪਣੇ ਪਿਆਰੇ ਰੌਸ ਸਟਰੀਟ ਗੁਰਦੁਆਰੇ ਵਿੱਚ ਭੰਨਤੋੜ ਦੀ ਇੱਕ ਘਟਨਾ ਦੇਖ ਕੇ ਹੈਰਾਨ ਰਹਿ ਗਏ ਹਾਂ।''

ਨੋਟ ਮੁਤਾਬਕ, ''ਸਿੱਖ ਵੱਖਵਾਦੀਆਂ ਦੇ ਇੱਕ ਛੋਟੇ ਜਿਹੇ ਸਮੂਹ, ਜੋ ਖਾਲਿਸਤਾਨ ਦੀ ਵਕਾਲਤ ਕਰ ਰਹੇ ਸਨ, ਨੇ "ਖਾਲਿਸਤਾਨ ਜ਼ਿੰਦਾਬਾਦ" ਵਰਗੇ ਫੁੱਟ ਪਾਓ ਨਾਅਰਿਆਂ ਨਾਲ ਸਾਡੀਆਂ ਪਵਿੱਤਰ ਕੰਧਾਂ ਨੂੰ ਖਰਾਬ ਕਰ ਦਿੱਤਾ।''

ਸੁਸਾਇਟੀ ਵੱਲੋਂ ਕਿਹਾ ਗਿਆ ਹੈ ਕਿ ''ਇਹ ਕਾਰਵਾਈ ਕੱਟੜਪੰਥੀ ਤਾਕਤਾਂ ਦੁਆਰਾ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ ਜੋ ਕੈਨੇਡੀਅਨ ਸਿੱਖ ਭਾਈਚਾਰੇ ਵਿੱਚ ਡਰ ਅਤੇ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।''

''ਉਨ੍ਹਾਂ ਦੀਆਂ ਕਾਰਵਾਈਆਂ ਸ਼ਮੂਲੀਅਤ, ਸਤਿਕਾਰ ਅਤੇ ਆਪਸੀ ਸਹਾਇਤਾ ਦੀਆਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਦੀਆਂ ਹਨ ਜੋ ਸਿੱਖ ਧਰਮ ਅਤੇ ਕੈਨੇਡੀਅਨ ਸਮਾਜ ਦੋਵਾਂ ਦੀ ਬੁਨਿਆਦ ਹਨ।''

''19 ਅਪ੍ਰੈਲ ਨੂੰ ਜੋ ਹੋਇਆ ਉਹ ਨਾ ਸਿਰਫ਼ ਸਾਡੇ ਗੁਰਦੁਆਰਿਆਂ 'ਤੇ ਹਮਲਾ ਹੈ, ਸਗੋਂ ਉਸ ਵਿਰਾਸਤ 'ਤੇ ਵੀ ਹਮਲਾ ਹੈ ਜੋ ਸਾਡੇ ਪੁਰਖਿਆਂ ਨੇ ਸਖ਼ਤ ਮਿਹਨਤ, ਏਕਤਾ ਅਤੇ ਸ਼ਾਂਤੀ ਦੇ ਆਧਾਰ 'ਤੇ ਬਣਾਈ ਹੈ।''

ਅੱਗੇ ਕਿਹਾ ਗਿਆ ਹੈ ਕਿ ''ਇਹ ਕੱਟੜਪੰਥੀ ਸਾਡੇ ਬਜ਼ੁਰਗਾਂ ਦੇ ਸੁਪਨਿਆਂ ਅਤੇ ਕੁਰਬਾਨੀਆਂ ਨੂੰ ਕਮਜ਼ੋਰ ਕਰ ਰਹੇ ਹਨ, ਜਿਨ੍ਹਾਂ ਨੇ ਇੱਕ ਅਜਿਹੇ ਦੇਸ਼ ਵਿੱਚ ਇੱਕ ਮਜ਼ਬੂਤ, ਖੁਸ਼ਹਾਲ ਭਾਈਚਾਰਾ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਜੋ ਵਿਭਿੰਨਤਾ ਅਤੇ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ।''

''ਅਸੀਂ ਵੰਡ ਦੀਆਂ ਇਨ੍ਹਾਂ ਤਾਕਤਾਂ ਨੂੰ ਸਫਲ ਨਹੀਂ ਹੋਣ ਦੇ ਸਕਦੇ ਅਤੇ ਨਹੀਂ ਹੋਣ ਦੇਵਾਂਗੇ।''

''ਅਸੀਂ ਸਾਰੇ ਕੈਨੇਡੀਅਨਾਂ, ਸਿੱਖਾਂ ਅਤੇ ਸਦਭਾਵਨਾ ਵਾਲੇ ਲੋਕਾਂ ਨੂੰ ਕੱਟੜਪੰਥੀ ਸੋਚ ਦੇ ਸਾਹਮਣੇ ਇਕੱਠੇ ਖੜ੍ਹੇ ਹੋਣ ਦਾ ਸੱਦਾ ਦਿੰਦੇ ਹਾਂ। ਸਾਨੂੰ ਇਨ੍ਹਾਂ ਕਾਰਵਾਈਆਂ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਸ਼ਾਂਤੀ, ਏਕਤਾ ਅਤੇ ਸਤਿਕਾਰ ਦੀਆਂ ਕਦਰਾਂ-ਕੀਮਤਾਂ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਨੀ ਚਾਹੀਦੀ ਹੈ।''

''ਇਹ ਹਮਲਾ ਸਾਡੇ ਸਾਰਿਆਂ 'ਤੇ ਹਮਲਾ ਹੈ - ਉਸ ਏਕਤਾ 'ਤੇ ਜੋ ਕੈਨੇਡਾ ਨੂੰ ਮਜ਼ਬੂਤ ਬਣਾਉਂਦੀ ਹੈ। ਆਓ ਅਸੀਂ ਵੰਡ ਅਤੇ ਅੱਤਵਾਦ ਦੇ ਵਿਰੁੱਧ ਇੱਕਜੁੱਟ ਹੋਈਏ, ਉਸ ਭਵਿੱਖ ਲਈ ਜੋ ਸਾਡੇ ਸਾਰੀਆਂ ਦਾ ਸਾਂਝਾ ਹੈ।''

'ਚੁੱਪ ਰਹਿਣਾ ਹੁਣ ਕੋਈ ਬਦਲ ਨਹੀਂ' - ਚੰਦਰਾ ਆਰਿਆ

ਕੈਨੇਡਾ ਦੇ ਸੰਸਦ ਮੈਂਬਰ ਚੰਦਰਾ ਆਰਿਆ ਨੇ ਵੀ ਆਪਣੇ ਐਕਸ ਅਕਾਊਂਟ 'ਤੇ ਇਸ ਪੂਰੀ ਘਟਨਾ ਨੂੰ ਨਿੰਦਾ ਹੈ।

ਉਨ੍ਹਾਂ ਲਿਖਿਆ, ''ਕਈ ਸਾਲ ਪਹਿਲਾਂ ਸ਼ੁਰੂ ਹੋਏ ਹਿੰਦੂ ਮੰਦਿਰਾਂ 'ਤੇ ਹਮਲੇ ਅੱਜ ਵੀ ਬੇਰੋਕ ਜਾਰੀ ਹਨ - ਹਿੰਦੂ ਮੰਦਿਰ 'ਤੇ ਇਹ ਤਾਜ਼ਾ ਹਮਲਾ ਖਾਲਿਸਤਾਨੀ ਕੱਟੜਪੰਥੀਆਂ ਦੇ ਵਧਦੇ ਪ੍ਰਭਾਵ ਨੂੰ ਚੇਤੇ ਕਰਾਉਣ ਵਾਲੀ ਭਿਆਨਕ ਘਟਨਾ ਹੈ।''

''ਸੁਚੱਜੇ ਢੰਗ ਨਾਲ ਸੰਗਠਿਤ, ਚੰਗੀ ਤਰ੍ਹਾਂ ਫੰਡ ਪ੍ਰਾਪਤ, ਅਤੇ ਮਹੱਤਵਪੂਰਨ ਸਿਆਸੀ ਪ੍ਰਭਾਵ ਦੁਆਰਾ ਸਮਰਥਤ ਖਾਲਿਸਤਾਨੀ ਤੱਤ ਬੇਸ਼ਰਮੀ ਨਾਲ ਆਪਣਾ ਦਬਦਬਾ ਜਤਾ ਰਹੇ ਹਨ ਅਤੇ ਸਾਰੇ ਕੈਨੇਡਾ ਵਿੱਚ ਹਿੰਦੂ ਆਵਾਜ਼ਾਂ ਨੂੰ ਸਫਲਤਾਪੂਰਵਕ ਚੁੱਪ ਕਰਵਾ ਰਹੇ ਹਨ।''

ਉਨ੍ਹਾਂ ਅੱਗੇ ਲਿਖਿਆ, ''ਖਾਲਿਸਤਾਨੀ ਕੱਟੜਪੰਥੀਆਂ ਨੇ ਵੈਨਕੂਵਰ ਵਿੱਚ ਖਾਲਸਾ ਦੀਵਾਨ ਸੁਸਾਇਟੀ (ਰੌਸ ਸਟਰੀਟ ਗੁਰਦੁਆਰੇ) ਨੂੰ ਵੀ ਖਾਲਿਸਤਾਨ ਪੱਖੀ ਗ੍ਰੈਫਿਟੀ ਅਤੇ ਡਰਾਉਣ-ਧਮਕਾਉਣ ਦੀਆਂ ਚਾਲਾਂ ਨਾਲ ਨਿਸ਼ਾਨਾ ਬਣਾਇਆ ਹੈ।''

ਚੰਦਰਾ ਆਰਿਆ ਨੇ ਕਿਹਾ ਕਿ ''ਇਹ ਸਮਾਂ ਹੈ ਕਿ ਹਿੰਦੂ-ਕੈਨੇਡੀਅਨ ਸਾਡੇ ਬਹੁਗਿਣਤੀ ਸਿੱਖ-ਕੈਨੇਡੀਅਨ ਭੈਣ-ਭਰਾਵਾਂ ਨਾਲ ਮਿਲ ਕੇ ਅੱਗੇ ਆਉਣ ਅਤੇ ਅਧਿਕਾਰੀਆਂ ਤੋਂ ਤੁਰੰਤ, ਫੈਸਲਾਕੁੰਨ ਕਾਰਵਾਈ ਦੀ ਮੰਗ ਕਰਨ। ਚੁੱਪ ਰਹਿਣਾ ਹੁਣ ਕੋਈ ਬਦਲ ਨਹੀਂ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)