ਚਿੱਟੀ ਪੈਂਟ, ਮਿੱਟੀ ਰੰਗੀ ਕਮੀਜ਼ ਤੇ ਅਸਮਾਨੀ ਪੱਗ ਬੰਨ੍ਹਣ ਦੇ ਸ਼ੌਕੀਨ ਸਨ ਮਨਮੋਹਨ ਸਿੰਘ, ਪੰਜਾਬ ਯੂਨੀਵਰਸਿਟੀ ਨਾਲ ਜੁੜੀਆਂ ਯਾਦਾਂ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ 1932 ਵਿੱਚ ਗਾਹ ਪਿੰਡ ਵਿੱਚ ਹੋਇਆ, ਜੋ ਹੁਣ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿੱਚ ਹੈ।

ਭਾਰਤ-ਪਾਕਿਸਤਾਨ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਆਪਣਾ ਜੱਦੀ ਪਿੰਡ ਛੱਡ ਕੇ ਅੰਮ੍ਰਿਤਸਰ ਆ ਕੇ ਵੱਸ ਗਿਆ ਸੀ। ਅੰਮ੍ਰਿਤਸਰ ਹੀ ਉਹ ਸ਼ਹਿਰ ਹੈ ਜਿੱਥੇ ਡਾ. ਮਨਮੋਹਨ ਸਿੰਘ ਦੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਣਨ ਦੀ ਨੀਂਹ ਰੱਖੀ ਗਈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਡਾ. ਮਨਮੋਹਨ ਸਿੰਘ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਅੰਮ੍ਰਿਤਸਰ ਵਿੱਚ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਅਰਥ ਸ਼ਾਸਤਰ (ਆਨਰਜ਼) ਵਿੱਚ ਗ੍ਰੈਜੂਏਸ਼ਨ ਕੀਤੀ।

ਅੰਮ੍ਰਿਤਸਰ ਦੇ ਹਿੰਦੂ ਕਾਲਜ ਨਾਲ ਗੂੜ੍ਹੀ ਸਾਂਝ

ਬੀਬੀਸੀ ਨਾਲ ਗੱਲਬਾਤ ਕਰਦਿਆਂ ਹਿੰਦੂ ਕਾਲਜ ਦੇ ਪ੍ਰਿੰਸੀਪਲ ਸੰਜੇ ਖੰਨਾ ਦੱਸਦੇ ਹਨ, "ਡਾਕਟਰ ਮਨਮੋਹਨ ਸਿੰਘ ਨੂੰ ਕਾਲਜ ਵੱਲੋਂ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪੜ੍ਹਾਈ ਵਿੱਚ ਇੰਨੇ ਸ਼ਾਨਦਾਰ ਸਨ ਕਿ ਉਨ੍ਹਾਂ ਤੋਂ ਅੱਧੀ ਫੀਸ ਲਈ ਜਾਂਦੀ ਸੀ।"

ਸੰਜੇ ਖੰਨਾ ਅੱਗੇ ਦੱਸਦੇ ਹਨ ਕਿ,"ਜਦੋਂ ਉਹ ਪ੍ਰਧਾਨ ਮੰਤਰੀ ਵੀ ਬਣ ਗਏ ਤਾਂ ਕਾਲਜ ਵੱਲੋਂ ਜਦੋਂ ਵੀ ਉਨ੍ਹਾਂ ਨੂੰ ਚਿੱਠੀ ਭੇਜੀ ਜਾਂਦੀ, ਉਹ ਹਮੇਸ਼ਾ ਉਸ ਦਾ ਜਵਾਬ ਦਿੰਦੇ। 2018 ਵਿੱਚ ਉਹ ਕਾਲਜ ਦੀ ਕਨਵੋਕੇਸ਼ਨ ਦਾ ਹਿੱਸਾ ਵੀ ਬਣੇ।"

ਹਿੰਦੂ ਕਾਲਜ ਦੀ ਐਲੂਮਨੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਸੇਠੀ ਕਹਿੰਦੇ ਹਨ, "ਉਹ 2018 ਵਿੱਚ ਜਦੋਂ ਕਾਲਜ ਆਏ ਤਾਂ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਹਿੰਦੂ ਕਾਲਜ ਦੇ ਪ੍ਰੋਫੈਸਰਾਂ ਅਤੇ ਸਾਥੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਉਹ ਜੋ ਕੁਝ ਵੀ ਹਨ, ਉਹ ਹਿੰਦੂ ਕਾਲਜ ਦੀ ਬਦੌਲਤ ਹਨ।"

ਅਸ਼ੋਕ ਸੇਠੀ ਇਹ ਵੀ ਦੱਸਦੇ ਹਨ ਕਿ ਡਾ. ਮਨਮੋਹਨ ਸਿੰਘ ਡਿਬੇਟ ਵਿੱਚ ਬਹੁਤ ਹਿੱਸਾ ਲੈਂਦੇ ਸਨ। ਉਹ ਹਰ ਸਮੇਂ ਪੜ੍ਹਦੇ ਰਹਿੰਦੇ ਸਨ, ਪੜ੍ਹਾਈ ਤੋਂ ਇਲਾਵਾ ਉਹ ਕੋਈ ਗੱਲ ਨਹੀਂ ਕਰਦੇ ਸਨ।"

ਪ੍ਰਿੰਸੀਪਲ ਸੰਜੇ ਖੰਨਾ ਕਹਿੰਦੇ ਹਨ, "ਹਿੰਦੂ ਕਾਲਜ ਹਮੇਸ਼ਾ ਡਾ. ਸਿੰਘ ਦੀ ਵਿਰਾਸਤ ਨੂੰ ਮਾਣ ਨਾਲ ਯਾਦ ਕਰਦਾ ਹੈ। ਕਾਲਜ ਨੇ ਡਾਕਟਰ ਸਿੰਘ ਦੇ ਰਿਕਾਰਡ, ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਲਜ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ, ਜੋ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਸਫ਼ਰ ਨੂੰ ਬਿਆਨ ਕਰਦੀਆਂ ਹਨ।"

ਬਿਨਾਂ ਕਿਤਾਬ ਤੋਂ ਵਿਦਿਆਰਥੀਆਂ ਨੂੰ ਕਰਵਾ ਦਿੰਦੇ ਸੀ ਸਿਲੇਬਸ

ਡਾਕਟਰ ਮਨਮੋਹਨ ਸਿੰਘ 1964 ਵਿੱਚ ਪੰਜਾਬ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਪੜ੍ਹਾ ਰਹੇ ਸਨ। ਉਨ੍ਹਾਂ ਕੋਲ ਬੀ.ਕਾਮ ਦੇ ਵਿਦਿਆਰਥੀ ਰਹੇ ਡਾਕਟਰ ਪ੍ਰੀਤਮ ਸਿੰਘ ਰੰਗੀ ਨਾਲ ਬੀਬੀਸੀ ਪੱਤਰਕਾਰ ਨਵਜੋਤ ਕੌਰ ਨੇ ਗੱਲਬਾਤ ਕੀਤੀ ਹੈ। ਡਾ. ਪੀ.ਐੱਸ ਰੰਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾਮੁਕਤ ਹਨ।

ਡਾਕਟਰ ਪ੍ਰੀਤਮ ਸਿੰਘ ਰੰਗੀ ਇਸ ਵੇਲੇ ਅਮਰੀਕਾ ਵਿੱਚ ਹਨ। ਉਹ ਕਹਿੰਦੇ ਹਨ, "ਮੈਨੂੰ ਦਿੱਲੀ ਤੋਂ ਫੋਨ ਆਇਆ ਕਿ ਡਾਕਟਰ ਸਾਹਬ ਨਹੀਂ ਰਹੇ। ਇਹ ਸੁਣ ਕੇ ਮੇਰਾ ਮਨ ਭਾਰੀ ਹੋ ਗਿਆ। ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਮੈਂ ਬਤੌਰ ਵਿਦਿਆਰਥੀ ਉਨ੍ਹਾਂ ਕੋਲ ਪੜ੍ਹ ਰਿਹਾ ਸੀ।"

ਚਿੱਟੀ ਪੈਂਟ, ਮਿੱਟੀ ਰੰਗੀ ਕਮੀਜ਼, ਅਸਮਾਨੀ ਪੱਗ ਬੰਨ੍ਹਣ ਦੇ ਸਨ ਸ਼ੌਕੀਨ

ਪੀਐੱਸ ਰੰਗੀ ਨੇ ਬੀਬੀਸੀ ਨਾਲ ਆਪਣੀਆਂ 1964 ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਉਹ ਕਹਿੰਦੇ ਹਨ, "ਡਾਕਟਰ ਸਾਹਬ ਯੂਨੀਵਰਸਿਟੀ ਵਿੱਚ ਅਕਸਰ ਚਿੱਟੀ ਪੈਂਟ, ਮਿੱਟੀ ਰੰਗੀ ਕਮੀਜ਼ ਦੇ ਨਾਲ ਅਸਮਾਨੀ ਰੰਗ ਦੀ ਪੱਗ ਬੰਨ੍ਹੀ ਹੁੰਦੀ ਸੀ। ਉਨ੍ਹਾਂ ਦੇ ਹੱਥ ਵਿੱਚ ਨਾ ਕੋਈ ਕਿਤਾਬ, ਨਾ ਕੋਈ ਰਜਿਸਟਰ ਹੁੰਦਾ।"

"ਕਲਾਸ ਦੇ ਵਿੱਚ ਉਨ੍ਹਾਂ ਨੇ ਕਦੇ ਬਲੈਕਬੋਰਡ ਉੱਤੇ ਨਹੀਂ ਪੜ੍ਹਾਇਆ ਸੀ। ਉਨ੍ਹਾਂ ਕੋਲ ਜਾਣਕਾਰੀ ਹੀ ਇੰਨੀ ਹੁੰਦੀ ਸੀ ਕਿ ਉਹ ਵਿਦਿਆਰਥੀਆਂ ਨਾਲ ਗੱਲਾਂ ਕਰਦੇ ਹੀ ਸਾਰਾ ਸਿਲੇਬਸ ਕਰਵਾ ਦਿੰਦੇ ਹਨ।"

ਡਾ. ਪ੍ਰੀਤਮ ਨੇ ਹੱਸਦਿਆਂ ਹੋਇਆ ਕਿਹਾ, "ਮੈਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਰੱਟਾ ਮਾਰ ਕੇ ਪੜ੍ਹਾਉਂਦੇ ਹਨ, ਮੈਂ ਇੱਕ ਦਿਨ ਆਪਣੇ ਸਾਥੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਕੋਲ ਜਾਣਕਾਰੀ ਹੀ ਇੰਨੀ ਹੈ ਕਿ ਉਨ੍ਹਾਂ ਨੂੰ ਕਿਸੇ ਕਿਤਾਬ ਜਾਂ ਨੋਟ ਦੀ ਲੋੜ ਹੀ ਨਹੀਂ ਪੈਂਦੀ। ਉਨ੍ਹਾਂ ਦਾ ਬੋਲਿਆ ਹਰ ਸ਼ਬਦ ਜਾਣਕਾਰੀ ਨਾਲ ਭਰਿਆ ਹੋਇਆ ਹੀ ਹੁੰਦਾ ਸੀ।"

ਹੱਥ ਵਿੱਚ ਫੜਿਆ ਰੁਮਾਲ ਘੁਮਾਉਂਦੇ ਰਹਿੰਦੇ ਸਨ

ਪੰਚਕੂਲਾ ਰਹਿੰਦੇ ਡਾ. ਮਨਮੋਹਨ ਸਿੰਘ ਦੇ ਇੱਕ ਹੋਰ ਵਿਦਿਆਰਥੀ ਡਾ. ਵਿਨੋਦ ਕੁਮਾਰ ਗੁਪਤਾ ਨੇ ਬੀਬੀਸੀ ਨੂੰ ਦੱਸਿਆ, "ਡਾਕਟਰ ਸਾਹਬ ਯੂਨੀਵਰਿਸਟੀ ਵਿੱਚ ਹੱਥ ਵਿੱਚ ਫੜਿਆ ਰੁਮਾਲ ਘੁਮਾਉਂਦੇ ਰਹਿੰਦੇ ਸਨ। ਇਹ ਉਨ੍ਹਾਂ ਦੀ ਆਦਤ ਸੀ, ਪਰ ਸਾਨੂੰ ਵਿਦਿਆਰਥੀਆਂ ਨੂੰ ਬਹੁਤ ਪਿਆਰੀ ਲੱਗਦੀ ਸੀ।"

ਉਹ ਅਗਾਂਹ ਦੱਸਦੇ ਹਨ ਕਿ, "ਉਨ੍ਹਾਂ ਦੀ ਮੇਰੇ ਨਾਲ ਗੂੜ੍ਹੀ ਸਾਂਝ ਸੀ। ਉਹ ਮੈਨੂੰ ਹਮੇਸ਼ਾ ਅੱਗੇ ਵੱਧਣ ਲਈ ਪ੍ਰੇਰਦੇ ਸਨ। ਸਾਡਾ ਦੋਵਾਂ ਦਾ ਜਨਮ ਦਿਨ ਇੱਕੋ ਹੀ ਦਿਨ ਹੁੰਦਾ। ਇਸ ਕਰਕੇ ਉਨ੍ਹਾਂ ਦਾ ਚਲੇ ਜਾਣਾ ਮੇਰੇ ਲਈ ਬਹੁਤ ਵੱਡਾ ਘਾਟਾ ਹੈ।"

ਡਾਕਟਰ ਪ੍ਰੀਤਮ ਨੇ ਅੱਗੇ ਦੱਸਿਆ, "ਅਸੀਂ ਉਨ੍ਹਾਂ ਦੇ ਟਿਊਟੋਰੀਅਲ ਗਰੁੱਪ ਦੇ ਵਿਦਿਆਰਥੀ ਹੁੰਦੇ ਸੀ, ਜੋ ਉਨ੍ਹਾਂ ਦੇ ਘਰੇ ਜਾ ਕੇ ਪੜ੍ਹਦੇ ਸੀ। ਸ਼ੁੱਕਰਵਾਰ ਨੂੰ ਜਦੋਂ ਅਸੀਂ ਉਨ੍ਹਾਂ ਦੇ ਘਰੇ ਜਾਣਾ ਤਾਂ ਡਾਕਟਰ ਸਾਹਬ ਨੇ ਸਾਨੂੰ ਪੜ੍ਹਾਉਣਾ, ਉਨ੍ਹਾਂ ਦੀ ਪਤਨੀ ਨੇ ਚਾਹ ਨਾਲ ਪਕੌੜੇ ਖੁਦ ਬਣਾ ਕੇ ਸਾਨੂੰ ਸਾਰਿਆਂ ਨੂੰ ਖਵਾਉਣੇ।"

"ਉਨ੍ਹਾਂ ਦੇ ਘਰ ਵਿੱਚ ਕਦੇ ਕੋਈ ਕੋਈ ਨੌਕਰ ਕੰਮ ਨਹੀਂ ਕਰਦਾ ਸੀ, ਘਰ ਦਾ ਸਾਰਾ ਕੰਮ ਡਾਕਟਰ ਸਾਹਬ ਜਾਂ ਮੈਡਮ ਕਰਦੇ ਸਨ।"

ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਜਦੋਂ ਵਿਦਿਆਰਥੀਆਂ ਨੇ ਆਪਣੇ ਘਰਾਂ ਨੂੰ ਜਾਣਾ ਹੁੰਦਾ ਸੀ ਤੇ ਡਾਕਟਰ ਸਾਹਬ ਨੂੰ ਕੋਈ ਵੀ ਵਿਦਿਆਰਥੀ ਰਸਤੇ ਵਿੱਚ ਮਿਲ ਜਾਂਦਾ ਤਾਂ ਉਹ ਖੁਦ ਆਪਣੀ ਫੀਅਟ ਕਾਰ ਵਿੱਚ ਉਸਨੂੰ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ਛੱਡ ਕੇ ਆਉਂਦੇ।"

ਡਾ.ਪ੍ਰੀਤਮ ਕਹਿੰਦੇ ਹਨ ਕਿ ਸਾਲ 1986 ਵਿੱਚ ਉਹ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਵਿੱਚ ਇੱਕ ਕਾਨਵੋਕੇਸ਼ਨ ਵਿੱਚ ਮਿਲੇ। ਮੈਂ ਉਨ੍ਹਾਂ ਦੇ ਗੋਡੇ ਹੱਥ ਲਾ ਕੇ ਪੁੱਛਿਆ ਕਿ ਸਰ ਪਛਾਣ ਲਿਆ ? ਤਾਂ ਉਨ੍ਹਾਂ ਨੇ ਝੱਟ ਜਵਾਬ ਦਿੱਤਾ "ਯੈੱਸ ਪ੍ਰੀਤਮ!"

ਡਾਕਟਰ ਪ੍ਰੀਤਮ ਕਹਿੰਦੇ ਹਨ ਉਸ ਵੇਲੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਰ ਕੋਈ ਮੈਨੂੰ ਡਾ. ਪੀ.ਐੱਸ ਰੰਗੀ ਦੇ ਨਾਮ ਨਾਲ ਜਾਣਦਾ ਸੀ, ਮੇਰਾ ਨਾਮ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਡਾਕਟਰ ਮਨਮੋਹਨ ਸਿੰਘ ਆਪਣੇ ਵਿਦਿਆਰਥੀਆਂ ਨੂੰ ਕਿਵੇਂ ਯਾਦ ਰੱਖਦੇ ਸਨ।

ਡਾ. ਪ੍ਰੀਤਮ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਕਿ, "ਜਦੋਂ ਡਾਕਟਰ ਮਨਮੋਹਨ ਸਿੰਘ ਆਕਸਫੋਰਡ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਕੇ ਵਾਪਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਏ ਤਾਂ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਹੈੱਡ ਡਾ.ਰੰਗਰੇਕਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਹੁਣ ਵਿਭਾਗ ਦੇ ਹੈੱਡ ਦਾ ਅਹੁਦਾ ਸੰਭਾਲ ਲਵੋ।"

"ਹਾਲਾਂਕਿ ਡਾ. ਰੰਗਰੇਕਰ ਡਾਕਟਰ ਮਨਮੋਹਨ ਸਿੰਘ ਤੋਂ ਬਹੁਤ ਵੱਡੇ ਸਨ। ਪਰ ਡਾ. ਮਨਮੋਹਨ ਸਿੰਘ ਨੇ ਮਨ੍ਹਾਂ ਕਰ ਦਿੱਤਾ ਕਿ ਇਹ ਤੁਹਾਡੀ ਥਾਂ ਹੈ, ਇਸਦੇ ਉੱਤੇ ਤੁਸੀਂ ਹੀ ਰਹੋਗੇ।"

ਵਿਦਿਆਰਥੀ ਦੇ ਘਰ ਗਏ ਤਾਂ ਆਪਣੇ ਰੁਮਾਲ ਨਾਲ ਸਾਫ਼ ਕਰਨ ਲੱਗੇ ਡੁੱਲ੍ਹਿਆ ਪਾਣੀ

ਡਾ. ਵੀਕੇ ਗੁਪਤਾ ਦੀ ਪਤਨੀ ਪ੍ਰੇਮਲਤਾ ਨੇ ਡਾ. ਮਨਮੋਹਨ ਸਿੰਘ ਨੂੰ ਯਾਦ ਕਰਦਿਆਂ ਇੱਕ ਕਿੱਸਾ ਸਾਂਝਾ ਕੀਤਾ। ਉਹ ਦੱਸਦੇ ਹਨ, "ਜਦੋਂ ਡਾ. ਮਨਮੋਹਨ ਸਿੰਘ ਆਰਬੀਆਈ ਦੇ ਗਵਰਨਰ ਸਨ ਤਾਂ ਉਹ ਸਾਡੇ ਘਰ ਆਏ। ਮੈਂ ਉਨ੍ਹਾਂ ਨੂੰ ਪੀਣ ਲਈ ਨਿੰਬੂ ਪਾਣੀ ਦਿੱਤਾ। ਉਨ੍ਹਾਂ ਦਾ ਹੱਥ ਲੱਗਣ ਨਾਲ ਥੋੜ੍ਹਾ ਜਿਹਾ ਪਾਣੀ ਮੇਜ ਉੱਤੇ ਡੁੱਲ ਗਿਆ ਤਾਂ ਉਹ ਤੁਰੰਤ ਆਪਣਾ ਰੁਮਾਲ ਕੱਢ ਕੇ ਉਹ ਪਾਣੀ ਸਾਫ ਕਰਨ ਲੱਗ ਗਏ। ਮੈਂ ਰੋਕਿਆ ਵੀ ਪਰ ਉਨ੍ਹਾਂ ਨੇ ਕਹਿ ਦਿੱਤਾ ਕਿ ਨਹੀਂ ਮੈਂ ਇਹ ਸਾਫ਼ ਕਰ ਦੇਵਾਂਗਾ।"

ਪ੍ਰੇਮਲਤਾ ਕਹਿੰਦੇ ਹਨ ਕਿ, "ਕੋਈ ਇੰਨੇ ਵੱਡੇ ਅਹੁਦੇ ਉੱਤੇ ਹੁੰਦੇ ਹੋਏ ਅਜਿਹਾ ਕਿਵੇਂ ਕਰ ਸਕਦਾ। ਇੰਨਾ ਹੀ ਨਹੀਂ ਉਹ ਆਪਣੇ ਵਿਦਿਆਰਥੀ (ਵਿਨੋਦ ਕੁਮਾਰ ਗੁਪਤਾ) ਨੂੰ ਮਿਲਣ ਲਈ ਅੱਧਾ ਘੰਟਾ ਇੰਤਜ਼ਾਰ ਵੀ ਕਰਦੇ ਰਹੇ ਅਤੇ ਫਿਰ ਰਿਕਸ਼ੇ ਉੱਤੇ ਹੀ ਅੱਗੇ ਆਪਣੇ ਕੰਮ ਲਈ ਚਲੇ ਗਏ।"

'ਕਦੇ ਲੱਗਿਆ ਹੀ ਨਹੀਂ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੇ ਹੋਈਏ'

ਡਾ. ਉਪਿੰਦਰ ਸਾਹਨੇ ਦੋ ਵਾਰ ਪੰਜਾਬ ਯੂਨੀਵਰਿਸਟੀ ਅਰਥ ਸ਼ਾਸਤਰ ਵਿਭਾਗ ਦੇ ਚੇਅਰਪਰਸਨ ਦੇ ਅਹੁਦੇ ਉੱਤੇ ਰਹਿ ਚੁੱਕੇ ਹਨ।

ਉਹ ਕਹਿੰਦੇ ਹਨ, "ਡਾਕਟਰ ਮਨਮੋਹਨ ਸਿੰਘ ਦਾ ਤੁਰ ਜਾਣਾ ਉਨ੍ਹਾਂ ਲਈ ਪਿਓ ਦੇ ਤੁਰ ਜਾਣ ਵਾਂਗ ਹੈ। ਉਨ੍ਹਾਂ ਨਾਲ ਵਿਚਰਦਿਆਂ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। "

ਡਾ. ਉਪਿੰਦਰ ਮੁਤਾਬਕ, ਉਨ੍ਹਾਂ ਵਰਗਾ ਇਨਸਾਨ, ਅਰਥ-ਸ਼ਾਸਤਰੀ ਭਾਰਤ ਨੂੰ ਕਦੇ ਮਿਲਿਆ ਨਹੀਂ ਅਤੇ ਨਾ ਹੀ ਹੁਣ ਕਦੇ ਮਿਲੇਗਾ। ਉਨ੍ਹਾਂ ਦੀ ਦੇਣ ਨੂੰ ਭਾਵੇਂ ਪਹਿਲਾਂ ਸਰਾਹਿਆ ਨਹੀਂ ਗਿਆ ਪਰ ਅੱਜ ਦੇਖੋ ਹਰ ਕੋਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕਰ ਰਿਹਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)