ਕੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ 'ਨਵਾਂ ਅਕਾਲੀ ਦਲ' ਤੱਕੜੀ ਦਾ ਨਿਸ਼ਾਨ ਖੋਹ ਸਕਦਾ ਹੈ

 ਹਰਪ੍ਰੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਿਆਨੀ ਹਰਪ੍ਰੀਤ ਸਿੰਘ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਾਏ ਗਏ ਹਨ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੋਣ ਨਿਸ਼ਾਨ ਅਤੇ ਦਫ਼ਤਰ ਵੀ ਲੈ ਕੇ ਰਹਾਂਗੇ, ਜਦੋਂ ਅਸੀਂ ਇਹ ਤਿੰਨ ਪਿੱਲਰ ਲੈ ਲਏ ਤਾਂ ਇਨ੍ਹਾਂ ਦੇ ਚੁੱਲ੍ਹੇ ਨੇ ਖੇਰੂੰ-ਖੇਰੂੰ ਹੋ ਜਾਣਾ। ਉਹ ਸਾਨੂੰ ਕਹਿੰਦੇ ਨੇ ਕਿ ਵੱਖਰਾ ਚੁੱਲ੍ਹਾ ਬਣਾ ਲਿਆ, ਇਹ ਅਕਾਲ ਤਖ਼ਤ ਦੀ ਉਲੰਘਣਾ ਪਰ ਇਹ ਵੱਖਰਾ ਨਹੀਂ ਹੁਣ ਇਹੀ ਅਸਲੀ ਚੁੱਲ੍ਹਾ।"

ਇਹ ਸ਼ਬਦ ਗਿਆਨੀ ਹਰਪ੍ਰੀਤ ਸਿੰਘ ਨੇ ਸੋਮਵਾਰ ਨੂੰ ਉਸ ਸਮੇਂ ਕਹੇ ਜਦੋਂ ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਉਨ੍ਹਾਂ ਨੂੰ ਇਜਲਾਸ ਦੌਰਾਨ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ।

ਇਸ ਦੌਰਾਨ ਹਰਪ੍ਰੀਤ ਸਿੰਘ ਨੇ ਆਪਣੇ ਵਿਰੋਧੀ ਧੜੇ ਉੱਪਰ ਕਈ ਨਿਸ਼ਾਨੇ ਸਾਧੇ।

ਇਸ ਤੋਂ ਬਾਅਦ ਬੀਤੇ ਦਿਨ ਮੀਡੀਆ ਦੇ ਰੂਬਰੂ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਅਤੇ ਦੁਬਿਧਾ ਖੜ੍ਹੀ ਕਰਨ ਲਈ ਪਾਰਟੀ ਦਾ ਨਾਮ ਵਾਰ-ਵਾਰ ਲਿਆ ਗਿਆ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਖ਼ਿਲਾਫ਼ ਪਾਰਟੀ ਵੱਲੋਂ ਅਦਾਲਤ ਵਿੱਚ ਕ੍ਰਿਮੀਨਲ ਸ਼ਿਕਾਇਤ ਦਾਇਰ ਕਰਨਗੇ।

ਇਸ ਪੂਰੇ ਘਟਨਾਕ੍ਰਮ ਵਿੱਚੋਂ ਹੁਣ ਇਹ ਸਵਾਲ ਪੈਦਾ ਹੋਇਆ ਕਿ ਕੀ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਜਾਂ ਨਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ? ਕੀ ਰਜਿਸਟਰਡ ਪਾਰਟੀ ਉੱਪਰ ਦਾਅਵਾ ਕੀਤਾ ਜਾ ਸਕਦਾ ਹੈ?

ਗਿਆਨੀ ਹਰਪ੍ਰੀਤ ਸਿੰਘ ਦਾ ਦਾਅਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਲਜ਼ਾਮ

ਗਿਆਨੀ ਹਰਪ੍ਰੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲੀ ਦਲ ਨੇ ਕਿਹਾ ਉਹ ਇਸ ਖ਼ਿਲਾਫ਼ ਪਾਰਟੀ ਵੱਲੋਂ ਅਦਾਲਤ ਵਿੱਚ ਕ੍ਰਿਮੀਨਲ ਸ਼ਿਕਾਇਤ ਦਾਇਰ ਕਰਨਗੇ

11 ਅਗਸਤ ਨੂੰ ਜਦੋਂ ਅਕਾਲ ਤਖ਼ਤ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਦੱਸਿਆ। ਇਸ ਐਲਾਨ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜੀ।

ਇਸ ਤੋਂ ਪਹਿਲਾਂ ਵੀ ਕਈ ਅਕਾਲੀ ਦਲ ਹੋਂਦ ਵਿੱਚ ਆਏ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਐਲਾਨ ਦਿੱਤਾ।

ਇਸ ਮੌਕੇ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਧੜੇ ਦਾ ਨਾਮ ਲਏ ਬਿਨ੍ਹਾਂ ਕਿਹਾ ਕਿ ਉਨ੍ਹਾਂ ਦਾ ਚੁੱਲ੍ਹਾ ਤਿੜਕਿਆ ਹੋਇਆ ਤੇ ਇੱਕ ਸਟੈਂਡ ਉੱਪਰ ਖੜ੍ਹਾ ਹੈ।

ਉਨ੍ਹਾਂ ਕਿਹਾ, "ਜਿਸ ਸਟੈਂਡ ਉੱਪਰ ਉਹ ਹਨ, ਉਹ ਅਸੀਂ ਲੈ ਲੈਣਾ। ਅਸੀਂ ਸ਼੍ਰੋਮਣੀ ਕਮੇਟੀ, ਚੋਣ ਨਿਸ਼ਾਨ ਅਤੇ ਦਫ਼ਤਰ ਲੈਣੇ ਹਨ।"

"ਉਹ ਸਾਨੂੰ ਕਹਿੰਦੇ ਨੇ ਕਿ ਵੱਖਰਾ ਚੁੱਲ੍ਹਾ ਬਣਾ ਲਿਆ, ਇਹ ਅਕਾਲ ਤਖ਼ਤ ਦੀ ਉਲੰਘਣਾ ਹੈ ਪਰ ਇਹ ਵੱਖਰਾ ਨਹੀਂ ਹੁਣ ਇਹੀ ਅਸਲੀ ਚੁੱਲ੍ਹਾ ਹੈ ਤੇ ਇਸ ਉੱਪਰ ਹੀ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ। 15 ਲੱਖ ਸਿੱਖਾਂ ਤੇ ਹਿੰਦੂਆਂ ਦੀ ਹਮਾਇਤ ਨਾਲ ਇਹ ਚੁੱਲ੍ਹਾ ਤਿਆਰ ਹੋਇਆ ਹੈ।"

ਹਰਪ੍ਰੀਤ ਸਿੰਘ ਦੇ ਇਸ ਬਿਆਨ ਤੋਂ ਬਾਅਦ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੱਖਰੀਆਂ ਭਰਤੀਆਂ ਕੀਤੀਆਂ ਗਈਆਂ ਹਨ ਪਰ ਅਕਾਲੀ ਦਲ ਵਿੱਚ ਭਰਤੀ ਪਾਰਟੀ ਦੇ ਸੰਵਿਧਾਨ ਮੁਤਾਬਕ ਹੁੰਦੀ ਹੈ।

ਉਨ੍ਹਾਂ ਕਿਹਾ, "ਪਾਰਟੀ ਦੇ ਸੰਵਿਧਾਨ ਨੂੰ ਨਾ ਮੈਂ ਬਦਲ ਸਕਦਾ ਹਾਂ ਤੇ ਨਾ ਹੀ ਸੁਖਬੀਰ ਸਿੰਘ ਬਾਦਲ। ਸਾਰੀ ਚੋਣ ਪ੍ਰਕਿਰਿਆ ਇਸ ਸੰਵਿਧਾਨ ਦੇ ਮੁਤਾਬਕ ਹੀ ਹੁੰਦੀ ਹੈ। ਜੇ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨਾ ਹੈ ਤਾਂ ਪਾਰਟੀ ਦੇ ਸੰਵਿਧਾਨ ਮੁਤਾਬਕ ਕੋਈ ਵੀ ਬਾਲਗ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣ ਸਕਦਾ ਹੈ ਪਰ ਉਸ ਨੂੰ 5 ਸਾਲ ਲਈ 10 ਰੁਪਏ ਚੰਦਾ ਜਮ੍ਹਾ ਕਰਵਾਉਣਾ ਪਵੇਗਾ।"

"ਅਸੀਂ ਜੋ 27 ਲੱਖ ਭਰਤੀ ਕੀਤੀ ਹੈ, ਉਸ ਹਰ ਬੰਦੇ ਨੇ ਇਹ ਰਸੀਦ ਕਟਵਾਈ ਹੈ। ਇਨ੍ਹਾਂ ਨੇ ਜੋ ਭਰਤੀ ਕੀਤੀ ਹੈ ਕੀ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਹੋਈ ਹੈ।"

"ਤੁਹਾਡੀ ਮੁੱਢਲੀ ਸ਼ਰਤ ਹੀ ਭਰਤੀ ਦੀ ਗ਼ਲਤ ਹੈ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਇਜਲਾਸ ਸ਼੍ਰੋਮਣੀ ਅਕਾਲੀ ਦਲ ਦਾ ਸੀ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਅਤੇ ਦੁਬਿਧਾ ਖੜ੍ਹੀ ਕਰਨ ਲਈ ਪਾਰਟੀ ਦਾ ਨਾਮ ਵਾਰ-ਵਾਰ ਲਿਆ ਗਿਆ। ਇਸ ਖਿਲਾਫ ਅਸੀਂ ਸ਼ਿਕਾਇਤ ਦਰਜ ਕਰਾਵਾਂਗੇ।"

ਕੀ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਦੂਜਾ ਧੜਾ ਦਾਅਵਾ ਕਰ ਸਕਦਾ ਹੈ?

ਚੋਣ ਨਿਸ਼ਾਨ ਉੱਪਰ ਪਾਰਟੀ ਦੇ ਹੀ ਦੂਜੇ ਧੜੇ ਵੱਲੋਂ ਦਾਅਵਾ ਕਰਨ ਦਾ ਮਾਮਲਾ ਮਹਾਰਾਸ਼ਟਰ ਵਿੱਚ ਵੀ ਦੇਖਣ ਨੂੰ ਮਿਲਿਆ ਸੀ।

ਫਰਵਰੀ 2023 ਵਿੱਚ ਚੋਣ ਕਮਿਸ਼ਨ ਨੇ ਏਕਨਾਥ ਸ਼ਿੰਦੇ ਦੇ ਧੜੇ ਵਾਲੀ ਸ਼ਿਵ ਸੈਨਾ ਨੂੰ ਅਸਲੀ ਸ਼ਿਵ ਸੈਨਾ ਮੰਨਿਆ ਸੀ ਕਿਉਂਕਿ ਸ਼ਿਵ ਸੈਨਾ ਦੇ ਕੁੱਲ 67 ਵਿਧਾਇਕਾਂ ਅਤੇ ਐੱਮਐੱਲਸੀ ਵਿੱਚੋਂ 40 ਸ਼ਿੰਦੇ ਧੜੇ ਦੇ ਹੱਕ ਵਿੱਚ ਸਨ। ਸੰਸਦ ਦੇ ਦੋਵਾਂ ਸਦਨਾਂ ਦੇ 22 ਸੰਸਦ ਮੈਂਬਰਾਂ ਵਿੱਚੋਂ 13 ਸ਼ਿੰਦੇ ਧੜੇ ਦੇ ਹੱਕ ਵਿੱਚ ਸਨ।

ਹੁਣ ਪੰਜਾਬ ਦੀ ਪੰਥਕ ਪਾਰਟੀ ਮੰਨੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਲਈ 'ਬਾਗੀ' ਧੜੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਉੱਪਰ ਆਪਣਾ ਦਾਅਵਾ ਪੇਸ਼ ਕੀਤਾ ਹੈ।

ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ, ਜੋ ਕਿ 'ਤੱਕੜੀ' ਹੈ, ਨੂੰ ਹਾਸਲ ਕਰਨ ਦੀ ਵੀ ਗੱਲ ਆਖੀ ਹੈ।

ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਰਜੁਨ ਸ਼ੈਰੋਨ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਅਜਿਹੀ ਸਥਿਤੀ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਪਾਰਟੀ ਦਾ ਸਾਰਾ ਕੰਟਰੋਲ ਕਿਸ ਕੋਲ ਹੈ, ਕਿਸ ਕੋਲ ਵਿਧਾਇਕ ਤੇ ਸੰਸਦ ਹਨ। ਚੋਣ ਕਮਿਸ਼ਨ ਕੋਲ ਜਾ ਕੇ ਕਈ ਵਾਰ ਇਹ ਚੀਜ਼ਾਂ ਵੀ ਆ ਜਾਂਦੀਆਂ ਹਨ ਕਿ ਕਿਹੜੀ ਅਸਲੀ ਪਾਰਟੀ ਹੈ।"

"ਅਜਿਹੀ ਸਥਿਤੀ ਵਿੱਚ ਜਦੋਂ ਦੋਵੇਂ ਧੜੇ ਅਸਲ ਹੋਣ ਦਾ ਦਾਅਵਾ ਕਰਦੇ ਹਨ ਤਾਂ ਚੋਣ ਕਮਿਸ਼ਨ ਇਸ ਉੱਪਰ ਸਾਰੀ ਘੋਖ ਕਰਕੇ ਫ਼ੈਸਲਾ ਕਰਦੀ ਹੈ ਨਹੀਂ ਤਾਂ ਫਿਰ ਉਹ ਮਾਮਲਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਵੀ ਪਹੁੰਚਦਾ ਹੈ।"

ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ

ਤਸਵੀਰ ਸਰੋਤ, Shiromani Akali Dal/FB

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ
ਇਹ ਵੀ ਪੜ੍ਹੋ-

ਉਹ ਕਹਿੰਦੇ ਹਨ ਕਿ ਇਹ ਕੋਈ ਸਾਧਾਰਨ ਮਾਮਲਾ ਨਹੀਂ ਹੁੰਦਾ, ਇਸ 'ਤੇ ਹਰ ਤਰ੍ਹਾਂ ਦੇ ਸਬੂਤ ਤੈਅ ਕਰਦੇ ਹਨ ਕਿ ਕਿਸ ਦੀ ਦਾਅਵੇਦਾਰੀ ਜ਼ਿਆਦਾ ਤੇ ਸਹੀ ਹੈ।

"ਕਿਉਂਕਿ ਪਾਰਟੀ ਕੋਲ ਦਫ਼ਤਰ, ਪਾਰਟੀ ਦੇ ਕਾਗਜ਼ਾਤ, ਖਾਤੇ ਤੇ ਹੋਰ ਕਈ ਕੁਝ ਹੁੰਦਾ ਹੈ, ਜਿਸ ਨਾਲ ਚੋਣ ਕਮਿਸ਼ਨ ਨਾਲ ਵੀ ਅਦਾਨ-ਪ੍ਰਦਾਨ ਰਹਿੰਦਾ ਹੈ। ਚੋਣ ਕਮਿਸ਼ਨ ਇਸ ਦੌਰਾਨ ਇਹ ਵੀ ਦੇਖਦਾ ਹੈ ਕਿ ਕਿਸ ਕੋਲ ਜ਼ਿਆਦਾ ਵਰਕਰਾਂ ਦੀ ਹਮਾਇਤ ਹੈ।"

ਇਸ ਵਿਚਾਲੇ ਉਹ ਇਹ ਵੀ ਕਹਿੰਦੇ ਹਨ, "ਬੇਸ਼ੱਕ ਇੱਕ ਧੜਾ ਕਹੇ ਕਿ ਮੇਰੇ ਨਾਲ ਇੰਨੇ ਲੋਕ ਹਨ ਪਰ ਕਿਸ ਕੋਲ ਕਿੰਨੇ ਵਿਧਾਇਕ ਜਾਂ ਸੰਸਦ ਹਨ, ਇਹ ਵੀ ਅਹਿਮ ਹੈ ਤੇ ਉਸ ਤੋਂ ਹੀ ਅਸਲ ਕੌਣ ਹੈ ਉਹ ਤੈਅ ਹੁੰਦਾ। ਇਸ ਨਾਲ ਅਦਾਲਤ ਲਈ ਫ਼ੈਸਲਾ ਕਰਨਾ ਵੀ ਅਸਾਨ ਹੋ ਜਾਂਦਾ ਹੈ ਕਿ ਇਹ ਪਾਰਟੀ ਇਸ ਧੜੇ ਦੀ ਹੈ।"

ਸੀਨੀਅਰ ਵਕੀਲ ਆਰਐੱਸ ਬੈਂਸ ਕਹਿੰਦੇ ਹਨ ਕਿ ਅਜਿਹੇ ਮਾਮਲੇ ਵਿੱਚ ਚੋਣ ਕਮਿਸ਼ਨ ਕੋਲ ਪਾਵਰ ਹੁੰਦੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਪੁਰਾਣੇ ਧੜੇ ਦੀ ਦਾਅਵੇਦਾਰੀ ਜ਼ਿਆਦਾ ਮੰਨੀ ਜਾਂਦੀ ਹੈ ਪਰ ਕਮਿਸ਼ਨ ਇਹ ਵੀ ਦੇਖਦਾ ਹੈ ਕਿ ਕਿਸ ਕੋਲ ਜ਼ਿਆਦਾ ਮੈਂਬਰ ਹਨ ਤੇ ਕੌਣ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਿਹਾ ਹੈ।

ਸਿਆਸੀ ਸਿੱਖ ਮਸਲਿਆਂ ਦੇ ਮਾਹਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਇਸ ਬਾਰੇ ਕਹਿੰਦੇ ਹਨ, "ਇਹ ਗੱਲ ਕਾਨੂੰਨ ਦੇ ਦਾਇਰੇ ਵਿੱਚ ਹੈ। ਇਹ ਸਿਰਫ਼ ਕਹਿਣ ਨਾਲ ਨਹੀਂ ਹੋ ਸਕਦਾ, ਇਸ ਦੇ ਲਈ ਕਾਨੂੰਨੀ ਪ੍ਰਕਿਰਿਆ ਹੋਵੇਗੀ, ਜਿਸ ਦੀ ਉਨ੍ਹਾਂ ਨੂੰ ਪਾਲਣਾ ਕਰਨਾ ਪਵੇਗੀ।"

ਮਹਾਰਾਸ਼ਟਰ ਦੀ ਉਦਾਰਹਣ 'ਤੇ ਬੋਲਦਿਆਂ ਉਨ੍ਹਾਂ ਕਿਹਾ, "ਚੋਣ ਨਿਸ਼ਾਨ ਉਸ ਧੜੇ ਕੋਲ ਰਹੇਗਾ, ਜਿਸ ਕੋਲ ਬਹੁਮਤ ਹੋਵੇਗਾ। ਬਾਕੀ ਚੋਣ ਕਮਿਸ਼ਨ ਜਾਂ ਅਦਾਲਤ ਦੇਖੇਗੀ ਕਾਨੂੰਨ ਦੇ ਮੁਤਾਬਕ ਚੋਣ ਨਿਸ਼ਾਨ ਕਿਸ ਨੂੰ ਮਿਲੇਗਾ।"

ਗੁਰਦਰਸ਼ਨ ਸਿੰਘ

ਚੋਣ ਨਿਸ਼ਾਨ ਬਾਰੇ ਚੋਣ ਕਮਿਸ਼ਨ ਕੀ ਕਹਿੰਦਾ?

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਚੋਣ ਨਿਸ਼ਾਨ ਲਈ ਸ਼ਰਤਾਂ ਇਹ ਹਨ ਕਿ ਇੱਕ ਪਾਰਟੀ ਭਾਰਤ ਦੇ ਚੋਣ ਕਮਿਸ਼ਨ ਕੋਲ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 29ਏ ਦੇ ਤਹਿਤ ਰਜਿਸਟਰਡ ਰਾਜਨੀਤਿਕ ਪਾਰਟੀ ਹੋਣੀ ਚਾਹੀਦੀ ਹੈ।

ਚੋਣ ਕਮਿਸ਼ਨ ਮੁਤਾਬਕ ਇਹ ਅਰਜ਼ੀ ਵਿਧਾਨ ਸਭਾ/ਲੋਕ ਸਭਾ ਦੇ ਕਾਰਜਕਾਲ ਦੀ ਸਮਾਪਤੀ ਦੀ ਮਿਤੀ ਤੋਂ ਛੇ ਮਹੀਨੇ ਪਹਿਲਾਂ ਸ਼ੁਰੂ ਹੋਣ ਵਾਲੀ ਮਿਆਦ ਵਿੱਚ ਅਤੇ ਚੋਣ ਦੀ ਸੂਚਨਾ ਜਾਰੀ ਕਰਨ ਦੀ ਨਿਰਧਾਰਤ ਮਿਤੀ ਤੋਂ ਘੱਟੋ-ਘੱਟ ਪੰਜ ਦਿਨ ਪਹਿਲਾਂ ਤੱਕ ਦਿੱਤੀ ਜਾ ਸਕਦੀ ਹੈ।

ਮੌਜੂਦਾ ਪਾਰਟੀ ਦੇ ਚੋਣ ਨਿਸ਼ਾਨ ਉੱਪਰ ਦਾਅਵਾ ਕਰਨ ਬਾਰੇ ਪੰਜਾਬ ਦੇ ਸਾਬਕਾ ਮੁੱਖ ਚੋਣ ਅਧਿਕਾਰੀ ਸਿਬਨ ਸੀ ਦਾ ਕਹਿਣਾ ਹੈ ਕਿ ਜੇ ਨਵੀਂ ਉੱਠੀ ਪਾਰਟੀ ਦੂਜੀ ਪਾਰਟੀ ਦੇ ਚੋਣ ਨਿਸ਼ਾਨ ਲਈ ਦਾਅਵਾ ਕਰਦੀ ਹੈ ਤਾਂ ਉਸ ਨੂੰ ਪਹਿਲਾਂ ਬਤੌਰ ਪਾਰਟੀ ਚੋਣ ਕਮਿਸ਼ਨ ਕੋਲ ਰਜਿਸਟਰਡ ਹੋਣਾ ਪਵੇਗਾ ਅਤੇ ਫਿਰ ਚੋਣ ਨਿਸ਼ਾਨ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ।

ਉਹ ਅੱਗੇ ਕਹਿੰਦੇ, "ਜੇ ਇੱਕ ਪਾਰਟੀ ਵਿੱਚੋਂ ਹੀ ਦੂਜਾ ਧੜਾ ਖੁਦ ਨੂੰ ਅਸਲੀ ਕਹਿਣ ਦਾ ਦਾਅਵਾ ਕਰੇ ਤਾਂ ਉਨ੍ਹਾਂ ਨੂੰ ਇਸ ਸਬੰਧੀ ਚੋਣ ਕਮਿਸ਼ਨ ਕੋਲ ਅਰਜ਼ੀ ਦਾਇਰ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਸੁਣਵਾਈ ਚੋਣ ਕਮਿਸ਼ਨਰ ਆਪਣੇ ਪੱਧਰ 'ਤੇ ਫੈਸਲਾ ਕਰਦਾ ਹੈ। ਇਹ ਸਾਰੀ ਕਾਨੂੰਨੀ ਪ੍ਰਕਿਰਿਆ ਹੈ, ਜੋ ਮਾਮਲੇ ਦੇ ਹਾਲਾਤਾਂ 'ਤੇ ਨਿਰਭਰ ਹੈ।"

ਹਰਪ੍ਰੀਤ ਸਿੰਘ

ਹਰਪ੍ਰੀਤ ਸਿੰਘ ਦਾ ਬਿਆਨ ਤੇ ਚੋਣ ਨਿਸ਼ਾਨ ਦੀ ਭੂਮਿਕਾ?

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ, ਦਫ਼ਤਰ ਅਤੇ ਐੱਸਜੀਪੀਸੀ ਬਾਬਤ ਦਿੱਤੇ ਬਿਆਨ ਬਾਰੇ ਸਿਆਸੀ ਸਿੱਖ ਮਸਲਿਆਂ ਦੇ ਮਾਹਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਸੀ।

ਉਹ ਕਹਿੰਦੇ ਹਨ, "ਪੰਥ ਪਹਿਲਾਂ ਹੀ ਖੇਰੂੰ-ਖੇਰੂੰ ਹੋਇਆ ਪਿਆ ਤਾਂ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਅਜਿਹੇ ਬਿਆਨ ਤੋਂ ਬਚ ਕੇ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦੇਣਾ ਚਾਹੀਦਾ ਸੀ।"

"ਇਹ ਬਹੁਤ ਛੋਟੀ ਸੋਚ ਹੈ। ਸਾਨੂੰ ਹੁਣ ਜੇ ਮੌਕਾ ਮਿਲਿਆ ਤਾਂ ਸਾਨੂੰ ਜੋ ਗ਼ਲਤੀਆਂ ਹਨ, ਉਨ੍ਹਾਂ ਤੋਂ ਸਿੱਖਿਆ ਲੈ ਕੇ ਸੁਧਾਰ ਕਰਨਾ ਚਾਹੀਦਾ ਹੈ। ਇਨ੍ਹਾਂ ਰੌਲਿਆਂ ਤੋਂ ਦੂਰ ਹੋ ਕੇ ਕਿਰਦਾਰ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।"

"ਜੇ ਇਹ ਸਮਝਦੇ ਹਨ ਕਿ ਚੋਣ ਨਿਸ਼ਾਨ ਤੱਕੜੀ ਉੱਪਰ ਪੁਰਾਣੇ ਅਕਾਲੀ ਜਾਂ ਮੌਜੂਦਾ ਮੋਹਰ ਲਗਾਉਂਦੇ ਸੀ ਤਾਂ ਇਸ ਤਰ੍ਹਾਂ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਤੇ ਹੋਰ ਅਕਾਲੀ ਧੜਿਆਂ ਦੇ ਵੀ ਵੱਖਰੇ-ਵੱਖਰੇ ਚੋਣ ਨਿਸ਼ਾਨ ਹਨ। ਪੰਥ ਤੇ ਪੰਜਾਬ ਵਿੱਚ ਜਿਹੜੀ ਗੱਲ ਸਵੀਕਾਰ ਹੋਵੇਗੀ ਉਹ ਹੋਵੇਗੀ ਤੁਹਾਡੇ ਕਿਰਦਾਰ ਤੇ ਕੰਮ ਦੇ ਨਾਲ।"

ਜਤਿੰਦਰ ਸਿੰਘ

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਸਿਆਸੀ ਮਾਹਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਵੋਟਾਂ ਦੇ ਦੌਰ ਵਿੱਚ ਚੋਣ ਨਿਸ਼ਾਨ ਇੱਕ ਅਹਿਮ ਭੂਮਿਕਾ ਤਾਂ ਨਿਭਾਉਂਦਾ ਹੈ।

ਉਹ ਕਹਿੰਦੇ ਹਨ, "ਲੋਕਾਂ ਨੂੰ ਕਈ ਵਾਰ ਪਾਰਟੀ ਦੇ ਨਾਮ ਨਾਲ ਘੱਟ ਚੋਣ ਨਿਸ਼ਾਨ ਨਾਲ ਜ਼ਿਆਦਾ ਪਛਾਣ ਆਉਂਦੀ ਹੈ। ਇਹ ਕੋਈ ਧਾਰਮਿਕ ਮਸਲਾ ਨਹੀਂ ਇਹ ਰਾਜਨੀਤਿਕ ਮਸਲਾ ਹੈ।"

"ਐੱਸਜੀਪੀਸੀ ਪੰਥਕ ਰਾਜਨੀਤੀ ਉੱਪਰ ਖ਼ਾਸ ਅਸਰ ਪਾਉਂਦੀ ਹੈ, ਇਸੇ ਲਈ ਹਰਪ੍ਰੀਤ ਸਿੰਘ ਵੱਲੋਂ ਐੱਸਜੀਪੀਸੀ, ਚੋਣ ਨਿਸ਼ਾਨ ਤੇ ਮੁੱਖ ਦਫਤਰ ਲੈਣ ਦੀ ਗੱਲ ਆਖੀ ਗਈ।"

"ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੋਟਰ ਚੋਣ ਨਿਸ਼ਾਨ ਨੂੰ ਦੇਖਦਾ ਹੈ। ਲੋਕਾਂ ਦੇ ਮਨਾਂ ਵਿੱਚ ਅਕਾਲੀ ਦਲ ਦਾ ਨਿਸ਼ਾਨ ਤੱਕੜੀ ਹੀ ਬੈਠਾ ਹੈ। ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕੇ ਅਸੀਂ ਹੀ ਅਸਲੀ ਅਕਾਲੀ ਦਲ ਹਾਂ ਤਾਂ ਇਸ ਮੌਕੇ ਚੋਣ ਨਿਸ਼ਾਨ ਬਹੁਤ ਅਹਿਮ ਹੋ ਜਾਂਦਾ, ਜਿਸ ਦੀ ਅਗਵਾਈ ਵਿੱਚ ਤੁਸੀਂ ਅੱਗੇ ਚੋਣਾਂ ਲੜਨੀਆਂ ਹਨ। ਇਸੇ ਕਰਕੇ ਹਰਪ੍ਰੀਤ ਸਿੰਘ ਦਾ ਬਿਆਨ ਕੋਈ ਧਾਰਮਿਕ ਨਹੀਂ ਬਲਕਿ ਪੂਰਾ ਰਾਜਨੀਤਿਕ ਹੈ।"

ਜਤਿੰਦਰ ਸਿੰਘ ਅੱਗੇ ਕਹਿੰਦੇ ਹਨ ਕਿ ਹਰਪ੍ਰੀਤ ਸਿੰਘ ਦਾ ਬਿਆਨ ਇਹ ਦੱਸ ਰਿਹਾ ਹੈ ਕਿ ਉਹ ਲੋਕਾਂ ਸਾਹਮਣੇ ਆਪਣਾ ਟੀਚਾ ਰੱਖ ਰਹੇ ਹਨ ਕਿ ਉਨ੍ਹਾਂ ਦੇ ਧੜੇ ਨੂੰ ਅਸਲ ਅਕਾਲੀ ਦਲ ਮੰਨ ਕੇ ਮਜ਼ਬੂਤ ਕਰੀਏ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਲਗਾਤਾਰ ਹੋ ਰਹੀ ਬਗਾਵਤ ਤੇ ਉਭਰ ਰਹੇ ਵੱਖਰੇ-ਵੱਖਰੇ ਧੜਿਆਂ ਬਾਰੇ ਗੁਰਦਰਸ਼ਨ ਸਿੰਘ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਬੱਸ ਹੁਣ ਲੋਕਾਂ ਦੇ ਹੱਥ ਵਿੱਚ ਹੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)