You’re viewing a text-only version of this website that uses less data. View the main version of the website including all images and videos.
ਪਾਸਟਰ ਜਸ਼ਨ ਗਿੱਲ ਕੌਣ ਹੈ ਜਿਸ ਨੇ ਬਲਾਤਕਾਰ ਦੇ ਕੇਸ ਵਿੱਚ ਆਤਮ ਸਮਰਪਣ ਕੀਤਾ
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਗੁਰਦਾਸਪੁਰ ਦੇ ਬਹੁਚਰਚਿਤ ਬਲਾਤਕਾਰ ਦੇ ਮਾਮਲੇ ਵਿੱਚ ਮੁਲਜ਼ਮ ਪਾਸਟਰ ਜਸ਼ਨ ਗਿੱਲ ਵੱਲੋਂ ਅੱਜ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ।
ਆਤਮ ਸਮਰਪਣ ਤੋਂ ਬਾਅਦ ਅਦਾਲਤੀ ਕਾਰਵਾਈ ਦੌਰਾਨ ਗੁਰਦਾਸਪੁਰ ਪੁਲਿਸ ਵੱਲੋਂ ਪਾਸਟਰ ਜਸ਼ਨ ਦੀ ਗ੍ਰਿਫ਼ਤਾਰੀ ਲਈ ਗਈ ਅਤੇ ਉਨ੍ਹਾਂ ਖ਼ਿਲਾਫ਼ ਦਰਜ ਮਾਮਲੇ ਸੰਬਧੀ ਪੁੱਛਗਿੱਛ ਲਈ ਉਨ੍ਹਾਂ ਨੂੰ 5 ਦਿਨਾਂ ਪੁਲਿਸ ਰਿਮਾਂਡ ʼਤੇ ਭੇਜ ਦਿੱਤਾ ਗਿਆ।
ਦਰਅਸਲ ਇਹ ਮਾਮਲਾ ਜੁਲਾਈ 2023 ਹੈ ਜਦੋਂ ਬੀਸੀਏ ਦੀ ਇੱਕ ਵਿਦਿਆਰਥਣ ਨਾਲ ਪਾਸਟਰ ਵੱਲੋਂ ਕਥਿਤ ਤੌਰ ʼਤੇ ਬਾਰ-ਬਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਗਿਆ ਸੀ। ਇਲਜ਼ਾਮ ਹੈ ਕਿ ਬਾਅਦ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਨਾਲ ਲੜਕੀ ਦੀ ਮੌਤ ਹੋ ਗਈ ਸੀ।
ਮਾਮਲਾ ਦਰਜ ਹੋਣ ਤੋਂ ਬਾਅਦ ਪਾਸਟਰ ਜਸ਼ਨ ਗਿੱਲ ਫਰਾਰ ਸੀ। ਇਸੇ ਮਾਮਲੇ ਵਿੱਚ ਦੀਨਾਨਗਰ ਪੁਲਿਸ ਥਾਣੇ ਦੀ ਟੀਮ ਵੱਲੋ ਜਸ਼ਨ ਗਿੱਲ ਦੇ ਭਰਾ ਪ੍ਰੇਮ ਮਸੀਹ ਅਤੇ ਉਨ੍ਹਾਂ ਦੀ ਭੈਣ ਮਾਰਥਾ ਗਿੱਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਕੇ ਪਾਸਟਰ ਨੂੰ ਪਨਾਹ ਦੇਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਉਧਰ ਮਾਮਲੇ ਵਿੱਚ ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਭਾਵੇਂ ਮੁਲਜ਼ਮ ਪੁਲਿਸ ਗ੍ਰਿਫ਼ਤ ਵਿੱਚ ਹੈ ਪਰ ਉਨ੍ਹਾਂ ਨੂੰ ਪੰਜਾਬ ਪੁਲਿਸ ਉੱਤੇ ਭਰੋਸਾ ਨਹੀਂ ਰਿਹਾ ਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਹੈ ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ।
ਕੀ ਹੈ ਪੂਰਾ ਮਾਮਲਾ
ਗੁਰਦਾਸਪੁਰ ਦੇ ਥਾਣਾ ਦੀਨਾਨਗਰ ਵਿੱਚ ਪੈਂਦੇ ਪਿੰਡ ਅਬਬਲਖ਼ੈਰ ਦੇ ਨਿਵਾਸੀ ਪਾਸਟਰ ਜਸ਼ਨ ਗਿੱਲ ʼਤੇ ਪਿੰਡ ਦੀ ਹੀ ਰਹਿਣ ਵਾਲੀ 21 ਸਾਲ ਦੀ ਕੁੜੀ ਨਾਲ ਬਲਾਤਕਾਰ ਕਰਨ, ਉਸਦਾ ਗਰਭਪਾਤ ਕਰਵਾਉਣ ਤੇ ਇਲਾਜ ਦੌਰਾਨ ਕੁੜੀ ਦੀ ਮੌਤ ਹੋਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ।
ਇਹ ਕੇਸ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ʼਤੇ ਵੱਖ-ਵੱਖ ਧਰਾਵਾਂ ਤਹਿਤ ਦਰਜ ਹੋਇਆ ਸੀ।
ਇਹ ਮਾਮਲਾ 9 ਜੁਲਾਈ 2023 ਨੂੰ ਦਰਜ ਹੋਇਆ ਸੀ ਅਤੇ ਜਸ਼ਨ ਗਿੱਲ ਉਦੋਂ ਤੋਂ ਹੀ ਫਰਾਰ ਸੀ। ਉਸ ਤੋਂ ਬਾਅਦ 9 ਅਕਤੂਬਰ 2024 ਨੂੰ ਅਦਾਲਤ ਨੇ ਮੁਲਜ਼ਮ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਹਾਲਾਂਕਿ, ਪੀੜਤ ਕੁੜੀ ਦੇ ਪਿਤਾ ਮੁਤਾਬਕ, ਉਨ੍ਹਾਂ ਨੇ ਆਪਣੀ ਧੀ ਦੇ ਗੁਨਾਹਗਾਰ ਖ਼ਿਲਾਫ਼ ਕਾਰਵਾਈ ਲਈ ਲਗਾਤਾਰ ਦੀਨਾਨਗਰ ਥਾਣੇ ʼਚ ਕਈ ਵਾਰ ਅਪੀਲ ਕੀਤੀ ਸੀ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਇੱਥੋਂ ਤੱਕ ਕਿ ਮਾਮਲੇ ਦਰਜ ਕਰਨ ਵਿੱਚ ਵੀ ਦੋ ਮਹੀਨੇ ਦੀ ਦੇਰੀ ਕੀਤੀ ਗਈ।
ਉਨ੍ਹਾਂ ਦਾ ਕਹਿਣਾ ਹੈ, "ਮਾਮਲਾ ਦਰਜ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।"
ਉਨ੍ਹਾਂ ਨੇ ਦੱਸਿਆ ਕਿ ਜਸ਼ਨ ਗਿੱਲ ਉਨ੍ਹਾਂ ਦੇ ਪਿੰਡ ਵਿੱਚ ਚਰਚ ਚਲਾਉਂਦਾ ਸੀ ਅਤੇ ਉਹ ਪੂਰਾ ਪਰਿਵਾਰ ਉਸ ਕੋਲ ਜਾਂਦਾ ਸੀ।
ਉਨ੍ਹਾਂ ਅੱਗੇ ਦੱਸਿਆ, "ਮੇਰੀ 21 ਸਾਲਾ ਦੀ ਧੀ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ ਅਤੇ ਉਦੋਂ ਉਸ ਦਾ ਆਖ਼ਰੀ ਸਾਲ ਸੀ, ਜਦੋਂ ਜਸ਼ਨ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਤੋਂ ਬਾਅਦ ਉਸ ਦਾ ਕਿਸੇ ਪਿੰਡ ਦੇ ਹਸਪਤਾਲ ਵਿੱਚ ਜ਼ਬਰਦਸਤੀ ਗਰਭਪਾਤ ਕਰਵਾਇਆ ਗਿਆ। ਜਦੋਂ ਇਨਫੈਕਸ਼ਨ ਫੈਲੀ ਤਾਂ ਪਰਿਵਾਰ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਅਤੇ ਉਸ ਵੇਲੇ ਕੁੜੀ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ।"
ਉਨ੍ਹਾਂ ਦਾ ਕਹਿਣਾ ਹੈ, "ਭਾਵੇਂ ਪਾਸਟਰ ਉਸ ਵੇਲੇ ਪਿੰਡ ਛੱਡ ਕੇ ਚਰਚ ਬੰਦ ਕਰ ਕੇ ਫਰਾਰ ਹੋ ਗਿਆ ਸੀ ਪਰ ਉਹ ਜੰਮੂ ਦੇ ਇਲਾਕਿਆਂ ਵਿੱਚ ਜਾ ਕੇ ਆਪਣਾ ਪ੍ਰਚਾਰ ਕਰ ਰਿਹਾ ਸੀ। ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸੀ।"
"ਇੱਥੋਂ ਤੱਕ ਕਿ ਸਾਡੇ ਉੱਤੇ ਮੁਲਜ਼ਮ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਸੀ। ਅਸੀਂ ਇਸੇ ਕਾਰਨ ਗੁਰਦਾਸਪੁਰ ਤੋਂ ਆਪਣਾ ਘਰ ਵੇਚ ਕੇ ਕਿਤੇ ਹੋਰ ਜਾ ਕੇ ਰਹਿ ਰਹੇ ਹਾਂ।"
ਉਨ੍ਹਾਂ ਨੇ ਪਾਸਟਰ ਜਸ਼ਨ ਦੇ ਆਤਮ ਸਮਰਪਣ ਤੋਂ ਬਾਅਦ ਕਿਹਾ ਕਿ ਬੇਸ਼ੱਕ ਮੁਲਜ਼ਮ ਨੇ ਆਤਮ ਸਮਰਪਣ ਕੀਤਾ ਹੈ ਅਤੇ ਉਨ੍ਹਾਂ ਦੇ ਭਰਾ ਅਤੇ ਭੈਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਫਿਰ ਵੀ ਉਨ੍ਹਾਂ ਨੂੰ ਗੁਰਦਾਸਪੁਰ ਦੀ ਪੁਲਿਸ ਉੱਤੇ ਭਰੋਸਾ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਮੈਨੂੰ ਪੰਜਾਬ ਪੁਲਿਸ ਦੀ ਰਿਮਾਂਡ ʼਤੇ ਯਕੀਨ ਨਹੀਂ ਹੈ। ਇਨ੍ਹਾਂ ਦਾ ਰਿਮਾਂਡ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ।"
ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। "ਠੀਕ ਹੈ ਐੱਸਪੀ ਸਾਬ੍ਹ ਨੇ ਟੀਮ ਦਾ ਗਠਨ ਕੀਤਾ ਹੈ ਪਰ ਮੈਨੂੰ ਭਰੋਸਾ ਨਹੀਂ ਹੈ। ਰਿਮਾਂਡ ʼਤੇ ਲਏ ਮੁਲਜ਼ਮਾਂ ਨੂੰ ਹਵਾਲਾਤ ਵਿੱਚ ਨਹੀਂ ਸਗੋਂ ਥਾਣੇ ਦੀਆਂ ਕੁਰਸੀਆਂ ਉੱਤੇ ਬਿਠਾਇਆ ਗਿਆ ਸੀ।"
ਪਾਸਟਰ ਬਲਜਿੰਦਰ ਨੂੰ ਸਜ਼ਾ ਮਗਰੋਂ ਪੁਲਿਸ ਹਰਕਤ ਵਿੱਚ ਆਈ
ਇੱਕ ਅਪ੍ਰੈਲ ਜਲੰਧਰ ਵਿੱਚ ਪੈਂਦੇ 'ਦਿ ਚਰਚ ਆਫ ਗਲੋਰੀ ਐਂਡ ਵਿਜ਼ਡਮ' ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ 2018 ਦੇ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਉਸ ਤੋਂ ਬਾਅਦ ਪੀੜਤ ਦੇ ਪਿਤਾ ਵੱਲੋ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਆਪਣੇ ਵਕੀਲਾਂ ਦੇ ਨਾਲ ਗੁਰਦਾਸਪੁਰ ਪੁਲਿਸ ਦੇ ਆਲਾ ਅਧਕਾਰਿਆ ਨਾਲ ਵੀ ਮੁਲਾਕਾਤ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਹਸਪਤਾਲ ਜਾਂ ਡਾਕਟਰ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਜਿਸ ਨੇ ਉਨ੍ਹਾਂ ਦੀ ਧੀ ਦਾ ਗਰਭਪਾਤ ਕੀਤਾ ਸੀ।
ਇਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਵੱਲੋ ਡੀਐੱਸਪੀ ਗੁਰਦਾਸਪੁਰ ਅਤੇ ਦੋ ਐੱਸਐਚਓ ਦੀ ਇੱਕ ਵਿਸ਼ੇਸ਼ ਟੀਮ ਬਣਾ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ।
ਗੁਰਦਾਸਪੁਰ ਪੁਲਿਸ ਦੇ ਐੱਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਾਸਟਰ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਖ਼ਾਸ ਤੌਰ ʼਤੇ ਟੈਕਨੀਕਲ ਜਾਂਚ ਲਈ ਮੁਹਾਲੀ ਤੋਂ ਸਪੈਸ਼ਲ ਟੀਮ ਦਾ ਵੀ ਸਾਥ ਲਿਆ ਗਿਆ ਸੀ।
ਉਨ੍ਹਾਂ ਨੇ ਦੱਸਿਆ, "ਇਸ ਤੋਂ ਬਾਅਦ ਟੈਕਨੀਕਲ ਤਰੀਕੇ ਦੇ ਨਾਲ ਲੋਕੇਸ਼ਨ ਟਰੇਸ ਕਰ ਕੇ ਇਸ ਮਾਮਲੇ ਵਿੱਚ ਪਾਸਟਰ ਦੇ ਇੱਕ ਭਰਾ ਪ੍ਰੇਮ ਮਸੀਹ ਨੂੰ 7 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ 8 ਅਪ੍ਰੈਲ ਨੂੰ ਪਾਸਟਰ ਦੀ ਭੈਣ ਮਾਰਥਾ ਗਿੱਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਪਾਸਟਰ ਨੂੰ ਪਨਾਹ ਦੇਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ।"
"ਜਦਕਿ ਪਾਸਟਰ ਜਸ਼ਨ ਮਸੀਹ ਵੱਲੋਂ ਗੁਰਦਾਸਪੁਰ ਦੀ ਸੀਜੇਐੱਮ ਦੀ ਅਦਾਲਤ ਵਿੱਚ ਖੁਦ ਸਮਰਪਣ ਕਰ ਦਿੱਤਾ ਗਿਆ।"
ਕੌਣ ਹੈ ਜਸ਼ਨ ਗਿੱਲ
ਜਸ਼ਨ ਗਿੱਲ ਗੁਰਦਾਸਪੁਰ ਦੇ ਪਿੰਡ ਅਬਲਖੈਰ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੇ ਪਿੰਡ ਤੋਂ ਹੀ ਪਾਸਟਰ ਵਜੋਂ ਸ਼ੁਰੂਆਤ ਕੀਤੀ।
ਜਸ਼ਨ ਮਸੀਹ ਬਾਰਹਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ।
ਉਨ੍ਹਾਂ ਨੇ ਪਿੰਡ ਵਿੱਚ ਹੀ ਘਰ ਨੂੰ ਚਰਚ ਦਾ ਰੂਪ ਦਿੱਤਾ ਹੋਇਆ ਸੀ। ਇੱਥੇ ਪਿੰਡ ਅਤੇ ਨੇੜਲੇ ਇਲਾਕਿਆਂ ਤੋਂ ਲੋਕ ਚਰਚ ਵਿੱਚ ਉਨ੍ਹਾਂ ਨੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਸਨ। ਇਨ੍ਹਾਂ ਲੋਕਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੀ ਸੀ।
ਜੰਮੂ ਵਿੱਚ ਉਨ੍ਹਾਂ ਦੇ ਭਰਾ ਵੱਲੋਂ ਵੀ ਇੱਕ ਚਰਚ ਚਲਾਈ ਜਾਂਦੀ ਸੀ।
ਉਸ ਦਾ ਭਰਾ ਪ੍ਰੇਮ ਮਸੀਹ ਕਰੀਬ 15 ਸਾਲਾਂ ਤੋਂ ਆਪਣੇ ਘਰ ਵਿੱਚ ਪ੍ਰੇਅਰ ਹੋਮ ਚਲਾ ਰਿਹਾ ਸੀ ਅਤੇ ਕੁਝ ਦੇਰ ਬਾਅਦ ਜਦੋਂ ਉਹ ਜੰਮੂ ਚਲਾ ਗਿਆ ਤਾਂ ਉਸ ਦੀ ਥਾਂ ʼਤੇ ਜਸ਼ਨ ਮਸੀਹ ਖ਼ੁਦ ਨੂੰ ਪਾਸਟਰ ਅਖਵਾ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ।
ਪਿੰਡ ਦੇ ਲੋਕ ਦੱਸਦੇ ਹਨ ਕਿ ਜਸ਼ਨ ਦਾ ਵਿਆਹ ਵੀ ਹੋਇਆ ਸੀ ਪਰ ਉਸ ਦਾ ਕੁਝ ਮਹੀਨੇ ਬਾਅਦ ਤਲਾਕ ਹੋ ਗਿਆ ਸੀ।
ਉਸ ਦਾ ਤਲਾਕ 2023 ਤੋਂ ਪਹਿਲਾਂ ਹੋਇਆ ਦੱਸਿਆ ਜਾ ਰਿਹਾ ਹੈ। ਪਹਿਲਾਂ ਉਹ ਆਪਣੇ ਪਿੰਡ ਹੀ ਰਹਿੰਦਾ ਸੀ ਪਰ ਜਦੋਂ ਉਸ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਤਾਂ ਉਹ ਆਪਣੇ ਭਰਾ ਨਾਲ ਜੰਮੂ ਅਤੇ ਨੇੜਲੇ ਇਲਾਕਿਆਂ ਵਿੱਚ ਰਹਿ ਰਿਹਾ ਸੀ।
ਹਾਲਾਂਕਿ, ਪਰਿਵਾਰ ਦੀ ਜੱਦੀ ਪਿੰਡ ਅਬਬਖ਼ੈਰ ਵਿੱਚ ਖੇਤੀਬਾੜੀ ਦੀ ਜ਼ਮੀਨ ਵੀ ਹੈ।
ਪਾਸਟਰ ਜਸ਼ਨ ਖ਼ਿਲਾਫ਼ ਦਰਜ ਮਾਮਲੇ
ਜਸ਼ਨ ਮਸੀਹ ਦੇ ਖ਼ਿਲਾਫ਼ ਐੱਫਆਈਆਰ ਨੰਬਰ 126, 9 ਜੁਲਾਈ 2023 ਨੂੰ ਧਾਰਾ 376 ਅਤੇ 304ਏ ਆਈਪੀਸੀ ਦੇ ਅਧੀਨ ਦਰਜ ਕੀਤੀ ਗਈ ਸੀ। ਜਦਕਿ ਮ੍ਰਿਤਕ ਦੀ ਵਿਸਰਾ ਨੂੰ 1 ਜੂਨ 2023 ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ।
ਵਿਸਰਾ ਤੇ ਪੋਸਟਮਾਰਟਮ ਦੀ ਰਿਪੋਰਟ 18 ਦਸੰਬਰ 2023 ਨੂੰ ਜਦ ਸਾਹਮਣੇ ਆਈ ਤਾਂ ਮਾਮਲੇ ਵਿੱਚ ਧਾਰਾ 313 ਅਤੇ 314 ਆਈਪੀਸੀ ਦੀ ਵਾਧਾ ਵੀ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ