ਕੌਣ ਹੈ ਔਰਤਾਂ ਖ਼ਿਲਾਫ਼ ਬੋਲਣ ਲਈ ਮਸ਼ਹੂਰ ਸੋਸ਼ਲ ਮੀਡੀਆ ਹਸਤੀ ਐਂਡਰਿਊ ਟੇਟ

 ਐਂਡਰਿਊ ਟੇਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਂਡਰਿਊ ਟੇਟ (ਖੱਬੇ) ਆਪਣੇ ਭਰਾ ਟ੍ਰਿਸਟਿਨ ਨਾਲ

ਦੁਨੀਆਂ ਭਰ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਹਸਤੀ ਐਂਡਰਿਊ ਟੇਟ ਅਤੇ ਉਸ ਦੇ ਭਰਾ ਟ੍ਰਿਸਟਿਨ ਨੂੰ ਰੋਮਾਨੀਆ ਦੀ ਅਦਾਲਤ ਨੇ ਘਰ ਵਿੱਚ ਨਜ਼ਰਬੰਦ ਕਰਨ ਲਈ ਕਿਹਾ ਹੈ।

ਦੋਹਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਦੀ ਸਰਕਾਰੀ ਵਕੀਲਾਂ ਦੀ ਅਰਜ਼ੀ ਨੂੰ ਅਦਾਲਤ ਨੇ ਖ਼ਾਰਜ ਕਰਦਿਆਂ ਦੋਹਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਲਈ ਭੇਜਿਆ ਹੈ।

ਉਨ੍ਹਾਂ ਨੂੰ ਕਿਸੇ ਗਵਾਹ ਨਾਲ ਰਾਬਤਾ ਬਣਾਉਣ ਜਾਂ ਅਧਿਕਾਰੀਆਂ ਦੀ ਇਜਾਜ਼ਤ ਲਏ ਬਿਨ੍ਹਾਂ ਘਰੋਂ ਬਾਹਰ ਨਿਕਲਣ ਤੋਂ ਰੋਕਿਆ ਗਿਆ ਹੈ।

ਇਨ੍ਹਾਂ ਦੋਹਾਂ ’ਤੇ ਮਨੁੱਖੀ ਤਸਕਰੀ, ਰੇਪ ਅਤੇ ਔਰਤਾਂ ਦੇ ਜਿਣਸੀ ਸ਼ੋਸ਼ਣ ਲਈ ਕ੍ਰਿਮਿਨਲ ਗੈਂਗ ਬਣਾਉਣ ਦੇ ਇਲਜ਼ਾਮਾਂ ਦੀ ਜਾਂਚ ਹੋ ਰਹੀ ਹੈ ਅਤੇ ਪਿਛਲੇ ਸਾਲ 29 ਦਸੰਬਰ ਤੋਂ ਉਹ ਪੁਲਿਸ ਦੀ ਹਿਰਾਸਤ ਵਿੱਚ ਸਨ।

ਉਨ੍ਹਾਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਕਾਰੈਸਟ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਦੋਹੇਂ ਭਰਾ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਰਹੇ ਹਨ।

ਐਂਡਰਿਊ ਟੇਟ

ਤਸਵੀਰ ਸਰੋਤ, Channel 5

ਤਸਵੀਰ ਕੈਪਸ਼ਨ, ਐਂਡਰਿਊ ਟੇਟ

ਕੌਣ ਹੈ ਐਂਡਰਿਊ ਟੇਟ ?

ਐਂਡਰਿਊ ਟੇਟ ਇੱਕ ਸੋਸ਼ਲ ਮੀਡੀਆ ਇਨਫਲਿਉਐਂਸਰ ਹੈ ਜੋ ਕਿ ਔਰਤਾਂ ਖ਼ਿਲਾਫ਼ ਟਿੱਪਣੀਆਂ ਲਈ ਮਸ਼ਹੂਰ ਹੈ।

ਟਵਿੱਟਰ 'ਤੇ ਉਸ ਦੇ 5.5 ਮਿਲੀਅਨ ਫੌਲੋਅਰ ਹਨ। ਟੇਟ ਕਿੱਕ ਬੌਕਸਿੰਗ ਵਿੱਚ ਚਾਰ ਵਾਰ ਵਿਸ਼ਵ ਚੈਂਪੀਅਨ ਰਿਹਾ ਹੈ।

ਪਰ ਉਨ੍ਹਾਂ ਨੂੰ ਸੰਸਾਰ ਭਰ ਵਿੱਚ ਪ੍ਰਸਿੱਧੀ ਸੋਸ਼ਲ ਮੀਡੀਆ ਜ਼ਰੀਏ ਮਿਲੀ।

ਉਹ ਸਭ ਤੋਂ ਪਹਿਲਾਂ ਸਾਲ 2016 ਵਿੱਚ ਚਰਚਾ ’ਚ ਆਇਆ ਸੀ ਜਦੋਂ ਉਸ ਨੂੰ ਟੀਵੀ ਰਿਐਲਟੀ ਸ਼ੋਅ ‘ਬਿਗ ਬ੍ਰਦਰ’ ਤੋਂ ਬਾਹਰ ਕੱਢਿਆ ਗਿਆ ਸੀ।

ਐਂਡਰਿਊ ਵੱਲੋਂ ਇੱਕ ਔਰਤ 'ਤੇ ਹਮਲਾ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸ਼ੋਅ ਤੋਂ ਬਾਹਰ ਕੀਤਾ ਗਿਆ ਸੀ।

ਉਸ ਵੇਲੇ ਐਂਡਰਿਊ ਨੇ ਕਿਹਾ ਸੀ ਕਿ ਉਹ ਵੀਡੀਓ ਐਡਿਟ ਕੀਤੀ ਹੋਈ ਹੈ ਅਤੇ ਉਸ ਨੂੰ ਬੁਰਾ ਪੇਸ਼ ਕਰਨ ਲਈ ਬਣਾਇਆ ਗਿਆ ਕੋਰਾ ਝੂਠ ਹੈ।

 ਐਂਡਰਿਊ ਟੇਟ

ਐਂਡਰਿਊ ਟੇਟ ਬਾਰੇ ਖਾਸ ਗੱਲਾਂ

  • ਐਂਡਰਿਊ ਟੇਟ ਇੱਕ ਸੋਸ਼ਲ ਮੀਡੀਆ ਇਨਫਲਿਉਐਂਸਰ ਹੈ ਜੋ ਕਿ ਔਰਤਾਂ ਖ਼ਿਲਾਫ਼ ਟਿੱਪਣੀਆਂ ਲਈ ਮਸ਼ਹੂਰ ਹੈ।
  • ਟੇਟ ਸਾਲ 2016 ਵਿੱਚ ਚਰਚਾ ’ਚ ਆਇਆ ਜਦੋਂ ਟੀਵੀ ਰਿਐਲਟੀ ਸ਼ੋਅ ‘ਬਿਗ ਬ੍ਰਦਰ’ ਤੋਂ ਬਾਹਰ ਕੱਢਿਆ ਗਿਆ ।
  • ਐਂਡਰਿਊ ਤੇ ਉਸ ਦੇ ਛੋਟੇ ਭਰਾ ਨੇ ਇੰਟਰਵਿਊਜ਼ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇੰਗਲੈਂਡ ਵਿੱਚ ਗਰੀਬੀ ਹੰਢਾਈ।
  • ਐਂਡਰਿਊ ਟੇਟ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਵਧ ਗਈ ਕਿ ਕਈ ਕਿਸ਼ੋਰ ਬੱਚਿਆਂ ਲਈ ਉਹ ਰੋਲ ਮਾਡਲ ਬਣ ਗਿਆ।
 ਐਂਡਰਿਊ ਟੇਟ

ਬਚਪਨ ਵਿੱਚ ਗਰੀਬੀ ਹੰਢਾਉਣ ਦਾ ਦਾਅਵਾ

ਐਂਡਰਿਊ ਟੇਟ ਦਾ ਪੂਰਾ ਨਾਮ ਏਮੋਰੀ ਐਂਡਰਿਊ ਟੇਟ ਹੈ। ਉਸ ਦੀ ਵੈਬਸਾਈਟ ਮੁਤਾਬਕ ਉਹ ਸ਼ਿਕਾਗੋ ਤੋਂ ਹੈ। ਉਸ ਦਾ ਜਨਮ ਦਸੰਬਰ 1986 ਵਿੱਚ ਹੋਇਆ ਸੀ।

ਉਸ ਦੇ ਪਿਤਾ ਇੱਕ ਅਮਰੀਕੀ ਸਨ ਅਤੇ ਉਨ੍ਹਾਂ ਨੇ ਬ੍ਰਿਟੇਨ ਵਿੱਚ ਅਮਰੀਕੀ ਏਅਰ ਫੋਰਸ ਲਈ ਕੰਮ ਕੀਤਾ ਹੈ।

ਉਹ ਸ਼ਤਰੰਜ ਦੇ ਮਾਹਿਰ ਵੀ ਰਹੇ ਹਨ।

ਐਂਡਰਿਊ ਦੇ ਪਿਤਾ ਅਤੇ ਮਾਤਾ ਯੂਕੇ ਵਿੱਚ ਮਿਲੇ ਸੀ ਅਤੇ ਬਾਅਦ ਵਿੱਚ ਉਹ ਅਮਰੀਕਾ ਚਲੇ ਗਏ। ਅਮਰੀਕਾ ਵਿੱਚ ਹੀ ਟੇਟ ਦਾ ਪਾਲਣ ਪੋਸ਼ਣ ਹੋਇਆ। ਟੇਟ ਦਾ ਛੋਟਾ ਭਰਾ ਹੈ ਟ੍ਰਿਸਟਨ।

ਮਾਤਾ-ਪਿਤਾ ਦਾ ਤਲਾਕ ਹੋਣ ਤੋਂ ਬਾਅਦ ਐਂਡਰਿਊ ਅਤੇ ਟ੍ਰਿਸਟਨ ਆਪਣੀ ਮਾਂ ਨਾਲ ਇੰਗਲੈਂਡ ਆ ਗਏ।

ਐਂਡਰਿਊ ਅਤੇ ਉਸ ਦੇ ਛੋਟੇ ਭਰਾ ਨੇ ਇੰਟਰਵਿਊਜ਼ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇੰਗਲੈਂਡ ਵਿੱਚ ਗਰੀਬੀ ਹੰਢਾਈ।

ਉਹ ਦੱਸਦੇ ਹਨ ਕਿ ਕੇਐਫਸੀ ਵਿੱਚ ਜਾ ਕੇ ਲੋਕਾਂ ਦਾ ਬਚਿਆ ਹੋਇਆ ਖਾਣਾ ਆਪਣੇ ਖਾਣ ਲਈ ਫਰੀਜ਼ ਕਰਕੇ ਰੱਖਦੇ ਸੀ।

ਟੇਟ
ਤਸਵੀਰ ਕੈਪਸ਼ਨ, ਰੋਮਾਨੀਆ ਵਿੱਚ ਇੱਕ ਅਪਾਰਟਮੈਂਟ ਬਲਾਕ ਜਿੱਥੇ ਟੇਟ ਭਰਾਵਾਂ ਨੇ ਪਹਿਲਾਂ ਆਪਣਾ ਰੋਮਾਨੀਅਨ ਵਪਾਰਕ ਸਾਮਰਾਜ ਸ਼ੁਰੂ ਕੀਤਾ ਸੀ

ਗਰੀਬੀ ਹੰਢਾਉਣ ਤੋਂ ਆਲੀਸ਼ਾਨ ਜ਼ਿੰਦਗੀ ਤੱਕ

ਐਂਡਰਿਊ ਟੇਟ ਆਪਣੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਪਾਈਆਂ ਅਨੇਕਾਂ ਵੀਡੀਓਜ਼ ਵਿੱਚ ਆਪਣੇ ਅਤਿ-ਆਲੀਸ਼ਾਨ ਰਹਿਣ ਸਹਿਣ, ਤੇਜ਼ ਰਫ਼ਤਾਰ ਕਾਰਾਂ, ਪ੍ਰਾਈਵੇਟ ਜੈੱਟ, ਯੌਟ ਦਾ ਦਿਖਾਵਾ ਕਰਦੇ ਹਨ।

ਉਸ ਨੇ ਖੁਦ ਕੋਲ 33 ਕਾਰਾਂ ਹੋਣ ਦਾ ਦਾਅਵਾ ਵੀ ਕੀਤਾ ਸੀ।

ਟੇਟ ਖੁਦ ਨੂੰ ਸੈਲਫ-ਮੇਡ ਮਲਟੀਮਿਲੀਅਨਰ ਦੱਸਦੇ ਹਨ। ਉਹ ਕਹਿੰਦੇ ਹਨ ਉਨ੍ਹਾਂ ਨੇ ਇੱਕ ਛੋਟੇ ਵੈਬਕੈਮ ਕਾਰੋਬਾਰ ਜ਼ਰੀਏ ਪੈਸੇ ਕਮਾਏ ਹਨ।

ਇੱਕ ਪੌਡਕਾਸਟ ਇੰਟਰਵਿਊ ਵਿੱਚ ਟੇਟ ਨੇ ਦੱਸਿਆ ਸੀ, “ਮੇਰੇ ਲਈ ਚਾਰ ਥਾਂਵਾਂ 'ਤੇ 75 ਔਰਤਾਂ ਕੰਮ ਕਰ ਰਹੀਆਂ ਸੀ ਅਤੇ ਵੈਬਕੈਮ ਜ਼ਰੀਏ ਮੈਂ ਇੱਕ ਮਹੀਨੇ ਵਿੱਚ 600,000 ਡਾਲਰ ਕਮਾ ਰਿਹਾ ਸੀ।”

ਉਸ ਦੀ ਵੈਬਸਾਈਟ ਦੇ ਬਾਅਦ ਵਿੱਚ ਡਿਲੀਟ ਹੋ ਚੁੱਕੇ ਇੱਕ ਪੇਜ 'ਤੇ ਉਸ ਨੇ ਲਿਖਿਆ ਸੀ ਕਿ ਉਹ ਔਰਤਾਂ ਨੂੰ ‘ਅਡਲਟ ਐਂਟਰਟੇਨਮੈਂਟ ਇੰਡਸਟਰੀ’ ਵਿੱਚ ਲੈ ਕੇ ਆਇਆ।

ਫ਼ਰਵਰੀ 2022 ਵਿੱਚ ਡਿਲੀਟ ਕੀਤੇ ਗਏ ਉਸ ਪੇਜ 'ਤੇ ਲਿਖਿਆ ਸੀ, “ਮੇਰਾ ਕੰਮ ਸੀ ਇੱਕ ਲੜਕੀ ਨੂੰ ਮਿਲਣਾ, ਉਸ ਨਾਲ ਕੁਝ ਡੇਟਸ 'ਤੇ ਜਾਣਾ, ਉਸ ਨਾਲ ਰਾਤਾਂ ਗੁਜ਼ਾਰਨੀਆਂ, ਉਸ ਨੂੰ ਪਰਖਣਾ, ਉਸ ਨੂੰ ਇਸ ਤਰ੍ਹਾਂ ਆਪਣੇ ਪਿਆਰ ਵਿੱਚ ਪਾਉਣਾ ਕਿ ਉਸ ਲਈ ਕੁਝ ਵੀ ਕਰਨ ਨੂੰ ਰਾਜ਼ੀ ਹੋ ਜਾਵੇ। ਅਤੇ ਫਿਰ ਉਸ ਨੂੰ ਇਹ ਕਹਿ ਕੇ ਵੈਬਕੈਮ 'ਤੇ ਲਿਆਉਣਾ ਕਿ ਇਸ ਨਾਲ ਉਹ ਦੋਹੇਂ ਅਮੀਰ ਹੋ ਜਾਣਗੇ।”

 ਐਂਡਰਿਊ ਟੇਟ

ਤਸਵੀਰ ਸਰੋਤ, Getty Images

ਰੋਮਾਨੀਆ ਵਿੱਚ ਕਿਵੇਂ ਚੜ੍ਹੀ ਗੁੱਡੀ?

ਰੋਮਾਨੀਆ ਵਿੱਚ ਐਂਡਰਿਊ ਟੇਟ ਦਾ ਪਹਿਲਾ ਘਰ, ਬੁਕਾਰੈਸਟ ਦੇ ਮੌਜੂਦਾ ਆਲੀਸ਼ਾਨ ਘਰ ਤੋਂ ਬਿਲਕੁਲ ਵੱਖਰਾ ਸੀ।

ਸਕੇਲ ਦੇ ਪਿੰਡ ਤੋਂ ਥੋੜ੍ਹੀ ਹੀ ਦੂਰੀ 'ਤੇ ਇੱਕ ਛੋਟੀ ਜਿਹੀ ਪੀਲੀਆਂ ਦੀਵਾਰਾਂ ਵਾਲੀ ਤਿੰਨ ਮੰਜ਼ਿਲਾ ਇਮਾਰਤ ਸੀ ਜਿਸ ਵਿੱਚ ਉਸ ਦਾ ਅਪਾਰਟਮੈਂਟ ਸੀ।

ਅਪਾਰਟਮੈਂਟ 9 ਅਤੇ 17 ਵਿੱਚ ਟੇਟ ਭਰਾਵਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।

ਇੱਕ ਲੋਕਲ ਡਵੈਲਪਰ ਵਸਾਈਂ ਮੇਜ਼ਡਰਿਆ ਨੇ 2015-16 ਦੌਰਾਨ ਉਨ੍ਹਾਂ ਨੂੰ 35,000 ਯੂਰੋ ਵਿੱਚ ਦੋ ਜਾਇਦਾਦਾਂ ਵੇਚੀਆਂ ਸੀ। ਵਸਾਈ ਨੇ ਰੋਮਾਨੀਆ ਵਿੱਚ ਬੀਬੀਸੀ ਪੱਤਰਕਾਰ ਲੂਸੀ ਵਿਲੀਅਮਸਨਜ਼ ਨੂੰ ਦੱਸਿਆ ਸੀ, “ਉਨ੍ਹਾਂ ਨੇ ਕਿਸ਼ਤਾਂ ਵਿੱਚ ਇਹ ਅਦਾਇਗੀ ਕੀਤੀ ਸੀ ਕਿਉਂਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸੀ ਉਨ੍ਹਾਂ ਕੋਲ ਉਸ ਵੇਲੇ ਕਾਰ ਵੀ ਨਹੀਂ ਸੀ। ਉਹ ਆਪਣੀਆਂ ਗਰਲਫਰੈਂਡਜ਼ ਨੂੰ ਟੈਕਸੀਆਂ ਜ਼ਰੀਏ ਹੀ ਘੁੰਮਾਉਂਦੇ ਸੀ।”

ਉਸ ਨੇ ਦੱਸਿਆ ਕਿ ਐਂਡਰਿਊ ਆਪਣੀ ਇੱਕ ਬ੍ਰਿਟਿਸ਼ ਗਰਲਫਰੈਂਡ ਮੈਲਿਸਾ ਨਾਲ ਇੱਥੇ ਆਏ ਸੀ, ਜਿਸ ਨੇ ਇਸੇ ਅਪਾਰਟਮੈਂਟ ਵਿੱਚ ਇੱਕ ਤੀਜਾ ਅਪਾਰਟਮੈਂਟ ਖ਼ਰੀਦਿਆ ਸੀ।

 ਐਂਡਰਿਊ ਟੇਟ

ਤਸਵੀਰ ਸਰੋਤ, Getty Images

ਸਥਾਨਕ ਲੋਕਾਂ ਮੁਤਾਬਕ, ਹੋਰ ਵੀ ਕਈ ਔਰਤਾਂ ਸੀ ਜੋ ਜਾਂ ਤਾਂ ਉਨ੍ਹਾਂ ਦੇ ਅਪਾਰਟਮੈਂਟਾਂ ਵਿੱਚ ਰਹਿੰਦੀਆਂ ਸੀ ਜਾਂ ਅਕਸਰ ਆਉਂਦੀਆਂ-ਜਾਂਦੀਆਂ ਸੀ।

ਇੱਕ ਸਥਾਨਕ ਵਾਸੀ ਨੇ ਇਹ ਵੀ ਦੱਸਿਆ ਸੀ ਕਿ ਟੇਟ ਦੇ ਗਰਾਊਂਡ ਫਲੋਰ ਵਾਲੇ ਅਪਾਰਟਮੈਂਟ ਵਿੱਚ ਬਿਨ੍ਹਾਂ ਕੱਪੜਿਆਂ ਤੋਂ ਔਰਤਾਂ ਦਿਸਣ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ।

ਵਸੀਲਾ ਨੇ ਇਹ ਵੀ ਦੱਸਿਆ ਸੀ ਕਿ ਉਹ ਰੋਮਾਨੀਆ ਇਸ ਲਈ ਆਏ ਸੀ ਕਿਉਂਕਿ ਇੱਥੇ ਰਹਿਣ-ਸਹਿਣ ਸਸਤਾ ਸੀ ਅਤੇ ਔਰਤਾਂ ਸੋਹਣੀਆਂ ਸੀ।

ਸੱਤ ਸਾਲ ਬਾਅਦ, ਦੋਹੇਂ ਭਰਾਵਾਂ ਦੇ ਕਰੋੜਪਤੀ ਬਣਨ ਦਾ ਦਾਅਵਾ ਹੈ ਅਤੇ ਉਨ੍ਹਾਂ ਕੋਲ ਡਿਜ਼ਾਈਨਰ ਘੜੀਆਂ, ਨਿੱਜੀ ਜੈਂਟ ਅਤੇ ਵੱਡੀਆਂ ਜਾਇਦਾਦਾਂ ਦੀ ਮਾਲਕੀ ਹੈ।

ਨਿਰੀਖਕ ਮੰਨਦੇ ਹਨ ਕਿ ਟੇਟ ਭਰਾਵਾਂ ਦੀ ਵਧੇਰੇ ਜਾਇਦਾਦ ਉਨ੍ਹਾਂ ਦੀ ਰੋਮਾਨੀਆ ਦੇ ਕੈਸੀਨੋਜ਼ ਵਿਚ ਨਿਵੇਸ਼ ਤੋਂ ਅਤੇ ਐਂਡਰਿਊ ਟੇਟ ਦੇ ਮਰਦਾਨਗੀ ਵਾਲੇ ਆਨਲਾਈਨ ਟਰੇਨਿੰਗ ਕੋਰਸਾਂ ਤੋਂ ਬਣੀ ਹੋ ਸਕਦੀ ਹੈ।

 ਐਂਡਰਿਊ ਟੇਟ

ਤਸਵੀਰ ਸਰੋਤ, BOLD VOICES

ਤਸਵੀਰ ਕੈਪਸ਼ਨ, ਨਤਾਸ਼ਾ ਈਲਿਸ ਕੋਲ ਜੈਂਡਰ ਵਿੱਚ ਮਾਸਟਰ ਡਿਗਰੀ ਹੈ

ਔਰਤਾਂ ਬਾਰੇ ਕੀ ਬੋਲਦਾ ਹੈ ਟੇਟ ?

ਐਂਡਰਿਊ ਟੇਟ ਸੋਸ਼ਲ ਮੀਡੀਆ 'ਤੇ ਔਰਤਾਂ ਖ਼ਿਲਾਫ਼ ਟਿੱਪਣੀਆਂ ਕਰਨ ਕਰਕੇ ਜਾਣਿਆ ਜਾਂਦਾ ਹੈ। ਇਸੇ ਕਰਕੇ ਉਹ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟੌਕ ਤੋਂ ਬੈਨ ਵੀ ਹੁੰਦਾ ਰਿਹਾ ਹੈ।

ਇੱਕ ਵਾਰ ਐਂਡਰਿਊ ਨੇ ਕਿਹਾ ਸੀ ਕਿ ਔਰਤਾਂ ਖੁਦ ਉਨ੍ਹਾਂ ਨਾਲ ਹੁੰਦੇ ਜਿਣਸੀ ਸ਼ੋਸ਼ਣ ਦੀਆਂ ਜ਼ਿੰਮੇਵਾਰ ਹਨ। ਇਸ ਟਿੱਪਣੀ ਕਾਰਨ ਉਸ ਨੂੰ ਟਵਿੱਟਰ ਤੋਂ ਬੈਨ ਕੀਤਾ ਗਿਆ ਸੀ।

ਇੱਕ ਆਨਲਾਈਨ ਵੀਡੀਓ ਵਿੱਚ ਉਹ ਕਹਿੰਦਾ ਹੈ, “ਮੈਂ ਸਚਾਈ ਵਿੱਚ ਜਿਉਂਦਾ ਹੈ ਅਤੇ ਜਦੋਂ ਤੁਸੀਂ ਸਚਾਈ ਵਿੱਚ ਜਿਉਂਦੇ ਹੋ ਤਾਂ ਤੁਸੀਂ ਲਿੰਗਵਾਦੀ ਹੁੰਦੇ ਹੋ। ਇਹ ਨਹੀਂ ਹੋ ਸਕਦਾ ਕਿ ਤੁਸੀਂ ਸਚਾਈ ਵਿੱਚ ਜਕੜੇ ਹੋਵੋ ਅਤੇ ਲਿੰਗਵਾਦੀ ਨਾ ਹੋਵੋ।”

ਉਸੇ ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਔਰਤਾਂ ਅੰਦਰੂਨੀ ਤੌਰ 'ਤੇ ਸੁਸਤ ਹੁੰਦੀਆਂ ਹਨ ਅਤੇ ਕਹਿੰਦਾ ਹੈ ਕਿ ਅਜ਼ਾਦ ਔਰਤ ਜਿਹੀ ਕੋਈ ਚੀਜ਼ ਨਹੀਂ ਹੁੰਦੀ।

 ਐਂਡਰਿਊ ਟੇਟ

ਤਸਵੀਰ ਸਰੋਤ, BOLDVOICES

ਤਸਵੀਰ ਕੈਪਸ਼ਨ, ਨਤਾਸ਼ਾ ਈਲਿਸ ਵੱਲੋਂ ਬਣਾਇਆ ਗਿਆ ਇੱਕ ਗਰੁਪ ‘ਬੋਲਡ ਵੁਆਇਸਿਸ’ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਲਿੰਗੀ ਹਿੰਸਾ ਅਤੇ ਗੈਰ-ਬਰਾਬਰਤਾ ਬਾਰੇ ਵਰਕਸ਼ਾਪ ਲਾਉਂਦਾ ਹੈ।

ਕਿਸ਼ੋਰ ਬੱਚਿਆਂ 'ਤੇ ਐਂਡਰਿਊ ਦਾ ਪ੍ਰਭਾਵ

ਐਂਡਰਿਊ ਟੇਟ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਵਧ ਗਈ ਕਿ ਕਈ ਕਿਸ਼ੋਰ ਬੱਚਿਆਂ ਲਈ ਉਹ ਰੋਲ ਮਾਡਲ ਬਣ ਗਿਆ।

ਇੰਗਲੈਂਡ ਵਿੱਚ ਕਿਸ਼ੋਰ ਬੱਚਿਆਂ ਨੂੰ ਲਿੰਗਵਾਦ ਬਾਰੇ ਸੈਸ਼ਨ ਦੇਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਤਾਂ ਕਿ ਬੱਚਿਆਂ ਨੂੰ ਲਿੰਗੀ ਹਿੰਸਾ ਤੋਂ ਦੂਰ ਰੱਖਿਆ ਜਾ ਸਕੇ।

ਨਤਾਸ਼ਾ ਈਲਿਸ ਵੱਲੋਂ ਬਣਾਇਆ ਗਿਆ ਇੱਕ ਗਰੁਪ ‘ਬੋਲਡ ਵੁਆਇਸਿਸ’ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਲਿੰਗੀ ਹਿੰਸਾ ਅਤੇ ਗੈਰ-ਬਰਾਬਰਤਾ ਬਾਰੇ ਵਰਕਸ਼ਾਪ ਲਾਉਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਸ਼ੋਰ ਬੱਚਿਆਂ ਨੂੰ ਐਂਡਰਿਊ ਟੇਟ ਬਾਰੇ ਵਿਚਾਰਾਂ ਨਾਲ ਨਜਿੱਠਣ ਲਈ ਉਸ ਨੂੰ ਬੁਰਾ ਕਹਿਣ ਦੀ ਬਜਾਏ ਇੱਕ ਵੱਖਰੇ ਤਰੀਕੇ ਦੀ ਲੋੜ ਹੈ।

ਉਧਰ ਹੇਅਰਫੋਰ਼ਡ ਵਿੱਚ ਫੇਅਰਫੀਲਡ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਫ਼ਰਵਰੀ ਮਹੀਨੇ ਬੀਬੀਸੀ ਦੀ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਲਿੰਗਵਾਦ ਦਾ ਸਾਹਮਣਾ ਕੀਤਾ ਹੈ ਅਤੇ ਬਹੁਤ ਸਾਰੇ ਮੁੰਡਿਆਂ ਨੂੰ ਐਂਡਰਿਊ ਟੇਟ ਨੂੰ ਫੌਲੋਅ ਕਰਦਿਆਂ ਅਤੇ ਡਿਫੈਂਡ ਕਰਦਿਆਂ ਦੇਖਿਆ ਹੈ।

ਇਸੇ ਸਕੂਲ ਵਿੱਚ ਸੈਕਸ ਐਜੁਕੇਸ਼ਨ ਦੇ ਅਧਿਆਪਕ ਜੋ ਏਮਿਟ ਕਹਿੰਦੇ ਹਨ ਉਨ੍ਹਾਂ ਨੇ ਬੱਚਿਆਂ ਨਾਲ ਇਸ ਬਾਰੇ ਵਿਚਾਰ ਕਰਨੇ ਸ਼ੁਰੂ ਕੀਤੇ ਹਨ ਤਾਂ ਕਿ ਲਿੰਗਵਾਦੀ ਵਤੀਰੇ ਨਾਲ ਨਜਿੱਠਿਆ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)