ਵਿਰਾਟ ਬਨਾਮ ਗੰਭੀਰ: ਆਈਪੀਐੱਲ ਮੈਚ 'ਚ 'ਗੁੱਸੇ ਦੀ ਅੱਗ' ਕਿਉਂ ਭੜਕੀ?

ਤਸਵੀਰ ਸਰੋਤ, Social Media
- ਲੇਖਕ, ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੇ ਤੇਵਰ ਕੀ ਬਿਆਨ ਕਰ ਰਹੇ ਹਨ?
ਕਦੇ 'ਚੰਗੇ ਦੋਸਤ' ਅਤੇ ਸ਼ਾਨਦਾਰ 'ਟੀਮਮੇਟ' ਦੇ ਰੂਪ 'ਚ ਨਜ਼ਰ ਆਏ ਅਤੇ ਬਾਅਦ 'ਚ ਆਈਪੀਐੱਲ ਦੇ ਮੈਦਾਨ 'ਤੇ ਆਪਣੀ 'ਦੁਸ਼ਮਣੀ' ਦੇ ਕਿੱਸਿਆਂ ਲਈ ਚਰਚਾ 'ਚ ਰਹੇਭਾਰਤੀ ਕ੍ਰਿਕਟ ਦੇ ਇਹ ਦੋ ਦਿੱਗਜ ਖਿਡਾਰੀ ਕੀ ਮੁੜ ਤੋਂ 'ਟਕਰਾਅ' ਦੀ ਨਵੀਂ ਕਹਾਣੀ ਲਿਖਣ ਜਾ ਰਹੇ ਹਨ?
ਸੋਸ਼ਲ ਮੀਡੀਆ 'ਤੇ ਕਈ ਯੂਜ਼ਰਜ਼ ਇਸ ਸਵਾਲ ਦਾ ਜਵਾਬ ਜਾਨਣਾ ਚਾਹੁੰਦੇ ਸਨ।
ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਸੋਮਵਾਰ ਨੂੰ ਮੈਚ ਖਤਮ ਹੋਣ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੇ ਇਹ ਸਵਾਲ ਖੜ੍ਹੇ ਕੀਤੇ ਹਨ।
ਇਹ ਤਸਵੀਰਾਂ ਨਾ ਨਜ਼ਰ ਆਉਂਦੀਆਂ ਤਾਂ ਸ਼ਾਇਦ ਮੈਚ ਦੀ ਉਨੀ ਚਰਚਾ ਵੀ ਨਾ ਹੁੰਦੀ।

ਤਸਵੀਰ ਸਰੋਤ, Getty Images
ਇਹ ਧੀਮੀ ਪਿੱਚ 'ਤੇ ਖੇਡਿਆ ਗਿਆ ਔਸਤ ਮੈਚ ਸੀ, ਜਿਸ 'ਚ ਬੰਗਲੌਰ ਨੇ ਪਹਿਲਾਂ ਖੇਡਦੇ ਹੋਏ ਨੌਂ ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਬਣਾਈਆਂ ਅਤੇ ਲਖਨਊ ਨੂੰ ਸਿਰਫ਼ 108 ਦੌੜਾਂ 'ਤੇ ਆਲ ਆਊਟ ਕਰਕੇ 18 ਦੌੜਾਂ ਨਾਲ ਮੈਚ ਜਿੱਤ ਲਿਆ।
ਮੈਚ 'ਚ ਖੇਡ ਦਾ ਉਤਸ਼ਾਹ ਉਸੇ ਸਮੇਂ ਫਿੱਕਾ ਪੈਣਾ ਸ਼ੁਰੂ ਹੋ ਗਿਆ, ਜਦੋਂ ਘਰੇਲੂ ਮੈਦਾਨ 'ਤੇ ਖੇਡ ਰਹੀ ਲਖਨਊ ਦੀ ਟੀਮ ਸਿਰਫ 38 ਦੌੜਾਂ 'ਤੇ ਪੰਜ ਵਿਕਟਾਂ ਗੁਆ ਚੁੱਕੀ ਸੀ।
ਪਰ, ਇਸ ਮੈਚ ਦੀ ਕਹਾਣੀ ਅਜੇ ਖਤਮ ਨਹੀਂ ਹੋਈ ਸੀ। ਗੇਂਦ ਅਤੇ ਬੱਲੇ ਦੇ ਮੈਚ ਨਾਲੋਂ ਵੱਡਾ ‘ਤਮਾਸ਼ਾ’ ਅਜੇ ਦੇਖਣਾ ਬਾਕੀ ਰਹਿ ਗਿਆ।
ਦੋਵਾਂ ਟੀਮਾਂ ਦੇ ਕਈ ਕਿਰਦਾਰ ਇਸ 'ਚ ਸ਼ਾਮਲ ਸਨ ਪਰ ਜਿਨ੍ਹਾਂ ਤਿੰਨ ਨਾਵਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ, ਉਹ ਹਨ ਵਿਰਾਟ ਕੋਹਲੀ ਅਤੇ ਲਖਨਊ ਟੀਮ ਵੱਲੋਂ ਖੇਡ ਰਹੇ ਅਫ਼ਗਾਨਿਸਤਾਨ ਦੇ ਨਵੀਨ-ਉਲ-ਹੱਕ ਅਤੇ ਗੌਤਮ ਗੰਭੀਰ।
ਜੇਕਰ ਗੱਲ ਸਿਰਫ ਗੇਂਦ ਅਤੇ ਬੱਲੇ ਨਾਲ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਹੁੰਦੀ ਤਾਂ ਸ਼ਾਇਦ ਇਹ ਮੈਚ ਖਤਮ ਹੁੰਦੇ ਸਾਰ ਹੀ ਭੁੱਲ ਗਿਆ ਹੁੰਦਾ।
ਅਜਿਹਾ ਨਹੀਂ ਹੈ ਕਿ ਖਿਡਾਰੀਆਂ ਨੇ ਜੋਸ਼ ਨਹੀਂ ਵਿਖਾਇਆ ਪਰ ਇਸ ਮੈਚ ਵਿੱਚ ਦੋਵਾਂ ਟੀਮਾਂ ਦੇ ਕਿਸੇ ਵੀ ਖਿਡਾਰੀ ਨੇ ਅਜਿਹਾ ਪ੍ਰਦਰਸ਼ਨ ਨਹੀਂ ਕੀਤਾ ਜੋ ਯਾਦਗਾਰ ਬਣ ਜਾਵੇ।
ਖੇਡ ਤੋਂ ਪਰ੍ਹੇ ਤਮਾਸ਼ਾ

ਤਸਵੀਰ ਸਰੋਤ, ANI
ਪਰ, ਹੁਣ ਇਹ ਤੈਅ ਹੈ ਕਿ ਇਸ ਮੈਚ ਨੂੰ ਇੰਨੀ ਆਸਾਨੀ ਨਾਲ ਨਹੀਂ ਭੁਲਾਇਆ ਜਾਵੇਗਾ। ਇਸ ਦੀਆਂ ਕਹਾਣੀਆਂ ਅਤੀਤ ਦੀਆਂ ਦੀਵਾਰਾਂ ਵਿੱਚੋਂ ਝਾਕਦੀਆਂ ਰਹਿਣਗੀਆਂ।
ਕੀ ਹੋਇਆ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਮੈਚ ਦਾ ਪ੍ਰਸਾਰਣ ਕਰਨ ਵਾਲੀ ਬਰਾਡਕਾਸਟਰ ਦੀ ਕੁਮੈਂਟਰੀ ਟੀਮ ਵਿੱਚ ਸ਼ਾਮਲ ਸਾਬਕਾ ਖਿਡਾਰੀਆਂ ਤੋਂ ਲੈ ਕੇ ਕ੍ਰਿਕਟ ਆਲੋਚਕਾਂ ਅਤੇ ਪ੍ਰਸ਼ੰਸਕਾਂ ਨੇ ਵੀਡੀਓ ਵਿੱਚ ਖਿਡਾਰੀਆਂ ਦੇ ਹਾਵ-ਭਾਵ ਦੇਖ ਕੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ।
ਜੋ ਕਿਆਸਅਰਾਈਆਂ ਲਗਾਈਆਂ ਗਈਆਂ ਹਨ, ਉਹ ਘੱਟੋ ਘੱਟ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀਆਂ ਕਿ ਸਭ ਕੁਝ 'ਖੇਡ ਭਾਵਨਾ ' ਦਾ ਪ੍ਰਦਰਸ਼ਨ ਸੀ। ਅਸਲ ਵਿੱਚ ਕਈਆਂ ਨੇ ਇਸ ਨੂੰ ‘ਬੇਹੂਦਾ’ ਵੀ ਕਿਹਾ।
ਇਸ ਪੂਰੀ ਘਟਨਾ ਦੀਆਂ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਜਿਹੇ ਹੀ ਇੱਕ ਵੀਡੀਓ ਵਿੱਚ ਸਾਬਕਾ ਕ੍ਰਿਕਟਰ ਅਤੇ ਸਾਬਕਾ ਕੋਚ ਰਵੀ ਸ਼ਾਸਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਕੋਈ ਜ਼ਰੂਰਤ ਨਹੀਂ ਹੈ। ਗੇਮ ਓਵਰ, ਨਤੀਜਾ ਆ ਗਿਆ। ਦੋ ਪੁਆਇੰਟ ਮਿਲ ਗਿਆ। ਕਯਾ ਬੋਲਨਾ ਹੈ।"
ਉਨ੍ਹਾਂ ਨਾਲ ਗੱਲ ਕਰਦਿਆਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਕਹਿੰਦੇ ਹਨ, "ਅਜਿਹੀ ਕੋਈ ਲੋੜ ਨਹੀਂ ਸੀ।"
ਰਵੀ ਸ਼ਾਸਤਰੀ ਆਪਣੀ ਗੱਲ ਨੂੰ ਹੋਰ ਅੱਗੇ ਲੈ ਕੇ ਕਹਿੰਦੇ ਹਨ, "ਕੋਈ ਲੋੜ ਨਹੀਂ। ਇਹ ਘੱਟ ਸਕੋਰ ਵਾਲੀ ਖੇਡ ਹੈ। ਠੀਕ ਹੈ ਗਰਮਾ-ਗਰਮੀ ਹੁੰਦੀ ਹੈ, ਉਸ ਨੂੰ ਗਰਾਉਂਡ 'ਤੇ ਛੱਡ ਦਿਓ।"
ਗੰਭੀਰ ਅਤੇ ਕੋਹਲੀ ਦਾ ਵੀਡੀਓ

ਤਸਵੀਰ ਸਰੋਤ, Getty Images
ਸਭ ਤੋਂ ਚਰਚਿਤ ਘਟਨਾ 'ਚ, ਮੈਚ ਤੋਂ ਬਾਅਦ ਵਿਰਾਟ ਕੋਹਲੀ ਲਖਨਊ ਦੇ ਬੱਲੇਬਾਜ਼ ਕਾਇਲ ਮਾਇਰਸ ਨਾਲ ਸੈਰ ਕਰਦੇ ਅਤੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਫਿਰ ਗੌਤਮ ਗੰਭੀਰ ਆਉਂਦੇ ਹਨ ਅਤੇ ਮਾਇਰਸ ਦਾ ਹੱਥ ਫੜ ਕੇ ਆਪਣੇ ਨਾਲ ਲੈ ਜਾਂਦੇ ਹਨ।
ਇਸ ਤੋਂ ਬਾਅਦ ਗੌਤਮ ਗੰਭੀਰ ਪਿੱਛੇ ਮੁੜ ਕੇ ਕੁਝ ਕਹਿੰਦੇ ਹਨ ਅਤੇ ਕੇਐੱਲ ਰਾਹੁਲ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਪਰ ਗੰਭੀਰ ਨੇ ਫਿਰ ਤੋਂ ਕੁਝ ਕਹਿੰਦੇ ਹੋਏ ਅੱਗੇ ਵਧਦੇ ਹਨ।
ਉਹ ਵਿਰਾਟ ਕੋਹਲੀ ਦੇ ਕਰੀਬ ਪਹੁੰਚਦੇ ਹਨ। ਕੋਹਲੀ ਗੰਭੀਰ ਦੇ ਮੋਢੇ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਕੁਝ ਸਮਝਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਹੱਥ ਮਿਲਾਉਂਦੇ ਹੋਏ ਕੁਝ ਕਹਿ ਰਹੇ ਹਨ।
ਇਸ ਦੌਰਾਨ ਅਮਿਤ ਮਿਸ਼ਰਾ ਹੈਲਮੇਟ ਪਹਿਨ ਕੇ ਦੋਵਾਂ ਵਿਚਕਾਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਦੌਰਾਨ ਬੈਂਗਲੁਰੂ ਦੇ ਕਪਤਾਨ ਫ਼ਾਫ਼ ਡੁਪਲੇਸੀ ਨਜ਼ਰ ਆ ਰਹੇ ਹਨ, ਜੋ ਵਿਰਾਟ ਕੋਹਲੀ ਨੂੰ ਹੱਸਦੇ ਹੋਏ ਆਪਣੇ ਨਾਲ ਲੈ ਜਾਂਦੇ ਹਨ।

ਮੈਚ ਦੇ ਵੇਰਵੇ:
- ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਲਖਨਊ ਸੁਪਰਜਾਇੰਟਸ
- ਬੰਗਲੌਰ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ
- ਆਰਸੀਬੀ - 126/9 (20 ਓਵਰ), ਫਾਫ ਡੁਪਲੇਸੀ - 44 ਦੌੜਾਂ, ਨਵੀਨ ਉਲ ਹੱਕ 3/30
- ਐਲਐਸਜੀ - 108/10 (19.5 ਓਵਰ) ਕੇ ਗੌਤਮ - 23 ਦੌੜਾਂ, ਜੋਸ਼ ਹੇਜ਼ਲਵੁੱਡ 2/15
- ਮੈਨ ਆਫ ਦ ਮੈਚ - ਫ਼ਾਫ਼ ਡੂਪਲੇਸੀ

ਵਿਰਾਟ ਅਤੇ ਨਵੀਨ ਉਲ ਹੱਕ ਵਿਚਾਲੇ ਕੀ ਹੋਇਆ?

ਤਸਵੀਰ ਸਰੋਤ, Getty Images
ਵਿਵਾਦ ਦੇ ਤਿੰਨ ਹਿੱਸੇ ਸਾਹਮਣੇ ਆ ਚੁੱਕੇ ਹਨ।
ਇਨ੍ਹਾਂ ਵਿੱਚੋਂ ਇੱਕ ਮੈਚ ਦੌਰਾਨ ਕਥਿਤ ਝਗੜੇ ਦਾ ਹੈ। ਲਖਨਊ ਦੀ ਪਾਰੀ ਦੇ 16ਵੇਂ ਓਵਰ ਤੋਂ ਬਾਅਦ ਨਵੀਨ-ਉਲ-ਹੱਕ ਅਤੇ ਵਿਰਾਟ ਵਿਚਾਲੇ ਝਗੜਾ ਹੁੰਦਾ ਨਜ਼ਰ ਆ ਰਿਹਾ ਹੈ।
ਅਮਿਤ ਮਿਸ਼ਰਾ ਅਤੇ ਪਿਚ 'ਤੇ ਮੌਜੂਦ ਅੰਪਾਇਰ ਦਖ਼ਲ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵਿਰਾਟ, ਅਮਿਤ ਮਿਸ਼ਰਾ ਅਤੇ ਅੰਪਾਇਰਾਂ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ।
ਇੱਕ ਹੋਰ ਵੀਡੀਓ ਮੈਚ ਤੋਂ ਬਾਅਦ ਦਾ ਹੈ, ਜਦੋਂ ਦੋਵੇਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਵਿਰਾਟ ਅਤੇ ਨਵੀਨ ਨੇ ਹੱਥ ਵੀ ਮਿਲਾਏ। ਦੋਵੇਂ ਇਕ-ਦੂਜੇ ਨੂੰ ਕੁਝ ਕਹਿੰਦੇ ਹਨ ਅਤੇ ਫਿਰ ਨਵੀਨ ਨੇ ਵਿਰਾਟ ਦਾ ਹੱਥ ਹਿਲਾ ਦਿੱਤਾ।
ਇੱਥੇ ਮੈਕਸਵੈੱਲ ਵਿਚਾਲੇ-ਬਚਾਅ ਦੀ ਸਥਿਤੀ ਵਿੱਚ ਦਿਖਾਈ ਦੇ ਰਹੇ ਹਨ।
ਇਕ ਹੋਰ ਵੀਡੀਓ 'ਚ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਬਾਊਂਡਰੀ ਲਾਈਨ ਦੇ ਕੋਲ ਗੱਲ ਕਰਦੇ ਨਜ਼ਰ ਆ ਰਹੇ ਹਨ। ਨਵੀਨ ਉਥੋਂ ਲੰਘਦੇ ਦਿਖਾਈ ਦਿੰਦੇ ਹਨ।
ਕੇਐੱਲ ਰਾਹੁਲ ਉਨ੍ਹਾਂ ਨੂੰ ਕੁਝ ਕਹਿੰਦੇ ਹਨ, ਪਰ ਉਹ ਉਨ੍ਹਾਂ ਕੋਲ ਆਉਣ ਦੀ ਬਜਾਏ ਸਿਰ ਹਿਲਾ ਕੇ ਦੂਜੇ ਪਾਸੇ ਜਾਂਦੇ ਦਿਖਾਈ ਦਿੰਦੇ ਹਨ।
ਇਹ ਅੱਗ 20 ਦਿਨਾਂ ਤੋਂ ਸੁਲ਼ਗ ਰਹੀ ਸੀ?

ਤਸਵੀਰ ਸਰੋਤ, @RCBTweets
ਇਸ ਪੂਰੀ ਘਟਨਾ ਦੇ ਬਾਰੇ 'ਚ ਟਵਿੱਟਰ 'ਤੇ ਕੁਝ ਯੂਜ਼ਰਸ ਨੇ ਦਾਅਵਾ ਕੀਤਾ ਕਿ ਇਹ ਸਟੋਰੀ ਸ਼ਾਇਦ ਸੋਮਵਾਰ ਨੂੰ ਲਖਨਊ 'ਚ ਦੇਖੀ ਗਈ ਹੋਵੇਗੀ ਪਰ ਇਸ ਦਾ ਪਹਿਲਾ ਪੰਨਾ ਕਰੀਬ 20 ਦਿਨ ਪਹਿਲਾਂ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਲਿਖਿਆ ਗਿਆ ਸੀ।
10 ਅਪ੍ਰੈਲ ਨੂੰ ਇਹ ਦੋਵੇਂ ਟੀਮਾਂ ਬੰਗਲੌਰ ਦੇ ਚਿੰਨਾਸਵਾਮੀ ਮੈਦਾਨ 'ਤੇ ਆਹਮੋ-ਸਾਹਮਣੇ ਆਈਆਂ ਸਨ ਅਤੇ ਲਖਨਊ ਨੇ ਆਈਪੀਐੱਲ ਦੇ 16ਵੇਂ ਸੀਜ਼ਨ ਦੇ ਸਭ ਤੋਂ ਸਨਸਨੀਖੇਜ਼ ਟੀਚੇ ਦਾ ਪਿੱਛਾ ਕਰਦੇ ਹੋਏ 213 ਦੌੜਾਂ ਬਣਾ ਕੇ ਆਖਰੀ ਗੇਂਦ 'ਤੇ ਬੰਗਲੌਰ ਨੂੰ ਇਕ ਵਿਕਟ ਨਾਲ ਹਰਾ ਦਿੱਤਾ ਸੀ।
ਮੈਚ ਤੋਂ ਬਾਅਦ ਲਖਨਊ ਦੇ ਮੈਂਟਾਰ ਗੌਤਮ ਗੰਭੀਰ ਦੀ ਮੂੰਹ 'ਤੇ ਉਂਗਲੀ ਰੱਖਣ ਵਾਲੀ ਤਸਵੀਰ ਵਾਇਰਲ ਹੋ ਗਈ ਸੀ।
ਕਈ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬੈਂਗਲੁਰੂ ਦੇ ਸਟੇਡੀਅਮ 'ਚ ਮੌਜੂਦ ਆਰਸੀਬੀ ਪ੍ਰਸ਼ੰਸਕਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ।
ਸੋਮਵਾਰ ਦੇ ਮੈਚ 'ਚ 127 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਦਾ ਹਰ ਵਿਕਟ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਜਿਸ ਤਰ੍ਹਾਂ ਦਾ ਜਸ਼ਨ ਮਨਾ ਰਹੇ ਸਨ, ਉਸ ਨੂੰ ਕਈ ਲੋਕਾਂ ਨੇ ਗੰਭੀਰ ਦੇ ਜਵਾਬ ਵਜੋਂ ਦੇਖਿਆ।
ਹਾਲਾਂਕਿ, ਵਿਰਾਟ ਕੋਹਲੀ ਦੇ ਕਰੀਅਰ 'ਤੇ ਨੇੜਿਓਂ ਨਜ਼ਰ ਰੱਖਣ ਵਾਲੇ ਕਈ ਟਿੱਪਣੀਕਾਰਾਂ ਨੇ ਮੈਚ ਦੌਰਾਨ ਉਨ੍ਹਾਂ ਦੀ ਬਾਡੀ ਲੈਂਗਵੇਜ 'ਚ ਕੁਝ ਵੀ ਵੱਖਰਾ ਜਾਂ ਵਿਲੱਖਣ ਨਹੀਂ ਦੇਖਿਆ।
ਉਨ੍ਹਾਂ ਦੇ ਮੁਤਾਬਕ, ਵਿਰਾਟ ਕੋਹਲੀ ਮੈਦਾਨ 'ਤੇ ਸਿਰਫ ਚਾਰਜ ਅੱਪ ਦਿਖਾਈ ਦਿੰਦੇ ਹਨ। ਇਹ ਜੁਨੂੰਨ ਉਨ੍ਹਾਂ ਦੀ ਪਛਾਣ ਦਾ ਹਿੱਸਾ ਹੈ।
ਇਹ ਜਿੱਤ ਵਿਰਾਟ ਲਈ ਦੋਹਰੀ ਖੁਸ਼ੀ ਦਾ ਸਬੱਬ ਬਣ ਸਕਦੀ ਸੀ। ਇੱਥੇ ਇਹ ਸਿਰਫ਼ ਲਖਨਊ ਤੋਂ 'ਬਦਲੇ ਦੀ ਖੇਡ' ਜਿੱਤਣ ਦੀ ਗੱਲ ਨਹੀਂ ਸੀ। ਸੋਮਵਾਰ ਨੂੰ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਵੀ ਸੀ।
ਪਰ, ਹੁਣ ਜਿੱਤ ਅਤੇ ਜਸ਼ਨ ਤੋਂ ਵੱਧ ਵਿਵਾਦ ਨੂੰ ਲੈ ਕੇ ਚਰਚਾ ਹੋ ਰਹੀ ਹੈ, ਜਿਸ ਬਾਰੇ ਕਈ ਲੋਕ ਸਿਰਫ਼ ਕਿਆਸ ਹੀ ਲਗਾ ਰਹੇ ਹਨ।
ਇਹ ਗੱਲ ਵੱਖਰੀ ਹੈ ਕਿ ਇਸ ਤਰ੍ਹਾਂ ਦੇ ਵਿਵਾਦ ਅਤੇ ਅਜਿਹੀਆਂ ਅਟਕਲਾਂ ਆਈਪੀਐਲ ਲਈ ਕਦੇ ਵੀ ਅਜੂਬਾ ਨਹੀਂ ਰਹੀਆਂ।
ਹੈਰਾਨੀ ਦੀ ਗੱਲ ਹੋਵੇਗੀ ਜੇਕਰ ਇਸ ਵਿਵਾਦ ਦੀ ਅਸਲ ਕਹਾਣੀ ਲੀਕ ਨਾ ਹੋ ਜਾਵੇ ਅਤੇ ਛੁਪੀ ਰਹੇ।













