ਆਈਪੀਐੱਲ: ਪੰਜਾਬ ਕਿੰਗਜ਼ ਦੇ ਮੈਚ ਹਾਰਨ ਦੇ ਇਹ 5 ਕਾਰਨ ਰਹੇ

ਕੇਐੱਲ ਰਾਹੁਲ

ਤਸਵੀਰ ਸਰੋਤ, ANI

    • ਲੇਖਕ, ਅਭਿਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਆਈਪੀਐਲ ਵਿੱਚ ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਦੇ ਬੱਲੇਬਾਜ਼ਾਂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ 257 ਦੌੜਾਂ ਦਾ ਸਕੋਰ ਬਣਾਇਆ।

ਪੰਜਾਬ ਕਿੰਗਜ਼ ਦੀ ਟੀਮ ਇਸ ਮੈਚ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਅਤੇ 56 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ।

ਠੀਕ 10 ਸਾਲ ਪਹਿਲਾਂ 2013 ਵਿੱਚ ਆਈਪੀਐਲ ਵਿੱਚ ਅਜਿਹੀ ਪਾਰੀ ਖੇਡੀ ਗਈ ਸੀ ਜੋ ਅੱਜ ਵੀ ਰਿਕਾਰਡ ਬੁੱਕ ਵਿੱਚ ਦਰਜ ਹੈ।

ਤੁਹਾਨੂੰ ਕ੍ਰਿਸ ਗੇਲ ਦੀ ਨਾਬਾਦ 175 ਦੌੜਾਂ ਦੀ ਪਾਰੀ ਯਾਦ ਹੈ?

ਜੀ ਹਾਂ, ਉਸ ਮੈਚ 'ਚ ਨਾ ਸਿਰਫ਼ ਕ੍ਰਿਸ ਗੇਲ ਨੇ ਆਈਪੀਐੱਲ ਦੇ ਇਤਿਹਾਸ 'ਚ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਇਆ ਸੀ, ਬਲਿਕ ਉਨ੍ਹਾਂ ਦੇ ਬੱਲੇ ਤੋਂ 17 ਛੱਕੇ ਵੀ ਲੱਗੇ। ਇਹ ਅਜੇ ਵੀ ਇੱਕ ਪਾਰੀ ਵਿੱਚ ਇੱਕ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਹੈ।

ਗੇਲ ਦਾ (30 ਗੇਂਦਾਂ ਵਿੱਚ) ਸੈਂਕੜਾ ਅਜੇ ਵੀ ਆਈਪੀਐੱਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜੇ ਵਜੋਂ ਰਿਕਾਰਡ ਬੁੱਕ ਵਿੱਚ ਦਰਜ ਹੈ। ਗੇਲ ਅਤੇ ਡਿਵਿਲੀਅਰਸ ਦੀ ਪਾਰੀ ਦੀ ਬਦੌਲਤ ਉਸ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 263 ਦੌੜਾਂ ਬਣਾਈਆਂ ਸਨ। ਇਹ ਅਜੇ ਵੀ ਆਈਪੀਐਲ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ।

ਬੀਤੀ ਰਾਤ ਮੋਹਾਲੀ 'ਚ ਕੇਐੱਲ ਰਾਹੁਲ ਦੀ ਟੀਮ ਨੇ ਵੀ ਆਰਸੀਬੀ ਦੀ ਉਸ ਪਾਰੀ ਵਾਂਗ ਤੂਫਾਨ ਮਚਾ ਦਿੱਤਾ ਅਤੇ ਸਿਰਫ ਛੇ ਦੌੜਾਂ ਦੇ ਫਰਕ ਨਾਲ ਉਸ ਦੀ ਬਰਾਬਰੀ ਕਰਨ ਤੋਂ ਖੁੰਝ ਗਈ।

ਇਹ ਮੈਚ ਵੀ ਕੁਝ ਇਸੇ ਤਰ੍ਹਾਂ ਖੇਡਿਆ ਗਿਆ। ਬੱਲੇਬਾਜ਼ਾਂ ਨੇ ਤੂਫਾਨੀ ਅੰਦਾਜ਼ 'ਚ ਦੌੜਾਂ ਬਣਾਈਆਂ। ਨਾ ਤਾਂ ਗੇਂਦਬਾਜ਼ਾਂ ਅਤੇ ਫੀਲਡਰਾਂ ਨੂੰ ਫੀਲਡ ਵਿੱਚ ਰਾਹਤ ਮਿਲੀ ਤੇ ਨਾ ਹੀ ਕੁਮੈਂਟਰੀ ਬਾਕਸ ਵਿੱਚ ਕੁਮੈਂਟਰਾਂ ਨੂੰ ਕਿਉਂਕਿ ਲਖਨਊ ਸੁਪਰ ਜਾਇੰਟਸ ਪਾਰੀ ਦੌਰਾਨ ਹਰ ਓਵਰ ਵਿੱਚ ਲਗਭਗ 12 ਦੌੜਾਂ ਬਣਾ ਰਹੀ ਸੀ।

 ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਕਿਹੜੇ ਰਿਕਾਰਡ ਬਣਾਏ ਗਏ?

ਆਈਪੀਐੱਲ ਦੀ ਸ਼ੁਰੂਆਤ 2008 ਤੋਂ ਹੋਈ ਹੈ, ਜਿੱਥੇ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਮੈਚ ਖੇਡੇ ਜਾ ਚੁੱਕੇ ਹਨ।

ਪਰ ਇਹ ਉਹ ਮੈਚ ਹੈ, ਜਿਸ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਇਸ 'ਚ ਉਹ ਰਿਕਾਰਡ ਬਣੇ ਜੋ ਆਈਪੀਐੱਲ ਦੇ ਇਤਿਹਾਸ 'ਚ ਘੱਟ ਹੀ ਦੇਖਣ ਨੂੰ ਮਿਲਦੇ ਹਨ।

ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 257 ਦੌੜਾਂ ਬਣਾਈਆਂ। ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਤਾਂ ਹੈ ਹੀ। ਇਹ ਆਈਪੀਐੱਲ ਦੇ ਇਤਿਹਾਸ ਵਿੱਚ ਕਿਸੇ ਵੀ ਟੀਮ ਦਾ ਦੂਜਾ ਸਭ ਤੋਂ ਵੱਡਾ ਸਕੋਰ ਵੀ ਹੈ।

ਸਭ ਤੋਂ ਵੱਧ ਸਕੋਰ 263/5 ਦਾ ਰਿਕਾਰਡ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੰਗਲੌਰ ਨੇ 2013 ਵਿੱਚ ਪੁਣੇ ਵਾਰੀਅਰਜ਼ ਵਿਰੁੱਧ ਬਣਾਇਆ ਸੀ। ਯਾਨੀ ਇਹ ਸਿਰਫ਼ ਛੇ ਦੌੜਾਂ ਨਾਲ ਆਈਪੀਐੱਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਬਣਨ ਤੋਂ ਖੁੰਝ ਗਈ।

ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਵੀ 201 ਦੌੜਾਂ ਬਣਾਈਆਂ। ਦੋਵਾਂ ਟੀਮਾਂ ਨੇ ਮਿਲ ਕੇ 458 ਦੌੜਾਂ ਬਣਾਈਆਂ। ਇਹ ਦੋਵੇਂ ਟੀਮਾਂ ਵੱਲੋਂ ਇੱਕ ਮੈਚ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਹੈ।

ਆਈਪੀਐੱਲ ਦੇ ਕਿਸੇ ਇੱਕ ਮੈਚ ਵਿੱਚ ਸਿਰਫ਼ ਦੋ ਵਾਰ ਦੋਵੇਂ ਟੀਮਾਂ ਇਸ ਤੋਂ ਵੱਧ ਸਕੋਰ ਕਰਨ ਵਿੱਚ ਕਾਮਯਾਬ ਰਹੀਆਂ ਹਨ।

ਦੋਵਾਂ ਟੀਮਾਂ ਦਾ ਸਭ ਤੋਂ ਵੱਡਾ ਜੋੜ 2010 'ਚ ਰਾਜਸਥਾਨ ਰਾਇਲਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗਏ ਮੈਚ 'ਚ ਹੋਇਆ ਸੀ।

ਚੇਨੱਈ ਨੇ ਉਦੋਂ 246 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਰਾਜਸਥਾਨ ਰਾਇਲਜ਼ ਨੇ ਵੀ 223 ਦੌੜਾਂ ਬਣਾਈਆਂ ਸਨ ਅਤੇ ਸਿਰਫ਼ 23 ਦੌੜਾਂ ਨਾਲ ਮੈਚ ਹਾਰ ਗਈ ਸੀ। ਉਸ ਮੈਚ ਵਿੱਚ ਦੋਵੇਂ ਟੀਮਾਂ ਨੇ ਕੁੱਲ 469 ਦੌੜਾਂ ਬਣਾਈਆਂ ਸਨ।

ਇਸ ਤੋਂ ਬਿਲਕੁਲ ਹੇਠਾਂ ਦੂਜੇ ਨੰਬਰ 'ਤੇ 2018 ਵਿੱਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ ਉਹ ਮੁਕਾਬਲਾ, ਜਿਸ ਵਿੱਚ ਕੁੱਲ 459 ਦੌੜਾਂ ਬਣਾਈਆਂ ਗਈਆਂ ਸਨ।

ਬੀਬੀਸੀ

ਲਖਨਊ ਸੁਪਰ ਜਾਇੰਟਸ ਬਨਾਮ ਪੰਜਾਬ ਕਿੰਗਜ਼: ਮੈਚ ਦਾ ਰਿਪੋਰਟ ਕਾਰਡ

  • ਲਖਨਊ ਸੁਪਰ ਜਾਇੰਟਸ: 257/5
  • ਪੰਜਾਬ ਕਿੰਗਜ਼: 201/10
  • ਲਖਨਊ ਨੇ ਇਸ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਬਣਾਇਆ
  • ਇਹ ਆਈਪੀਐੱਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ
  • ਮੈਚ ਵਿੱਚ ਕੁੱਲ 45 ਚੌਕੇ ਅਤੇ 22 ਛੱਕੇ ਲੱਗੇ
  • ਦੋਵਾਂ ਟੀਮਾਂ ਨੇ ਕੁੱਲ 458 ਦੌੜਾਂ ਬਣਾਈਆਂ
  • ਆਈਪੀਐੱਲ ਦੇ ਕਿਸੇ ਇੱਕ ਮੈਚ ਵਿੱਚ ਦੋਵਾਂ ਟੀਮਾਂ ਦਾ ਮਿਲਾ ਕੇ ਤੀਜਾ ਸਭ ਤੋਂ ਵੱਡਾ ਸਕੋਰ
  • ਲਖਨਊ ਨੇ ਇਸ ਮੈਚ 'ਚ 9 ਗੇਂਦਬਾਜ਼ਾਂ ਨਾਲ ਗੇਂਦਬਾਜ਼ੀ ਕਰਵਾਈ
ਬੀਬੀਸੀ

ਪੰਜਾਬ ਕਿੰਗਜ਼ ਦੀ ਚੂਕ ਦੇ ਚੌਕੇ

  • ਮੈਚ 'ਚ ਸ਼ਿਖਰ ਧਵਨ ਦਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਧਵਨ ਨੇ ਬਾਅਦ 'ਚ ਕਿਹਾ ਕਿ ਗੇਂਦਬਾਜ਼ਾਂ ਨੇ ਕਾਫੀ ਦੌੜਾਂ ਬਣਵਾਈਆਂ।
  • ਸ਼ਿਖਰ ਧਵਨ ਨੇ ਇੱਕ ਵਾਧੂ ਤੇਜ਼ ਗੇਂਦਬਾਜ਼ ਨੂੰ ਖੇਡਣ ਦਾ ਮੌਕਾ ਦਿੱਤਾ ਜਦੋਂ ਕਿ ਲਖਨਊ ਸੁਪਰ ਜਾਇੰਟਸ ਨੇ ਟੀਮ ਵਿੱਚ ਇੱਕ ਵਾਧੂ ਸਪਿਨਰ ਨੂੰ ਸ਼ਾਮਲ ਕੀਤਾ।
  • ਵੈਸੇ, ਮੈਚ ਦੀ ਸ਼ੁਰੂਆਤ ਹੀ ਕੈਚ ਦੇ ਛੁੱਟ ਜਾਣ ਨਾਲ ਹੋਈ ਸੀ। ਗੁਰਨੂਰ ਬਰਾੜ ਦੀ ਗੇਂਦ 'ਤੇ ਆਰਥਵ ਤਾਅੜੇ ਨੇ ਕੇਐੱਲ ਰਾਹੁਲ ਦਾ ਕੈਚ ਛੱਡ ਦਿੱਤਾ। ਹਾਲਾਂਕਿ ਰਾਹੁਲ ਬਹੁਤ ਮਹਿੰਗੇ ਸਾਬਤ ਨਹੀਂ ਹੋਏ।
  • ਪਰ ਸਪੱਸ਼ਟ ਕੈਚ ਲੈਣ ਦੇ ਬਾਵਜੂਦ, ਆਪਣੀ ਜੁੱਤੀ ਨੂੰ ਸੀਮਾ ਰੇਖਾ ਨਾਲ ਲਗਾ ਦੇਣਾ ਲਿਵਿੰਗਸਟਨ ਦੇ ਨਾਲ-ਨਾਲ ਪੂਰੀ ਟੀਮ ਨੂੰ ਵੀ ਮਹਿੰਗਾ ਪਿਆ। ਇਹ ਕੈਚ ਪਲੇਅਰ ਆਫ ਦਿ ਮੈਚ ਮਾਰਕਸ ਸਟੋਇਨਿਸ ਦਾ ਸੀ, ਜੋ ਉਸ ਵੇਲੇ 22 ਗੇਂਦਾਂ 'ਤੇ 38 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਬਾਅਦ ਸਟੋਇਨਿਸ ਨੇ 18 ਗੇਂਦਾਂ 'ਚ 34 ਹੋਰ ਦੌੜਾਂ ਬਣਾਈਆਂ।
ਬੀਬੀਸੀ

ਪੰਜਾਬ ਦੇ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ

ਆਪਣੇ-ਆਪਣੇ ਦੇਸ਼ ਦੀਆਂ ਟੀਮਾਂ ਦੇ ਸੁਪਰਸਟਾਰ ਅਰਸ਼ਦੀਪ ਸਿੰਘ ਅਤੇ ਕਾਗਿਸੋ ਰਬਾਡਾ ਨੇ ਪੰਜਾਬ ਕਿੰਗਜ਼ ਲਈ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੀ ਪਰ ਇਹ ਇੰਨੇ ਖਰਚੀਲੇ ਸਾਬਤ ਹੋਏ ਕਿ ਦੋਵਾਂ ਨੇ ਆਪਣੇ-ਆਪਣੇ ਚਾਰ ਓਵਰਾਂ ਵਿੱਚ 50 ਤੋਂ ਵੱਧ ਦੌੜਾਂ ਦਿੱਤੀਆਂ।

ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਜਲਦੀ ਆਊਟ ਹੋ ਗਏ ਪਰ ਕਾਇਲ ਮੇਅਰਜ਼ ਨੇ ਨਾ ਸਿਰਫ਼ ਇਨ੍ਹਾਂ ਦੋ ਗੇਂਦਬਾਜ਼ਾਂ ਨੂੰ ਸਗੋਂ ਸਿਕੰਦਰ ਰਜ਼ਾ ਦੀਆਂ ਗੇਂਦਾਂ ਨੂੰ ਵੀ ਬੇਰਹਿਮੀ ਨਾਲ ਕੁੱਟਿਆ। ਰਜ਼ਾ ਨੂੰ ਦੁਬਾਰਾ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲਿਆ।

ਸ਼ਿਖਰ ਧਵਨ ਨੇ ਸੱਤ ਗੇਂਦਬਾਜ਼ ਅਜ਼ਮਾਏ ਪਰ ਰਾਹੁਲ ਚਾਹਰ (7.25) ਨੂੰ ਛੱਡ ਕੇ ਕਿਸੇ ਦੀ ਵੀ ਈਕੋਨਾਮੀ 12 ਤੋਂ ਘੱਟ ਨਹੀਂ ਰਹੀ। ਲਿਵਿੰਗਸਟਨ ਨੇ ਇੱਕ ਓਵਰ ਵਿੱਚ 19 ਦੌੜਾਂ ਬਣਾਈਆਂ।

ਇਸ ਦੇ ਨਾਲ ਹੀ ਜਦੋਂ ਪੰਜਾਬ ਦੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਕੇਐੱਲ ਰਾਹੁਲ ਨੇ ਵੀ ਨੌਂ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਕਾਇਲ ਮੇਅਰਸ ਨੇ ਆਪਣੇ ਇੱਕ ਓਵਰ ਵਿੱਚ ਸਿਰਫ਼ ਚਾਰ ਦੌੜਾਂ ਦਿੱਤੀਆਂ ਅਤੇ ਉਹ ਸਭ ਤੋਂ ਕਿਫ਼ਾਇਤੀ ਰਿਹਾ।

ਆਈਪੀਐੱਲ

ਤਸਵੀਰ ਸਰੋਤ, Getty Images

ਪੰਜਾਬ ਕਿੰਗਜ਼ ਲਈ ਕੀ ਚੰਗਾ ਰਿਹਾ?

ਬੇਸ਼ੱਕ ਪੰਜਾਬ ਹਾਰ ਗਿਆ ਹੈ ਪਰ ਉਸ ਲਈ ਵੀ ਇਸ ਮੈਚ ਵਿੱਚ ਕੁਝ ਸਕਾਰਾਤਮਕ ਗੱਲਾਂ ਵੀ ਹੋਈਆਂ।

ਟਾਸ ਜਿੱਤਣ ਤੋਂ ਇਲਾਵਾ ਪੰਜਾਬ ਕਿੰਗਜ਼ ਦੀ ਟੀਮ ਹਰ ਮੋਰਚੇ 'ਤੇ ਪਿੱਛੇ ਰਹੀ। ਲਖਨਊ ਨੇ ਉਸ ਦੇ ਸਾਹਮਣੇ ਅਸੰਭਵ ਜਿਹਾ ਲੱਗਣ ਵਾਲੇ ਸਕੋਰ ਖੜ੍ਹਾ ਕੀਤਾ ਪਰ ਪੰਜਾਬ ਨੇ 200 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ।

22 ਸਾਲਾ ਗੁਰਨੂਰ ਬਰਾੜ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਪਹਿਲੇ ਓਵਰ ਵਿੱਚ ਸਿਰਫ਼ ਦੋ ਦੌੜਾਂ ਹੀ ਦਿੱਤੀਆਂ। ਜੇਕਰ ਉਸ ਦੀ ਪਹਿਲੀ ਗੇਂਦ 'ਤੇ ਕੈਚ ਨਾ ਛੁੱਟਿਆ ਹੁੰਦਾ ਤਾਂ ਸਕੋਰ ਅਤੇ ਨਤੀਜਾ ਵੱਖਰਾ ਹੋ ਹੀ ਹੋਣਾ ਸੀ।

ਦੂਜੇ ਪਾਸੇ ਪਾਵਰਪਲੇਅ ਦੌਰਾਨ ਜਦੋਂ ਕਪਤਾਨ ਸਮੇਤ ਦੋਵੇਂ ਸਲਾਮੀ ਬੱਲੇਬਾਜ਼ ਪੈਵੇਲੀਅਨ ਪਰਤ ਗਏ ਤਾਂ ਪਿੱਚ 'ਤੇ ਆਏ ਖੱਬੇ ਹੱਥ ਦੇ 23 ਸਾਲਾ ਬੱਲੇਬਾਜ਼ ਆਰਥਵ ਤਾਅੜੇ ਨੇ ਜੋ ਪਾਰੀ ਖੇਡੀ ਉਹ ਵੀ ਪੰਜਾਬ ਲਈ ਬੇਹੱਦ ਖ਼ਾਸ ਰਹੀ।

ਅਥਰਵ ਨੇ ਅਜੇ ਆਪਣੀ ਉਮਰ ਦੇ 23 ਸਾਲ ਪੂਰੇ ਕੀਤੇ ਹਨ ਅਤੇ ਕਾਫੀ ਦਬਾਅ ਵਾਲੀ ਸਥਿਤੀ 'ਚ ਪਿੱਚ 'ਤੇ ਆਏ ਹਨ ਅਤੇ ਜਦੋਂ ਤੱਕ ਉਹ ਮੈਦਾਨ 'ਤੇ ਰਹੇ, ਪੰਜਾਬ ਕਿੰਗਜ਼ ਦੀਆਂ ਉਮੀਦਾਂ ਵਧਦੀਆਂ ਜਾ ਰਹੀਆਂ ਸਨ।

ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਇੰਨਾ ਵੱਡਾ ਸਕੋਰ ਆਈਪੀਐੱਲ ਵਿੱਚ ਬਦਲਿਆ ਜਾਣਾ ਤਾਂ ਦੂਰ ਦੀ ਗੱਲ ਹੈ ਬਣਿਆ ਹੀ ਕੇਵਲ ਦੂਜੀ ਵਾਰ ਹੈ।

ਇਸ ਦੋਰਾਨ ਆਰਥਵ ਵੀ ਤੇਜ਼ੀ ਨਾਲ ਦੌੜਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਵਿੱਚ ਰਵੀ ਬਿਸ਼ਨੋਈ ਦੇ ਹੱਥੋਂ ਕੈਚ ਹੋ ਗਏ। ਹਾਲਾਂਕਿ ਸਿਰਫ 36 ਗੇਂਦਾਂ 'ਚ 66 ਦੌੜਾਂ ਬਣਾ ਕੇ ਆਰਥਵ ਨੇ ਯਕੀਨੀ ਤੌਰ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਅਗਲੇ ਮੌਕੇ ਲਈ ਆਪਣਾ ਰਾਹ ਆਸਾਨ ਕਰ ਲਿਆ।

ਸਟੋਇਨਿਸ ਨੇ ਤੋੜਿਆ ਆਪਣਾ ਰਿਕਾਰਡ

ਲਖਨਊ ਸੁਪਰ ਜਾਇੰਟਸ ਦੇ 257 ਦੌੜਾਂ 'ਚ ਮਾਰਕਸ ਸਟੋਇਨਿਸ ਨੇ ਸਿਰਫ਼ 40 ਗੇਂਦਾਂ 'ਚ 72 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਅਤੇ ਗੇਂਦਬਾਜ਼ੀ ਦੌਰਾਨ ਸ਼ਿਖਰ ਧਵਨ ਦਾ ਵਿਕਟ ਵੀ ਲਿਆ।

ਇਹ ਇਸ ਮੈਚ ਵਿੱਚ ਨਾ ਸਿਰਫ਼ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਸੀ ਸਗੋਂ ਸਟੋਇਨਿਸ ਦੇ ਆਈਪੀਐੱਲ ਕਰੀਅਰ ਦੀ ਸਭ ਤੋਂ ਵੱਡੀ ਪਾਰੀ ਵੀ ਬਣ ਗਈ।

ਸਟੋਇਨਿਸ ਇਸ ਤੋਂ ਪਹਿਲਾਂ ਖੇਡੀਆਂ ਸੱਤ ਪਾਰੀਆਂ ਵਿੱਚੋਂ ਪੰਜ ਵਿੱਚ 21 ਜਾਂ ਇਸ ਤੋਂ ਘੱਟ ਦੌੜਾਂ ਬਣਾ ਕੇ ਆਊਟ ਹੋਏ ਹਨ। ਪਰ ਜਦੋਂ ਵੀ ਟੀਮ ਨੂੰ ਲੋੜ ਪਈ ਤਾਂ ਉਸ ਵੇਲੇ ਉਨ੍ਹਾਂ ਦਾ ਬੱਲਾ ਗਰਜਿਆ।

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ 213 ਦੌੜਾਂ ਦੇ ਸਫ਼ਲ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ, ਸਟੋਇਨਿਸ ਨੇ 30 ਗੇਂਦਾਂ ਵਿੱਚ 65 ਦੌੜਾਂ ਦੀ ਪਾਰੀ ਖੇਡੀ ਸੀ, ਜੋ ਇਸ ਤੋਂ ਪਹਿਲਾਂ ਆਈਪੀਐੱਲ ਵਿੱਚ ਸਟੋਇਨਿਸ ਦਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਸੀ।

19 ਸਾਲ ਦੀ ਉਮਰ ਵਿੱਚ ਆਪਣੇ ਗ੍ਰਹਿ ਰਾਜ ਪੱਛਮੀ ਆਸਟ੍ਰੇਲੀਆ ਲਈ ਆਪਣੀ ਸ਼ੁਰੂਆਤ ਕਰਨ ਵਾਲੇ ਸਟੋਨਿਸ ਨੇ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਲਈ ਕਈ ਅਭੁੱਲਯੋਗ ਪਾਰੀਆਂ ਖੇਡੀਆਂ ਹਨ।

7ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਨ ਦੇ ਬਾਵਜੂਦ ਨਾਬਾਦ 146 ਦੌੜਾਂ ਨੇ ਉਨ੍ਹਾਂ ਨੂੰ ਵਨਡੇ ਅਤੇ ਟੀ-20 ਵਿੱਚ ਕੰਗਾਰੂ ਟੀਮ ਦਾ ਸਥਾਈ ਮੈਂਬਰ ਬਣਾ ਦਿੱਤਾ।

ਉਨ੍ਹਾਂ ਕੋਲ ਮੱਧਕ੍ਰਮ ਵਿੱਚ ਵੱਖ-ਵੱਖ ਸਥਿਤੀਆਂ 'ਤੇ ਬੱਲੇਬਾਜ਼ੀ ਕਰਨ ਦਾ ਤਜਰਬਾ ਹੈ, ਇਸ ਲਈ ਉਨ੍ਹਾਂ ਕੋਲ ਗੇਂਦਬਾਜ਼ੀ ਤੋਂ ਲੈ ਕੇ ਡੈਥ ਓਵਰਾਂ ਤੱਕ ਦਾ ਮਜ਼ਬੂਤ ਅਨੁਭਵ ਹੈ।

ਦੋ ਦਰਜਨ ਤੋਂ ਵੱਧ ਟੀਮਾਂ ਲਈ ਖੇਡ ਚੁੱਕੇ ਸਟੋਇਨਿਸ ਨੇ 2021 ਦੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖ਼ਿਲਾਫ਼ ਬਹੁਤ ਹੀ ਮਹੱਤਵਪੂਰਨ ਪਾਰੀ ਖੇਡੀ ਸੀ, ਜਿਸ ਤੋਂ ਬਾਅਦ ਉਸ ਸਾਲ ਕੰਗਾਰੂ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ।

ਆਈਪੀਐੱਲ

ਤਸਵੀਰ ਸਰੋਤ, Getty Images

ਲਖਨਊ ਦੇ ਸੁਪਰ ਜਾਇੰਟਸ

ਵਾਪਸ ਆਉਂਦੇ ਹਾਂ ਇਸ ਮੈਚ 'ਤੇ... ਤਾਂ ਬੇਸ਼ੱਕ ਸਟੋਨਿਸ ਨੇ ਹਰਫ਼ਨਮੌਲਾ ਪ੍ਰਦਰਸ਼ਨ ਕਰਕੇ 'ਪਲੇਅਰ ਆਫ਼ ਦਾ ਮੈਚ' ਆਪਣੇ ਨਾਮ ਕੀਤਾ, ਪਰ ਉਨ੍ਹਾਂ ਦੇ ਨਾਲ-ਨਾਲ ਕਾਇਲ ਮੇਅਰਜ਼ ਦੀ ਸਭ ਤੋਂ ਵੱਧ ਤਾਰੀਫ਼ ਕਰਨੀ ਬਣਦੀ ਹੈ ਜੋ ਇਸ ਆਈਪੀਐੱਲ 'ਚ ਉਸ ਸਟ੍ਰਾਈਕ ਰੇਟ ਨਾਲ ਖੇਡ ਰਹੇ ਹਨ ਜੋ ਉਨ੍ਹਾਂ ਦੇ ਬੱਲੇ 'ਚੋਂ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।

ਵੈਸਟਇੰਡੀਜ਼ ਦੇ ਇਸ ਬੱਲੇਬਾਜ਼ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ ਅਤੇ ਰਨ ਰੇਟ ਨੂੰ 12 ਤੋਂ ਹੇਠਾਂ ਨਹੀਂ ਜਾਣ ਦਿੱਤਾ।

ਮੈਚ ਦੇ ਦੂਜੇ ਓਵਰ ਵਿੱਚ ਮੇਅਰਜ਼ ਨੇ ਅਰਸ਼ਦੀਪ ਸਿੰਘ ਦੀ ਗੇਂਦ ’ਤੇ ਚਾਰ ਚੌਕੇ ਜੜੇ ਅਤੇ ਪੰਜਵੇਂ ਓਵਰ ਵਿੱਚ ਜਦੋਂ ਸਿਕੰਦਰ ਰਜ਼ਾ ਨੂੰ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਉਸ ਦੀਆਂ ਗੇਂਦਾਂ ’ਤੇ 6, 4, 6 ਵਰਗੇ ਵੱਡੇ ਸ਼ਾਟ ਲਗਾਏ।

ਪਾਵਰਪਲੇ 'ਚ ਇੱਕ ਗੇਂਦ ਬਾਕੀ ਰਹਿੰਦਿਆਂ ਉਹ 54 ਦੌੜਾਂ ਬਣਾ ਕੇ ਆਊਟ ਹੋਏ ਤਾਂ ਸਕੋਰ ਬੋਰਡ 'ਤੇ ਸਿਰਫ 72 ਦੌੜਾਂ ਹੀ ਸਨ।

ਉੱਥੇ ਹੀ ਸਟੋਇਨਿਸ ਪਿੱਚ 'ਤੇ ਰਹਿਣ ਦੌਰਾਨ ਦੂਜੇ ਸਿਰੇ ਤੋਂ ਆਯੂਸ਼ ਬਡੋਨੀ ਅਤੇ ਨਿਕੋਲਸ ਪੂਰਨ ਨੇ ਵੀ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੂੰ ਰਾਹਤ ਦਾ ਸਾਹ ਨਹੀਂ ਲੈਣ ਦਿੱਤਾ।

ਜਿੱਥੇ ਪੂਰਨ ਨੇ 14ਵੇਂ ਓਵਰ 'ਚ ਪਿਚ 'ਤੇ ਆਉਂਦੇ ਹੀ ਲਿਵਿੰਗਸਟਨ ਦੀ ਗੇਂਦ 'ਤੇ ਲਗਾਤਾਰ ਤਿੰਨ ਚੌਕੇ ਜੜੇ ਅਤੇ ਸਿਰਫ਼ 19 ਗੇਂਦਾਂ 'ਤੇ 45 ਦੌੜਾਂ ਦੀ ਪਾਰੀ ਖੇਡੀ।

ਉੱਥੇ ਹੀ ਬਦੋਨੀ ਨੇ ਵੀ ਸਿਰਫ਼ 24 ਗੇਂਦਾਂ 'ਤੇ 43 ਦੌੜਾਂ ਬਣਾਈਆਂ। ਆਪਣੀ ਬੱਲੇਬਾਜ਼ੀ ਦੌਰਾਨ ਬਦੋਨੀ ਨੇ ਤਿੰਨ ਚੌਕੇ ਅਤੇ ਇੰਨੇ ਹੀ ਛੱਕੇ ਲਗਾਏ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)