ਨਕੋਦਰ ਦੋਹਰਾ ਕਤਲ ਕੇਸ: ਪੁਲਿਸ ਮੁਤਾਬਕ ‘ਵਾਰਦਾਤ ਦੇ ਤਾਰ ਕਿਵੇਂ ਅਮਰੀਕਾ ਨਾਲ ਜੁੜਦੇ ਹਨ’

ਨਕੋਦਰ ਦੇ ਭੁਪਿੰਦਰ ਸਿੰਘ ਟਿੰਮੀ ਚਾਵਲਾ ਤੇ ਹੌਲਦਾਰ ਮਨਦੀਪ ਸਿੰਘ ਦੇ ਦੋਹਰੇ ਕਤਲ ਕੇਸ ਵਿੱਚ 3 ਗ੍ਰਿਫ਼ਤਾਰੀਆਂ ਹੋ ਗਈਆਂ ਹਨ ਅਤੇ ਇਸ ਵਿੱਚ ਦੋ ਦੀ ਭਾਲ ਅਜੇ ਵੀ ਜਾਰੀ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਇੱਕ ਕਾਰ ਅਤੇ 30 ਬੋਰ ਦਾ ਹਥਿਆਰ ਵੀ ਪੁਲਿਸ ਨੂੰ ਬਰਾਮਦ ਹੋਇਆ ਹੈ।
7 ਦਸੰਬਰ ਦੀ ਰਾਤ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਸੁਰੱਖਿਆ ਕਰਮੀ ਮਨਦੀਪ ਸਿੰਘ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਸੂਬੇ ਵਿੱਚ ਮੁੜ ਅਮਨ ਕਾਨੂੰਨ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ ਅਤੇ ਸੂਬੇ ਦੇ ਵਪਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ।

ਇਸ ਕੇਸ ਬਾਰੇ ਡੀਜੀਪੀ ਨੇ ਵਧੇਰੇ ਜਾਣਕਾਰੀ ਲਈ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ।
ਡੀਜੀਪੀ ਮੁਤਾਬਕ, "ਇਨ੍ਹਾਂ ਫੜ੍ਹੇ ਗਏ ਮੁਲਜ਼ਮਾਂ ਦਾ ਸਬੰਧ ਬਠਿੰਡਾ ਨਾਲ ਹੈ ਅਤੇ ਇਨ੍ਹਾਂ ਦੀ ਉਮਰ 18 ਤੋਂ 20 ਸਾਲ ਵਿਚਾਲੇ ਹੈ।"
"ਇਨ੍ਹਾਂ ਦਾ ਕਿਸੇ ਗੈਂਗ ਨਾਲ ਸਬੰਧ ਨਹੀਂ ਹੈ। ਇਸ ਦਾ ਮਾਸਟਰਮਾਈਂਡ ਅਮਰੀਕਾ ਦੇ ਯੂਬਾ ਵਿੱਚ ਬੈਠਾ ਅਮਨਦੀਪ ਸਿੰਘ ਪੁਰੇਵਾਲ ਹੈ। ਅਮਨਦੀਪ ਸਿੰਘ ਨੇ ਹੀ ਫਰੌਤੀ ਦੀ ਕਾਲ ਕੀਤੀ ਸੀ।"
ਡੀਜੀਪੀ ਮੁਤਾਬਕ ਇਸ ਦੀ ਰੇਕੀ ਬਠਿੰਡਾ ਦੇ ਅਮਰੀਕ ਸਿੰਘ ਨੇ ਸਾਜਨ ਨਾਮ ਦੇ ਵਿਅਕਤੀ ਨਾਲ ਕੀਤੀ ਸੀ। ਜਿਸ ਵਿੱਚ ਦੋ ਕਾਰਾਂ ਦੀ ਵਰਤੋਂ ਕੀਤੀ ਗਈ, ਜਿਸ 'ਚ ਸਫਾਰੀ ਅਤੇ ਸਕੌਰਪਿਓ ਅਤੇ ਇਨ੍ਹਾਂ ਵਿੱਚ ਇੱਕ ਗੱਡੀ ਬਰਾਮਦ ਕਰਨ ਲਈ ਗਈ ਹੈ।
ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਇੱਕ ਹੋਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਨਕੋਦਰ ਦੇ ਪਿੰਡ ਮਾਲੜੀ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ। ਜਿੱਥੇ ਟਿੰਮੀ ਲਗਾਤਾਰ ਜਾਂਦਾ ਹੁੰਦਾ ਸੀ।
ਪੁਲਿਸ ਨੇ ਅੱਗੇ ਕਿਹਾ, "ਉਸ ਕੋਲ ਗੱਡੀਆਂ ਵੀ 2-3 ਸਨ ਅਤੇ ਹਰੇਕ ਗੱਡੀ ਦਾ ਨੰਬਰ 25 ਵਰਤਦਾ ਸੀ। ਰੇਕੀ ਕਰਨ ਵਾਲਿਆਂ ਨੂੰ ਲੱਗਾ ਕਿ ਇਹ ਆਸਾਮੀ ਵੱਡੀ ਹੈ, ਕਦੇ ਥਾਰ ਆਉਂਦਾ ਸੀਹੈ ਕਦੇ ਮਰਸਡੀਜ ਵਿੱਚ ਅਤੇ 25-25 ਕਰ ਕੇ ਹੀ ਉਨ੍ਹਾਂ ਨੂੰ ਟਾਕਰਾ ਬਣਾ ਲਿਆ। ਇਹੀ ਕਾਰਨ ਸੀ।"
ਡੀਜੀਪੀ ਨੇ ਜਾਣਕਾਰੀ ਦਿੱਤੀ ਹੈ, "ਟਿੰਮੀ ਦੇ ਨਾਲ ਮੌਜੂਦ ਹੌਲਦਾਰ ਮਨਦੀਪ ਸਿੰਘ ਨੇ ਬਹੁਤ ਹੀ ਹਿੰਮਤ ਨਾਲ ਢਟ ਕੇ ਮੁਕਾਬਲਾ ਕੀਤਾ। ਹਾਲਾਂਕਿ, ਇਨ੍ਹਾਂ ਨੂੰ ਖ਼ਾਸ ਨਿਰਦੇਸ਼ ਸਨ ਕਿ ਜੇ ਪੁਲਿਸ ਨਾਲ ਹੋਵੇ ਤਾਂ ਪੁਲਿਸ 'ਤੇ ਗੋਲੀ ਨਹੀਂ ਚਲਾਉਣੀ ਕਿਉਂਕਿ ਪੰਗਾ ਵਧ ਜਾਂਦਾ ਹੈ।"
"ਪਰ ਮੁਲਜ਼ਮਾਂ ਨੇ ਕਿਹਾ ਕਿ ਕਿਉਂਕਿ ਮਨਦੀਪ ਸਿੰਘ ਵੱਲੋਂ ਫਾਇਰਿੰਗ ਹੋ ਰਹੀ ਸੀ ਤਾਂ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ।"

ਨਕੋਦਰ ਕਤਲ ਕਾਂਡ ਦੀਆਂ ਮੁੱਖ ਗੱਲਾਂ
- 7 ਦਸੰਬਰ ਦੀ ਰਾਤ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ
- ਟਿੰਮੀ ਨੂੰ ਸੁਰੱਖਿਆ ਮਿਲੀ ਹੋਈ ਸੀ, ਉਸ ਸਮੇਂ ਮੌਕੇ ਉੱਤੇ ਤਾਇਨਾਤ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਦੀ ਵੀ ਜਵਾਬ ਕਾਰਵਾਈ ਵਿੱਚ ਮੌਤ ਹੋ ਗਈ।
- ਪੁਲਿਸ ਵੱਲੋਂ ਇਸ ਨੂੰ ਗੈਂਗਸਟਰਾਂ ਵੱਲੋਂ ਕੀਤੀ ਕਾਰਵਾਈ ਕਿਹਾ ਜਾ ਰਿਹਾ ਹੈ।
- ਨਕੋਦਰ ਦੇ ਦੁਕਾਨਦਾਰਾਂ ਵਿੱਚ ਡਰ ਦਾ ਮਹੌਲ, ਦੋਹਰੇ ਕਤਲ ਤੋਂ ਬਾਅਦ ਸਹਿਮੇ ਹਨ ਲੋਕ।
- ਵਪਾਰੀ ਸੁਰੱਖਿਅਤ ਮਾਹੌਲ ਦੀ ਮੰਗ ਕਰ ਰਹੇ ਹਨ।
- ਨਕੋਦਰ ਵਿੱਚ ਆਮ ਲੋਕ ਵੀ ਘਬਰਾਏ ਹੋਏ ਹਨ।
- ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
- ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਦੋ ਦੀ ਭਾਲ ਜਾਰੀ ਹੈ।

ਕੀ ਸੀ ਮਾਮਲਾ
7 ਦਸੰਬਰ ਦੀ ਰਾਤ ਨਕੋਦਰ ਦੇ ਕੱਪੜਾ ਵਪਾਰੀ ਜਦੋਂ ਭੁਪਿੰਦਰ ਸਿੰਘ ਟਿੰਮੀ ਚਾਵਲਾ ਦੁਕਾਨ ਬੰਦ ਕਰਕੇ ਘਰ ਜਾਣ ਲਈ ਗੱਡੀ ਵਿੱਚ ਬੈਠਣ ਲੱਗੇ ਤਾਂ ਕੁਝ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ।
ਇਸ ਦੌਰਾਨ ਟਿੰਮੀ ਦੀ ਮੌਤ ਹੋ ਗਈ ਸੀ। ਜਦਕਿ ਮਨਦੀਪ ਸਿੰਘ ਦੀ ਮੌਤ ਵੀਰਵਾਰ ਸਵੇਰੇ ਇਲਾਜ ਦੌਰਾਨ ਹੀ ਹੋ ਗਈ ਸੀ।
ਮਨਦੀਪ ਸਿੰਘ ਦੀ ਡਿਊਟੀ ਭੁਪਿੰਦਰ ਸਿੰਘ ਟਿੰਮੀ ਨਾਲ ਸੁਰੱਖਿਆ ਕਰਮੀ ਵਜੋਂ ਲਗਾਈ ਗਈ ਸੀ।
ਭੁਪਿੰਦਰ ਸਿੰਘ ਟਿੰਮੀ ਨੂੰ ਕਥਿਤ ਤੌਰ ਉਪਰ ਧਮਕੀਆਂ ਮਿਲੀਆਂ ਸਨ।
ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।


ਪੁਲਿਸ ਸੁਰੱਖਿਆ ਵਿੱਚ ਤਿੰਨ ਕਤਲ
ਪੰਜਾਬ ਵਿੱਚ ਬਦਮਾਸ਼ਾਂ ਦੇ ਹੌਸਲੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਤਿੰਨ ਕਤਲ ਉਹ ਹੋਏ ਹਨ ਜਿੰਨਾ ਨੂੰ ਪੰਜਾਬ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ।
ਸਭ ਤੋਂ ਪਹਿਲਾ ਕਤਲ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦਾ ਹੁੰਦਾ ਹੈ ਜਿਸ ਨੂੰ ਕਿ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਸੀ।
ਇਸ ਤੋਂ ਬਾਅਦ ਫ਼ਰੀਦਕੋਟ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਦਾ ਸ਼ਰੇਆਮ ਕਤਲ ਕੀਤਾ ਗਿਆ, ਉਸ ਕੋਲ ਵੀ ਪੁਲਿਸ ਸੁਰੱਖਿਆ ਸੀ। ਇਸ ਘਟਨਾ ਵਿੱਚ ਪੰਜਾਬ ਪੁਲਿਸ ਦਾ ਇੱਕ ਕਰਮੀ ਜ਼ਖਮੀ ਵੀ ਹੋਇਆ ਸੀ।
ਤੀਜਾ ਕਤਲ ਨਕੋਦਰ ਵਿੱਚ ਟਿੰਮੀ ਚਾਵਲਾ ਦਾ ਹੋਇਆ ਹੈ ਜਿਸ ਕੋਲ ਵੀ ਪੁਲਿਸ ਸੁਰੱਖਿਆ ਸੀ। ਇਸ ਘਟਨਾ ਵਿੱਚ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ ਹੋਈ ਹੈ।













