You’re viewing a text-only version of this website that uses less data. View the main version of the website including all images and videos.
ਕੋਹਿਨੂਰ ਹੀਰਾ ਤੇ ਰਣਜੀਤ ਸਿੰਘ ਦੇ ਤਾਜ ਦੀ ਬ੍ਰਿਟੇਨ ਤੋਂ ਵਾਪਸੀ ਕੀ ਸੰਭਵ ਹੋ ਸਕੇਗੀ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਹਫ਼ਤੇ ਲੰਡਨ ਵਿੱਚ ਟੀਪੂ ਸੁਲਤਾਨ ਦੀ ਤਲਵਾਰ ਅਤੇ ਹੋਰ ਕਲਾਕ੍ਰਿਤੀਆਂ ਦੀ ਨਿਲਾਮੀ 142 ਕਰੋੜ ਰੁਪਏ ਵਿੱਚ ਕੀਤੀ ਗਈ।
ਬ੍ਰਿਟੇਨ ਵਿੱਚ ਭਾਰਤ ਦੀਆਂ ਬੇਸ਼ਕੀਮਤੀ ਕਲਾਕ੍ਰਿਤੀਆਂ ਦਾ ਬਹੁਤ ਵੱਡਾ ਖਜ਼ਾਨਾ ਹੈ, ਜਿਸ ਨੂੰ ਵਾਪਸ ਲੈਣ ਲਈ ਭਾਰਤ ਦੀਆਂ ਸਰਕਾਰਾਂ ਲਗਾਤਾਰ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ।
ਮੋਦੀ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ। ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਇਸ ਵਿਸ਼ੇਸ਼ ਰਿਪੋਰਟ ਵਿੱਚ ਦੱਸ ਰਹੇ ਹਨ ਕਿ ਸਰਕਾਰ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ ਹਨ ਅਤੇ ਕੀ ਬ੍ਰਿਟੇਨ ਕਦੇ ਲੁੱਟੀਆਂ ਗਈਆਂ ਕਲਾਕ੍ਰਿਤੀਆਂ ਨੂੰ ਵਾਪਸ ਕਰੇਗਾ?
'ਹੋਲੋਕਾਸਟ ਸਰਵਾਈਵਰਜ਼' (ਹਿਟਲਰ ਦੀ ਨਸਲਕੁਸ਼ੀ ਤੋਂ ਬਚੇ ਹੋਏ ਯਹੂਦੀ) ਕਈ ਵਾਰ ਇਹ ਕਹਿੰਦੇ ਸੁਣੇ ਗਏ ਹਨ ਕਿ ਨਾਜ਼ੀ ਜਰਮਨੀ ਨੇ ਨਾ ਸਿਰਫ਼ ਵੱਡੀ ਗਿਣਤੀ ਵਿੱਚ ਯਹੂਦੀਆਂ ਨੂੰ ਮਾਰਿਆ, ਸਗੋਂ ਉਨ੍ਹਾਂ ਦੀਆਂ ਹਜ਼ਾਰਾਂ ਕਲਾਕ੍ਰਿਤੀਆਂ ਨੂੰ ਵੀ ਲੁੱਟਿਆ।
ਯੂਰਪ ਕਤਲੇਆਮ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਕਾਰਨ ਪਛਤਾਵੇ ਵਿੱਚ ਡੁੱਬਿਆ ਹੋਇਆ ਸੀ, ਅਤੇ ਅਮਰੀਕਾ ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਯਹੂਦੀ ਕਲਾਕ੍ਰਿਤੀਆਂ ਨੂੰ ਮੁੜਵਾਉਣ ਲਈ ਸਰਗਰਮ ਹੋ ਗਿਆ ਸੀ।
ਅਮਰੀਕੀ ਫੌਜ ਦੀ ਅਗਵਾਈ ਵਿੱਚ, ਲਗਭਗ 70 ਲੱਖ ਕਲਾਕ੍ਰਿਤੀਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੇਸ਼ਾਂ ਨੂੰ ਵਾਪਸ ਭੇਜੀਆਂ ਗਈਆਂ ਜਿੱਥੋਂ ਉਹ ਲੁੱਟੇ ਗਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਯਹੂਦੀ ਲੋਕਾਂ ਦੀ ਮਲਕੀਅਤ ਸਨ।
ਇਹ ਕੋਸ਼ਿਸ਼ ਇੱਥੇ ਹੀ ਖਤਮ ਨਹੀਂ ਹੋਈ। ਸਾਲ 1985 ਵਿੱਚ, ਯੂਰਪੀ ਦੇਸ਼ਾਂ ਨੇ ਰਸਮੀ ਤੌਰ 'ਤੇ ਯਹੂਦੀਆਂ ਤੋਂ ਲੁੱਟੀਆਂ ਗਈਆਂ ਕਲਾਕ੍ਰਿਤੀਆਂ ਦੀ ਪਛਾਣ ਕਰਨ ਅਤੇ ਵਾਪਸ ਕਰਵਾਉਣ ਦਾ ਕੰਮ ਸਮੂਹਿਕ ਤੌਰ 'ਤੇ ਸ਼ੁਰੂ ਕੀਤਾ ਅਤੇ 1998 ਵਿੱਚ, ਇਸ ਬਾਰੇ ਇੱਕ ਅੰਤਰਰਾਸ਼ਟਰੀ ਸਮਝੌਤਾ ਹੋਇਆ, ਜਿਸ 'ਤੇ 39 ਦੇਸ਼ਾਂ ਨੇ ਦਸਤਖ਼ਤ ਕੀਤੇ।
ਅੱਜਕੱਲ੍ਹ ਸਾਰੇ ਯੂਰਪ ਵਿੱਚ ਇਹ ਸੋਚ ਜ਼ੋਰ ਫੜ ਰਹੀ ਹੈ ਕਿ ਮੱਧਕਾਲੀਨ ਸਮੇਂ ਤੋਂ ਲੈ ਕੇ ਅੱਜ ਤੱਕ ਆਜ਼ਾਦ ਦੇਸ਼ਾਂ ਉੱਤੇ ਕਬਜ਼ਾ ਕਰਨਾ, ਆਜ਼ਾਦ ਲੋਕਾਂ ਨੂੰ ਗੁਲਾਮ ਬਣਾਉਣਾ ਅਤੇ ਉਨ੍ਹਾਂ ਦੀਆਂ ਕੀਮਤੀ ਵਸਤੂਆਂ ਨੂੰ ਲੁੱਟਣਾ ਇੱਕ ਗੰਭੀਰ ਅਪਰਾਧ ਸੀ।
ਹਾਲਾਂਕਿ ਮੱਧਕਾਲੀਨ ਦੌਰ ਵਿੱਚ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ਨੂੰ ਗ਼ੁਲਾਮ ਬਣਾਉਣ ਵਾਲੇ ਯੂਰਪੀ ਮੁਲਕਾਂ ਨੇ ਕਦੇ ਵੀ ਲੁੱਟੀ ਹੋਈ ਜਾਇਦਾਦ ਨੂੰ ਵਾਪਸ ਕਰਨ ਦੇ ਮਸਲੇ ਵਿੱਚ ਕਦੇ ਕੋਈ ਕਾਹਲੀ ਨਹੀਂ ਦਿਖਾਈ।
ਇਸ ਜੁਰਮ ਦਾ ਸਭ ਤੋਂ ਵੱਡਾ ਨੁਕਸਾਨ ਭਾਰਤ ਨੇ ਝੱਲਿਆ।
ਪਹਿਲਾਂ, ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਅਤੇ 1857 ਦੇ ਗਦਰ ਤੋਂ ਬਾਅਦ, ਬ੍ਰਿਟਿਸ਼ ਰਾਜ ਨੇ ਭਾਰਤ ਦੀਆਂ ਕੀਮਤੀ ਕਲਾਕ੍ਰਿਤੀਆਂ, ਚਿੱਤਰਕਾਰੀ, ਟੈਕਸਟਾਈਲ, ਮੂਰਤੀਆਂ, ਹੀਰੇ ਅਤੇ ਗਹਿਣੇ ਲੁੱਟੇ ਜਾਂ ਜ਼ਬਰਦਸਤੀ ਹਾਸਲ ਕਰ ਲਏ।
ਇਨ੍ਹਾਂ ਵਿੱਚੋਂ ਕੁਝ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਸਨ ਅਤੇ ਕੁਝ 'ਤੇ ਸਮਝੌਤਿਆਂ ਦੇ ਨਾਂ 'ਤੇ ਕਬਜ਼ਾ ਕਰ ਲਿਆ ਗਿਆ ਸੀ।
ਭਾਰਤ ਲਈ ਕਾਲਾ ਦੌਰਾ
ਬ੍ਰਿਟਿਸ਼ ਸਾਮਰਾਜਵਾਦ ਦੇ ਦੌਰ ਨੂੰ ਭਾਰਤ ਵਿੱਚ ‘ਕਾਲੇ ਦੌਰ’ ਵਜੋਂ ਯਾਦ ਕੀਤਾ ਜਾਂਦਾ ਹੈ।
ਦਿੱਲੀ ਵਿੱਚ ਇੱਕ ਭਾਵੁਕ ਸੱਜੇ-ਪੱਖੀ ਵਿਚਾਰਧਾਰਕ ਡਾਕਟਰ ਸੁਵਰੋਕਮਲ ਦੱਤਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਬ੍ਰਿਟੇਨ ਦੇ ਪੁਰਾਣੇ ਅਪਰਾਧਾਂ ਲਈ ਪ੍ਰਾਸ਼ਚਿਤ ਕਰਨ ਦਾ ਸਮਾਂ ਆ ਗਿਆ ਹੈ।
ਉਹ ਕਹਿੰਦੇ ਹਨ, ''ਜੇਕਰ ਬ੍ਰਿਟੇਨ ਲੁੱਟੀਆਂ ਗਈਆਂ ਭਾਰਤੀ ਕਲਾਕ੍ਰਿਤੀਆਂ ਅਤੇ ਅਨਮੋਲ ਵਿਰਸੇ ਨੂੰ ਵਾਪਸ ਨਹੀਂ ਕਰਦਾ ਤਾਂ ਉਸ ਨੂੰ ਦੁਨੀਆਂ ਸਾਹਮਣੇ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਗੁਲਾਮੀ, ਬਸਤੀਵਾਦ, ਲੁੱਟ, ਬੰਧੂਆ ਮਜ਼ਦੂਰੀ ਅਤੇ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਂਦਾ ਹੈ।''
“ਬ੍ਰਿਟੇਨ ਨੂੰ ਆਪਣਾ ਕਾਲਾ ਇਤਿਹਾਸ ਮਿਟਾਉਣ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ। , ਜੇ ਹੁਣ ਨਹੀਂ, ਤਾਂ ਕਦੇ ਨਹੀਂ।"
'ਇੰਡੀਆ ਪ੍ਰਾਈਡ ਪ੍ਰੋਜੈਕਟ' ਦੁਨੀਆਂ ਭਰ ਦੇ ਜਨਤਕ ਅਜਾਇਬ ਘਰਾਂ ਅਤੇ ਨਿੱਜੀ ਸੰਗ੍ਰਹਿਕਾਰਾਂ ਤੋਂ ਚੋਰੀ ਅਤੇ ਤਸਕਰੀ ਕੀਤੀਆਂ ਪੁਰਾਤਨ ਵਸਤੂਆਂ ਨੂੰ ਭਾਰਤ ਵਾਪਸ ਲਿਆਉਣ ਲਈ ਇੱਕ ਛੋਟੀ ਜਿਹੀ ਨਾਗਰਿਕ ਲਹਿਰ ਹੈ।
ਇਸ ਦੀ ਸ਼ੁਰੂਆਤ 2013 ਵਿੱਚ ਚੇਨਈ ਸਥਿਤ ਐੱਸ ਵਿਜੇ ਕੁਮਾਰ ਅਤੇ ਸਿੰਗਾਪੁਰ ਸਥਿਤ ਜਨਤਕ ਨੀਤੀ ਮਾਹਰ ਅਨੁਰਾਗ ਸਕਸੈਨਾ ਨੇ ਕੀਤੀ ਸੀ।
ਅਨੁਰਾਗ ਸਕਸੈਨਾ ਦਾ ਕਹਿਣਾ ਹੈ, "ਤੁਸੀਂ ਕਿਸੇ ਕਬਜ਼ੇ ਵਾਲੇ ਦੇਸ਼ ਨੂੰ ਉਦੋਂ ਤੱਕ ਆਜ਼ਾਦੀ ਨਹੀਂ ਦਿੱਤੀ ਜਦੋਂ ਤੱਕ ਤੁਸੀਂ ਉਸ ਦੇਸ਼ ਦੀ ਜਾਇਦਾਦ ਵਾਪਸ ਨਹੀਂ ਕਰ ਦਿੰਦੇ।"
ਭਾਰਤ ਨੇ ਰਸਮੀ ਤੌਰ 'ਤੇ ਲੁੱਟੇ ਗਏ ਸਮਾਨ ਦੀ ਕੋਈ ਸੂਚੀ ਤਿਆਰ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਦੀ ਕੀਮਤ ਦਾ ਕੋਈ ਸਹੀ ਅੰਦਾਜ਼ਾ ਲਗਾਇਆ ਜਾ ਸਕਿਆ ਹੈ।
ਭਾਰਤੀ ਪੁਰਾਤੱਤਵ ਸਰਵੇਖਣ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਕੋਲ ਅਜਿਹੀ ਕੋਈ ਸੂਚੀ ਨਹੀਂ ਹੈ ਪਰ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।
ਇੱਕ ਅੰਦਾਜ਼ੇ ਮੁਤਾਬਕ ਬ੍ਰਿਟੇਨ ਵਿੱਚ ਭਾਰਤੀ ਕਲਾਕ੍ਰਿਤੀਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਹੈ। ਹਾਲਾਂਕਿ, ਆਮ ਰਾਇ ਇਹ ਹੈ ਕਿ ਇਹ ਕਲਾਤਮਕ ਚੀਜ਼ਾਂ ਦੁਰਲੱਭ ਅਤੇ ਕੀਮਤੀ ਹਨ, ਇਨ੍ਹਾਂ ਦੀ ਕੀਮਤ ਨਹੀਂ ਲਾਈ ਜਾ ਸਕਦੀ।
ਡਾਕਟਰ ਦੱਤਾ ਕਹਿੰਦੇ ਹਨ, "ਇਹ ਭਾਰਤ ਦੀ ਰਾਸ਼ਟਰੀ ਵਿਰਾਸਤ ਹੈ, ਇਹ ਸਾਡੇ ਸੱਭਿਆਚਾਰ ਨਾਲ ਜੁੜੀ ਹੋਈ ਹੈ।"
ਬ੍ਰਿਟੇਨ ਵਿੱਚ ਭਾਰਤ ਦੀਆਂ ਕੀ ਵਿਸ਼ੇਸ਼ ਕਲਾਕ੍ਰਿਤੀਆਂ ਹਨ?
ਕੀ ਭਾਰਤ ਦੀ ਇਸ ਵਿਲੱਖਣ ਵਿਰਾਸਤ ਨੂੰ ਵਾਪਸ ਲਿਆਉਣਾ ਸੰਭਵ ਹੈ? ਇਸ ਮਹੱਤਵਪੂਰਨ ਸਵਾਲ 'ਤੇ ਰੌਸ਼ਨੀ ਪਾਉਣ ਤੋਂ ਪਹਿਲਾਂ, ਆਓ ਤੁਹਾਨੂੰ ਦੱਸਦੇ ਹਾਂ ਕਿ ਬ੍ਰਿਟੇਨ ਵਿੱਚ ਭਾਰਤ ਦੀਆਂ ਕਿਹੜੀਆਂ ਮਹੱਤਵਪੂਰਨ ਕਲਾਕ੍ਰਿਤੀਆਂ ਹਨ–
ਕੋਹਿਨੂਰ ਹੀਰਾ
ਸਭ ਤੋਂ ਮਸ਼ਹੂਰ ਭਾਰਤੀ ਕਲਾਕ੍ਰਿਤੀਆਂ ਵਿੱਚੋਂ ਇੱਕ, ਕੋਹਿਨੂਰ ਹੀਰਾ 'ਬ੍ਰਿਟਿਸ਼ ਕਰਾਊਨ ਜਵੇਲਜ਼' ਦਾ ਹਿੱਸਾ ਹੈ, ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ 1849 ਵਿੱਚ ਇੱਕ ਲੜਾਈ ਤੋਂ ਬਾਅਦ ਹਾਸਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮਹਾਰਾਣੀ ਵਿਕਟੋਰੀਆ ਨੂੰ ਪੇਸ਼ ਕੀਤਾ ਗਿਆ ਸੀ।
ਸੁਲਤਾਨਗੰਜ ਬੁੱਧ
ਇਹ ਇੱਕ ਮਹੱਤਵਪੂਰਨ ਭਾਰਤੀ ਕਲਾਕ੍ਰਿਤੀ ਹੈ। ਇਹ 8ਵੀਂ ਸਦੀ ਦੀ ਬਣੀ ਬੁੱਧ ਦੀ ਕਾਂਸੀ ਦੀ ਮੂਰਤੀ ਹੈ, ਇਸ ਨੂੰ ਇਸ ਸਮੇਂ ਲੰਡਨ ਦੇ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ।
ਅਮਰਾਵਤੀ ਸਤੂਪ ਪੈਨਲ
ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਬੋਧੀ ਸਥਾਨਾਂ ਵਿੱਚੋਂ ਇੱਕ ਅਮਰਾਵਤੀ ਸਤੂਪ ਤੋਂ ਪ੍ਰਾਚੀਨ ਪੱਥਰ ਦੇ ਪੈਨਲਾਂ ਦਾ ਸੰਗ੍ਰਹਿ ਹੈ। ਇਹ ਪੈਨਲ ਬੁੱਧ ਦੇ ਜੀਵਨ ਦੀਆਂ ਝਾਕੀਆਂ ਦਰਸਾਉਂਦੇ ਹਨ।
ਟੀਪੂ ਸੁਲਤਾਨ ਦੀ ਤਲਵਾਰ ਇੱਕ ਲੰਡਨ ਵਿੱਚ ਇੱਕ ਨਿੱਜੀ ਸੰਗ੍ਰਹਿ ਵਿੱਚ ਹੈ ਪਰ ਇਹ ਭਾਰਤ ਦੀ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸ਼ਿਵਾਜੀ ਦੀਆਂ ਤਲਵਾਰਾਂ
ਸ਼ਿਵਾਜੀ ਦੀਆਂ ਤਿੰਨ ਪ੍ਰਸਿੱਧ ਤਲਵਾਰਾਂ ਦੇ ਨਾਂ 'ਭਵਾਨੀ', 'ਜਗਦੰਬਾ' ਅਤੇ 'ਤੁਲਜਾ' ਸਨ। ਇਹ ਤਲਵਾਰਾਂ ਵਰਤਮਾਨ ਵਿੱਚ ਲੰਡਨ ਦੇ ਸੇਂਟ ਜੇਮਸ ਪੈਲੇਸ ਵਿੱਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਮਲਕੀਅਤ ਵਜੋਂ ਪਈਆਂ ਹਨ। ਦਿ ਹਿੰਦੂ ਅਖ਼ਬਾਰ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਤਲਵਾਰਾਂ ਨੂੰ ਵਾਪਸ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਟੀਪੂ ਸੁਲਤਾਨ ਦਾ ਬਾਘ
ਇਹ ਮਸ਼ਹੂਰ ਮਕੈਨੀਕਲ ਖਿਡੌਣਾ ਹੈ ਜਿਸ ਵਿੱਚ ਇੱਕ ਬ੍ਰਿਟਿਸ਼ ਸੈਨਿਕ ਨੂੰ ਇੱਕ ਬਾਘ ਮਾਰਦਾ ਹੋਇਆ ਦਿਖਾਇਆ ਗਿਆ ਹੈ। ਇਹ ਮੈਸੂਰ ਰਾਜ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਇਆ ਗਿਆ ਸੀ। ਇਹ ਪੋਵਿਸ ਕੈਸਲ ਵਿੱਚ ਹੈ।
ਅਮਰਾਵਤੀ ਰੇਲਿੰਗ
ਬ੍ਰਿਟਿਸ਼ ਮਿਊਜ਼ੀਅਮ ਵਿੱਚ ਅਮਰਾਵਤੀ ਸਤੂਪ ਤੋਂ ਉੱਕਰੀ ਹੋਈਆਂ ਸੰਗਮਰਮਰ ਦੀਆਂ ਰੇਲਿੰਗਾਂ ਦਾ ਇੱਕ ਸੰਗ੍ਰਹਿ ਵੀ ਹੈ, ਜੋ ਕਿ ਦੂਜੀ ਸਦੀ ਈਸਾ ਪੂਰਵ ਦੀਆਂ ਹਨ ਅਤੇ ਬੁੱਧ ਦੇ ਜੀਵਨ ਦੀਆਂ ਝਾਕੀਆਂ ਨੂੰ ਦਰਸਾਉਂਦੀਆਂ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਤਾਜ
ਯੂਕੇ ਵਿੱਚ ਰਾਇਲ ਕਲੈਕਸ਼ਨ ਟਰੱਸਟ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਰਣਜੀਤ ਸਿੰਘ ਦਾ ਤਾਜ ਪਿਆ ਹੈ। ਤਾਜ ਬਹੁਤ ਸਾਰੇ ਹੀਰਿਆਂ ਅਤੇ ਕੀਮਤੀ ਪੱਥਰਾਂ ਨਾਲ ਸਜਿਆ ਹੋਇਆ ਹੈ।
ਚੋਲ ਕਾਲ ਦੀਆਂ ਕਾਂਸੀ ਦੀਆਂ ਮੂਰਤੀਆਂ
ਬ੍ਰਿਟਿਸ਼ ਮਿਊਜ਼ੀਅਮ ਵਿੱਚ ਭਾਰਤ ਦੇ ਚੋਲ ਰਾਜਵੰਸ਼ ਦੀਆਂ ਕਾਂਸੀ ਦੀਆਂ ਮੂਰਤੀਆਂ ਦਾ ਸੰਗ੍ਰਹਿ ਹੈ, ਇਹ ਸ਼ਾਨਦਾਰ ਮੂਰਤੀਆਂ 9ਵੀਂ ਤੋਂ 13ਵੀਂ ਸਦੀ ਦੀਆਂ ਹਨ ਅਤੇ ਦੇਵਤਿਆਂ ਅਤੇ ਰਿਸ਼ੀ-ਮੁਨੀਆਂ ਨੂੰ ਦਰਸਾਉਂਦੀਆਂ ਹਨ।
'ਬਾਣੀ ਠਾਣੀ' ਚਿੱਤਰਕਾਰੀ
ਲੰਡਨ ਦੀ ਨੈਸ਼ਨਲ ਗੈਲਰੀ ਵਿੱਚ ਬਾਨੀ-ਠਾਣੀ ਦੇ ਨਾਂ ਨਾਲ ਜਾਣੀ ਜਾਂਦੀ ਰਾਜਸਥਾਨੀ ਲਘੂ ਪੇਂਟਿੰਗ ਹੈ, 18ਵੀਂ ਸਦੀ ਵਿੱਚ ਬਣੀ ਇਸ ਪੇਂਟਿੰਗ ਵਿੱਚ ਰਾਜਸਥਾਨ ਦੇ ਕਿਸ਼ਨਗੜ੍ਹ ਦੇ ਦਰਬਾਰ ਦੀ ਇੱਕ ਔਰਤ ਨੂੰ ਦਰਸਾਇਆ ਗਿਆ ਹੈ।
ਇਸ ਤੋਂ ਇਲਾਵਾ ਭਾਰਤ ਦੀਆਂ ਹੋਰ ਵੀ ਕਈ ਕੀਮਤੀ ਚੀਜ਼ਾਂ ਬ੍ਰਿਟੇਨ ਦੇ ਕਬਜ਼ੇ ਵਿੱਚ ਹਨ। ਇਹ ਸਾਰੇ ਮੁੱਖ ਤੌਰ 'ਤੇ ਚਾਰ ਕਿਸਮਾਂ ਦੀ ਕਸਟਡੀ ਵਿੱਚ ਹਨ: ਅਜਾਇਬ ਘਰ, ਯੂਨੀਵਰਸਿਟੀ ਲਾਇਬ੍ਰੇਰੀਆਂ, ਨਿੱਜੀ ਮਾਲਕੀ ਅਤੇ ਬ੍ਰਿਟਿਸ਼ ਕਰਾਊਨ ਜਵੇਲਜ਼।
ਡਾਕਟਰ ਦੱਤਾ ਦਾ ਕਹਿਣਾ ਹੈ, "ਮੇਰਾ ਮੰਨਣਾ ਹੈ ਕਿ ਭਾਰਤ ਤੋਂ ਲੁੱਟੇ ਗਏ ਮਾਲ ਦੀ ਗਿਣਤੀ ਘੱਟੋ-ਘੱਟ 25 ਤੋਂ 30 ਹਜ਼ਾਰ ਹੋਣੀ ਚਾਹੀਦੀ ਹੈ, ਇਹ ਇਸ ਤੋਂ ਵੱਧ ਵੀ ਹੋ ਸਕਦੀ ਹੈ ਕਿਉਂਕਿ ਅਜੇ ਤੱਕ ਇਸ ਦੀ ਰਸਮੀ ਗਿਣਤੀ ਨਹੀਂ ਹੋਈ"।
ਭਾਰਤੀ ਵਸਤੂਆਂ ਨੂੰ ਕਿਵੇਂ ਵਾਪਸ ਕੀਤਾ ਜਾ ਸਕਦਾ ਹੈ?
ਭਾਰਤ ਦੀਆਂ ਪਿਛਲੀਆਂ ਕਈ ਸਰਕਾਰਾਂ ਨੇ ਬ੍ਰਿਟਿਸ਼ ਅਧਿਕਾਰੀਆਂ ਤੋਂ ਕੋਹਿਨੂਰ ਅਤੇ ਦੇਸ਼ ਦੀਆਂ ਹੋਰ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ, ਪਰ ਉਨ੍ਹਾਂ ਨੂੰ ਇਸ ਵਿੱਚ ਸਫ਼ਲਤਾ ਨਹੀਂ ਮਿਲੀ।
ਇੰਗਲੈਂਡ ਦੇ ਅਖਬਾਰ ‘ਦਿ ਟੈਲੀਗ੍ਰਾਫ’ ਮੁਤਾਬਕ ਮੋਦੀ ਸਰਕਾਰ ਕੋਹਿਨੂਰ ਹੀਰਾ ਅਤੇ ਹਜ਼ਾਰਾਂ ਹੋਰ ਕਲਾਕ੍ਰਿਤੀਆਂ ਨੂੰ ਵਾਪਸ ਲੈਣ ਦੀ ਮੁਹਿੰਮ ਲਈ ਕੂਟਨੀਤਕ ਤਿਆਰੀਆਂ ਕਰ ਰਹੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਕੋਹਿਨੂਰ ਵਰਗੇ ਵਿਵਾਦਤ ਹੀਰੇ ਨੂੰ ਵਾਪਸ ਲਿਆਉਣਾ ਲਗਭਗ ਅਸੰਭਵ ਹੈ।
ਹਰਸ਼ ਤ੍ਰਿਵੇਦੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਦਿਸ਼ਾ ਵਿੱਚ ਦੋ ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਦੇ ਅਨੁਸਾਰ, "ਪਹਿਲੀ ਚੁਣੌਤੀ ਗੁੰਝਲਦਾਰ ਕਾਨੂੰਨੀ ਪ੍ਰਕਿਰਿਆਵਾਂ, ਚੋਰੀ ਹੋਈਆਂ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਦੀ ਕਾਨੂੰਨੀ ਪ੍ਰਕਿਰਿਆ ਬਹੁਤ ਗੁੰਝਲਦਾਰ ਹੋ ਸਕਦੀ ਹੈ ਅਤੇ ਇਸ ਵਿੱਚ ਕਈ ਅਧਿਕਾਰ ਖੇਤਰ ਅਤੇ ਕਾਨੂੰਨੀ ਪ੍ਰਣਾਲੀਆਂ ਸ਼ਾਮਲ ਹੋ ਸਕਦੀਆਂ ਹਨ।”
“ਭਾਰਤ ਨੂੰ ਕਈ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਕਾਨੂੰਨੀ ਮਾਲਕੀ ਦਾ ਪ੍ਰਦਰਸ਼ਨ ਕਰਨਾ ਅਤੇ ਇਹ ਸਾਬਤ ਕਰਨਾ ਸ਼ਾਮਲ ਹੈ ਕਿ ਕਲਾਤਮਕ ਚੀਜ਼ਾਂ ਚੋਰੀ ਕੀਤੀਆਂ ਗਈਆਂ ਸਨ ਜਾਂ ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀਆਂ ਗਈਆਂ ਸਨ।"
"ਦੂਜੀ ਚੁਣੌਤੀ ਰਾਜਨੀਤਿਕ ਅਤੇ ਕੂਟਨੀਤਕ ਹੈ। ਦੇਸ਼ਾਂ ਵਿਚਕਾਰ ਗੁੰਝਲਦਾਰ ਰਾਜਨੀਤਿਕ ਅਤੇ ਕੂਟਨੀਤਕ ਸਬੰਧ ਪੈਦਾ ਕਰਨੇ ਹੁੰਦੇ ਹਨ।”
“ਇਹ ਵਿਸ਼ੇਸ਼ ਤੌਰ 'ਤੇ ਉਦੋਂ ਚੁਣੌਤੀਪੂਰਨ ਹੋ ਸਕਦਾ ਹੈ ਜਿੱਥੇ ਕਲਾਕ੍ਰਿਤੀਆਂ ਬਸਤੀਵਾਦੀ ਸ਼ਾਸਨ ਦੌਰਾਨ ਲਈਆਂ ਗਈਆਂ ਸਨ, ਕਿਉਂਕਿ ਸਾਬਕਾ ਬਸਤੀਵਾਦੀ ਸ਼ਕਤੀ ਅਤੇ ਗੁਲਾਮ ਰਹੇ ਦੇਸ਼ਾਂ ਵਿਚਕਾਰ ਇਤਿਹਾਸਕ ਤਣਾਅ ਅਤੇ ਅਣਸੁਲਝੇ ਸਵਾਲ ਹੁੰਦੇ ਹਨ।"
ਕਾਨੂੰਨੀ ਨਜ਼ਰੀਏ ਤੋਂ ਅਜਿਹਾ ਲੱਗਦਾ ਹੈ ਕਿ ਘੱਟੋ-ਘੱਟ ਕੋਹਿਨੂਰ ਦੀ ਵਾਪਸੀ ਦੇ ਮਾਮਲੇ ਵਿੱਚ ਭਾਰਤ ਨੇ ਹਾਰ ਮੰਨ ਲਈ ਹੈ।
2016 ਵਿੱਚ ਇੱਕ ਜਨਹਿਤ ਪਟੀਸ਼ਨ ਵਿੱਚ, ਇੱਕ ਨਾਗਰਿਕ ਨੇ ਭਾਰਤ ਸਰਕਾਰ ਨੂੰ ਕੋਹਿਨੂਰ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕਰਨ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ।
ਇਸ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਕੋਹਿਨੂਰ ਨੂੰ ਬ੍ਰਿਟੇਨ ਦੀ ਜਾਇਦਾਦ ਮੰਨ ਲਿਆ ਸੀ ਤੇ ਇਸ ਤੋਂ ਹੱਥ ਧੋ ਲਏ ਸਨ।
ਕੋਹਿਨੂਰ ਹੀਰਾ ਭਾਰਤ ਅਤੇ ਬ੍ਰਿਟੇਨ ਦੇ ਸਾਂਝੇ ਇਤਿਹਾਸ ਦਾ ਗਵਾਹ ਹੈ, ਕੋਹਿਨੂਰ ਦੀ ਬੇਮਿਸਾਲ ਸੁੰਦਰਤਾ ਦੀਆਂ ਕਹਾਣੀਆਂ ਦੁਨੀਆਂ ਭਰ ਦੇ ਦਿਲਾਂ ਨੂੰ ਮੋਹ ਲੈਂਦੀਆਂ ਹਨ।
ਕੋਹਿਨੂਰ ਦਾ ਇਤਿਹਾਸ ਅਤੇ ਪਿਛੋਕੜ
ਕੋਹਿਨੂਰ ਹੀਰਾ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਦੁਨੀਆ ਦੇ ਸਭ ਤੋਂ ਕੀਮਤੀ ਹੀਰੇ ਵਜੋਂ ਜਾਣੇ ਜਾਂਦੇ ਕੋਹਿਨੂਰ ਹੀਰੇ ਨੇ ਸਦੀਆਂ ਤੋਂ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਮੋਹਿਆ ਹੈ।
ਇਹ ਸ਼ਾਨਦਾਰ ਹੀਰਾ ਅੱਜ ਵੀ ਹੈਰਾਨੀ ਅਤੇ ਮੋਹ ਨੂੰ ਪ੍ਰੇਰਿਤ ਕਰਦਾ ਹੈ। ਭਾਰਤ ਦਾ ਕਹਿਣਾ ਹੈ ਕਿ ਕੋਹਿਨੂਰ ਦਾ ਅਸਲੀ ਘਰ ਭਾਰਤ ਹੈ ਜਦਕਿ ਇੰਗਲੈਂਡ ਦੇ ਲੋਕ ਇਹ ਉਸ ਦੀ ਜਾਇਦਾਦ ਸਮਝਦੇ ਹਨ।
ਉਤਪਤੀ ਅਤੇ ਸ਼ੁਰੂਆਤੀ ਇਤਿਹਾਸ:
ਕੋਹਿਨੂਰ ਹੀਰੇ ਦੀ ਅਸਲ ਉਤਪਤੀ ਰਹੱਸ ਵਿੱਚ ਘਿਰੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਹ ਗੋਲਕੁੰਡਾ ਖੇਤਰ ਵਿੱਚ ਭਾਰਤ ਦੀ ਕੋਲੂਰ ਖਾਨ ਵਿੱਚੋਂ ਕੱਢਿਆ ਗਿਆ ਸੀ, ਹੀਰੇ ਦਾ ਸਭ ਤੋਂ ਪੁਰਾਣਾ ਦਸਤਾਵੇਜ਼ੀ ਇਤਿਹਾਸ ਕਾਕਤੀਆ ਰਾਜਵੰਸ਼ ਦੇ ਰਾਜ ਦੌਰਾਨ 1306 ਦਾ ਹੈ।
ਪੀੜੀ ਦਰ ਪੀੜੀ ਅੱਗੇ ਪਹੁੰਚਣਾ:
ਜਿਵੇਂ ਹੀ ਹੀਰਾ ਸਦੀਆਂ ਦੌਰਾਨ ਇੱਕ ਤੋਂ ਦੂਜੇ ਹੱਥ ਬਦਲਦਾ ਗਿਆ, ਇਸ ਨੇ ਦੱਖਣੀ ਏਸ਼ੀਆ ਦੇ ਵੱਖ-ਵੱਖ ਮੁਲਕਾਂ ਦੀ ਸੈਰ ਵੀ ਕੀਤੀ।
ਇਹ ਕਾਕਤੀਆ ਰਾਜਵੰਸ਼ ਤੋਂ ਦਿੱਲੀ ਸਲਤਨਤ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਕੋਲ਼ ਚਲਾ ਗਿਆ। ਮੁਗ਼ਲ ਬਾਦਸ਼ਾਹ ਬਾਬਰ ਨੇ ਆਪਣੀਆਂ ਯਾਦਾਂ ਵਿੱਚ ਹੀਰੇ ਦਾ ਜ਼ਿਕਰ ਕਰਦੇ ਹੋਏ, ਇਸ ਨੂੰ ਕਥਿਤ ਤੌਰ 'ਤੇ ਦੁਬਾਰਾ ਕੱਟਣ ਤੋਂ ਪਹਿਲਾਂ ਇਸਦਾ ਭਾਰ 186 ਕੈਰੇਟ ਦੱਸਿਆ ਹੈ।
ਸਮੇਂ ਦੇ ਨਾਲ ਪੱਥਰ ਨੂੰ ਹੋਰ ਸੋਧਿਆ ਗਿਆ, ਇਸਦੇ ਆਕਾਰ ਨੂੰ ਇਸ ਦੇ ਮੌਜੂਦਾ 105.6 ਕੈਰੇਟ ਤੱਕ ਘਟਾ ਦਿੱਤਾ ਗਿਆ।
ਬ੍ਰਿਟਿਸ਼ ਕਬਜ਼ਾ ਅਤੇ ਵਿਵਾਦ: ਭਾਰਤੀ ਉਪ-ਮਹਾਂਦੀਪ ਨੇ 18ਵੀਂ ਅਤੇ 19ਵੀਂ ਸਦੀ ਵਿੱਚ ਕਈ ਸ਼ਕਤੀ ਸੰਘਰਸ਼ ਅਤੇ ਯੁੱਧ ਦੇਖੇ। ਇਸ ਅਸ਼ਾਂਤ ਦੌਰ ਦੇ ਵਿਚਕਾਰ, ਕੋਹਿਨੂਰ ਹੀਰੇ ਨੇ ਬ੍ਰਿਟਿਸ਼ ਬਸਤੀਵਾਦੀਆਂ ਦਾ ਧਿਆਨ ਖਿੱਚਿਆ।
1849 ਵਿੱਚ, ਦੂਜੀ ਐਂਗਲੋ-ਸਿੱਖ ਜੰਗ ਵਿੱਚ ਬ੍ਰਿਟੇਨ ਦੀ ਜਿੱਤ ਤੋਂ ਬਾਅਦ, ਹੀਰਾ ਜੰਗ ਦੀ ਲੁੱਟ ਦਾ ਹਿੱਸਾ ਬਣ ਗਿਆ, ਲਾਹੌਰ ਦੀ ਸੰਧੀ ਦੇ ਤਹਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਸੌਂਪ ਦਿੱਤਾ ਗਿਆ।
ਸ਼ਾਹੀ ਖਜ਼ਾਨਾ ਅਤੇ ਪ੍ਰਦਰਸ਼ਨੀ:
ਬ੍ਰਿਟਿਸ਼ ਅਧਿਕਾਰੀਆਂ ਨੇ 1850 ਵਿੱਚ ਮਹਾਰਾਣੀ ਵਿਕਟੋਰੀਆ ਨੂੰ ਕੋਹਿਨੂਰ ਹੀਰਾ ਭੇਟ ਕੀਤਾ ਸੀ। ਉਦੋਂ ਤੋਂ, ਇਹ ਲੰਡਨ ਦੇ ਟਾਵਰ ਵਿੱਚ ਪ੍ਰਦਰਸ਼ਿਤ ਬ੍ਰਿਟਿਸ਼ ਤਾਜ ਦੇ ਗਹਿਣਿਆਂ ਦਾ ਹਿੱਸਾ ਹੈ।
ਮਲਕੀਅਤ ਵਿਵਾਦ ਅਤੇ ਮੰਗਾਂ:
ਕੋਹਿਨੂਰ ਹੀਰੇ ਦੀ ਸਹੀ ਮਾਲਕੀ ਡੂੰਘੀ ਬਹਿਸ ਅਤੇ ਵਿਵਾਦ ਦਾ ਵਿਸ਼ਾ ਰਹੀ ਹੈ। ਲਗਾਤਾਰ ਭਾਰਤੀ ਸਰਕਾਰਾਂ ਅਤੇ ਵੱਖ-ਵੱਖ ਵਿਅਕਤੀਆਂ ਨੇ ਇਸਦੀ ਭਾਰਤ ਵਾਪਸੀ ਦੀ ਮੰਗ ਕੀਤੀ ਹੈ, ਇਹ ਦਲੀਲ ਦਿੱਤੀ ਹੈ ਕਿ ਇਸ ਨੂੰ ਬਸਤੀਵਾਦੀ ਯੁੱਗ ਦੌਰਾਨ ਦਬਾਅ ਹੇਠ ਲਿਆ ਗਿਆ ਸੀ।
ਹੀਰਿਆਂ ਦਾ ਵਿਸ਼ਵੀ ਪ੍ਰਭਾਵ:
ਮਲਕੀਅਤ ਵਿਵਾਦਾਂ ਤੋਂ ਪਰੇ, ਕੋਹਿਨੂਰ ਹੀਰੇ ਨੇ ਆਪਣੀ ਦੁਰਲੱਭਤਾ ਅਤੇ ਬੇਮਿਸਾਲ ਚਮਕ ਕਾਰਨ ਅੰਤਰਰਾਸ਼ਟਰੀ ਧਿਆਨ ਖਿੱਚਿਆ ਹੈ। ਕੋਹਿਨੂਰ ਦਾ ਅਰਥ ਫਾਰਸੀ ਵਿੱਚ "ਚਾਨਣ ਦਾ ਪਹਾੜ" ਹੈ।
ਵਿਰਾਸਤ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ:
ਹਾਲ ਹੀ ਦੇ ਸਾਲਾਂ ਵਿੱਚ, ਕੋਹਿਨੂਰ ਹੀਰੇ ਦੇ ਭਵਿੱਖ ਨੂੰ ਲੈ ਕੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਚਰਚਾ ਹੋਈ ਹੈ।
ਕੁਝ ਇੱਕ ਸਾਂਝੇ ਪ੍ਰਬੰਧ ਦਾ ਪ੍ਰਸਤਾਵ ਕਰਦੇ ਹਨ ਜੋ ਬ੍ਰਿਟਿਸ਼ ਕਰਾਊਨ ਜਵੇਲਜ਼ ਦੇ ਬਾਕੀ ਬਚੇ ਸਮੇਂ ਦੌਰਾਨ ਭਾਰਤ ਵਿੱਚ ਹੀਰੇ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦੇਵੇਗਾ, ਸੱਭਿਆਚਾਰਕ ਵਟਾਂਦਰੇ ਨੂੰ ਉਤਸ਼ਾਹਿਤ ਕਰੇਗਾ ਅਤੇ ਇਸਦੀ ਇਤਿਹਾਸਕ ਮਹੱਤਤਾ ਨੂੰ ਸਵੀਕਾਰ ਕਰੇਗਾ।
ਇਹ ਭਾਰਤੀਆਂ ਲਈ ਸੰਵੇਦਨਸ਼ੀਲ ਮੁੱਦਾ ਹੈ। ਮੋਦੀ ਸਰਕਾਰ ਦੇ ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਾਸੀ ਇਹ ਉਮੀਦ ਰੱਖਦੇ ਹਨ ਕਿ ਸਰਕਾਰ ਕੋਹਿਨੂਰ ਹੀਰਾ ਅਤੇ ਹੋਰ ਭਾਰਤੀ ਜਾਇਦਾਦਾਂ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰੇਗੀ।
ਡਾਕਟਰ ਦੱਤਾ ਕਹਿੰਦੇ ਹਨ, "ਭਾਰਤ ਵਿੱਚ ਪਿਛਲੀਆਂ ਸਰਕਾਰਾਂ ਵਿੱਚ ਅਜਿਹੀਆਂ ਦਲੇਰ ਪਹਿਲਕਦਮੀਆਂ ਕਰਨ ਦੀ ਇੱਛਾ ਨਹੀਂ ਸੀ ਪਰ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਹਨ। ਹੁਣ ਸਾਡੇ ਕੋਲ ਇੱਕ ਸ਼ਕਤੀਸ਼ਾਲੀ ਰਾਸ਼ਟਰਵਾਦੀ ਸਰਕਾਰ ਹੈ, ਇਸ ਲਈ ਹੁਣ ਭਾਰਤੀਆਂ ਨੂੰ ਮੋਦੀ ਸਰਕਾਰ ਤੋਂ ਜ਼ਿਆਦਾ ਉਮੀਦਾਂ ਹਨ।"
ਹਾਲਾਂਕਿ ਇਸਦੇ ਲਈ ਭਾਰਤ ਨੂੰ ਸਬੂਤ ਅਤੇ ਦਸਤਾਵੇਜ਼ ਇਕੱਠੇ ਕਰਨ ਅਤੇ ਬ੍ਰਿਟੇਨ ਦੀ ਅਦਾਲਤ ਤੱਕ ਪਹੁੰਚ ਕਰਨ ਦੀ ਲੋੜ ਹੋਵੇਗੀ।
ਲੰਡਨ ਵਿੱਚ ਬ੍ਰਿਟਿਸ਼ ਕਾਨੂੰਨ ਦੇ ਮਾਹਰ ਸਰੋਸ਼ ਜੈਵਾਲਾ ਕਹਿੰਦੇ ਹਨ, "ਭਾਰਤ ਆਪਣੀਆਂ ਕਲਾਕ੍ਰਿਤੀਆਂ ਤਾਂ ਹੀ ਵਾਪਸ ਲੈ ਸਕਦਾ ਹੈ ਜੇਕਰ ਉਹ ਬ੍ਰਿਟੇਨ ਦੀ ਅਦਾਲਤ ਵਿੱਚ ਸਾਬਤ ਕਰਦਾ ਹੈ ਕਿ ਉਹ ਬ੍ਰਿਟਿਸ਼ ਕਾਨੂੰਨ ਦੇ ਤਹਿਤ ਉਨ੍ਹਾਂ ਦਾ ਹੱਕਦਾਰ ਹੈ।”
“ਭਾਰਤ ਨੂੰ ਅਦਾਲਤ ਵਿੱਚ ਇਹ ਦਿਖਾਉਣਾ ਹੋਵੇਗਾ ਕਿ ਉਸ ਕੋਲ ਇਸ ਦੀ ਮਲਕੀਅਤ ਹੈ, ਜੋ ਆਪਣੇ ਆਪ ਵਿੱਚ ਇੱਕ ਬਹੁਤ ਔਖਾਂ ਕੰਮ ਹੋਵੇਗਾ ਅਤੇ ਸਪੱਸ਼ਟ ਸਬੂਤਾਂ ਦੀ ਲੋੜ ਹੋਵੇਗੀ।
ਨਟਰਾਜ ਦੀ ਵਾਪਸੀ, ਉਮੀਦ ਦੀ ਕਿਰਨ?
ਫ਼ਿਰ ਵੀ ਆਸ ਦੀ ਕਿਰਨ ਦਿਖਾਈ ਦਿੰਦੀ ਹੈ। ਭਾਰਤ ਨੂੰ ਬ੍ਰਿਟੇਨ ਦੀ ਅਦਾਲਤ ਵਿੱਚ ਇੱਕ ਵਿਲੱਖਣ ਅਤੇ ਗੁੰਝਲਦਾਰ ਕੇਸ ਵਿੱਚ ਸਫ਼ਲਤਾ ਮਿਲ ਚੁੱਕੀ ਹੈ ਅਤੇ ਇਸ ਸਫ਼ਲਤਾ ਦਾ ਸਿਹਰਾ ਸਰੋਸ਼ ਜੈਵਾਲਾ ਨੂੰ ਜਾਂਦਾ ਹੈ।
ਇਹ ਮਾਮਲਾ ਨਟਰਾਜ ਦੀ ਮੂਰਤੀ ਨਾਲ ਸਬੰਧਤ ਹੈ ਜੋ ਤਾਮਿਲਨਾਡੂ ਦੇ ਇੱਕ ਮੰਦਰ ਤੋਂ ਬ੍ਰਿਟੇਨ ਪਹੁੰਚੀ ਸੀ।
ਸਰੋਸ਼ ਜੈਵਾਲਾ ਖ਼ੁਦ ਇਹ ਜਾਣਕਾਰੀ ਦਿੰਦੇ ਹਨ, "ਇਸ ਮੂਰਤੀ ਨੂੰ ਭਾਰਤ ਤੋਂ ਬਾਹਰ ਬ੍ਰਿਟੇਨ ਵਿੱਚ ਤਸਕਰੀ ਕਰਕੇ ਪਹੁੰਚਾਇਆ ਗਿਆ ਸੀ, ਮੇਰੀ ਫਰਮ ਜੈਵਾਲਾ ਐਂਡ ਕੰਪਨੀ ਤਾਮਿਲਨਾਡੂ ਨੇ ਸਰਕਾਰ ਲਈ ਕੰਮ ਕੀਤਾ ਸੀ ਅਤੇ ਨਟਰਾਜ ਦੀ ਮੂਰਤੀ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫ਼ਲ ਰਹੀ ਸੀ।”
“ਉਹ ਵਿਚਾਰ ਇਹ ਸੀ ਕਿ ਨਟਰਾਜ ਦੀ ਮੂਰਤੀ ਇੱਕ ਸਤਿਕਾਰਤ ਮੂਰਤੀ ਹੈ, ਇਹ ਹਿੰਦੂ ਕਾਨੂੰਨ ਦੇ ਤਹਿਤ ਇੱਕ ਕਾਨੂੰਨੀ ਹਸਤੀ ਹੈ ਅਤੇ ਇਸ ਲਈ ਇਹ ਤਾਮਿਲਨਾਡੂ ਦੇ ਮੰਦਰ ਵਿੱਚ ਆਪਣੇ ਘਰ ਵਾਪਸ ਜਾਣ ਲਈ ਆਪ ਮੁਕੱਦਮਾ ਕਰ ਸਕਦੀ ਹੈ।"
ਇਹ ਨਟਰਾਜ ਦੀ ਮੂਰਤੀ 1976 ਵਿੱਚ ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ਦੇ ਪਾਥੁਰ ਪਿੰਡ ਦੇ ਅਰਿਲ ਥਿਰੂ ਵਿਸ਼ਵਨਾਥ ਸਵਾਮੀ ਮੰਦਰ ਤੋਂ ਚੋਰੀ ਹੋਈ ਸੀ। ਤਸਕਰੀ ਰਾਹੀਂ ਇਹ ਇੰਗਲੈਂਡ ਪਹੁੰਚ ਗਈ ਜਿੱਥੇ ਇਸ ਨੂੰ ਵੇਚਿਆ ਗਿਆ। ਹੁਣ ਇਹ ਮੂਰਤੀ ਵਾਪਸ ਉਸੇ ਮੰਦਰ ਨੂੰ ਸੌਂਪ ਦਿੱਤੀ ਗਈ ਹੈ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ 240 ਪ੍ਰਾਚੀਨ ਕਲਾਕ੍ਰਿਤੀਆਂ ਬਰਾਮਦ ਕਰਕੇ ਭਾਰਤ ਵਾਪਸ ਲਿਆਂਦੀਆਂ ਗਈਆਂ ਹਨ।
ਉਨ੍ਹਾਂ ਦਾ ਕਹਿਣਾ ਸੀ, “ਆਜ਼ਾਦੀ ਤੋਂ ਬਾਅਦ 2014 ਤੱਕ 20 ਤੋਂ ਘੱਟ ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਗਈਆਂ ਸਨ। ਤੇ ਹੁਣ ਭਾਰਤ ਵਿੱਚੋਂ ਸੱਭਿਆਚਾਰਕ ਵਸਤੂਆਂ ਦੀ ਤਸਕਰੀ ਵਿੱਚ ਵੀ ਕਾਫੀ ਕਮੀ ਆਈ ਹੈ।”
ਰਾਜਧਾਨੀ ਵਿੱਚ ਅੰਤਰਰਾਸ਼ਟਰੀ ਮਿਊਜ਼ੀਅਮ ਐਕਸਪੋ ਦੇ ਉਦਘਾਟਨ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਰਗੇ ਪ੍ਰਾਚੀਨ ਸੱਭਿਆਚਾਰ ਵਾਲੇ ਦੇਸ਼ ਸੈਂਕੜੇ ਸਾਲਾਂ ਤੋਂ ਅਜਿਹੇ ਮੁੱਦਿਆਂ ਨਾਲ ਜੂਝ ਰਹੇ ਹਨ।
ਕੀਮਤੀ ਮੂਰਤੀਆਂ ਦੀ ਵਾਪਸੀ ਲਈ ਨਾਗਰਿਕਾਂ ਦੀ ਪਹਿਲ
ਭਾਰਤ ਪ੍ਰਾਚੀਨ ਮੰਦਰਾਂ ਦਾ ਦੇਸ਼ ਹੈ, ਸਦੀਆਂ ਤੋਂ ਪੁਰਾਤਨ ਮੰਦਰਾਂ ਨਾਲ ਸਬੰਧਤ ਦੁਰਲੱਭ ਮੂਰਤੀਆਂ ਅਤੇ ਹੋਰ ਕੀਮਤੀ ਵਸਤੂਆਂ ਚੋਰੀ ਅਤੇ ਤਸਕਰੀ ਰਾਹੀਂ ਦੇਸ਼ ਤੋਂ ਬਾਹਰ ਭੇਜੀਆਂ ਜਾਂਦੀਆਂ ਰਹੀਆਂ ਹਨ।
ਦੋ ਆਮ ਆਦਮੀਆਂ ਨੇ ਉਨ੍ਹਾਂ ਮੂਰਤੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਜੋ ਕਦੇ ਹਿੰਦੂ, ਬੋਧੀ ਅਤੇ ਜੈਨ ਮੰਦਰਾਂ ਦੀ ਜਾਇਦਾਦ ਸਨ।
ਵਿਜੇ ਕੁਮਾਰ ਅਤੇ ਅਨੁਰਾਗ ਸਕਸੈਨਾ ਨੇ ਇਸ ਪਹਿਲਕਦਮੀ ਨੂੰ 2013 ਵਿੱਚ ਸ਼ੁਰੂ ਕੀਤਾ ਅਤੇ ਇਸ ਨੂੰ #ਬ੍ਰਿੰਗਅਵਰਗੌਡਸਹੋਮ (ਸਾਡੇ ਦੇਵਤਿਆਂ ਨੂੰ ਘਰ ਵਾਪਸ ਲਿਆਓ) ਹੈਸ਼ਟੈਗ ਦੇ ਤਹਿਤ ਇੰਡੀਆ ਪ੍ਰਾਈਡ ਪ੍ਰੋਜੈਕਟ ਦਾ ਨਾਮ ਦਿੱਤਾ।
ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਭਾਰਤ ਵਾਪਸ ਲੈ ਆਏ ਹਨ, ਜਿਵੇਂ ਕਿ "ਨਿਊ ਸਾਊਥ ਵੇਲਜ਼ ਦੀ ਆਰਟ ਗੈਲਰੀ ਤੋਂ ਵ੍ਰਿਧਾਚਲਮ ਅਰਧਨਾਰੀਸ਼ਵਰ, ਆਸਟ੍ਰੇਲੀਆ ਦੀ ਨੈਸ਼ਨਲ ਗੈਲਰੀ ਤੋਂ ਸ਼੍ਰੀਪੁਰੰਤਨ ਨਟਰਾਜ, ਲੰਡਨ ਤੋਂ ਨਾਲੰਦਾ ਬੁੱਧ, ਲੰਡਨ ਤੋਂ ਬ੍ਰਹਮਾ-ਬ੍ਰਾਹਮਣੀ, ਲੰਡਨ ਤੋਂ ਆਨੰਦਮੰਗਲਮ ਰਾਮ ਸਮੂਹ।”
“ਟੋਲੇਡੋ ਮਿਊਜ਼ੀਅਮ ਤੋਂ ਗਣੇਸ਼, ਏਸ਼ੀਆ ਸੋਸਾਇਟੀ ਨਿਊਯਾਰਕ ਤੋਂ ਪੁੰਨੈਨਲੁਰ ਨਟਰਾਜਾ, ਬਾਲ ਸਟੇਟ ਮਿਊਜ਼ੀਅਮ ਤੋਂ ਅਲਿੰਗਨਾ ਮੂਰਤੀ ਤਿਰੁਪੰਬਾਪੁਰਮ ਆਦਿ।
ਕਲਾਕ੍ਰਿਤੀਆਂ ਨੂੰ ਵਾਪਸ ਕਰਨ ਦੀ ਪ੍ਰਕਿਰਿਆ ਕੀ ਹੈ?
ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ, ਚੋਰੀ ਹੋਈਆਂ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣ ਲਈ ਅੰਤਰਰਾਸ਼ਟਰੀ ਕਾਨੂੰਨ ਬਣਾਉਣ ਬਾਰੇ ਜਾਗਰੂਕਤਾ ਪੈਦਾ ਹੋਈ ਹੈ।
ਪ੍ਰੋਫੈਸਰ ਮਨੀਲੀਓ ਫ੍ਰੀਗੋ, ਸੱਭਿਆਚਾਰਕ ਕਲਾਕ੍ਰਿਤੀਆਂ ਦੇ ਮਾਹਰ ਹਨ। ਉਹ ਯੂਰਪ ਵਿੱਚ ਬੋਨੇਲੀ ਏਰਡੇ ਦੀ ਕਲਾ ਅਤੇ ਸੱਭਿਆਚਾਰਕ ਫੋਕਸ ਟੀਮ ਦੇ ਮੈਂਬਰ ਵੀ ਹਨ।
ਉਹ ਕਹਿੰਦੇ ਹਨ ਕਿ ਸਿਧਾਂਤਿਕ ਰੂਪ ਵਿੱਚ ਦੋ ਮੁੱਖ ਬਹੁ-ਰਾਸ਼ਟਰੀ ਸੰਧੀਆਂ ਹਨ ਜੋ ਇਨ੍ਹਾਂ ਮਾਮਲਿਆਂ 'ਤੇ ਲਾਗੂ ਹੁੰਦੀਆਂ ਹਨ।
ਪਹਿਲੀ, 1954 ਦੀ ਹੇਗ ਕਨਵੈਨਸ਼ਨ, ਜੋ ਯੁੱਧ ਦੇ ਸਮੇਂ ਲੁੱਟੀ ਗਈ ਜਾਇਦਾਦ ਨਾਲ ਸਬੰਧਤ ਹੈ।
ਪ੍ਰੋਫੈਸਰ ਮਨੀਲੀਓ ਫਰੀਗੋ ਕਹਿੰਦੇ ਹਨ, "ਇਹ ਸੰਧੀ ਨਾ ਸਿਰਫ਼ ਸੱਭਿਆਚਾਰਕ ਸੰਪੱਤੀ ਜਿਵੇਂ ਕਿ ਵਾਸਤੂਕਲਾ, ਕਲਾ ਜਾਂ ਇਤਿਹਾਸਕ ਸਮਾਰਕਾਂ, ਪੁਰਾਤੱਤਵ ਸਥਾਨਾਂ, ਕਲਾਕ੍ਰਿਤੀਆਂ, ਹੱਥ-ਲਿਖਤਾਂ, ਕਿਤਾਬਾਂ ਅਤੇ ਇਤਿਹਾਸਕ ਜਾਂ ਪੁਰਾਤੱਤਵ ਮਹੱਤਵ ਵਾਲੀਆਂ ਹੋਰ ਵਸਤੂਆਂ ਦੀ ਸੁਰੱਖਿਆ ਕਰਦੀ ਹੈ।”
“ਸਗੋਂ ਇਹ ਫੌਜੀ ਕਬਜ਼ੇ ਵਾਲੇ ਖੇਤਰਾਂ ਤੋਂ ਚੋਰੀ ਕੀਤੀ ਗਈ ਸੱਭਿਆਚਾਰਕ ਸੰਪਤੀ ਨੂੰ ਵਾਪਸ ਕਰਨ ਦੀ ਜ਼ਿੰਮੇਵਾਰੀ ਵੀ ਨਿਰਧਾਰਤ ਕਰਦੀ ਹੈ। ਭਾਰਤ ਅਤੇ ਬ੍ਰਿਟੇਨ ਇਸ ਸੰਧੀ ਦੇ ਪੱਖੀ ਹਨ, ਜਿਸ 'ਤੇ ਭਾਰਤ ਨੇ 1958 'ਚ ਅਤੇ 2017 'ਚ ਬ੍ਰਿਟੇਨ ਨੇ ਦਸਤਖ਼ਤ ਕੀਤੇ ਸਨ।
ਦੂਜਾ ਬਹੁ-ਰਾਸ਼ਟਰੀ ਸਮਝੌਤਾ 1970 ਵਿੱਚ ਪਾਸ ਕੀਤਾ ਗਿਆ ਯੂਨੈਸਕੋ ਕਨਵੈਨਸ਼ਨ ਹੈ, ਜੋ ਸ਼ਾਂਤੀ ਸਮੇਂ ਦੀ ਲੁੱਟ ਨਾਲ ਸਬੰਧਤ ਹੈ।
ਪ੍ਰੋਫੈਸਰ ਮਨੀਲੀਓ ਫ੍ਰੀਗੋ ਕਹਿੰਦੇ ਹਨ, "ਸੰਧੀ ਦੇਸ਼ਾਂ ਨੂੰ ਸੱਭਿਆਚਾਰਕ ਸੰਪੱਤੀ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਉਪਾਅ ਕਰਨ ਦੀ ਅਪੀਲ ਕਰਦੀ ਹੈ, ਇਸ ਸੰਧੀ ਦਾ ਇੱਕ ਮੁੱਖ ਪਹਿਲੂ ਚੋਰੀ ਹੋਈ ਸੱਭਿਆਚਾਰਕ ਜਾਇਦਾਦ ਦੀ ਵਾਪਸੀ ਹੈ।"
ਚੋਰੀ ਜਾਂ ਗੈਰ-ਕਾਨੂੰਨੀ ਤੌਰ 'ਤੇ ਨਿਰਯਾਤ ਕੀਤੀਆਂ ਸੱਭਿਆਚਾਰਕ ਵਸਤੂਆਂ 'ਤੇ 1970 ਦੀ ਯੂਨੈਸਕੋ ਕਨਵੈਨਸ਼ਨ ਦੀਆਂ ਕੁਝ ਕਮੀਆਂ ਨੂੰ ਪੂਰਾ ਕਰਨ ਲਈ 1995 ਵਿੱਚ ਰੋਮ ਵਿੱਚ ਇੱਕ ਹੋਰ ਸੰਧੀ ਹੋਈ।
ਸੰਧੀ ਗੈਰ-ਕਾਨੂੰਨੀ ਸੱਭਿਆਚਾਰਕ ਵਸਤੂਆਂ ਦੇ ਮਾਲਕਾਂ 'ਤੇ ਲਾਗੂ ਹੁੰਦੀ ਹੈ, ਇਸ ਲਈ ਕਿਸੇ ਵੀ ਸੱਭਿਆਚਾਰਕ ਵਸਤੂ ਦੇ ਕਾਬਜ਼ ਕਿਸੇ ਵੀ ਵਿਅਕਤੀ ਨੂੰ ਇਸ ਨੂੰ ਵਾਪਸ ਕਰਨਾ ਲਾਜ਼ਮੀ ਹੈ, ਇਹ ਸੰਧੀ ਦੇ ਦਾਅਵਿਆਂ ਲਈ ਸਮਾਂ ਸੀਮਾਵਾਂ ਵੀ ਨਿਰਧਾਰਤ ਕਰਦਾ ਹੈ ਅਤੇ ਸੱਭਿਆਚਾਰਕ ਕਲਾਕ੍ਰਿਤੀਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੀਆਂ ਕੋਸ਼ਿਸ਼ਾਂ ਦੀ ਲੋੜ ਨੂੰ ਨਿਰਧਾਰਤ ਕਰਦਾ ਹੈ।
ਇਨ੍ਹਾਂ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ, 23 ਸਤੰਬਰ, 2021 ਨੂੰ, ਅਮਰੀਕਾ ਨੇ 2003 ਵਿੱਚ ਇਰਾਕ 'ਤੇ ਕਬਜ਼ੇ ਤੋਂ ਬਾਅਦ ਚੋਰੀ ਕੀਤੀਆਂ 17,000 ਤੋਂ ਵੱਧ ਕਲਾਕ੍ਰਿਤੀਆਂ ਇਰਾਕ ਨੂੰ ਵਾਪਸ ਕੀਤੀਆਂ ਹਨ।
ਪਰ ਇਹ ਸਾਰੀਆਂ ਅੰਤਰਰਾਸ਼ਟਰੀ ਸੰਧੀਆਂ ਮੱਧਕਾਲ ਵਿੱਚ ਲੁੱਟੀਆਂ ਗਈਆਂ ਸੱਭਿਆਚਾਰਕ ਕਲਾਕ੍ਰਿਤੀਆਂ 'ਤੇ ਲਾਗੂ ਨਹੀਂ ਹੁੰਦੀਆਂ। ਇਸਦਾ ਮਤਲਬ ਇਹ ਹੈ ਕਿ ਆਧੁਨਿਕ ਭਾਰਤ ਵਿੱਚ ਸਿਰਫ਼ ਲੁੱਟੀਆਂ ਗਈਆਂ ਸੱਭਿਆਚਾਰਕ ਕਲਾਕ੍ਰਿਤੀਆਂ ਦੀ ਵਾਪਸੀ ਦਾ ਦਾਅਵਾ ਕੀਤਾ ਜਾ ਸਕਦਾ ਹੈ।
ਜਦੋਂ ਭਾਰਤ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਾਮਰਾਜ ਦੇ ਅਧੀਨ ਸੀ, ਉਸ ਸਮੇਂ ਲੁੱਟਿਆ ਗਿਆ ਕੀਮਤੀ ਸਮਾਨ ਇਨ੍ਹਾਂ ਅੰਤਰਰਾਸ਼ਟਰੀ ਸੰਧੀਆਂ ਅਧੀਨ ਨਹੀਂ ਆਉਂਦਾ।
ਵਾਪਸੀ ਦੇ ਕਾਨੂੰਨੀ ਰਾਹ ਬੰਦ?
ਬ੍ਰਿਟਿਸ਼ ਕਾਨੂੰਨ ਦੇ ਮਾਹਰ ਅਤੇ ਲੰਡਨ ਦੇ ਸੀਨੀਅਰ ਵਕੀਲ ਸਰੋਸ਼ ਜੈਵਾਲਾ ਦਾ ਕਹਿਣਾ ਹੈ ਕਿ ਕਾਨੂੰਨੀ ਰਸਤਾ ਖੁੱਲ੍ਹਾ ਹੈ ਪਰ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਚਾਹੇ ਤਾਂ ਆਪਣੀਆਂ ਕਲਾਕ੍ਰਿਤੀਆਂ ਦੀ ਵਾਪਸੀ ਲਈ ਸਬੂਤਾਂ ਸਮੇਤ ਬ੍ਰਿਟਿਸ਼ ਅਦਾਲਤਾਂ ਵਿੱਚ ਕੇਸ ਦਾਇਰ ਕਰ ਸਕਦਾ ਹੈ।
ਉਹ ਕਹਿੰਦੇ ਹਨ, "ਜੇਕਰ ਬ੍ਰਿਟਿਸ਼ ਸਰਕਾਰ ਭਾਰਤੀ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਬ੍ਰਿਟੇਨ ਨੂੰ ਇਸ ਲਈ ਕੋਈ ਕਾਨੂੰਨ ਬਣਾਉਣ ਦੀ ਲੋੜ ਨਹੀਂ ਪਵੇਗੀ।”
“ਜੇਕਰ ਬ੍ਰਿਟਿਸ਼ ਅਦਾਲਤ ਬ੍ਰਿਟਿਸ਼ ਸਰਕਾਰ ਨੂੰ ਕੋਹਿਨੂਰ ਭਾਰਤ ਨੂੰ ਸੌਂਪਣ ਦਾ ਹੁਕਮ ਦਿੰਦੀ ਹੈ ਤਾਂ ਬ੍ਰਿਟੇਨ ਅਜਿਹਾ ਕਰਨ ਲਈ ਪਾਬੰਦ ਹੋਵੇਗਾ।"
ਇਨ੍ਹਾਂ ਮੁੱਦਿਆਂ ਦੇ ਮਾਹਰ ਅਤੇ ਦਿੱਲੀ ਦੇ ਸੀਨੀਅਰ ਵਕੀਲ ਰਜਤ ਭਾਰਦਵਾਜ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਕੂਟਨੀਤਕ ਅਤੇ ਕਾਨੂੰਨੀ ਦੋਵੇਂ ਰਸਤੇ ਅਪਨਾਉਣੇ ਚਾਹੀਦੇ ਹਨ।
ਉਹ ਕਹਿੰਦੇ ਹਨ, ''ਜੇਕਰ ਇਸ ਗੱਲ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ ਕਿ ਕਲਾਕ੍ਰਿਤੀਆਂ ਨੂੰ ਤੋਹਫ਼ੇ 'ਚ ਦਿੱਤਾ ਗਿਆ ਸੀ ਜਾਂ ਲੁੱਟਿਆ ਗਿਆ ਸੀ, ਤਾਂ ਇਹ ਵਿਵਾਦਿਤ ਤੱਥਾਂ ਦਾ ਸਵਾਲ ਹੈ ਅਤੇ ਸਰਕਾਰ ਨੂੰ ਕੋਹਿਨੂਰ ਹੀਰਾ ਅਤੇ ਹੋਰ ਕੀਮਤੀ ਵਸਤੂਆਂ ਨੂੰ ਵਾਪਸ ਲਿਆਉਣ ਲਈ ਕੂਟਨੀਤਕ ਅਤੇ ਕਾਨੂੰਨੀ ਸਮੇਤ ਸਾਰੇ ਉਪਾਅ ਕਰਨੇ ਚਾਹੀਦੇ ਹਨ। ਉਹ ਸਾਡੇ ਦੇਸ਼ ਦੀ ਜ਼ਾਇਦਾਦ ਹਨ।"
ਭਾਰਦਵਾਜ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਵੀ ਜਾਣਾ ਪਵੇ ਤਾਂ ਜਾਣਾ ਚਾਹੀਦਾ ਹੈ।
"ਭਾਰਤ ਨੂੰ ਇਹ ਵਿਸ਼ਲੇਸ਼ਣ ਕਰਨ ਲਈ ਅੰਤਰਰਾਸ਼ਟਰੀ ਨਿਆਂ ਅਦਾਲਤ ਤੱਕ ਪਹੁੰਚ ਕਰਨੀ ਚਾਹੀਦੀ ਹੈ ਕਿ ਕੀ ਤੱਥਾਂ/ਗਵਾਹਾਂ/ਦਸਤਾਵੇਜ਼ੀ ਸਬੂਤਾਂ ਦੇ ਆਧਾਰ 'ਤੇ ਕਲਾਕ੍ਰਿਤੀਆਂ ਨੂੰ ਤੋਹਫ਼ੇ ਵਿੱਚ ਦਿੱਤਾ ਗਿਆ ਸੀ ਜਾਂ ਲੁੱਟਿਆ ਗਿਆ ਸੀ।"
ਹੌਲੀ-ਹੌਲੀ ਮਾਹੌਲ ਬਦਲ ਰਿਹਾ ਹੈ। ਯੂਰਪ ਦੀਆਂ ਬਸਤੀਵਾਦੀ ਸ਼ਕਤੀਆਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ 'ਗੁਲਾਮ' ਦੇਸ਼ਾਂ ਤੋਂ ਲੁੱਟਿਆ ਮਾਲ ਵਾਪਸ ਕਰਨ ਦਾ ਸਮਾਂ ਆ ਗਿਆ ਹੈ।
ਬਹੁਤ ਸਾਰੀਆਂ ਸਾਬਕਾ ਬਸਤੀਵਾਦੀ ਸ਼ਕਤੀਆਂ ਕਾਨੂੰਨ ਬਣਾ ਰਹੀਆਂ ਹਨ ਤਾਂ ਜੋ ਉਹ ਲੁੱਟਿਆ ਮਾਲ ਉਨ੍ਹਾਂ ਦੇਸ਼ਾਂ ਨੂੰ ਵਾਪਸ ਕਰ ਸਕਣ ਜੋ ਕਦੇ ਉਨ੍ਹਾਂ ਦੇ ਗੁਲਾਮ ਸਨ।
ਪ੍ਰੋਫ਼ੈਸਰ ਮਨੀਲੀਓ ਫ੍ਰੀਗੋ ਦੇ ਮੁਤਾਬਕ, ਕਲਾਤਮਕ ਚੀਜ਼ਾਂ ਨੂੰ ਵਾਪਸ ਕਰਨ ਲਈ ਯੂਰਪੀਅਨ ਦੇਸ਼ਾਂ ਵਿੱਚ ਕਾਨੂੰਨ ਬਣਾਉਣਾ ਜ਼ਰੂਰੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਫਰਾਂਸ, ਇਟਲੀ, ਬੈਲਜੀਅਮ ਅਤੇ ਪੁਰਤਗਾਲ ਵਰਗੇ ਦੇਸ਼ਾਂ ਵਿੱਚ, ਜਿੱਥੇ ਕਲਾਕ੍ਰਿਤੀਆਂ ਜਨਤਕ ਸੰਗ੍ਰਹਿ ਅਧੀਨ ਹਨ, ਇੱਕ ਕਾਨੂੰਨ ਪਾਸ ਕਰਨਾ ਜ਼ਰੂਰੀ ਹੈ।
ਘੱਟੋ-ਘੱਟ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਅਜਿਹੀਆਂ ਕਲਾਕ੍ਰਿਤੀਆਂ ਜਨਤਕ ਸੰਗ੍ਰਹਿ ਨਾਲ ਸਬੰਧਤ ਹਨ (ਜਿਵੇਂ ਕਿ ਆਮ ਤੌਰ 'ਤੇ ਫਰਾਂਸ, ਇਟਲੀ, ਬੈਲਜੀਅਮ ਅਤੇ ਪੁਰਤਗਾਲ ਵਿੱਚ ਹੁੰਦਾ ਹੈ) ਕਲਾਤਮਕ ਚੀਜ਼ਾਂ ਦੀ ਵਾਪਸੀ ਦੀ ਆਗਿਆ ਦੇਣ ਲਈ ਕਾਨੂੰਨ ਪਾਸ ਕੀਤੇ ਜਾਣੇ ਚਾਹੀਦੇ ਹਨ, ਪਰ ਯੂਕੇ ਨੇ ਅਜੇ ਤੱਕ ਕੋਈ ਪਹਿਲ ਨਹੀਂ ਕੀਤੀ ਹੈ।
ਪ੍ਰੋਫ਼ੈਸਰ ਮਨੀਲੀਓ ਫ੍ਰੀਗੋ ਕਹਿੰਦੇ ਹਨ, "ਜਿੱਥੋਂ ਤੱਕ ਮੈਨੂੰ ਪਤਾ ਹੈ, ਯੂਕੇ ਨੇ ਇਸ ਮਾਮਲੇ 'ਤੇ ਕੋਈ ਖਾਸ ਕਾਨੂੰਨ ਨਹੀਂ ਬਣਾਇਆ ਹੈ, ਇਸ ਲਈ ਕਿਸੇ ਵੀ ਬੇਨਤੀ ਨੂੰ ਕੇਸ-ਦਰ-ਕੇਸ ਨਜਿੱਠਿਆ ਜਾਵੇਗਾ। ਦੂਜੇ ਯੂਰਪੀ ਦੇਸ਼ਾਂ ਦੇ ਉਲਟ, ਯੂਕੇ ਕੋਲ ਅਜੇ ਵੀ ਸਾਮਾਨ ਵਾਪਸ ਕਰਨ ਲਈ ਢੁੱਕਵੀਂ ਕਾਨੂੰਨੀ ਰਣਨੀਤੀ ਨਹੀਂ ਹੈ।"
ਨੈਤਿਕਤਾ ਦਾ ਮਾਮਲਾ
ਭਾਰਤ ਵਿੱਚ ਬਹੁਤ ਸਾਰੇ ਮਾਹਰਾਂ ਦੀ ਦਲੀਲ ਹੈ ਕਿ ਕਲਾਕ੍ਰਿਤੀਆਂ ਦੀ ਵਾਪਸੀ ਨੂੰ ਕਾਨੂੰਨੀ ਜਾਂ ਸਿਆਸੀ ਮੁੱਦੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।
ਇਹ ਇੱਕ ਨੈਤਿਕ ਮੁੱਦਾ ਹੈ ਕਿਉਂਕਿ ਅਨੁਰਾਗ ਸਕਸੈਨਾ ਸਾਬਕਾ ਬਸਤੀਵਾਦੀ ਸ਼ਕਤੀਆਂ ਨੂੰ ਮੁਖ਼ਾਤਿਬ ਹੁੰਦੀਆਂ ਕਹਿੰਦੇ ਹਨ, "ਤੁਸੀਂ ਸਾਡੀਆਂ ਜਾਨਾਂ ਲੈ ਲਈਆਂ, ਤੁਸੀਂ ਸਾਡੇ ਕੁਦਰਤੀ ਸਰੋਤ ਲੈ ਲਏ, ਤੁਸੀਂ ਸਾਡੀ ਵਿਰਾਸਤ ਲੈ ਲਈ, ਤੁਸੀਂ ਸਾਨੂੰ ਸਾਡੀ ਜ਼ਿੰਦਗੀ ਵਾਪਸ ਨਹੀਂ ਦੇ ਸਕਦੇ, ਸਰੋਤ ਵਾਪਸ ਨਹੀਂ ਦੇ ਸਕਦੇ। ਘੱਟੋ-ਘੱਟ ਤੁਸੀਂ ਸਾਡੀ ਵਿਰਾਸਤ ਮੋੜ ਦਿਓ।"
ਸੱਜੇ ਪੱਖੀ ਵਿਚਾਰਧਾਰਕ ਅਤੇ ਮੋਦੀ ਸਰਕਾਰ ਦੇ ਸਮਰਥਕ ਡਾਕਟਰ ਸੁਵਰੋਕਮਲ ਦੱਤਾ ਵੀ ਵਿਰਾਸਤ ਨੂੰ ਬਿਨਾਂ ਸ਼ਰਤ ਵਾਪਸ ਕਰਨ ਦੀ ਗੱਲ ਕਰਦੇ ਹਨ, “ਕਈ ਯੂਰਪੀ ਦੇਸ਼ ਆਪਣੀਆਂ ਪੁਰਾਣੀਆਂ ਬਸਤੀਆਂ ਤੋਂ ਲੁੱਟਿਆ ਮਾਲ ਇਸ ਲਈ ਵਾਪਸ ਮੋੜ ਰਹੇ ਹਨ ਕਿਉਂਕਿ ਉਹ ਆਪਣੀਆਂ ਪਿਛਲੀਆਂ ਕਰਤੂਤਾਂ ਤੋਂ ਸ਼ਰਮ ਮਹਿਸੂਸ ਕਰਦੇ ਹਨ, ਬ੍ਰਿਟੇਨ ਨੂੰ ਅਜਿਹਾ ਕਰਨ ਤੋਂ ਕੀ ਰੋਕਦਾ ਹੈ?”
“ਬ੍ਰਿਟੇਨ ਇਹ ਪਹਿਲ ਕਰਦਾ ਹੈ, ਇਹ ਸਾਡੇ ਜ਼ਖਮਾਂ ਨੂੰ ਭਰ ਸਕਦਾ ਹੈ ਅਤੇ ਸਾਡੀਆਂ ਕੁਝ ਦਰਦਨਾਕ ਯਾਦਾਂ ਨੂੰ ਮਿਟਾ ਸਕਦਾ ਹੈ।"
ਇਸ ਕਹਾਣੀ ’ਚ ਲਾਈਆਂ ਗਈਆਂ ਤਸਵੀਰਾਂ: ਗੈਟੀ, ਬ੍ਰਿਟਿਸ਼ ਮਿਉਜ਼ੀਅਮ, ਮੇਟ੍ਰੋਪੋਲੀਟਨ ਮਿਉਜ਼ੀਅਮ ਆਫ਼ ਆਰਟ, ਇੰਡੀਆ ਪ੍ਰਾਈਡ ਪ੍ਰੋਜੈਕਟ