ਡਾ. ਮਨਮੋਹਨ ਸਿੰਘ: 'ਪਹਿਲਾਂ ਕਦੇ ਵੀ ਕਿਸੇ ਪੀਐੱਮ ਨੇ ਇੰਨੀ ਨਫ਼ਰਤ ਨਾਲ ਭਰੀ ਹੋਈ, ਅਸੱਭਿਅਕ ਅਤੇ ਖਰ੍ਹਵੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ'

ਡਾ. ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੀਆਂ ਅਹਿਮ ਸਿਆਸੀ ਸਰਗਰਮੀਆਂ ਪਹੁੰਚਾ ਰਹੇ ਹਾਂ।

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਪਹਿਲੀ ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਕਾਰਨ ਸੂਬੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ।

ਵੱਖ-ਵੱਖ ਪਾਰਟੀਆਂ ਦੇ ਸਟਾਰ ਪਰਚਾਰਕ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕਰਨ ਰਹੇ ਹਨ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਨੇ ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ ਵਿੱਚ ਪਿਆਰ ਅਤੇ ਸਦਭਾਵਨਾ ਨੂੰ ਇੱਕ ਮੌਕਾ ਦੇਣ।

'ਇੱਕ ਨਿਰਣਾਇਕ ਮੌਕਾ ਹੈ'- ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ।

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕਿਸਾਨ ਅੰਦੋਲਨ, ਅਗਨੀਵੀਰ ਦਾ ਜ਼ਿਕਰ ਕੀਤਾ ਹੈ ਅਤੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਵਿੱਚ ਸਾਡੇ ਕੋਲ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਯਕੀਨੀ ਬਣਾਉਣ ਦਾ ਇੱਕ ਨਿਰਣਾਇਕ ਮੌਕਾ ਹੈ।

ਉਨ੍ਹਾਂ ਨੇ ਲਿਖਿਆ ਕਿ ਪਿਛਲੇ ਦਸ ਸਾਲਾਂ ਦੌਰਾਨ ਭਾਜਪਾ ਸਰਕਾਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

750 ਕਿਸਾਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਸਨ, ਕਈ ਮਹੀਨਿਆਂ ਤੱਕ ਦਿੱਲੀ ਦੇ ਬਾਰਡਰਾਂ ਉੱਤੇ ਉਡੀਕ ਕਰਦੇ ਸ਼ਹੀਦ ਹੋ ਗਏ।

ਉਨ੍ਹਾਂ ਨੇ ਕਿਹਾ ਕਿ ਜਿਵੇਂ ਲਾਠੀਆਂ ਅਤੇ ਰਬੜ ਦੀਆਂ ਗੋਲੀਆਂ ਹੀ ਕਾਫ਼ੀ ਨਹੀਂ ਸਨ ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ਸੰਸਦ ਵਿੱਚ ਬੋਲ ਕੇ “ਅੰਦੋਲਨਜੀਵੀ” ਅਤੇ “ਪਰਜੀਵੀ” ਕਿਹਾ।

ਸਾਬਕਾ ਪ੍ਰਧਾਨ ਮੰਤਰੀ ਮੁਤਾਬਕ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਮੌਜੂਦਾ ਸਰਕਾਰ ਦੇ 3.73 ਕਰੋੜ ਦੀ ਤੁਲਨਾ ਵਿੱਚ 72,000 ਕਰੋੜ ਦਾ ਕਰਜ਼ ਮਾਫ਼ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਵਿੱਚ ਕਿਸਾਨ ਨਿਆਏ ਤਹਿਤ ਪੰਜ ਗਰੰਟੀਆਂ ਦਿੱਤੀਆਂ ਹਨ।

ਇਹ ਹਨ— ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਖੇਤੀਬਾੜੀ ਲਈ ਸਥਿਰਤਾ, ਆਇਆਤ-ਨਿਰਿਆਤ ਨੀਤੀ, ਕਰਜ਼ੇ ਮਾਫ਼ ਕਰਨ ਲਈ ਖੇਤੀਬਾੜੀ ਵਿੱਤ ਆਯੋਗ ਕਾਇਮ ਕਰਨਾ, ਖੇਤੀ ਵਿੱਚ ਵਰਤੇ ਜਾਣ ਵਾਲੇ ਸਮਾਨ ਤੋਂ ਜੀਐੱਸਟੀ ਹਟਾਉਣਾ ਅਤੇ ਫਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ 30 ਦਿਨਾਂ ਦੇ ਅੰਦਰ ਮੁਆਵਜ਼ੇ ਦਾ ਭੁਗਤਾਨ ਕਰਨਾ।

ਉਨ੍ਹਾਂ ਨੇ ਉਮੀਦ ਜਾਹਰ ਕੀਤੀ ਹੈ ਕਿ ਇਸ ਨਾਲ ਨਵੀਂ ਪੀੜ੍ਹੀ ਦੇ ਖੇਤੀ ਸੁਧਾਰਾਂ ਦੀ ਸ਼ੁਰੂਆਤ ਹੋਵੇਗੀ।

ਉਨ੍ਹਾਂ ਨੇ ਪਿਛਲੇ ਦਸ ਸਾਲਾਂ ਦੌਰਾਨ ਭਾਰਤ ਦੀ ਆਰਥਿਕਤਾ ਨੂੰ ਪਹੁੰਚੇ ਨੁਕਸਾਨ ਅਤੇ ਡਿੱਗੀ ਜੀਡੀਪੀ ਦਾ ਜ਼ਿਕਰ ਕਰਦਿਆਂ ਇਸ ਲਈ ਨੋਟਬੰਦੀ, ਜੀਐੱਸਟੀ ਅਤੇ ਕੋਵਿਡ-19 ਦੇ ਮਾੜੇ ਬੰਦੋਬਸਤ ਨੂੰ ਜ਼ਿੰਮੇਵਾਰ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਅੰਦਰ ਔਸਤ ਜੀਡੀਪੀ ਵਾਧਾ ਛੇ ਫੀਸਦੀ ਰਿਹਾ ਹੈ ਜਦਕਿ ਯੂਪੀਏ ਦੌਰਾਨ ਇਹ ਅੱਠ ਫੀਸਦੀ ਸੀ।

ਯੂਪੀਏ ਸਰਕਾਰ ਨੇ ਜਿੱਥੇ ਚੁਣੌਤੀਆਂ ਦੇ ਬਾਵਜੂਦ ਲੋਕਾਂ ਦੀ ਖ਼ਰੀਦ ਸ਼ਕਤੀ ਨੂੰ ਵਧਾਇਆ ਸੀ। ਉੱਥੇ ਹੀ ਬੀਜੇਪੀ ਦੀ ਸਰਕਾਰ ਵਿੱਚ ਘਰੇਲੂ ਬਚਤ ਪਿਛਲੇ 47 ਸਾਲ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਹੈ।

30 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਜੋ ਕਿ ਕਾਂਗਰਸ ਦੀ ਸਰਕਾਰ ਆਉਣ ਉੱਤੇ ਪ੍ਰਕਿਰਿਆ ਤਹਿਤ ਇਹ ਸਰਕਾਰੀ ਅਸਾਮੀਆਂ ਭਰੀਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ ਪਰਚੇ ਲੀਕ ਹੋਣ ਦੀਆਂ ਘਟਨਾਵਾਂ ਨੇ ਨੌਜਵਾਨਾਂ ਨੂੰ ਕਈ ਸਾਲਾਂ ਤੱਕ ਭਰਤੀ ਦੀ ਉਡੀਕ ਕਰਨ ਲਈ ਮਜਬੂਰ ਕੀਤਾ ਹੈ। ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਲਈ ਫਾਸਟ ਟਰੈਕ ਅਦਾਲਤਾਂ ਕਾਇਮ ਕੀਤੀਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ ਅਗਨੀਵੀਰ ਸਕੀਮ ਨੇ ਪੰਜਾਬ ਦੇ ਨੌਜਵਾਨਾਂ ਦੇ ਸੁਫ਼ਨਿਆਂ ਨਾਲ ਧੋਖਾ ਕੀਤਾ ਹੈ ਅਤੇ ਦੇਸ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਹੈ। ਇਸ ਲਈ ਕਾਂਗਰਸ ਨੇ ਇਸ ਸਕੀਮ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਯੂਪੀਏ ਕਾਰਜਕਾਲ ਦੌਰਾਨ ਪੰਜਾਬ ਲਈ ਕੀਤੇ ਕੰਮਾਂ ਦਾ ਵੀ ਜ਼ਿਕਰ ਕੀਤਾ ਹੈ। ਜਿਵੇਂ— ਅੰਮ੍ਰਿਤਸਰ-ਕੋਲਕਾਤਾ ਕੌਰੀਡੋਰ, ਬਠਿੰਡਾ ਦਾ ਤੇਲ ਸੋਧਕ ਕਾਰਖ਼ਾਨਾ, ਰੋਪੜ ਦੀ ਆਈਆਈਟੀ, ਪਟਿਆਲਾ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਅਤੇ ਖਟਕੜ ਕਲਾਂ ਵਿੱਚ ਭਗਤ ਸਿੰਘ ਦੀ ਯਾਦਗਾਰ।

ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦੀ ਤੀਜੀ ਸ਼ਤਾਬਦੀ ਮੌਕੇ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਵਿਕਾਸ ਲਈ ਗਰਾਂਟ ਜਾਰੀ ਕੀਤੀ ਗਈ।

ਡਾ. ਸਿੰਘ ਨੇ ਕਿਹਾ ਕਿ ਭਾਵੇਂ ਮੇਰੇ ਕਾਰਜਕਾਲ ਦੌਰਾਨ ਜ਼ਿਆਦਤਰ ਸਮਾਂ ਅਕਾਲੀ-ਭਾਜਪਾ ਸਰਕਾਰ ਸੀ ਫਿਰ ਵੀ ਸਹਿਯੋਗੀ- ਸੰਘਵਾਦ ਦੀ ਭਾਵਨਾ ਤਹਿਤ ਪੰਜਾਬ ਦੇ ਲੋਕਾਂ ਨੂੰ ਵਸੀਲਿਆਂ ਵਿੱਚੋਂ ਬਣਦਾ ਹੱਕ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।

ਉਨ੍ਹਾਂ ਨੇ ਅਪੀਲ ਕੀਤੀ ਕਿ ਹਾਲੀਆ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਸਭ ਤੋਂ ਜ਼ਹਿਰੀਲੀ ਕਿਸਮ ਦੇ ਨਫ਼ਰਤੀ ਭਾਸ਼ਣ ਦਿੱਤੇ ਹਨ, ਜੋ ਕਿ ਸਪਸ਼ਟ ਤੌਰ ਉੱਤੇ ਫੁੱਟ ਪਾਉਣ ਵਾਲੇ ਹਨ।

ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਜਨਤਕ ਸੰਵਾਦ ਦੇ ਮਾਣ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਖਿੱਚ ਨੂੰ ਗਿਰਾਇਆ ਹੈ।

ਪਹਿਲਾਂ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੇ ਇੰਨੀ ਨਫ਼ਰਤ ਨਾਲ ਭਰੀ ਹੋਈ, ਅਸੱਭਿਅਕ ਅਤੇ ਖਰ੍ਹਵੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਹੈ।

ਉਨ੍ਹਾਂ ਨੇ ਕੁਝ ਝੂਠੇ ਬਿਆਨ ਵੀ ਮੇਰੇ ਨਾਮ ਲਾਏ ਹਨ। ਮੈਂ ਆਪਣੇ ਜੀਵਨ ਵਿੱਚ ਕਦੇ ਵੀ ਇੱਕ ਭਾਈਚਾਰੇ ਨੂੰ ਦੂਜੇ ਤੋਂ ਵੱਖ ਨਹੀਂ ਕੀਤਾ। ਇਹ ਭਾਜਪਾ ਦਾ ਹੀ ਕਾਪੀ ਰਾਈਟ ਹੈ।

ਭਾਰਤ ਦੇ ਲੋਕ ਇਹ ਸਭ ਦੇਖ ਰਹੇ ਹਨ। ਅਣਇਨਸਾਨੀਕਰਨ ਦਾ ਇਹ ਸੰਵਾਦ ਹੁਣ ਆਪਣੇ ਸਿਖਰ ਨੂੰ ਪਹੁੰਚ ਚੁੱਕਿਆ ਹੈ। ਹੁਣ ਆਪਣੇ ਪਿਆਰੇ ਦੇਸ ਨੂੰ ਇਨ੍ਹਾਂ ਨਫ਼ਰਤ ਦੀਆਂ ਸ਼ਕਤੀਆਂ ਤੋਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।

ਉਨ੍ਹਾਂ ਨੇ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਭਾਰਤ ਵਿੱਚ ਪਿਆਰ, ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਨੂੰ ਇੱਕ ਮੌਕਾ ਦਿਓ। ਮੈਂ ਪੰਜਾਬ ਦੇ ਹਰੇਕ ਵੋਟਰ ਨੂੰ ਵਿਕਾਸ ਅਤੇ ਸ਼ਮੂਲੀਅਤ ਲਈ ਵੋਟ ਕਰਨ ਦੀ ਅਪੀਲ ਕਰਦਾ ਹਾਂ।”

ਉਨ੍ਹਾਂ ਨੇ ਅਖੀਰ ਵਿੱਚ ਅੱਲਾਮਾ ਇਕਬਾਲ ਦੇ ਸ਼ੇਅਰ ਨਾਲ ਆਪਣੇ ਸੰਦੇਸ਼ ਦਾ ਅੰਤ ਕੀਤਾ ਜੋ ਉਨ੍ਹਾਂ ਮੁਤਾਬਕ ਸਾਡੀ ਭਾਰਤ ਦੀ ਬਹੁਵਾਦੀ ਸੱਭਿਅਤਾ ਨੂੰ ਸ਼ਰਧਾਂਜਲੀ ਹੈ—

ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ , ਹਿੰਦ ਕੋ ਇੱਕ ਮਰਦੇ ਕਾਮਿਲ ਨੇ ਜਗਾਇਆ ਫਿਰ ਖ਼ਾਬ ਸੇ

ਦਮਦਾਰ ਦਾ ਮਤਲਬ ਪੰਜਾਬੀਆਂ ਤੋਂ ਵੱਧ ਕੌਣ ਜਾਣਦਾ ਹੈ- ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿੱਚ ਫਤਹਿ ਰੈਲੀ ਨੂੰ ਸੰਬੋਧਨ ਕੀਤਾ। ਪੇਸ਼ ਹਨ ਉਨ੍ਹਾਂ ਦੇ ਸੰਬੋਧਨ ਦੇ ਮੁੱਖ ਨੁਕਤੇ—

ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਜ਼ਿਆਦਾਤਰ ਹਿੱਸਾ ਦਲਿਤ ਅਤੇ ਸਿੱਖ ਭਾਈਚਾਰੇ ਨੂੰ ਸੰਬੋਧਿਤ ਰਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਦੇਸ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ ਅਤੇ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ।

ਹੁਣ ਜਦੋਂ ਪੰਜਾਬ ਜਾਂ ਹੋਰ ਸੂਬਿਆਂ ਤੋਂ ਲੋਕ ਬਾਹਰ ਜਾਂਦੇ ਹਨ ਤਾਂ ਦੇਖਦੇ ਹਨ ਕਿ ਵਿਦੇਸ਼ਾਂ ਵਿੱਚ ਭਾਰਤ ਦੀ ਇੱਜ਼ਤ ਕਿੰਨੀ ਵੱਧ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਦੇਸ ਵਿੱਚ ਇੱਕ ਪੂਰਨ ਬਹੁਮਤ ਦੀ ਦਮਦਾਰ ਸਰਕਾਰ ਹੋਵੇ। ਜਦੋਂ ਸਰਕਾਰ ਦਮਦਾਰ ਹੁੰਦੀ ਤਾਂ ਦੂਸਰੇ ਦੇਸ ਵੀ ਦੇਖਦੇ ਹਨ।

ਉਨ੍ਹਾਂ ਨੇ ਕਿਹਾ ਕਿ ਦਮਦਾਰ ਸ਼ਬਦ ਦਾ ਅਰਥ ਵੀਰਾਂ ਦੀ ਧਰਤੀ ਤੋਂ ਇਲਾਵਾ ਹੋਰ ਕੌਣ ਜਾਣੇਗਾ ਕਿ ਦਮਦਾਰ ਹੋਣ ਦਾ ਮਤਲਬ ਕੀ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਦਮਦਾਰ ਸਰਕਾਰ ਉਹ ਹੁੰਦੀ ਹੈ ਜੋ ਦੁਸ਼ਮਣ ਦੇ ਛੱਕੇ ਛੁਡਾ ਦੇਵੇ, ਜੋ ਦੁਸ਼ਮਣ ਦੇ ਘਰ ਵਿੱਚ ਘੁਸ ਕੇ ਮਾਰੇ, ਜੋ ਗਰੀਬ ਨੂੰ ਆਤਮ ਨਿਰਭਰ ਬਣਾਵੇ।

ਗਰੀਬ ਕਲਿਆਣ ਮੇਰੀ ਸਰਕਾਰ ਦੀ ਸਭ ਤੋਂ ਵੱਡੀ ਪਹਿਲਤਾ ਹੈ। ਇਸ ਵਿੱਚ ਗੁਰੂ ਰਵਿਦਾਸ ਜੀ ਸੋਚ ਹੈ।

ਪਿਛਲੇ ਦਸ ਸਾਲਾਂ ਦੌਰਾਨ ਅਸੀਂ ਗ਼ਰੀਬ ਪਰਿਵਾਰ ਨੂੰ ਮੁਫ਼ਤ ਅਨਾਜ ਦੀ ਸਹੂਲਤ ਦਿੱਤੀ ਹੈ।

ਅੱਜ ਗ਼ਰੀਬ ਮਹਿਲਾ ਨੂੰ ਆਪਣੀ ਬਿਮਾਰੀ ਲਕੋਣ ਦੀ ਲੋੜ ਨਹੀਂ ਹੈ। ਉਸ ਕੋਲ ਆਯੁਸ਼ਮਾਨ ਕਾਰਡ ਅਤੇ ਰਾਸ਼ਨ ਕਾਰਡ ਹਨ।

ਗੁਰੂ ਰਵਿਦਾਸ ਜੀ ਅਜਿਹਾ ਸਮਾਜ ਚਾਹੁੰਦੇ ਸਨ ਜਿੱਥੇ ਜਾਤੀ ਦੇ ਅਧਾਰ ਉੱਤੇ ਕਿਸੇ ਨਾਲ ਵਿਤਕਰਾ ਨਾ ਹੋਵੇ। ਉਨ੍ਹਾਂ ਨੇ ਭਗਤ ਰਵਿਦਾਸ ਜੀ ਦੀਆਂ ਪੰਕਤੀਆਂ ਦੇ ਵੀ ਹਵਾਲੇ ਦਿੱਤੇ।

ਉਸੇ ਸੋਚ ਮੁਤਾਬਕ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਬਿਨਾਂ ਭੇਦ-ਭਾਵ ਦੇ ਸਾਰਿਆਂ ਨੂੰ ਮਿਲ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਕਿਹੜੇ ਵੱਡੇ ਫੈਸਲੇ ਲੈਣੇ ਹਨ ਇਸਦੀ ਰੂਪ-ਰੇਖਾ ਖਿੱਚੀ ਜਾ ਚੁੱਕੀ ਹੈ। ਸਰਕਾਰ ਦੇ "ਪਹਿਲੇ ਸੌ ਦਿਨਾਂ ਵਿੱਚੋਂ 25 ਦਿਨ ਨੌਜਵਾਨਾਂ ਲਈ ਰੱਖੇ ਗਏ ਹਨ ਅਤੇ ਅਗਲੇ 25 ਸਾਲ ਦੇ ਵਿਜ਼ਨ ਨੂੰ ਸਾਹਮਣੇ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਾਸ਼ੀ ਆਉਣ ਅਤੇ ਵਾਲਮੀਕ ਜੀ ਦੇ ਸਥਾਨ ਦਾ ਵਿਕਾਸ ਦੇਖਣ ਦਾ ਸੱਦਾ ਦਿੱਤਾ, "ਕਾਸ਼ੀ ਵਿੱਚ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਿੱਚ ਸਹੂਲਤਾਂ ਵਧਾਈਆਂ ਜਾ ਰਹੀਆਂ ਹਨ। ਕੋਸ਼ਿਸ਼ ਹੈ ਕਿ ਜਦੋਂ ਤੁਸੀਂ ਉੱਥੇ ਆਓ ਤਾਂ ਤੁਹਾਨੂੰ ਕੋਈ ਤਕਲੀਫ਼ ਨਾ ਹੋਵੇ।

ਮੈਂ ਕਾਸ਼ੀ ਦਾ ਸਾਂਸਦ ਹਾਂ ਅਤੇ ਜਦੋਂ ਤੁਸੀਂ ਉੱਥੇ ਆਓਗੇ ਤਾਂ ਮੇਰੇ ਮਹਿਮਾਨ ਹੋਵੇਗੇ ਅਤੇ ਮੈਂ ਮਹਿਮਾਨ ਨਵਾਜ਼ੀ ਵਿੱਚ ਕੋਈ ਕਮੀ ਨਹੀਂ ਛੱਡਦਾ।"

"ਮੱਧ ਪ੍ਰਦੇਸ਼ ਵਿੱਚ ਵੀ ਗੁਰੂ ਰਵਿਦਾਸ ਜੀ ਦੇ ਸਮਾਰਕ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਵੀ ਮੈਨੂੰ ਮਿਲਿਆ।"

ਉਨ੍ਹਾਂ ਨੇ ਕਿਹਾ ਕਿ ਰਾਮ ਜਨਮ ਭੂਮੀ ਦੇ ਪਹਿਲੀ ਲੜਾਈ ਜੇ ਕਿਸੇ ਨੇ ਲੜੀ ਸੀ ਤਾਂ ਮੇਰੇ ਸਿੱਖ ਭਾਈ-ਭੈਣਾਂ ਨੇ ਲੜੀ ਸੀ, ਉਦੋਂ ਤੋਂ ਲੜਾਈ ਚੱਲੀ ਅਤੇ ਹੁਣ ਜਾ ਕੇ ਰਾਮ ਮੰਦਰ ਬਣਿਆ ਹੈ।

ਅਯੁੱਧਿਆ ਵਿੱਚ ਬਣਾਏ ਗਏ ਹਵਾਈ ਅੱਡੇ ਦਾ ਨਾਮ ਭਗਵਾਨ ਵਾਲਮੀਕ ਦੇ ਨਾਮ ਉੱਤੇ ਰੱਖਿਆ ਹੈ। ਮਤਲਬ ਕਿ ਜੇ ਰਾਮ ਕੋਲ ਜਾਣਾ ਹੈ ਤਾਂ ਵਾਲਮੀਕੀ ਜੀ ਦੇ ਕੋਲੋਂ ਹੋ ਕੇ ਜਾਣਾ ਪਵੇਗਾ।

ਇਸੇ ਤਰ੍ਹਾਂ ਮੇਰੀ ਇੱਛਾ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉੱਤੇ ਰੱਖਿਆ ਜਾਵੇ। ਸਰਕਾਰ ਵਿੱਚ ਆਉਣ ਤੋਂ ਬਾਅਦ ਇਸ ਦਿਸ਼ਾ ਵਿੱਚ ਤੇਜ਼ੀ ਨਾ ਕੰਮ ਕੀਤਾ ਜਾਵੇਗਾ।

ਅਫ਼ਗਾਨਿਸਤਾਨ ਵਿੱਚੋਂ ਸੰਕਟ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬੜੇ ਅਦਬ ਦੇ ਨਾਲ ਭਾਰਤ ਲੈ ਕੇ ਆਏ।

ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਕੇਰਲ ਦੇ ਬੱਚੇ ਨੂੰ ਪੱਛਮੀ ਬੰਗਾਲ ਦੇ ਬੱਚੇ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪਤਾ ਹੋਣਾ ਚਾਹੀਦਾ ਹੈ।

ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਤੋਂ ਮੁਕਤ ਕੀਤਾ, ਵਿਦੇਸ਼ੀ ਸ਼ਰਧਾਲੂ ਵੀ ਦਾਨ ਦੇ ਸਕਣ ਇਸ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ।

ਮੋਦੀ ਨੇ ਦਾਅਵਾ ਕੀਤਾ ਕਿ ਇਹ ਕਾਂਗਰਸ ਦੀ ਤੁਸ਼ਟੀਕਰਨ ਦੀ ਸਿਆਸਤ ਸੀ ਕਿ ਉਹ ਵੰਡ ਸਮੇਂ ਕਰਤਾਰਪੁਰ ਸਾਹਿਬ ਉੱਤੇ ਭਾਰਤ ਦਾ ਅਧਿਕਾਰ ਨਹੀਂ ਜਤਾ ਸਕੇ।

ਇੰਡੀ ਗਠਬੰਧਨ ਵਾਲੇ ਸੰਵਿਧਾਨ ਦਾ ਰੌਲਾ ਪਾ ਰਹੇ ਹਨ ਪਰ ਜਦੋਂ ਸਿੱਖ ਭਾਈਆਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ ਉਦੋਂ ਉਨ੍ਹਾਂ ਨੂੰ ਸੰਵਿਧਾਨ ਯਾਦ ਨਹੀਂ ਆਇਆ।

ਇਨ੍ਹਾਂ ਨੇ ਐਮਰਜੈਂਸੀ ਸਮੇਂ ਸੰਵਿਧਾਨ ਦਾ ਗਲਾ ਘੋਟ ਦਿੱਤਾ ਸੀ।

ਉਨ੍ਹਾਂ ਨੇ ਇੱਕ ਪਾਸੇ ਕਿਹਾ ਕਿ ਜਾਤੀ, ਧਰਮ ਆਦਿ ਦੇ ਨਾਮ ਉੱਤੇ ਰਾਖਵਾਂਕਰਨ ਹੋਣਾ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਦੂਜੇ ਪਾਸੇ ਉਨ੍ਹਾਂ ਨੇ ਕਿਹਾ, "ਮੋਦੀ ਨੇ ਸੰਕਲਪ ਲਿਆ ਹੈ ਕਿ ਉਹ ਦਲਿਤਾਂ ਅਤੇ ਪਿਛੜਿਆਂ, ਆਦੀਵਾਸੀਆਂ ਦਾ ਰਾਖਵਾਂਕਰਨ ਕਿਸੇ ਨੂੰ ਖੋਹਣ ਨਹੀਂ ਦੇਵੇਗਾ।"

"ਆਪਣੀ ਸਰਕਾਰ ਦੇ ਦਸ ਸਾਲਾਂ ਦੌਰਾਨ ਮੈਂ ਲਗਾਤਾਰ ਐੱਸਸੀ, ਐੱਸਟੀ, ਓਬੀਸੀ ਦੇ ਰਾਖਵੇਂਕਰਨ ਦੀ ਰਾਖੀ ਕੀਤੀ ਹੈ। ਕਾਂਗਰਸ ਤੇ ਇੰਡੀ ਗਠਜੋੜ ਵਾਲੇ ਮੇਰੀ ਇਸ ਕੋਸ਼ਿਸ਼ ਤੋਂ ਵੀ ਭੜਕੇ ਹੋਏ ਹਨ।"

"ਰਾਖਵੇਂਕਰਨ ਬਾਰੇ ਇਨ੍ਹਾਂ ਦੇ ਆਪਣੇ ਇਰਾਦੇ ਖ਼ਤਰਨਾਕ ਹਨ। ਇਨ੍ਹਾਂ ਦਾ ਟਰੈਕ ਰਿਕਾਰਡ ਰਾਖਵਾਂਕਰਨ ਖੋਹਣ ਦਾ ਰਿਹਾ ਹੈ।"

"ਸਰਕਾਰੀ ਨੌਕਰੀ ਵਿੱਚ, ਧਰਮ ਦੇ ਅਧਾਰ ਉੱਤੇ ਰਾਖਵਾਂਕਰਨ ਹੋਵੇ, ਖੇਡਾਂ ਵਿੱਚ, ਸਰਕਾਰੀ ਟੈਂਡਰ ਵਿੱਚ, ਧਰਮ ਦੇ ਅਧਾਰ ਉੱਤੇ ਰਾਖਵਾਂਕਰਨ ਹੋਵੇ। ਯੂਨੀਵਰਸਿਟੀ ਦੇ ਦਾਖਲੇ ਵਿੱਚ ਧਰਮ ਦੇ ਅਧਾਰ ਉੱਤੇ ਰਾਖਵਾਂਕਰਨ ਹੋਵੇ। ਇਹ ਸੰਵਿਧਾਨ ਦੀ ਭਾਵਨਾ ਦਾ, ਬਾਬਾ ਸਾਹਿਬ ਅੰਬੇਡਕਰ ਦੀ ਭਾਵਨਾ ਦਾ ਅਪਮਾਨ ਕਰ ਰਹੇ ਹਨ।"

"ਇਹ ਸਾਰਿਆਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹਨ। ਇਹ ਧਰਮ ਦੇ ਅਧਾਰ ਉੱਤੇ ਲੋਕਾਂ ਨੂੰ ਵੰਡਣਾ ਚਾਹੁੰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)