ਟਾਇਟਨ ਪਣਡੁੱਬੀ: ਗਹਿਰੇ ਸਮੁੰਦਰ ਅੰਦਰ ਰਿਕਾਰਡ ਬਣਾਉਣ ਲਈ ਰੂਬਿਕ ਕਿਊਬ ਲੈ ਗਿਆ ਸੀ ਸੁਲੇਮਾਨ

- ਲੇਖਕ, ਨੋਮੀਆ ਇਕਬਾਲ ਅਤੇ ਚੇਲਸੀ ਬੇਲੀ
- ਰੋਲ, ਬੀਬੀਸੀ ਨਿਊਜ਼
ਟਾਇਟਨ ਸਬਮਰਸੀਬਲ ਵਿੱਚ ਮਰਨ ਵਾਲਾ ਅੱਲ੍ਹੜ ਉਮਰ ਦਾ ਸੁਲੇਮਾਨ ਦਾਊਦ ਆਪਣਾ ਰੂਬਿਕ ਕਿਊਬ ਆਪਣੇ ਨਾਲ ਲੈ ਗਿਆ ਸੀ ਕਿਉਂਕਿ ਉਹ ਵਿਸ਼ਵ ਰਿਕਾਰਡ ਤੋੜਨਾ ਚਾਹੁੰਦਾ ਸੀ।
ਇਹ ਗੱਲ ਉਸ ਦੀ ਮਾਂ ਨੇ ਬੀਬੀਸੀ ਨੂੰ ਦੱਸੀ।
19 ਸਾਲਾ ਇਸ ਨੌਜਵਾਨ ਨੇ ਗਿਨੀਜ਼ ਵਰਲਡ ਰਿਕਾਰਡਜ਼ ਲਈ ਅਪਲਾਈ ਕੀਤਾ ਸੀ ਅਤੇ ਉਸ ਦੇ ਪਿਤਾ ਸ਼ਹਿਜ਼ਾਦਾ, ਜਿਨ੍ਹਾਂ ਦੀ ਵੀ ਮੌਤ ਹੋ ਗਈ, ਨੇ ਇਸ ਪਲ ਨੂੰ ਕੈਦ ਕਰਨ ਲਈ ਕੈਮਰਾ ਲਿਆਂਦਾ ਸੀ।
ਕ੍ਰਿਸਟੀਨ ਦਾਊਦ ਅਤੇ ਉਸ ਦੀ ਬੇਟੀ ਪਣਡੁੱਬੀ ਦੇ ਸਹਾਇਕ ਜਹਾਜ਼ ਪੋਲਰ ਪ੍ਰਿੰਸ ’ਤੇ ਸਵਾਰ ਸਨ, ਜਦੋਂ ਇਹ ਖ਼ਬਰ ਆਈ ਕਿ ਟਾਇਟਨ ਪਣਡੁੱਬੀ ਨਾਲ ਸੰਚਾਰ ਟੁੱਟ ਗਿਆ ਹੈ।
ਉਨ੍ਹਾਂ ਨੇ ਦੱਸਿਆ, ‘‘ਮੈਂ ਉਸ ਸਮੇਂ ਸਮਝ ਨਹੀਂ ਸਕੀ ਕਿ ਇਸ ਦਾ ਕੀ ਮਤਲਬ ਹੈ ਅਤੇ ਫਿਰ ਇਹ ਉੱਥੋਂ ਹੇਠਾਂ ਵੱਲ ਚਲਾ ਗਿਆ।’’

ਸੁਲੇਮਾਨ ਦੀ ਮਾਂ ਨੇ ਪਹਿਲੀ ਇੰਟਰਵਿਊ ’ਚ ਕੀ ਕਿਹਾ?
ਆਪਣੀ ਪਹਿਲੀ ਇੰਟਰਵਿਊ ਵਿੱਚ ਕ੍ਰਿਸਟੀਨ ਦਾਊਦ ਨੇ ਕਿਹਾ ਕਿ ਉਨ੍ਹਾਂ ਨੇ ਟਾਇਟੈਨਿਕ ਦੇ ਮਲਬੇ ਨੂੰ ਦੇਖਣ ਲਈ ਆਪਣੇ ਪਤੀ ਨਾਲ ਜਾਣ ਦੀ ਯੋਜਨਾ ਬਣਾਈ ਸੀ, ਪਰ ਕੋਵਿਡ ਮਹਾਂਮਾਰੀ ਦੇ ਕਾਰਨ ਇਹ ਯਾਤਰਾ ਰੱਦ ਕਰ ਦਿੱਤੀ ਗਈ ਸੀ।
ਉਨ੍ਹਾਂ ਨੇ ਅੱਗੇ ਦੱਸਿਆ, ‘‘ਫਿਰ ਮੈਂ ਪਿੱਛੇ ਹਟ ਗਈ ਅਤੇ ਉਨ੍ਹਾਂ ਨੂੰ [ਸੁਲੇਮਾਨ] ਨੂੰ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਉਹ ਅਸਲ ਵਿੱਚ ਜਾਣਾ ਚਾਹੁੰਦਾ ਸੀ।’’
ਸੁਲੇਮਾਨ ਅਤੇ ਉਨ੍ਹਾਂ ਦੇ ਪਿਤਾ ਸ਼ਹਿਜ਼ਾਦਾ ਦਾਊਦ ਦੇ ਨਾਲ ਤਿੰਨ ਹੋਰ ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।
ਇਨ੍ਹਾਂ ਵਿੱਚ ਟਾਇਟਨ ਦੇ ਮਾਲਕ ਓਸ਼ਨਗੇਟ ਦੇ 61 ਸਾਲਾ ਸੀਈਓ ਸਟਾਕਟਨ ਰਸ਼, 58 ਸਾਲਾ ਬ੍ਰਿਟਿਸ਼ ਬਿਜ਼ਨਸਮੈਨ ਹਾਮਿਸ਼ ਹਾਰਡਿੰਗ ਅਤੇ 77 ਸਾਲਾ ਪਾਲ-ਹੈਨਰੀ ਨਰਜੀਓਲੇਟ ਜੋ ਸਾਬਕਾ ਫ੍ਰੈਂਚ ਨੇਵੀ ਗੋਤਾਖੋਰ ਅਤੇ ਮਸ਼ਹੂਰ ਖੋਜੀ ਸ਼ਾਮਲ ਸਨ।
ਆਪਣੇ ਬੇਟੇ ਬਾਰੇ ਗੱਲ ਕਰਦੇ ਹੋਏ ਕ੍ਰਿਸਟੀਨ ਦਾਊਦ ਨੇ ਕਿਹਾ ਕਿ ਸੁਲੇਮਾਨ ਰੂਬਿਕ ਕਿਊਬ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਇਸ ਨੂੰ ਹਰ ਜਗ੍ਹਾ ਆਪਣੇ ਨਾਲ ਲੈ ਜਾਂਦਾ ਸੀ। ਉਹ 12 ਸਕਿੰਟਾਂ ਵਿੱਚ ਗੁੰਝਲਦਾਰ ਪਜ਼ਲ ਨੂੰ ਹੱਲ ਕਰਕੇ ਸਭ ਨੂੰ ਹੈਰਾਨ ਕਰ ਦਿੰਦਾ ਸੀ।
ਉਨ੍ਹਾਂ ਕਿਹਾ, ‘‘ਸੁਲੇਮਾਨ ਨੇ ਕਿਹਾ, ‘ਮੈਂ ਟਾਇਟੈਨਿਕ 'ਤੇ ਸਮੁੰਦਰ ਤੋਂ 3,700 ਮੀਟਰ ਹੇਠਾਂ ਰੂਬਿਕ ਕਿਊਬ ਨੂੰ ਹੱਲ ਕਰਨ ਜਾ ਰਿਹਾ ਹਾਂ।’’
ਪਰਿਵਾਰਕ ਮੈਂਬਰਾਂ ਦੀ ਜਗਿਆਸਾ ਤੇ ਰੀਝਾਂ
ਸੁਲੇਮਾਨ ਬ੍ਰਿਟੇਨ ਵਿੱਚ ਗਲਾਸਗੋ ਵਿੱਚ ਸਟ੍ਰੈਥਕਲਾਈਡ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਬਿਜ਼ਨਸਮੈਨ ਸ਼ਹਿਜ਼ਾਦਾ ਦਾਊਦ ਜੋ ਬ੍ਰਿਟਿਸ਼ ਸੀ, ਉਹ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਵਿੱਚੋਂ ਸੀ।
17 ਸਾਲਾ ਬੇਟੀ ਅਲੀਨਾ ਸਮੇਤ ਪਰਿਵਾਰ ਪਿਤਾ ਦਿਵਸ ’ਤੇ ਪੋਲਰ ਪ੍ਰਿੰਸ ’ਤੇ ਸਵਾਰ ਹੋਇਆ ਸੀ।
ਕ੍ਰਿਸਟੀਨ ਦਾਊਦ ਨੇ ਕਿਹਾ ਕਿ ਉਹ ਆਪਣੇ ਪਤੀ ਅਤੇ ਪੁੱਤਰ ਦੇ ਟਾਇਟਨ ਸਬਮਰਸੀਬਲ ’ਤੇ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਗਲੇ ਮਿਲੀ ਅਤੇ ਮਜ਼ਾਕ ਕੀਤਾ।

ਪਣਡੁੱਬੀ ਦੇ ਲਾਪਤਾ ਹੋਣ ਤੋਂ ਲੈ ਕੇ ਮਿਲਣ ਤੱਕ ਦੀਆਂ ਮੁੱਖ ਗੱਲਾਂ:
- 18 ਜੂਨ (ਐਤਵਾਰ) ਦੀ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਟਾਇਟਨ ਸਬਮਰਸੀਬਲ ਨਾਮ ਦੀ ਪਣਡੁੱਬੀ ਲਾਪਤਾ ਹੋ ਗਈ ਸੀ।
- ਇਹ ਪਣਡੁੱਬੀ ਮੱਧ ਅਟਲਾਂਟਿਕ ਮਹਾਸਾਗਰ ਵਿੱਚ ਸੈਲਾਨੀਆਂ ਨੂੰ ਟਾਇਟੈਨਿਕ ਦਾ ਮਲਬਾ ਦਿਖਾਉਣ ਗਈ ਸੀ।
- ਓਸ਼ੀਅਨਗੇਟ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਪਣਡੁੱਬੀ ਵਿੱਚ ਪਾਇਲਟ ਸਣੇ ਚਾਰ ਲੋਕ ਸਵਾਰ ਸਨ।
- ਯੁਐੱਸ ਕੋਸਟ ਗਾਰਡ ਮੁਤਾਬਕ ਮਹਾਸਾਗਰ ਵਿੱਚ ਜਾਣ ਦੇ ਪੌਣੇ ਦੋ ਘੰਟੇ ਬਾਅਦ ਪਣਡੁੱਬੀ ਨਾਲ ਰਾਬਤਾ ਟੁੱਟ ਗਿਆ ਸੀ।
- ਪਣਡੁੱਬੀ ਦੀ ਭਾਲ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਦਿਨ-ਰਾਤ ਕੋਸ਼ਿਸ਼ਾਂ ਵਿੱਚ ਲੱਗੀਆਂ ਰਹੀਆਂ।
- ਟਾਇਟੈਨੇਟਿਕ ਦੇ ਮਲਬੇ ਨੂੰ ਦੇਖਣ ਲਈ ਇਸ ਪਣਡੁੱਬੀ ਦਾ ਸਫ਼ਰ ਨਿਊਫਾਉਂਡਲੈਂਡ ਦੇ ਸੈਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ।
- ਮੌਜੂਦਾ ਸਮੇਂ ਅੱਠ ਦਿਨਾਂ ਦੇ ਟੂਰ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਹੈ।
- ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।
- ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।
- 22 ਜੂਨ (ਵੀਰਵਾਰ) ਨੂੰ ਯੂਐੱਸ ਕੋਸਟ ਗਾਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਣਡੁੱਬੀ ਦਾ ਮਲਬਾ ਮਿਲਿਆ ਹੈ ਅਤੇ ਇਸ ਵਿੱਚ ਸਵਾਰ ਪੰਜੇ ਲੋਕਾਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਨੇ ਕਿਹਾ, ‘‘ਮੈਂ ਉਨ੍ਹਾਂ ਲਈ ਬਹੁਤ ਖੁਸ਼ ਸੀ ਕਿਉਂਕਿ ਉਹ ਦੋਵੇਂ, ਅਸਲ ਵਿੱਚ ਬਹੁਤ ਲੰਬੇ ਸਮੇਂ ਤੋਂ ਅਜਿਹਾ ਕਰਨਾ ਚਾਹੁੰਦੇ ਸਨ।’’
ਕ੍ਰਿਸਟੀਨ ਦਾਊਦ ਨੇ ਆਪਣੇ ਪਤੀ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆ ਬਾਰੇ ਬਹੁਤ ਜਗਿਆਸੂ ਦੱਸਿਆ। ਇੱਕ ਅਜਿਹਾ ਵਿਅਕਤੀ ਜੋ ਰਾਤ ਦੇ ਖਾਣੇ ਤੋਂ ਬਾਅਦ ਪਰਿਵਾਰ ਨੂੰ ਦਸਤਾਵੇਜ਼ੀ ਫਿਲਮਾਂ ਦੇਖਣ ਲਈ ਮਜਬੂਰ ਕਰਦਾ ਸੀ।
ਜੈਸਿਕਾ ਪਾਰਕਰ ਨੇ ਪਤਾ ਲਗਾਇਆ ਕਿ ਟਾਇਟਨ ਸਬਮਰਸੀਬਲ ਦੀ ਖੋਜ ਕਿਵੇਂ ਹੋਈ ਅਤੇ ਇਸ ਦੇ ਵਿਨਾਸ਼ਕਾਰੀ ਨਤੀਜੇ ਕਿਵੇਂ ਸਾਹਮਣੇ ਆਏ।
ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਵਿੱਚ ਬੱਚਿਆਂ ਵਰਗੀ ਉਤੇਜਨਾ ਰੱਖਣ ਦੀ ਸਮਰੱਥਾ ਸੀ।’’
‘96 ਘੰਟਿਆਂ ਬਾਅਦ ਮੇਰੀ ਉਮੀਦ ਖਤਮ ਹੋ ਗਈ’
ਦਾਊਦ ਅਤੇ ਉਨ੍ਹਾਂ ਦੀ ਬੇਟੀ ਪੋਲਰ ਪ੍ਰਿੰਸ ’ਤੇ ਹੀ ਰਹੀਆਂ ਕਿਉਂਕਿ ਖੋਜ ਅਤੇ ਬਚਾਅ ਮਿਸ਼ਨ ਉਮੀਦ ਤੋਂ ਨਿਰਾਸ਼ਾ ਵੱਲ ਤਬਦੀਲ ਹੋ ਗਿਆ।
ਕ੍ਰਿਸਟੀਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ 96 ਘੰਟਿਆਂ ਦਾ ਸਮਾਂ ਪਾਰ ਕਰ ਲਿਆ ਤਾਂ ਮੇਰੀ ਉਮੀਦ ਖਤਮ ਹੋ ਗਈ।’’
ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਸੁਨੇਹਾ ਭੇਜਿਆ। ‘‘ਮੈਂ ਕਿਹਾ: ‘ਮੈਂ ਸਭ ਤੋਂ ਖਰਾਬ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀ ਕਰ ਰਹੀ ਹਾਂ।’ ਉਦੋਂ ਹੀ ਮੈਂ ਉਮੀਦ ਗੁਆ ਦਿੱਤੀ।’’
ਉਨ੍ਹਾਂ ਨੇ ਕਿਹਾ, ਅਲੀਨਾ ਨੇ ਥੋੜ੍ਹੀ ਦੇਰ ਤੱਕ ਸਬਰ ਰੱਖਿਆ, ‘‘ਉਸ ਨੇ ਕੋਸਟ ਗਾਰਡ ਦੇ ਫੋਨ ਆਉਣ ਤੱਕ ਉਮੀਦ ਨਹੀਂ ਛੱਡੀ ਸੀ। ਜਦੋਂ ਉਨ੍ਹਾਂ ਨੇ ਅਸਲ ਵਿੱਚ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਮਲਬਾ ਮਿਲਿਆ ਹੈ।’’
ਹੁਣ ਪਰਿਵਾਰ ਕੀ ਕਰੇਗਾ?
ਪਰਿਵਾਰ ਸ਼ਨਿਚਰਵਾਰ ਨੂੰ ਸੇਂਟ ਜੌਨਜ਼ ਵਾਪਸ ਪਰਤਿਆ ਅਤੇ ਐਤਵਾਰ ਨੂੰ ਸ਼ਹਿਜ਼ਾਦਾ ਅਤੇ ਸੁਲੇਮਾਨ ਲਈ ਅੰਤਿਮ ਅਰਦਾਸ ਕੀਤੀ ਗਈ।
ਕ੍ਰਿਸਟੀਨ ਦਾਊਦ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਈ ਕਿ ਇਮਾਮ ਨੇ ਮਾਰੇ ਗਏ ਸਾਰੇ ਪੰਜ ਵਿਅਕਤੀਆਂ ਲਈ ਪ੍ਰਾਰਥਨਾ ਕੀਤੀ।
ਕ੍ਰਿਸਟੀਨ ਦਾਊਦ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਬੇਟੀ ਸੁਲੇਮਾਨ ਦੇ ਸਨਮਾਨ ਵਿੱਚ ਰੂਬਿਕ ਕਿਊਬ ਨੂੰ ਪੂਰਾ ਕਰਨਾ ਸਿੱਖਣ ਦੀ ਕੋਸ਼ਿਸ਼ ਕਰਨਗੀਆਂ, ਅਤੇ ਉਹ ਆਪਣੇ ਪਤੀ ਦੇ ਕੰਮ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦੀ ਹੈ।
ਉਨ੍ਹਾਂ ਕਿਹਾ, ‘‘ਉਹ ਬਹੁਤ ਸਾਰੇ ਕਾਰਜਾਂ ਵਿੱਚ ਸ਼ਾਮਲ ਸਨ, ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਅਸਲ ਵਿੱਚ ਉਸ ਵਿਰਾਸਤ ਨੂੰ ਜਾਰੀ ਰੱਖਣਾ ਚਾਹੁੰਦੀ ਹਾਂ ਅਤੇ ਉਨ੍ਹਾਂ ਨੂੰ ਉਹ ਪਲੈਟਫਾਰਮ ਦੇਣਾ ਚਾਹੁੰਦੀ ਹਾਂ…ਇਹ ਮੇਰੀ ਬੇਟੀ ਲਈ ਵੀ ਬਹੁਤ ਮਹੱਤਵਪੂਰਨ ਹੈ।’’
ਕ੍ਰਿਸਟੀਨ ਦਾਊਦ ਨੇ ਦੁਖਾਂਤ ਦੀ ਚੱਲ ਰਹੀ ਜਾਂਚ ’ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਜਦੋਂ ਇਹ ਪੁੱਛਿਆ ਗਿਆ ਕਿ ਉਹ ਅਤੇ ਉਨ੍ਹਾਂ ਦੀ ਬੇਟੀ ਨੂੰ ਕਿਵੇਂ ਸਮਾਧਾਨ ਮਿਲੇਗਾ ਤਾਂ ਉਨ੍ਹਾਂ ਨੇ ਕਿਹਾ: ‘‘ਕੀ ਅਜਿਹੀ ਕੋਈ ਗੱਲ ਹੈ? ਮੈਨੂੰ ਨਹੀਂ ਪਤਾ।’’
ਉਨ੍ਹਾਂ ਨੇ ਗਹਿਰਾ ਸਾਹ ਲੈਂਦੇ ਹੋਏ ਕਿਹਾ, ‘‘ਮੈਨੂੰ ਉਨ੍ਹਾਂ ਦੀ ਯਾਦ ਆਉਂਦੀ ਹੈ। ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ।’’













