ਇੱਕ ਸਵੈ-ਐਲਾਨੇ ਬਾਬੇ 'ਤੇ ਇਲਜ਼ਾਮ, 'ਸ਼ਰਧਾਲੂਆਂ ਦੇ ਨਿੱਜੀ ਪਲਾਂ ਨੂੰ ਦੇਖਦਾ ਸੀ', ਜਾਣੋ ਕਿਵੇਂ ਇਹ ਸੰਭਵ ਹੁੰਦਾ ਸੀ

ਤਸਵੀਰ ਸਰੋਤ, UGC
ਮਹਾਰਾਸ਼ਟਰ ਵਿੱਚ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਉੱਤੇ ਇਲਜ਼ਾਮ ਹੈ ਕਿ ਉਹ ਬ੍ਰਹਮ ਸ਼ਕਤੀਆਂ ਹੋਣ ਦਾ ਦਾਅਵਾ ਕਰਕੇ ਸ਼ਰਧਾਲੂਆਂ ਨੂੰ ਆਪਣੇ ਕਥਿਤ ਧੋਖੇ ਦਾ ਸ਼ਿਕਾਰ ਬਣਾ ਰਿਹਾ ਸੀ।
ਪੁਲਿਸ ਮੁਤਾਬਕ ਇਹ ਵਿਅਕਤੀ ਆਪਣੇ ਸ਼ਰਧਾਲੂਆਂ ਦੇ ਮੋਬਾਈਲ ਫੋਨਾਂ 'ਤੇ ਇੱਕ ਐਪ ਡਾਊਨਲੋਡ ਕਰਦਾ ਸੀ। ਇਸ ਤੋਂ ਬਾਅਦ ਆਪਣੇ ਸ਼ਰਧਾਲੂਆਂ ਦੇ ਮੋਬਾਈਲ ਫ਼ੋਨ ਜ਼ਰੀਏ ਆਪਣੇ ਸ਼ਰਧਾਲੂਆਂ ਦੇ ਨਿੱਜੀ ਪਲਾਂ ਨੂੰ ਦੇਖਦਾ ਸੀ।
ਉਸ ਉੱਤੇ ਸ਼ਰਧਾਲੂਆਂ ਨੂੰ ਵੇਸਵਾਗਮਨੀ, ਅਨੈਤਿਕ ਜਿਨਸੀ ਸੰਬੰਧਾਂ ਅਤੇ ਹੋਰ ਅਸ਼ਲੀਲ ਕੰਮਾਂ ਵਿੱਚ ਵੀ ਸ਼ਾਮਲ ਹੋਣ ਲਈ ਮਜਬੂਰ ਕਰਨ ਦੇ ਇਲਜ਼ਾਮ ਹਨ।
ਹੁਣ ਇਸ ਵਿਅਕਤੀ ਨੂੰ ਪਿੰਪਰੀ ਚਿੰਚਵਾੜ ਸ਼ਹਿਰ ਦੀ ਬਾਵਧਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਵਿਅਕਤੀ ਦਾ ਨਾਮ ਪ੍ਰਸਾਦਦਾਦਾ ਉਰਫ਼ ਬਾਬਾ ਉਰਫ਼ ਪ੍ਰਸਾਦ ਭੀਮਰਾਓ ਤਾਮਦਾਰ ਹੈ।
29 ਸਾਲਾ ਪ੍ਰਸਾਦ ਇੱਕ ਅਧਿਆਤਮਿਕ ਗੁਰੂ ਹੋਣ ਦਾ ਦਾਅਵਾ ਕਰਦਾ ਸੀ। ਬਾਵਧਨ ਪੁਲਿਸ ਸਟੇਸ਼ਨ ਵਿੱਚ ਪ੍ਰਸਾਦ ਖ਼ਿਲਾਫ਼ ਇੱਕ ਹੈਰਾਨ ਕਰਨ ਵਾਲੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸਨੇ ਇੱਕ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਦਿੱਤੇ। ਇਸ ਸ਼ਿਕਾਇਤ ਤੋਂ ਬਾਅਦ, ਬਾਵਧਨ ਪੁਲਿਸ ਨੇ ਪ੍ਰਸਾਦ ਦਾਦਾ ਭੀਮਰਾਓ ਤਾਮਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਸਾਦ ਦਾਦਾ ਭੀਮਰਾਓ ਤਾਮਦਾਰ ਵੱਲੋਂ ਕਈ ਔਰਤਾਂ ਨਾਲ ਨਹਾਉਣ, ਉਨ੍ਹਾਂ ਨਾਲ ਅਜੀਬ ਨਾਚ ਕਰਨ ਦੇ ਕੁਝ ਵੀਡੀਓ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ।
ਇਸ ਬਾਰੇ ਹੋਰ ਜਾਣਕਾਰੀ ਡਿਪਟੀ ਕਮਿਸ਼ਨਰ ਆਫ਼ ਪੁਲਿਸ ਬਾਪੂ ਬਾਂਗਰ ਨੇ ਦਿੱਤੀ।
ਉਨ੍ਹਾਂ ਕਿਹਾ, "ਪ੍ਰਸਾਦ ਤਾਮਦਾਰ ਨੇ ਪੁਣੇ ਦੇ ਮੁਲਸ਼ੀ ਤਾਲੁਕਾ ਦੇ ਸੁਸਗਾਓਂ ਵਿੱਚ ਸਵਾਮੀ ਸਮਰਥ ਇਮਾਰਤ ਵਿੱਚ ਇੱਕ ਮੱਠ ਸਥਾਪਤ ਕੀਤਾ ਹੈ, ਜਿੱਥੇ ਉਸ ਉੱਤੇ ਪੁਰਸ਼ ਅਤੇ ਔਰਤ ਸ਼ਰਧਾਲੂਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦੇਣ ਦੇ ਇਲਜ਼ਾਮ ਲੱਗੇ ਹਨ।"
"ਪ੍ਰਸਾਦ ਤਾਮਦਾਰ ਆਪਣੇ ਆਪ ਨੂੰ ਬ੍ਰਹਮ ਸ਼ਕਤੀਆਂ ਵਾਲਾ ਅਧਿਆਤਮਿਕ ਗੁਰੂ ਹੋਣ ਦਾ ਦਾਅਵਾ ਕਰਦਾ ਹੈ, ਇਸ ਲਈ ਉਸ ਕੋਲ ਵੱਡੀ ਗਿਣਤੀ ਸ਼ਰਧਾਲੂ ਆਉਂਦੇ ਹਨ।"
ਬਾਂਗਰ ਨੇ ਕਿਹਾ, "ਹਾਲਾਂਕਿ, ਹੁਣ ਬਾਵਧਨ ਪੁਲਿਸ ਨੇ ਪ੍ਰਸਾਦ ਤਾਮਦਾਰ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 318 (4), 75 (1), ਮਹਾਰਾਸ਼ਟਰ ਮਨੁੱਖੀ ਬਲੀਦਾਨ ਅਤੇ ਹੋਰ ਅਣਮਨੁੱਖੀਤ ਤਸੀਹ ਦੇ ਕਾਨੂੰਨਾਂ ਅਤੇ ਅਘੋਰੀ ਅਭਿਆਸਾਂ ਅਤੇ ਜਾਦੂ-ਟੂਣੇ ਐਕਟ 2013 ਦੀ ਧਾਰਾ 3 ਅਤੇ ਭਾਰਤੀ ਤਕਨਾਲੋਜੀ ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕੀਤਾ ਹੈ।"
ਅਜਿਹੇ ਐਪਸ ਕਿਵੇਂ ਕੰਮ ਕਰਦੇ ਹਨ?

ਤਸਵੀਰ ਸਰੋਤ, UGC
ਰੋਹਨ ਇੱਕ ਸਾਈਬਰ ਫੋਰੈਂਸਿਕ ਮਾਹਰ ਹਨ ਅਤੇ ਡਿਜੀਟਲ ਟਾਸਕ ਫੋਰਸ ਦੇ ਡਾਇਰੈਕਟਰ ਹਨ।
ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਇਹ ਧੋਖਾਧੜੀ ਕਿਵੇਂ ਹੁੰਦੀ ਹੈ, ਇਸਦੇ ਲਈ ਕਿਹੜੇ ਤਰੀਕੇ ਵਰਤੇ ਜਾਂਦੇ ਹਨ ਅਤੇ ਇਸਦੇ ਵਿਰੁੱਧ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।
ਰੋਹਨ ਕਹਿੰਦੇ ਹਨ, "ਇਸ ਮਾਮਲੇ ਵਿੱਚ ਵਰਤਿਆ ਜਾਣ ਵਾਲਾ ਜਾਸੂਸੀ ਸਾਫਟਵੇਅਰ ਏਅਰਡ੍ਰਾਇਡ ਕਿਡ ਜਾਂ ਏਅਰਡ੍ਰਾਇਡ ਪੇਰੈਂਟਲ ਕੰਟਰੋਲ ਹੈ।"
"ਇਸਦੀ ਵਰਤੋਂ ਆਮ ਤੌਰ 'ਤੇ ਅਮਰੀਕਾ ਵਿੱਚ ਮਾਪਿਆਂ ਵੱਲੋਂ ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਇਸਦੀ ਦੁਰਵਰਤੋਂ ਹੋ ਰਹੀ ਹੈ।"
ਰੋਹਨ ਨੇ ਅੱਗੇ ਕਿਹਾ, "ਇਸਦੀ ਵਰਤੋਂ ਕਰਕੇ ਬਹੁਤ ਸਾਰੇ ਯੂਜ਼ਰਜ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਰਿਕਾਰਡਿੰਗ ਕੀਤੀ ਜਾਂਦੀ ਹੈ। ਕਿਉਂਕਿ ਹਾਲ ਹੀ ਵਿੱਚ ਮੋਬਾਈਲ ਫ਼ੋਨ ਦੀ ਵਰਤੋਂ ਵਧ ਗਈ ਹੈ।"
"ਇਸ ਲਈ, ਮੋਬਾਈਲ ਫ਼ੋਨ ਦਿਨ ਵਿੱਚ ਕਈ ਘੰਟੇ ਸਾਡੇ ਹੱਥਾਂ ਵਿੱਚ ਜਾਂ ਸਾਡੇ ਨੇੜੇ ਹੀ ਹੁੰਦਾ ਹੈ। ਕੁਦਰਤੀ ਤੌਰ 'ਤੇ, ਇਸ ਕਿਸਮ ਦਾ ਸਾਫਟਵੇਅਰ ਮੋਬਾਈਲ ਵਿੱਚ ਸਥਾਪਿਤ ਕੀਤਾ ਜਾਂਦਾ ਹੈ ਅਤੇ ਉਪਭੋਗਤਾ ਦੀ ਨਿਗਰਾਨੀ ਕੀਤੀ ਜਾਂਦੀ ਹੈ। ਉਸਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਜਾਂ ਰਿਕਾਰਡ ਕੀਤੀ ਜਾਂਦੀ ਹੈ।"
ਇਸ ਲੁਕਵੇਂ ਸਾਫਟਵੇਅਰ ਬਾਰੇ ਉਨ੍ਹਾਂ ਕਿਹਾ, "ਜੇਕਰ ਇਹ ਐਪਸ ਜਾਂ ਸਾਫਟਵੇਅਰ ਇੰਸਟਾਲ ਕੀਤੇ ਜਾਂਦੇ ਹਨ, ਤਾਂ ਇਹ ਲੁਕੇ ਹੀ ਰਹਿੰਦੇ ਹਨ।"
"ਮੋਬਾਈਲ ਵਿੱਚ ਹੋਰ ਐਪਸ ਦੇ ਉਲਟ, ਇਸਦਾ ਲੋਗੋ ਮੋਬਾਈਲ ਸਕਰੀਨ 'ਤੇ ਦਿਖਾਈ ਨਹੀਂ ਦਿੰਦਾ। ਇਹ ਇੱਕ ਤਰੀਕੇ ਨਾਲ ਲੁਕਿਆ ਹੁੰਦਾ ਹੈ।"
"ਇਸ ਲਈ, ਉਪਭੋਗਤਾ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਅਜਿਹਾ ਸਾਫਟਵੇਅਰ ਜਾਂ ਐਪ ਉਸਦੇ ਮੋਬਾਈਲ ਵਿੱਚ ਇੰਸਟਾਲ ਕੀਤਾ ਜਾ ਰਿਹਾ ਹੈ ਅਤੇ ਉਸਦੀ ਨਿਗਰਾਨੀ ਕੀਤੀ ਜਾ ਰਹੀ ਹੈ।"
ਆਪਣੇ ਮੋਬਾਈਲ ਫ਼ੋਨ ਨੂੰ ਸੁਰੱਖਿਅਤ ਕਿਵੇਂ ਕਰੀਏ?

ਤਸਵੀਰ ਸਰੋਤ, Getty Images
ਇਹ ਸਾਫਟਵੇਅਰ ਜਾਂ ਐਪ ਯੂਜ਼ਰ ਦੇ ਮੋਬਾਈਲ ਫ਼ੋਨ 'ਤੇ ਕਿਵੇਂ ਇੰਸਟਾਲ ਹੁੰਦਾ ਹੈ, ਇਸ ਬਾਰੇ ਰੋਹਨ ਨੇ ਦੱਸਿਆ, "ਇਹ ਸਾਫਟਵੇਅਰ ਮੋਬਾਈਲ 'ਤੇ ਦੋ ਤਰੀਕਿਆਂ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ। ਜਾਂ ਤਾਂ ਜੋ ਵਿਅਕਤੀ ਇਸ ਤਰੀਕੇ ਨਾਲ ਧੋਖਾ ਦੇਣਾ ਚਾਹੁੰਦਾ ਹੈ, ਉਹ ਕਿਸੇ ਤਰੀਕੇ ਨਾਲ ਯੂਜ਼ਰ ਦੇ ਮੋਬਾਈਲ ਫ਼ੋਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਸ ਵਿੱਚ ਸਾਫਟਵੇਅਰ ਨੂੰ ਇੰਸਟਾਲ ਕਰਦਾ ਹੈ।"
"ਜੇਕਰ ਮੋਬਾਈਲ ਐਂਡਰਾਇਡ ਹੈ, ਤਾਂ ਇਹ ਇੱਕ ਏਪੀਕੇ ਕਿਸਮ ਦੀ ਫ਼ਾਈਲ ਹੈ ਅਤੇ ਜੇਕਰ ਮੋਬਾਈਲ ਆਈਫ਼ੋਨ ਹੈ, ਤਾਂ ਇਹ ਇੱਕ ਆਈਪੀਏ ਫਾਈਲ ਹੈ।"
"ਇਹ ਫਾਈਲਾਂ ਪੈੱਨ ਡਰਾਈਵ ਦੀ ਵਰਤੋਂ ਕਰਕੇ ਮੋਬਾਈਲ ਵਿੱਚ ਰੱਖੀਆਂ ਜਾ ਸਕਦੀਆਂ ਹਨ।"
"ਇਹ ਸਭ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਸ ਸਾਫਟਵੇਅਰ ਨੂੰ ਇੰਸਟਾਲ ਕਰਨ ਦੀ ਪ੍ਰਕਿਰਿਆ ਸਿਰਫ ਇੱਕ ਤੋਂ ਡੇਢ ਮਿੰਟ ਵਿੱਚ ਪੂਰੀ ਹੋ ਜਾਂਦੀ ਹੈ। ਇਸ ਵਿੱਚ, ਮੋਬਾਈਲ 'ਤੇ ਕੋਈ ਹੋਰ ਐਪ ਇੰਸਟਾਲ ਕਰਦੇ ਸਮੇਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਇਜਾਜ਼ਤਾਂ ਜਿਵੇਂ ਕਿ ਕੈਮਰਾ, ਫ਼ੋਟੋ, ਸਥਾਨ, ਮਾਈਕ੍ਰੋਫੋਨ, ਸੰਪਰਕ, ਐੱਸਐਮੱਐੱਸ ਆਦਿ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਤਰੀਕੇ ਦੀ ਵਰਤੋਂ ਪੁਣੇ ਮਾਮਲੇ ਵਿੱਚ ਕੀਤੀ ਗਈ ਸੀ।"

ਰੋਹਨ ਨੇ ਦੱਸਿਆ, "ਇਸ ਤਰ੍ਹਾਂ ਦੇ ਸਾਫਟਵੇਅਰ ਜਾਂ ਐਪ ਨੂੰ ਮੋਬਾਈਲ 'ਤੇ ਇੰਸਟਾਲ ਕਰਨ ਦਾ ਇੱਕ ਹੋਰ ਤਰੀਕਾ ਰਿਮੋਟ ਇੰਸਟਾਲੇਸ਼ਨ ਹੈ। ਇਸ ਵਿੱਚ, ਸਾਈਬਰ ਕ੍ਰਾਈਮ ਵਾਂਗ, ਇਹ ਏਪੀਕੇ ਫਾਈਲਾਂ ਇੱਕ ਲਿੰਕ ਜਾਂ ਪੀਡੀਐੱਫ਼ ਵਿੱਚ ਇੰਸਟਾਲ ਕੀਤੀਆਂ ਜਾਂਦੀਆਂ ਹਨ।"
"ਜਦੋਂ ਉਪਭੋਗਤਾ ਉਸ ਲਿੰਕ ਜਾਂ ਫਾਈਲ ਨੂੰ ਖੋਲ੍ਹਦਾ ਹੈ, ਤਾਂ ਉਪਭੋਗਤਾ ਦੀ ਜਾਣਕਾਰੀ ਤੋਂ ਬਿਨ੍ਹਾਂ ਇਹ ਸਾਫਟਵੇਅਰ ਮੋਬਾਈਲ 'ਤੇ ਇੰਸਟਾਲ ਹੋ ਜਾਂਦਾ ਹੈ। ਹਾਲਾਂਕਿ, ਅਸਲ ਵਿੱਚ ਮੋਬਾਈਲ ਨੂੰ ਹੱਥ ਵਿੱਚ ਲੈ ਕੇ ਇਸ ਸਾਫਟਵੇਅਰ ਨੂੰ ਇੰਸਟਾਲ ਕਰਨ ਦੇ ਉਲਟ, ਸਾਰੀਆਂ ਇਜਾਜ਼ਤਾਂ ਰਿਮੋਟ ਇੰਸਟਾਲੇਸ਼ਨ ਰਾਹੀਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਉਸ ਸਥਿਤੀ ਵਿੱਚ ਸਿਰਫ਼ ਸੀਮਤ ਇਜਾਜ਼ਤਾਂ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।"
ਇਸ ਤਰ੍ਹਾਂ ਦੇ ਸਾਫਟਵੇਅਰ ਤੋਂ ਬਚਾਅ ਦੇ ਹੱਲ ਬਾਰੇ ਦੱਸਦੇ ਹੋਏ, ਰੋਹਨ ਨੇ ਕਿਹਾ, "ਇਸ ਤਰ੍ਹਾਂ ਦੇ ਸਾਫਟਵੇਅਰ ਜਾਂ ਐਪ ਤੋਂ ਬਚਾਅ ਦਾ ਸਭ ਤੋਂ ਵਧੀਆ ਹੱਲ ਮੋਬਾਈਲ ਵਿੱਚ ਐਂਟੀ-ਵਾਇਰਸ ਪਵਾਉਣਾ ਹੈ।"
"ਜਿਸ ਤਰ੍ਹਾਂ ਅਸੀਂ ਆਪਣੇ ਲੈਪਟਾਪ ਜਾਂ ਕੰਪਿਊਟਰ ਵਿੱਚ ਐਂਟੀ-ਵਾਇਰਸ ਪਵਾਉਂਦੇ ਹਾਂ, ਉਸੇ ਤਰ੍ਹਾਂ ਮੋਬਾਈਲਾਂ ਦੇ ਮਾਮਲੇ ਵਿੱਚ ਵੀ ਅਜਿਹਾ ਕਰਨ ਦੀ ਲੋੜ ਹੈ।"
ਇਸ ਮਾਮਲੇ ਨਾਲ ਸ਼ਰਧਾਲੂ ਹੈਰਾਨ ਰਹਿ ਗਏ

ਤਸਵੀਰ ਸਰੋਤ, Getty Images
ਪ੍ਰਸਾਦ ਤਾਮਦਾਰ ਦੇ ਪੁਣੇ ਅਤੇ ਮਹਾਰਾਸ਼ਟਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਨ ਜੋ ਉਨ੍ਹਾਂ ਦੀਆਂ ਕਰਾਮਾਤਾਂ ਵਿੱਚ ਵਿਸ਼ਵਾਸ ਰੱਖਦੇ ਹਨ। ਹਾਲਾਂਕਿ, ਬਾਬਾ ਦੇ ਅਸਲੀ ਪਖੰਡੀ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ, ਬਹੁਤ ਸਾਰੇ ਸ਼ਰਧਾਲੂ ਹੈਰਾਨ ਹਨ।
ਪੁਲਿਸ ਨੇ ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਭਵਿੱਖ ਵਿੱਚ, ਕੁਝ ਹੋਰ ਔਰਤ ਅਤੇ ਮਰਦ ਸ਼ਰਧਾਲੂ ਅੱਗੇ ਆ ਕੇ ਪ੍ਰਸਾਦ ਤਾਮਦਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣਗੇ।
ਔਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਸਮਾਜਿਕ ਕਾਰਕੁਨ ਸੰਗੀਤਾ ਤਿਵਾੜੀ 'ਤੇ ਗੁੱਸਾ ਪ੍ਰਗਟ ਕਰਦਿਆਂ ਕਿਹਾ, "ਆਸਾਰਾਮ ਬਾਬਾ ਅਤੇ ਰਾਮ ਰਹੀਮ ਬਾਬਾ ਵਰਗੇ ਲੋਕਾਂ ਦੇ ਹੈਰਾਨ ਕਰਨ ਵਾਲੇ ਕਾਰਨਾਮਿਆਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵੀ, ਸਾਡੀਆਂ ਔਰਤਾਂ ਇਨ੍ਹਾਂ ਪਖੰਡੀਆਂ ਦਾ ਸ਼ਿਕਾਰ ਕਿਉਂ ਹੁੰਦੀਆਂ ਹਨ?"
ਉਨ੍ਹਾਂ ਤਾਮਦਾਰ ਨੂੰ ਬਣਦੀ ਸਜ਼ਾ ਮਿਲਣ ਦੀ ਆਸ ਪ੍ਰਗਟ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












