ਅੰਮ੍ਰਿਤਸਰ ਸ਼ਰਾਬ ਕਾਂਡ: ਮੋਬਾਇਲ ਫੋਨ ਦੀ ਚੈਟ ਤੋਂ ਕਿਵੇਂ ਖੁੱਲ੍ਹਿਆ ਸ਼ਰਾਬ ਗਿਰੋਹ ਦਾ ਭੇਦ

ਕਵਲਜੀਤ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਪਿੰਡ ਮੜ੍ਹਡੀ ਕਲਾਂ ਦੇ ਰਹਿਣ ਵਾਲੇ ਸਰਬਜੀਤ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਪੰਜ ਧੀਆਂ ਹਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਪੁਲਿਸ ਦੀ ਬਾਰਡਰ ਰੇਜ਼ ਦੇ ਆਈਜੀ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਜੀਠਾ ਨਕਲੀ ਸ਼ਰਾਬ ਕਾਂਡ ਵਿੱਚ 16 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਮਾਮਲੇ ਵਿੱਚ 18 ਵਿਅਕਤੀ ਨਾਮਜ਼ਦ ਕੀਤੇ ਗਏ ਹਨ।

ਅੰਮ੍ਰਿਤਸਰ ਦੇ ਮਜੀਠਾ ਵਿੱਚ ਸੋਮਵਾਰ ਸ਼ਾਮ ਨੂੰ ਵੱਖ-ਵੱਖ ਪਿੰਡਾਂ ਦੇ 23 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ।

ਮੁੱਖ ਮੰਤਰੀ ਨੇ ਪੀੜਤਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਯੋਗਤਾ ਮੁਤਾਬਕ ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਕਰਨ ਦਾ ਐਲਾਨ ਵੀ ਕੀਤਾ ਹੈ।

ਪੰਜਾਬ ਪੁਲਿਸ ਦੀ ਬਾਰਡਰ ਰੇਜ਼ ਦੇ ਆਈਜੀ ਸਤਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਜਿਵੇਂ ਹੀ ਪੁਲਿਸ ਪ੍ਰਸਾਸ਼ਨ ਨੂੰ ਇਹ ਖ਼ਬਰ ਮਿਲੀ ਤਾਂ ਉਹ ਤੁਰੰਤ ਪਿੰਡਾਂ ਵਿੱਚ ਪਹੁੰਚੇ। ਪਿੰਡਾਂ ਵਿੱਚ ਅਨਾਊਂਮੈਂਟਾਂ ਕਰਵਾਈਆਂ ਗਈਆਂ ਕਿ ਜੇਕਰ ਕਿਸੇ ਨੇ ਦੇਸੀ ਦਾਰੂ ਲੈ ਕੇ ਪੀਤੀ ਹੈ ਤਾਂ ਉਹ ਤੁਰੰਤ ਸੰਪਰਕ ਕਰਨ।

ਇਸ ਤੋਂ ਬਾਅਦ ਕੁਝ ਲੋਕ ਸਾਹਮਣੇ ਵੀ ਆਏ ਅਤੇ ਬਿਮਾਰ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

ਇਸ ਮਾਮਲੇ ਬਾਰੇ ਮੁੱਢਲਾ ਸੁਰਾਗ ਮਿਲਣ ਤੋਂ ਬਾਅਦ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਵੇਰੇ 3-4 ਵਜੇ ਤੱਕ 5 ਤੋਂ 6 ਜਣਿਆਂ ਨੂੰ ਕਾਬੂ ਕਰ ਲਿਆ ਗਿਆ।

ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਮੁਲਜ਼ਮ ਮੀਥੇਨੌਲ ਨੂੰ ਔਨਲਾਇਨ ਖਰੀਦਦੇ ਸਨ। ਇਨ੍ਹਾਂ ਦਾ ਇੱਕ ਵੱਡਾ ਨੈੱਟਵਰਕ ਹੈ, ਪੁਲਿਸ ਜਿਸ ਦੀਆਂ ਜੜ੍ਹਾਂ ਲੱਭਣ ਵਿੱਚ ਜੁਟੀ ਹੋਈ ਹੈ।

ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਵੀ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤੇ ਗਏ ਮੀਥੇਨੌਲ ਨੂੰ ਔਨਲਾਇਨ ਖਰੀਦੇ ਜਾਣ ਦੀ ਪੁਸ਼ਟੀ ਕੀਤੀ ਹੈ।

ਸਤਿੰਦਰ ਸਿੰਘ
ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੀ ਬਾਰਡਰ ਰੇਜ਼ ਦੇ ਆਈਜੀ ਸਤਿੰਦਰ ਸਿੰਘ

ਮੋਬਾਇਲ ਫੋਨ ਤੋਂ ਖੁੱਲ੍ਹਿਆ ਸ਼ਰਾਬ ਗਿਰੋਹ ਦਾ ਭੇਦ

ਸਤਿੰਦਰ ਸਿੰਘ ਮੁਤਾਬਕ, ''ਮੈਥਨੌਲ ਪ੍ਰਭਜੀਤ ਸਿੰਘ ਅਤੇ ਉਸ ਦੇ ਭਰਾ ਨੂੰ ਸਾਹਿਬ ਸਿੰਘ ਨਾਂ ਦੇ ਵਿਅਕਤੀ ਨੇ ਸਪਲਾਈ ਕੀਤਾ ਸੀ। ਸਾਹਿਬ ਸਿੰਘ ਸਥਾਨਕ ਪਿੰਡ ਹਰਸ਼ਾਛੀਨਾ ਦਾ ਰਹਿਣ ਵਾਲਾ ਹੈ।''

ਸਤਿੰਦਰ ਸਿੰਘ ਮੁਤਾਬਕ ਪ੍ਰਭਜੀਤ ਸਿੰਘ ਨੂੰ ਜਿਵੇਂ ਹੀ ਕਾਂਡ ਦਾ ਪਤਾ ਲੱਗ ਉਹ ਫੋਨ ਬੰਦ ਕਰ ਕੇ ਇੱਧਰ -ਉੱਧਰ ਹੋ ਗਿਆ। ਪਰ ਪੁਲਿਸ ਨੇ ਮੰਗਲਵਾਰ ਸਵੇਰ ਤੱਕ ਉਸ ਨੂੰ ਵੀ ਕਾਬੂ ਕਰ ਲਿਆ।

ਸਤਿੰਦਰ ਸਿੰਘ ਨੇ ਦੱਸਿਆ, “ਸਾਹਿਬ ਸਿੰਘ ਦੇ ਫੋਨ ਤੋਂ ਪਤਾ ਲੱਗਿਆ ਕਿ ਉਸ ਨੇ ਲੁਧਿਆਣਾ ਦੀ ਇੱਕ ਫੈਕਟਰੀ ਤੋਂ ਔਨਲਾਇਨ ਆਰਡਰ ਕਰ ਕੇ 50 ਲੀਟਰ ਮੀਥੇਨੌਲ ਮੰਗਵਾਈ ਗਈ ਸੀ। ਇਸ ਨੂੰ ਬੱਸ ਵਿੱਚ ਰੱਖ ਕੇ ਮੰਗਵਾਇਆ ਗਿਆ ਸੀ।

ਇਸੇ ਤਰ੍ਹਾਂ ਦਿੱਲੀ ਤੋਂ 600 ਲੀਟਰ ਮੀਥੇਨੌਲ, ਦਿੱਲੀ ਦੀ ਭਾਰਤ ਹੈਵੀ ਕੈਮੀਕਲ ਨਾਂ ਦੀ ਕੰਪਨੀ ਨੂੰ ਔਨਲਾਈਨ ਆਰਡਰ ਕੀਤਾ ਸੀ ਜਿਸ ਲਈ 35000 ਰੁਪਏ ਔਨਲਾਇਨ ਅਦਾ ਕੀਤੇ ਗਏ ਸਨ।

ਇਸ ਤਰ੍ਹਾਂ ਪ੍ਰਭਜੀਤ ਅਤੇ ਸਾਹਿਬ ਸਿੰਘ ਦੇ ਫੋਨਾਂ ਦੀ ਚੈਟ ਹਿਸਟਰੀ ਨੇ ਪੁਲਿਸ ਦੀ ਜਾਂਚ ਦਾ ਰਾਹ ਸੁਖਾਲਾ ਕਰ ਦਿੱਤਾ।

ਗੌਰਵ ਯਾਦਵ

ਤਸਵੀਰ ਸਰੋਤ, @DGPPUNJABPOLICE

ਤਸਵੀਰ ਕੈਪਸ਼ਨ, ਪੰਜਾਬ ਦੇ ਡੀਜੀਪੀ ਗੌਰਵ ਯਾਦਵ (ਫਾਈਲ ਫੋਟੋ)

ਮੁਲਜ਼ਮਾਂ ਦਾ ਗਠਜੋੜ ਕਿਵੇਂ ਕੰਮ ਕਰਦਾ ਸੀ

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ, ਮੰਗਲਵਾਰ ਸ਼ਾਮ ਤੱਕ 16 ਜਣੇ ਗ੍ਰਿਫ਼ਤਾਰ ਕਰ ਗਏ ਸਨ।

ਇਨ੍ਹਾਂ ਕਥਿਤ ਮੁਲਜ਼ਮਾਂ ਦੀ ਪਛਾਣ ਸਾਹਿਬ ਸਿੰਘ, ਪੰਕਜ ਕੁਮਾਰ ਉਰਫ਼ ਸਾਹਿਲ, ਅਰਵਿੰਦ ਕੁਮਾਰ, ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਨਿੰਦਰ ਕੌਰ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ, ਸਿਕੰਦਰ ਸਿੰਘ ਉਰਫ਼ ਪੱਪੂ ਅਤੇ ਇੱਕ ਹੋਰ ਵਜੋਂ ਦੱਸੀ ਗਈ ਸੀ।

ਜਦਕਿ ਦਿੱਲੀ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਦੋ ਕਾਰੋਬਾਰੀਆਂ ਦੀ ਪਛਾਣ ਰਿਸ਼ਭ ਜੈਨ ਅਤੇ ਰਵਿੰਦਰ ਜੈਨ ਦੱਸੀ ਗਈ ਹੈ।

ਪੁਲਿਸ ਦਾ ਦਾਅਵਾ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਗਿਰੋਹ ਦਾ ਮੁੱਖ ਮੁਲਜ਼ਮ ਸਾਹਿਬ ਸਿੰਘ ਹੈ। ਸਾਹਿਬ ਸਿੰਘ ਉੱਤੇ ਇਲਜ਼ਾਮ ਹੈ ਕਿ ਉਸ ਨੇ ਔਨਲਾਇਨ ਮੀਥੇਨੌਲ ਦਾ ਆਰਡਰ ਕੀਤਾ ਸੀ। ਇਸੇ ਮੀਥੈਨੌਲ ਨੂੰ ਉਹ ਅੱਗੇ ਪ੍ਰਭਜੀਤ ਤੇ ਉਸ ਦੇ ਸਾਥੀਆਂ ਨੂੰ ਸ਼ਰਾਬ ਬਣਾਉਣ ਲਈ ਸਪਲਾਈ ਕਰਦਾ ਸੀ।

ਪੁਲਿਸ ਇਹ ਵੀ ਦਾਅਵਾ ਕਰਦੀ ਹੈ, ਮੀਥੇਨੌਲ ਦੇ ਕਥਿਤ ਮੁੱਖ ਸਪਲਾਈਕਰਤਾ ਦਾ ਪਛਾਣ ਪੰਕਜ ਕੁਮਾਰ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ।

ਪੁਲਿਸ ਜਾਂਚ ਮੁਤਾਬਕ ਸਾਹਿਬ ਸਿੰਘ ਨੇ ਕਥਿਤ ਤੌਰ ਉੱਤੇ ਪੰਕਜ ਕੁਮਾਰ ਅਤੇ ਅਰਵਿੰਦ ਤੋਂ ਔਨਲਾਇਨ ਆਰਡਰ ਰਾਹੀ ਮੰਗਵਾਈ, ਅੱਗੇ ਪ੍ਰਭਜੀਤ ਅਤੇ ਕੁਲਬੀਰ ਸਿੰਘ ਨੂੰ ਭੇਜੀ ਗਈ।

ਜਿਨ੍ਹਾਂ ਵਲੋਂ ਮਜੀਠਾ ਵਿੱਚ ਇਹ ਸ਼ਰਾਬ ਕਥਿਤ ਮੁਲਜ਼ਮ ਨਿੰਦਰ ਕੌਰ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ ਅਤੇ ਸਿਕੰਦਰ ਉਰਫ਼ ਪੱਪੂ ਨੂੰ ਸਪਲਾਈ ਕੀਤੀ ਗਈ। ਇਹ ਉਹ ਲੋਕ ਹਨ, ਜਿਨ੍ਹਾਂ ਤੋਂ ਪੀੜਤ ਲੋਕਾਂ ਨੇ ਸ਼ਰਾਬ ਖਰੀਦੀ ਸੀ।

ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਨਾਲ ਜੁੜੇ ਗਿਰੋਹ ਦੇ ਹੋਰ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ

ਕਿਵੇਂ ਮੰਗਵਾਈ ਜਾਂਦੀ ਸੀ ਮੀਥੇਨੌਲ

ਪੰਜਾਬ ਪੁਲਿਸ ਮੁਤਾਬਕ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਮੁਲਜ਼ਮਾਂ ਨੇ ਮੀਥੇਨੌਲ ਰਸਾਇਣ ਦਾ ਆਰਡਰ ਲੁਧਿਆਣਾ ਅਤੇ ਦਿੱਲੀ ਦੀਆਂ ਦੋ ਨਿੱਜੀ ਫ਼ਰਮਾਂ ਨੂੰ ਦਿੱਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਜੀਠਾ ਵਿੱਚ ਇਹੀ ਬਿਆਨ ਦਿੱਤਾ ਸੀ, "ਇਹ ਮਾਮਲੇ ਦੀਆਂ ਜੜ੍ਹਾਂ ਮਾਝੇ ਵਿੱਚ ਹਨ ਪਰ ਇਸ ਦੀਆਂ ਤਾਰਾਂ ਦਿੱਲੀ ਤੱਕ ਜੁੜਦੀਆਂ ਹਨ।"

ਪੰਜਾਬ ਪੁਲਿਸ ਦੀ ਜਾਂਚ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਆਰਡਰ ਕੀਤਾ ਮੀਥੇਨੌਲ ਮੁਲਜ਼ਮਾਂ ਨੂੰ ਮਿਲ ਗਿਆ ਸੀ। ਜਦਕਿ ਦਿੱਲੀ ਤੋਂ ਆਉਣ ਵਾਲਾ ਆਰਡਰ ਅਜੇ ਮੁਲਜ਼ਮਾਂ ਨੂੰ ਪ੍ਰਾਪਤ ਹੋਣਾ ਸੀ।

ਪੁਲਿਸ ਮੁਤਾਬਕ ਉਨ੍ਹਾਂ ਦੀ ਹੁਣ ਤੱਕ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਵਰਤੇ ਗਏ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਲੁਧਿਆਣਾ ਦੇ ਵਸਨੀਕ ਹਨ।

ਵੀਡੀਓ ਕੈਪਸ਼ਨ, ਅੰਮ੍ਰਿਤਸਰ ਦੇ ਮਜੀਠਾ ਵਿੱਚ ਸੋਮਵਾਰ ਰਾਤ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 23 ਮੌਤਾਂ ਹੋ ਗਈਆਂ
ਇਹ ਵੀ ਪੜ੍ਹੋ-

ਲੁਧਿਆਣਾ ਦੇ ਸਪਲਾਈਕਰਤਾ ਕੌਣ ਹਨ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੱਸਿਆ, "ਮੀਥੇਨੌਲ ਦੇ ਮੁੱਖ ਸਪਲਾਇਰਾਂ ਦੀ ਪਛਾਣ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਸੁੱਖ ਐਨਕਲੇਵ ਵਿਖੇ ਸਾਹਿਲ ਕੈਮੀਕਲਜ਼ ਦੇ ਮਾਲਕ ਹਨ।"

ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸਵੱਪਨ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੁਲਿਸ ਇਨ੍ਹਾਂ ਦੇ ਪੁਰਾਣੇ ਰਿਕਾਰਡ ਨੂੰ ਘੋਖ਼ ਰਹੀ ਹੈ, ਪਰ ਪੁਲਿਸ ਨੂੰ ਅਜੇ ਤੱਕ ਇਨ੍ਹਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸਥਾਨਕ ਡਿਸਟ੍ਰੀਬਿਊਟਰ ਪ੍ਰਭਜੀਤ ਸਿੰਘ ਨੂੰ ਕਥਿਤ ਮੁੱਖ ਸਰਗਨਾ ਸਾਹਿਬ ਸਿੰਘ ਤੋਂ 50 ਲੀਟਰ ਮੀਥੇਨੌਲ ਕੈਨ ਵਿੱਚ ਮਿਲਿਆ ਸੀ।

ਪੁਲਿਸ ਦੇ ਦਾਅਵੇ ਮੁਤਾਬਕ ਪੁੱਛਗਿੱਛ ਦੌਰਾਨ ਸਾਹਿਬ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਲੁਧਿਆਣਾ ਸਥਿਤ ਇੱਕ ਕੈਮੀਕਲ ਫਰਮ, ਸਾਹਿਲ ਕੈਮੀਕਲਜ਼ ਤੋਂ ਔਨਲਾਈਨ ਪਲੇਟਫਾਰਮ ਰਾਹੀਂ ਮੀਥੇਨੌਲ ਮੰਗਵਾਇਆ ਸੀ।

ਐੱਸਐੱਸਪੀ ਨੇ ਕਿਹਾ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦਿੱਲੀ ਦੀ ਫਰਮ ਤੋਂ ਵੀ ਸਾਹਿਬ ਸਿੰਘ ਦੁਆਰਾ ਮੀਥੇਨੌਲ ਆਰਡਰ ਕੀਤਾ ਗਿਆ ਸੀ ਅਤੇ ਮੀਥੇਨੌਲ ਦੀ ਇਹ ਖੇਪ ਅਜੇ ਪੰਜਾਬ ਪਹੁੰਚ ਰਹੀ ਸੀ।

ਐੱਸਐੱਸਪੀ ਅੰਮ੍ਰਿਤਸਰ ਮਨਿੰਦਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਐੱਸਐੱਸਪੀ ਅੰਮ੍ਰਿਤਸਰ ਮਨਿੰਦਰ ਸਿੰਘ

ਦਿੱਲੀ ਤੱਕ ਕਿਵੇਂ ਪਹੁੰਚੀ ਪੁਲਿਸ

ਮਜੀਠਾ ਸ਼ਰਾਬ ਕਾਂਡ ਦੀ ਹੋਈ ਮੁੱਢਲੀ ਜਾਂਚ ਤੋਂ ਬਾਅਦ ਅਗਲੇ ਅਤੇ ਪਿਛਲੇ ਬਿੰਦੂਆਂ ਨੂੰ ਜੋੜ ਕੇ ਪੰਜਾਬ ਪੁਲਿਸ ਦਿੱਲੀ ਤੱਕ ਜਾ ਪਹੁੰਚੀ।

ਬੁੱਧਵਾਰ ਨੂੰ ਡੀਜੀਪੀ ਗੌਰਵ ਯਾਦਵ ਨੇ ਦਿੱਲੀ ਤੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

ਆਪਣੇ ਟਵੀਟ ਰਾਹੀਂ ਗੌਰਵ ਯਾਦਵ ਨੇ ਦੱਸਿਆ, "ਸਾਹਿਬ ਸਿੰਘ ਦਾ ਦਿੱਲੀ ਵਿੱਚ ਰਿਸ਼ਭ ਜੈਨ ਨਾਲ ਸੰਪਰਕ ਸੀ, ਇਹ ਖੁਲਾਸਾ ਵਟਸਐਪ ਚੈਟ ਹਿਸਟਰੀ ਰਾਹੀਂ ਹੋਇਆ ਹੈ। ਇਹ ਸ਼ੱਕ ਹੈ ਸਾਹਿਬ ਸਿੰਘ ਨੂੰ ਨਕਲੀ ਸ਼ਰਾਬ ਬਣਾਉਣ ਲਈ ਰਸਾਇਣ ਜੈਨ ਤੋਂ ਹਾਸਲ ਹੋਇਆ ਸੀ।"

ਪੁਲਿਸ ਵਜੋਂ ਬੀਐੱਨਐੱਸ ਅਤੇ ਐਕਸਾਇਜ਼ ਐਕਟ ਤਹਿਤ ਐੱਫ਼ਆਈਆਰ ਦਰਜ ਕਰ ਕੇ ਰਿਸ਼ਭ ਜੈਨ ਅਤੇ ਉਨ੍ਹਾਂ ਦੇ ਪਿਤਾ ਰਵਿੰਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਡੀਜੀਪੀ ਮੁਤਾਬਕ ਇਹ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਮਨਜੀਤ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਮਾਰੇ ਗਏ ਜੋਗਿੰਦਰ ਸਿੰਘ ਦੀ ਭੈਣ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂਦੇ ਬੱਚਿਆਂ ਦਾ ਹੁਣ ਕੋਈ ਨਹੀਂ ਰਿਹਾ ਹੈ

ਪਟਿਆਲਾ ਵਿੱਚ ਮੀਥੇਨੌਲ ਦੀ ਬਰਾਮਦਗੀ ਹੋਈ

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਮੰਗਲਵਾਰ ਨੂੰ 600 ਲੀਟਰ ਮੀਥੇਨੌਲ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ।

ਪੁਲਿਸ ਨੇ ਦਾਅਵਾ ਕੀਤਾ ਕਿ ਇਸ ਜ਼ਬਤ ਦਾ ਅੰਮ੍ਰਿਤਸਰ ਦੇ ਮਜੀਠਾ ਵਿੱਚ ਵਾਪਰੀ ਜ਼ਹਿਰੀਲੀ ਸ਼ਰਾਬ ਕਾਂਡ ਨਾਲ ਸਿੱਧਾ ਸਬੰਧ ਹੋਣ ਦਾ ਸ਼ੱਕ ਹੈ।

ਪਟਿਆਲਾ ਐੱਸਐੱਸਪੀ ਵਰੁਣ ਸ਼ਰਮਾ ਬੀਬੀਸੀ ਨੂੰ ਦੱਸਿਆ, "ਮਜੀਠਾ ਵਿੱਚ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ, ਡੀਆਈਜੀ ਬਾਰਡਰ ਰੇਂਜ ਨੇ ਟਰਾਂਸਪੋਰਟ ਨਗਰ, ਦਿੱਲੀ ਤੋਂ ਪੰਜਾਬ ਆ ਰਹੇ ਮੀਥੇਨੌਲ ਦੀ ਸ਼ੱਕੀ ਖੇਪ ਬਾਰੇ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਸੀ।"

ਇਸ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਆਬਕਾਰੀ ਵਿਭਾਗ ਦੇ ਸਹਿਯੋਗ ਨਾਲ, ਟੇਪਲਾ ਨੇੜੇ ਟਰੱਕ ਨੰਬਰ ਪੀਬੀ 10 ਐੱਚ 1577 ਵਿੱਚ ਹੋਰ ਸਮਾਨ ਦੇ ਨਾਲ ਲੁਕੋਏ ਗਏ 600 ਲੀਟਰ ਮੀਥੇਨੌਲ ਵਾਲੇ ਤਿੰਨ ਡਰੰਮ ਬਰਾਮਦ ਕੀਤੇ।

ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਆਰੰਭ ਦਿੱਤੀ ਗਈ ਹੈ।

ਟਰੱਕ

ਤਸਵੀਰ ਸਰੋਤ, Punjab Police

ਪੁਲਿਸ ਅਧਿਕਾਰੀ ਅਤੇ ਅਫ਼ਸਰ ਮੁਅੱਤਲ

ਇਸ ਮਾਮਲੇ ਵਿੱਚ ਹੁਣ ਤੱਕ ਚਾਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ। ਜਿਨ੍ਹਾਂ ਵਿੱਚ ਪੁਲਿਸ ਦਾ ਡੀਐੱਸਪੀ ਅਤੇ ਇੱਕ ਈਟੀਓ ਸ਼ਾਮਲ ਹੈ।

ਡੀਜੀਪੀ ਨੇ ਦੱਸਿਆ ਕਿ ਡੀਐੱਸਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐੱਸਐੱਚਓ ਥਾਣਾ ਮਜੀਠਾ ਐੱਸਆਈ ਅਵਤਾਰ ਸਿੰਘ ਨੂੰ ਆਪਣੀਆਂ ਸਰਕਾਰੀ ਡਿਊਟੀਆਂ ਨਿਭਾਉਣ ਵਿੱਚ ਘੋਰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਕੇਸ ਦਰਜ ਕੀਤੇ ਹਨ। ਇੱਕ ਐੱਫਆਈਆਰ ਪੁਲਿਸ ਸਟੇਸ਼ਨ ਮਜੀਠਾ ਵਿਖੇ ਅਤੇ ਦੂਜੀ ਐੱਫਆਈਆਰ ਪੁਲਿਸ ਸਟੇਸ਼ਨ ਕੱਥੂਨੰਗਲ ਵਿਖੇ ਦਰਜ ਕੀਤੀ ਗਈ ਹੈ।

ਇਹ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀ ਧਾਰਾ 105 ਅਤੇ 103, ਆਬਕਾਰੀ ਐਕਟ ਦੀ ਧਾਰਾ 61ਏ ਅਤੇ ਐੱਸਸੀ/ਐੱਸਟੀ ਐਕਟ ਦੀ ਧਾਰਾ 3 ਦੇ ਤਹਿਤ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)