You’re viewing a text-only version of this website that uses less data. View the main version of the website including all images and videos.
'ਪਹਿਲਾਂ ਗੁਆਂਢੀਆਂ ਨਾਲ...ਤੇ ਹੁਣ ਦਰਿਆਵਾਂ ਨਾਲ ਵੈਰ ਪਾ ਬੈਠੇ ਹਾਂ' ਚੜ੍ਹਦੇ ਅਤੇ ਲਹਿੰਦੇ ਪੰਜਾਬ 'ਚ ਪਈ ਹੜ੍ਹਾਂ ਦੀ ਮਾਰ 'ਤੇ ਮੁਹੰਮਦ ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਤੁਸੀਂ ਦਰਿਆ ਅਤੇ ਬਾਦਸ਼ਾਹ ਦੀ ਕਹਾਣੀ ਤਾਂ ਸੁਣੀ ਹੋਵੇਗੀ ਜੇ ਨਹੀਂ ਸੁਣੀ ਤਾਂ ਸੁਣ ਲਓ। ਸਾਨੂੰ ਪਿਆਰੇ ਸੱਜਣ ਅਤੇ ਸਿੰਧੀ ਦੇ ਸੋਹਣੇ ਲੇਖਕ ਅਬਦੁੱਲ ਕਾਦਰ ਜੁਨੇਜਾ ਨੇ ਸੁਣਾਈ ਸੀ।
ਇੱਕ ਜ਼ਮਾਨੇ ਵਿੱਚ ਦਰਿਆ ਸਿੰਧ ਵਿੱਚ ਪਾਣੀ ਬਹੁਤ ਘੱਟ ਹੋ ਗਿਆ ਸੀ ਅਤੇ ਅਫ਼ਵਾਹ ਇਹ ਤੁਰ ਰਹੀ ਸੀ ਕਿ ਪੰਜਾਬ ਵਾਲੇ ਜ਼ਿਆਦਾ ਪਾਣੀ ਖਿੱਚੀ ਜਾ ਰਹੇ ਹਨ।
ਅਬਦੁੱਲ ਕਾਦਰ ਜੁਨੇਜਾ ਨੇ ਬੇੜੀ ਚਲਾਉਂਦੇ ਮੁਹਾਣੇ ਨੂੰ ਮਜ਼ਾਕ ਕੀਤਾ ਕਿ ਸੁਣਿਆ ਹੈ ਕਿ ਤੇਰੇ ਬਾਦਸ਼ਾਹ ਨੇ ਦਰਿਆ ਵੇਚ ਦਿੱਤਾ ਹੈ। ਹੁਣ ਤੇਰਾ ਕੀ ਬਣੇਗਾ, ਤੂੰ ਬੇੜੀ ਕਿੱਥੇ ਚਲਾਵੇਗਾ, ਮੱਛੀਆਂ ਕਿੱਥੋਂ ਫੜ੍ਹੇਗਾ?
ਉਸ ਨੇ ਅੱਗੋਂ ਹੱਸ ਕੇ ਕਿਹਾ ਕਿ ਬਾਦਸ਼ਾਹ ਦੀ ਕੀ ਮਜਾਲ ਕਿ ਦਰਿਆ ਦਾ ਸੌਦਾ ਕਰ ਸਕੇ।
ਇਸ ਦਰਿਆ ਤਾਂ ਪਤਾ ਨਹੀਂ ਹੁਣ ਤੱਕ ਕਿੰਨੇ ਬਾਦਸ਼ਾਹ ਵੇਚ ਚੁੱਕਿਆ ਹੈ। ਹੁਣ ਇੰਡੀਆ-ਪਾਕਿਸਤਾਨ ਵਿੱਚ ਤਕੜੇ ਬਾਦਸ਼ਾਹ ਬੈਠੇ ਹਨ। ਦੁਸ਼ਮਣੀ ਸਾਡੀ ਇੰਨੀ ਡਾਢੀ ਹੈ ਕਿ ਦੁਨੀਆਂ ਸਾਥੋਂ ਜ਼ਰਕਦੀ ਹੈ।
ਅਸੀਂ ਬਾਰਡਰ ਉੱਤੇ ਬਿਜਲੀ ਵਾਲੀਆਂ ਤਾਰਾਂ ਖਿੱਚ ਦਿੱਤੀਆਂ ਹਨ ਤਾਂ ਜੋ ਕੋਈ ਘੁਸਪੈਠੀਆ ਨਾ ਆ ਜਾਵੇ।
ਇਧਰੋਂ-ਉੱਧਰ ਕਬੂਤਰ ਚਲਾ ਜਾਵੇ ਤਾਂ ਉਸ ʼਤੇ ਵੀ ਪੁਲਿਸ ਦਾ ਕੇਸ ਬਣ ਜਾਂਦਾ ਹੈ। ਪਰ ਸਾਉਣ-ਭਾਦਰੋਂ ਦਾ ਮੀਂਹ ਪਿਆ ਹੈ, ਦਰਿਆਵਾਂ ਵਿੱਚ ਹੜ੍ਹ ਆਏ ਹਨ ਅਤੇ ਰਾਵੀ, ਜੇਹਲਮ, ਸਤਲੁੱਜ ਤੇ ਚੇਨਾਬ ਨੇ ਨਾ ਉਧਰੋਂ ਮੋਦੀ ਜੀ ਕੋਲੋਂ ਆਸ਼ੀਰਵਾਦ ਲਿਆ ਹੈ ਅਤੇ ਨਾ ਹੀ ਇਧਰੋਂ ਸਾਡੇ ਫੀਲਡ ਮਾਰਸ਼ਲ ਜਾਂ ਵਜ਼ੀਰ-ਏ-ਆਜ਼ਮ ਕੋਲੋਂ ਇਜਾਜ਼ਤ ਮੰਗੀ ਹੈ।
ਬਸ, ਆਪਣੇ-ਆਪਣੇ ਕਦੀਮੀ ਰਸਤਿਆਂ ਉੱਤੇ ਤੁਰ ਪਏ ਹਨ। ਨਾ ਕਿਸੇ ਕੋਲੋਂ ਵੀਜ਼ਾ ਮੰਗਿਆ ਹੈ ਅਤੇ ਨਾ ਹੀ ਰਸਤੇ ਵਿੱਚ ਇਹ ਵੇਖਿਆ ਹੈ ਕਿ ਇਹ ਪੌਸ਼ ਕੋਠੀਆਂ ਹਨ, ਇਨ੍ਹਾਂ ਨੂੰ ਛੱਡ ਦਿਓ ਜਾਂ ਇਹ ਗਰੀਬ ਦੀ ਝੁੱਗੀ ਹੈ ਇਸ ਨੂੰ ਬਖ਼ਸ਼ ਦਿਓ।
ਇੰਡੀਆ ਦਾ ਤਾਂ ਜ਼ਿਆਦਾ ਪਤਾ ਨਹੀਂ ਪਰ ਪਾਕਿਸਤਾਨ ਵਿੱਚ ਗੱਲ ਤੁਰੀ ਹੈ ਕਿ 78 ਸਾਲਾਂ ਵਿੱਚ ਜੇਕਰ ਇੱਥੇ ਕਿਸੇ ਨੇ ਜ਼ਮੀਨਾਂ ਦਾ ਕਬਜ਼ਾ ਛੁਡਾਇਆ ਹੈ ਤਾਂ ਉਹ ਬਸ ਦਰਿਆ ਰਾਵੀ ਹੈ।
ਬਾਦਸ਼ਾਹਾਂ ਨੇ ਕੀ ਦਰਿਆ ਵੇਚਣੇ ਅਤੇ ਕੀ ਖਰੀਦਣੇ ਹਨ। ਸਾਨੂੰ ਆਪ ਤਰੱਕੀ ਦਾ ਇੰਨਾ ਲਾਲਚ ਹੈ, ਮੈਨੂੰ ਵੀ ਤੇ ਤੁਹਾਨੂੰ ਵੀ। ਮੇਰੀ ਉਮਰ ਦੇ ਲੋਕਾਂ ਨੂੰ ਯਾਦ ਹੋਵੇਗਾ ਕਿ ਦਰਿਆਵਾਂ ਨਾਲ ਜੰਗਲ-ਬੇਲੇ ਹੁੰਦੇ ਸਨ। ਦਰਿਆਵਾਂ ਨੇ ਸਾਡੇ ਨਾਲ ਸਾਂਝ ਪਾਈ ਸੀ।
ਉੱਥੇ ਭਾਵੇਂ ਬੱਕਰੀਆਂ-ਮੱਝਾਂ ਚਰਾ ਲਓ, ਉੱਥੇ ਸੱਪ, ਨਿਓਲੇ ਤੇ ਡੱਡੂ ਵੀ ਕਿਲਕਾਰੀਆਂ ਮਾਰਦੇ ਸਨ। ਅਜਿਹੇ ਪਰਿੰਦੇ ਵੀ ਵਸਦੇ ਸਨ, ਜਿਨ੍ਹਾਂ ਦੇ ਹੁਣ ਸਾਨੂੰ ਨਾਮ ਵੀ ਯਾਦ ਨਹੀਂ। ਦਰਿਆ ਦਾ ਰਿਜ਼ਕ ਸਭ ਨੂੰ ਮਿਲਦਾ ਸੀ।
ਫਿਰ ਪਤਾ ਨਹੀਂ ਸਾਨੂੰ ਕਿਉਂ ਲੱਗਾ ਕਿ ਅਸੀਂ ਪਸ਼ੂਆਂ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਹਾਂ।
ਘਰ ਪੱਕਾ ਹੋਣਾ ਚਾਹੀਦਾ ਹੈ, ਨਾਲ ਡਰਾਇੰਗ, ਡਾਇਨਿੰਗ, ਅਟੈਚ ਬਾਥਰੂਮ, ਘਰ ਦੇ ਬਾਹਰ ਪੱਕੀ ਸੜਕ ਅਤੇ ਜੇ ਵੱਡੀ ਸੜਕ ʼਤੇ ਪਹੁੰਚੀਏ ਤਾਂ ਉੱਥੇ ਓਵਰਹੈੱਡ ਬ੍ਰਿਜ, ਕਿਹੜੇ ਦਰਿਆ ਤੇ ਕਿਹੜੀ ਸਾਂਝ।
ਮੈਨੂੰ ਬਚਪਨ ਦੀ ਗੱਲ ਯਾਦ ਹੈ ਕਿ ਕਿਸੇ ਚੌਧਰੀ ਨੇ ਆਪਣਾ ਪੱਕਾ ਘਰ ਬਣਾਇਆ ਅਤੇ ਉਸ ਵਿੱਚ ਟਾਇਲਟ ਵੀ।
ਇੱਕ ਬਜ਼ੁਰਗ ਕੋਲੋਂ ਰਿਹਾ ਨਾ ਗਿਆ, ਉਸ ਨੇ ਕਿਹਾ, ʼਕਹਿਰ ਖ਼ੁਦਾ ਦਾ ਇਹ ਕਿਹੜੀ ਤਰੱਕੀ ਹੋਣ ਲੱਗੀ ਹੈ ਕਿ ਛੱਤ ਥੱਲੇ ਖਾਂਦੇ-ਪਕਾਉਂਦੇ ਹੋ, ਉੱਥੇ ਹੀ ਹੁਣ ਤੁਸੀਂ ਹੱਗੋਗੇ ਵੀ।ʼ
ਸਾਡੀ ਪ੍ਰੋਗਰੈੱਸ ਦੀ ਜਾਂ ਤਰੱਕੀ ਦੀ ਤਾਂਘ ਮੁੱਕਣੀ ਸੀ ਨਾ ਮੁੱਕੀ ਸੀ। ਗ਼ਾਲਿਬ ਵੀ ਫਰਮਾ ਗਏ ਸਨ, ʼਘਰ ਮੇਂ ਥਾ ਕਯਾ ਕਿ ਤੇਰਾ ਗ਼ਮ ਉਸੇ ਗਾਰਤ ਕਰਤਾ, ਵੋ ਰੱਖਤੇ ਥੇ ਹਮ ਇੱਕ ਹਸਰਤ-ਏ-ਤਾਮੀਰ ਸੋ ਹੈʼ।
ਸੋ ਸਾਡੀ ਹਸਰਤ-ਏ-ਤਾਮੀਰ ਨਾ ਮੁੱਕੀ, ਨਾ ਮੁੱਕਣੀ ਸੀ। ਪਹਿਲਾਂ ਗੁਆਂਢੀ ਨਾਲ ਦੁਸ਼ਮਣੀ ਪਾਈ। ਹੁਣ ਦਰਿਆਵਾਂ ਨਾਲ ਵੈਰ ਪਾ ਬੈਠੇ ਹਾਂ।
ਪਾਕਿਸਤਾਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੰਡੀਆ ਨੇ ਪਾਣੀ ਬਹੁਤ ਛੱਡ ਦਿੱਤਾ ਹੈ। ਇਹ ਆਬੀ ਦਹਿਸ਼ਤਗਰਦੀ ਹੋ ਗਈ ਹੈ।
ਅਜੇ ਕੁਝ ਮਹੀਨੇ ਪਹਿਲਾਂ ਲੰਘੇ ਹਨ ਕਿ ਇੰਡੀਆ ਨੇ ਪਾਣੀ ਬੰਦ ਕਰਨ ਦੀ ਧਮਕੀ ਦਿੱਤੀ ਸੀ। ਇੱਥੇ ਲੋਕ ਮੀਮਜ਼ ਬਣਾ ਕੇ ਦਿਖਾ ਰਹੇ ਸਨ ਕਿ ਅਸੀਂ ਬਾਥਰੂਮਾਂ ਵਿੱਚ ਬੈਠੇ ਹਾਂ ਓਏ ਇੰਡੀਆ ਵਾਲਿਓਂ ਸਾਡਾ ਪਾਣੀ ਖੋਲ੍ਹ ਦਿਓ।
ਇੰਡੀਆ ਦੇ ਟੀਵੀ ਚੈਨਲ ʼਤੇ ਵੀ ਕਿਸੇ ਨੂੰ ਮੈਂ ਨਾਅਰੇ ਮਾਰਦੇ ਸੁਣਿਆ ਹੈ ਕਿ ਪਹਿਲਾਂ ਇਨ੍ਹਾਂ ਪਾਣੀ ਬੰਦ ਕਰ ਕੇ ਤੜਫਾਇਆ ਸੀ ਅਤੇ ਹੁਣ ਪਾਣੀ ਖੋਲ੍ਹ ਕੇ ਡੁਬੋ ਦਿਆਂਗੇ।
ਪਤਾ ਨਹੀਂ ਅਜੇ ਤੱਕ ਕਿਸੇ ਨੇ ਇਹ ਕਿਉਂ ਨਹੀਂ ਸੋਚਿਆ ਕਿ ਵੱਡੇ ਆਬੀ ਦਹਿਸ਼ਗਰਦ ਤੇ ਇਹ ਰਾਵੀ, ਜੇਹਲਮ, ਸਤਲੁਜ ਤੇ ਚੇਨਾਬ ਹਨ। ਇਨ੍ਹਾਂ ʼਤੇ ਕੇਸ ਬਣਾਓ, ਪਰਚੇ ਠੋਕੋ। ਇਨ੍ਹਾਂ ਮਗੂ ਠੱਪ ਦਿਓ, ਬਾਕੀ ਅਸੀਂ ਮਿਨਰਲ ਵਾਟਰ ਵਾਲੀਆਂ ਬੋਤਲਾਂ ਉੱਤੇ ਗੁਜ਼ਾਰਾ ਕਰ ਲਵਾਂਗੇ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ