ਬਾਈਡਨ ਨੇ ਯੂਕਰੇਨ ਨੂੰ ਅਮਰੀਕੀ ਮਿਜ਼ਾਈਲਾਂ ਰੂਸ ਖਿਲਾਫ਼ ਵਰਤਣ ਦੀ ਦਿੱਤੀ ਆਗਿਆ, ਕੀ ਟਰੰਪ ਲਈ ਬਣੇਗੀ ਚੁਣੌਤੀ

ਮਿਜ਼ਾਈਲ ਦਾਗੇ ਜਾਣ ਦਾ ਦ੍ਰਿਸ਼

ਤਸਵੀਰ ਸਰੋਤ, White Sands Missile Range

    • ਲੇਖਕ, ਪੌਲ ਐਡਮਸ
    • ਰੋਲ, ਬੀਬੀਸੀ ਡਿਪਲੋਮੈਟਿਕ ਪੱਤਰਕਾਰ, ਡਿਨੀਪਰੋ ਤੋਂ
    • ਲੇਖਕ, ਕੈਥਰੀਨ ਆਮਰਸਟਰਾਂਗ
    • ਰੋਲ, ਬੀਬੀਸੀ ਪੱਤਰਕਾਰ, ਲੰਡਨ ਤੋਂ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ਨੂੰ ਅਮਰੀਕਾ ਵੱਲੋਂ ਦਿੱਤੀਆਂ ਲੰਬੀ ਦੂਰੀਆਂ ਦੀਆਂ ਮਿਜ਼ਾਈਲਾਂ ਰੂਸ ਉੱਤੇ ਵਰਤਣ ਦੀ ਖੁੱਲ੍ਹ ਦੇ ਦਿੱਤੀ ਹੈ।

ਅਮਰੀਕਾ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਸੀ ਕੋਲ ਇੱਕ ਅਮਰੀਕੀ ਅਧਿਕਾਰੀ ਨੇ ਇਸ ਨੀਤੀਗਤ ਤਬਦੀਲੀ ਦੀ ਪੁਸ਼ਟੀ ਕੀਤੀ ਹੈ।

ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਗੁਹਾਰ ਲਾ ਰਹੇ ਸਨ ਕਿ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਮਿਜ਼ਾਈਲਾਂ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇ— ਤਾਂ ਜੋ ਯੂਕਰੇਨ ਆਪਣੀਆਂ ਸਰਹੱਦਾਂ ਤੋਂ ਬਾਹਰ ਹਮਲਾ ਕਰ ਸਕੇ।

ਐਤਵਾਰ ਨੂੰ ਜ਼ੇਲੈਂਸਕੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਦੇ ਐਲਾਨ ਨਹੀਂ ਕੀਤੇ ਜਾਂਦੇ, ਮਿਜ਼ਾਈਲਾਂ ਆਪਣੇ ਲਈ ਖ਼ੁਦ ਬੋਲਦੀਆਂ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸਾਂ ਨੂੰ ਅਜਿਹੀ ਕਿਸੇ ਕਾਰਵਾਈ ਦੇ ਖਿਲਾਫ਼ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਨੂੰ ਨਾਟੋ ਫੌਜੀ ਗਠਜੋੜ ਦੀ ਯੂਕਰੇਨ ਜੰਗ ਵਿੱਚ “ਸਿੱਧੀ ਸ਼ਮੂਲੀਅਤ” ਸਮਝਿਆ ਜਾਵੇਗਾ।

ਉਨ੍ਹਾਂ ਨੇ ਫਿਲਹਾਲ ਇਸ ਉੱਤੇ ਟਿੱਪਣੀ ਨਹੀਂ ਕੀਤੀ ਹੈ ਪਰ ਕਰੈਮਲਿਨ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਗੰਭੀਰ ਮਸਲਾ ਕਿਹਾ ਹੈ।

ਵਾਸ਼ਿੰਗਟਨ ਦਾ ਫੈਸਲਾ ਹਾਲਾਂਕਿ ਯੂਕਰੇਨ ਦੀ ਫੌਜ ਦੀ ਰੂਸ ਦੇ ਕੁਰਸਕ ਖੇਤਰ ਵਿੱਚ ਰੱਖਿਆ ਤੱਕ ਮਹਿਦੂਦ ਹੈ, ਜਿੱਥੇ ਯੂਕਰੇਨ ਨੇ ਅਗਸਤ ਵਿੱਚ ਅਚਾਨਕ ਹਮਲਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਾਈਡਨ ਪ੍ਰਸ਼ਾਸਨ ਤਾਂ ਸਗੋਂ ਯੂਕਰੇਨ ਨੂੰ ਭਰੋਸਾ ਦਵਾ ਰਿਹਾ ਹੈ ਕਿ ਰੂਸੀ ਖੇਤਰ ਦੇ ਇਸ ਛੋਟੇ ਜਿਹੇ ਟੁਕੜੇ ਉੱਤੇ ਕਬਜ਼ਾ ਕਾਇਮ ਰੱਖਣ ਵਿੱਚ ਉਸਦੀ ਪੂਰੀ ਮਦਦ ਕੀਤੀ ਜਾਵੇਗੀ। ਕਿਸੇ ਵੀ ਕਿਸਮ ਦੀ ਗੱਲਬਾਤ ਵਿੱਚ ਇਹ ਸੌਦੇਬਾਜ਼ੀ ਲਈ ਇੱਕ ਤਕੜਾ ਪੇਚ ਸਾਬਤ ਹੋ ਸਕਦੀ ਹੈ।

ਰਾਜਧਾਨੀ ਕੀਵ ਅਧਾਰਿਤ ਯੂਕਰੇਨੀਅਨ ਸਕਿਊਰਿਟੀ ਐਂਡ ਕੋਪਰੇਸ਼ਨ ਸੈਂਟਰ ਦੇ ਚੇਅਰਮੈਨ ਸਿਰੀਏ ਕੁਜ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਬਾਈਡਨ ਦਾ ਫ਼ੈਸਲਾ ਉਨ੍ਹਾਂ ਦੇ ਦੇਸ ਲਈ “ਬਹੁਤ ਮਹੱਤਵਪੂਰਨ” ਸੀ।

“ਇਸ ਨਾਲ ਲੜਾਈ ਦਾ ਰੁਖ ਨਹੀਂ ਬਦਲ ਜਾਵੇਗਾ ਪਰ ਮੈਨੂੰ ਲਗਦਾ ਹੈ ਇਹ ਸਾਡੀਆਂ ਫ਼ੌਜਾਂ ਨੂੰ ਹੋਰ ਬਰਾਬਰੀ ਉੱਤੇ ਲੈ ਆਵੇਗਾ।”

ਏਟੀਏਸੀਐੱਮਸੀ ਮਿਜ਼ਾਈਲਾਂ 300 ਕਿੱਲੋਮੀਟਰ ਤੱਕ ਪਹੁੰਚ ਸਕਦੀਆਂ ਹਨ। ਇੱਕ ਬੇਨਾਮ ਅਮਰੀਕੀ ਅਧਿਕਾਰੀ ਨੇ ਨਿਊ ਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਬਾਈਡਨ ਦਾ ਇਹ ਫੈਸਲਾ ਰੂਸ ਵੱਲੋਂ ਉੱਤਰ ਕੋਰੀਆਈ ਫੌਜੀਆਂ ਨੂੰ ਲੜਨ ਦੀ ਆਗਿਆ ਦੇਣ ਦੀ ਪ੍ਰਤੀਕਿਰਿਆ ਵਜੋਂ ਆਇਆ ਹੈ।

ਕੁਜ਼ਾਨ ਨੇ ਕਿਹਾ ਕਿ ਐਤਵਾਰ ਦਾ ਫੈਸਲਾ ਯੂਕਰੇਨ ਦੀਆਂ ਫੌਜਾਂ ਨੂੰ ਕੁਰਸਕ ਵਿੱਚੋਂ ਖਦੇੜਨ ਲਈ ਰੂਸੀ ਅਤੇ ਕੋਰੀਅਨ ਦਸਤਿਆਂ ਦੇ ਕਿਸੇ ਵੀ ਸੰਭਾਵਿਤ ਹਮਲੇ ਤੋਂ ਪਹਿਲਾਂ ਆਇਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਰੂਸੀ ਤੇ ਕੋਰੀਅਨ ਫੌਜਾਂ ਅਗਲੇ ਕੁਝ ਦਿਨਾਂ ਵਿੱਚ ਇਹ ਹਮਲਾ ਕਰ ਸਕਦੀਆਂ ਹਨ।

ਯੂਕਰੇਨ ਦੇ ਅੰਦਾਜ਼ੇ ਮੁਤਾਬਕ ਕੁਰਸਕ ਵਿੱਚ 11,000 ਉੱਤਰ ਕੋਰੀਆਈ ਸੈਨਿਕ ਹੋ ਸਕਦੇ ਹਨ।

ਰਾਸ਼ਟਰਪਤੀ ਬਾਈਡਨ ਨੇ ਫੈਸਲੇ ਨੇ ਆਖਰਕਾਰ ਬ੍ਰਿਟੇਨ ਅਤੇ ਫਰਾਂਸ ਨੂੰ ਵੀ ਆਪਣੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਦੀ ਖੁੱਲ੍ਹ ਦੇਣ ਲਈ ਰਸਤਾ ਖੋਲ੍ਹ ਦਿੱਤਾ ਹੈ।

ਹਾਲਾਂਕਿ ਅਜੇ ਤੱਕ ਨਾ ਹੀ ਬ੍ਰਿਟੇਨ ਅਤੇ ਨਾ ਫਰਾਂਸ ਨੇ ਬਾਈਡਨ ਦੇ ਫੈਸਲੇ ਬਾਰੇ ਕੁਝ ਕਿਹਾ ਹੈ।

ਵੋਲੋਦੀਮੀਰ ਜ਼ੇਲੈਂਸਕੀ ਤੇ ਜੋਅ ਬਾਈਡਨ

ਤਸਵੀਰ ਸਰੋਤ, EPA

ਪਿਛਲੇ ਮਹੀਨੇ ਹੀ ਜ਼ੇਲੈਂਸਕੀ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਅਮਰੀਕਾ ਵੱਲੋਂ ਦਿੱਤੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਯੂਕਰੇਨ ਦੇ ਪੂਰਬ ਵਿੱਚ ਰੂਸੀ ਟਿਕਾਣਿਆਂ ਉੱਤੇ ਕੀਤੀ ਹੈ।

ਯੂਕਰੇਨ ਕਈ ਮਹੀਨਿਆਂ ਤੋਂ ਪੂਰਬੀ ਦੋਨੇਤਸਕ ਵਿੱਚ ਪੋਕਰੋਵਸਕ ਸ਼ਹਿਰ (ਜੋ ਕਿ ਯੂਕਰੇਨ ਦੀ ਫੌਜ ਨੂੰ ਕੁਮਕ ਪਹੁੰਚਾਉਣ ਲਈ ਇੱਕ ਅਹਿਮ ਪੂਰਤੀ ਕੇਂਦਰ ਹੈ) ਵੱਲ ਵੱਧ ਰਹੀਆਂ ਰੂਸੀ ਫੌਜਾਂ ਨੂੰ ਠੱਲ੍ਹਣ ਲਈ ਸੰਘਰਸ਼ ਕਰ ਰਿਹਾ ਸੀ।

ਡੌਨਲਡ ਟਰੰਪ ਲਈ ਚੁਣੌਤੀ ਬਣ ਸਕਦਾ ਹੈ ਫ਼ੈਸਲਾ

ਰੂਸ ਨੇ ਯੂਕਰੇਨ ਖਿਲਾਫ਼ ਡਰੋਨ ਜਹਾਜ਼ਾਂ ਦੀ ਵਰਤੋਂ ਵਿੱਚ ਚੋਖਾ ਵਾਧਾ ਕੀਤਾ ਹੈ। ਯੂਕਰੇਨ ਦੇ ਜਨਰਲ ਸਟਾਫ਼ ਮੁਤਾਬਕ ਅਕਤੂਬਰ ਵਿੱਚ ਰੂਸ ਨੇ 2000 ਤੋਂ ਜ਼ਿਆਦਾ ਡਰੋਨ ਭੇਜੇ।

ਸ਼ਨੀਵਾਰ ਦੀ ਰਾਤ ਨੂੰ ਰੂਸ ਨੇ ਯੂਕਰੇਨ ਉੱਤੇ ਆਪਣਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਲਮੇਲ ਭਰਭੂਰ ਹਮਲਾ ਕੀਤਾ। ਜਿਸ ਵਿੱਚ ਘੱਟੋ-ਘੱਟ 10 ਜਣਿਆਂ ਦੀ ਜਾਨ ਗਈ। ਜ਼ੇਲੈਂਸਕੀ ਮੁਤਾਬਕ ਇਸ ਹਮਲੇ ਵਿੱਚ 120 ਮਿਜ਼ਾਈਲਾਂ ਦਾਗੀਆਂ ਅਤੇ 90 ਡਰੋਨ ਦਾਗੇ ਗਏ।

ਹਮਲੇ ਐਤਵਾਰ ਸ਼ਾਮ ਨੂੰ ਵੀ ਜਾਰੀ ਰਹੇ, ਰੂਸ ਦੀ ਸਰਹੱਦ ਨਾਲ ਲਗਦੇ ਸੁਮੀ ਖੇਤਰ ਵਿੱਚ ਅਧਿਕਾਰੀਆਂ ਨੇ ਇੱਕ ਰਿਹਾਇਸ਼ੀ ਇਮਾਰਤ ਉੱਤੇ ਮਿਜ਼ਾਈਲ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਅੱਠ ਹੋਰ ਮੌਤਾਂ ਦੀ ਜਾਣਕਾਰੀ ਦਿੱਤੀ ਹੈ।

ਰੂਸੀ ਅਧਿਕਾਰੀਆਂ ਨੇ ਐਤਵਾਰ ਦੀ ਰਾਤ ਨੂ੍ੰ ਬਰਾਇਨਸਕ ਦੇ ਸਰਹੱਦੀ ਇਲਾਕੇ ਵਿੱਚ ਇੱਕ ਡਰੋਨ ਹਮਲੇ ਦਾ ਜ਼ਿਕਰ ਕੀਤਾ ਪਰ ਕਿਹਾ ਕਿ ਉਨ੍ਹਾਂ ਨੇ 26 ਡਰੋਨ ਫੁੰਡੇ ਸਨ।

ਯੂਕਰੇਨ ਕਈ ਮਹੀਨਿਆਂ ਤੋਂ ਕਹਿ ਰਿਹਾ ਸੀ ਕਿ ਮਿੱਤਰ ਦੇਸਾਂ ਵੱਲੋਂ ਉਸ ਨੂੰ ਆਪਣੀ ਰੱਖਿਆ ਕਰਨ ਲਈ ਲੋੜੀਂਦਾ ਅਸਲਾ ਮੁਹੱਈਆ ਨਹੀਂ ਕਰਵਾਇਆ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੋ ਮਹੀਨਿਆਂ ਬਾਅਦ ਸੱਤਾ ਦੀਆਂ ਕੁੰਜੀਆਂ ਰਾਸ਼ਟਰਪਤੀ ਚੁਣੇ ਜਾ ਚੁੱਕੇ ਡੌਨਲਡ ਟਰੰਪ ਦੇ ਹੱਥ ਫੜਾ ਕੇ ਤੁਰਦੇ ਬਣਨਗੇ। ਉਹ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਇਮਦਾਦ ਨੂੰ ਤੇਜ਼ ਕਰਨ ਲਈ ਕਾਫ਼ੀ ਦੇਰ ਤੋਂ ਵਾਹ ਲਾ ਰਹੇ ਸਨ। ਇਸ ਫੈਸਲੇ ਨਾਲ ਬਾਈਡਨ ਦੇ ਉੱਤਰ-ਅਧਿਕਾਰੀ ਲਈ ਕੰਡੇ ਬੀਜੇ ਗਏ ਹਨ।

ਡੌਨਲਡ ਟਰੰਪ ਜਾਂ ਤਾਂ ਕਿਸੇ ਵੀ ਹੋਰ ਭਵਿੱਖੀ ਮਦਦ ਨੂੰ ਰੋਕ ਸਕਦੇ ਹਨ ਜਾਂ ਧੀਮਾ ਕਰ ਸਕਦੇ ਹਨ। ਉਹ ਯੂਕਰੇਨ ਨੂੰ ਜਾ ਰਹੀ ਮਦਦ ਨੂੰ ਅਮਰੀਕੀ ਵਸੀਲਿਆਂ ਨੂੰ ਖੋਰਾ ਦੱਸਦੇ ਹਨ। ਉਨ੍ਹਾਂ ਨੇ ਸੰਕੇਤ ਜੰਗ ਖ਼ਤਮ ਕਰਵਾਉਣ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਇਹ ਕਿਵੇਂ ਕਰਨਗੇ, ਇਸ ਬਾਰੇ ਉਨ੍ਹਾਂ ਨੇ ਕੋਈ ਚਾਨਣਾ ਨਹੀਂ ਪਾਇਆ ਹੈ।

ਅਮਰੀਕਾ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਉਣ ਵਿੱਚ ਸਭ ਤੋਂ ਮੋਹਰੀ ਰਿਹਾ ਹੈ। ਜਰਮਨੀ ਦੇ ਇੱਕ ਖੋਜ ਸੰਗਠਨ ਕੀਲ ਇੰਸਟਿਚਿਊਟ ਆਫ਼ ਵਰਲਡ ਇਕਾਨਮੀ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਜੂਨ 2024 ਤੱਕ ਅਮਰੀਕਾ ਨੇ ਜਾਂ ਤਾਂ ਯੂਕਰੇਨ ਨੂੰ 55.5 ਬਿਲੀਅਨ ਡਾਲਰ ਦੇ ਹਥਿਆਰ ਅਤੇ ਉਪਕਰਣ ਭੇਜੇ ਹਨ ਜਾਂ ਅਜਿਹੀ ਵਚਨ ਬੱਧਤਾ ਦਰਸਾਈ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)