ਪੰਜਾਬ ਦਾ ਕੱਪੜਾ ਉਦਯੋਗ ਘਾਟੇ ਵਿੱਚ ਕਿਉਂ ਜਾ ਰਿਹਾ ਹੈ, ਵੱਡੇ ਕਾਰੋਬਾਰੀ ਕਿਉਂ ਛੱਡ ਰਹੇ ਹਨ ਇਹ ਵਪਾਰ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦਾ ਕੱਪੜਾ ਉਦਯੋਗ ਪਿਛਲੇ ਲੰਬੇ ਸਮੇਂ ਤੋਂ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਇਸਦਾ ਨਿਰਯਾਤ ਘੱਟ ਰਿਹਾ ਹੈ।

ਕੇਂਦਰ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਇਸਦਾ ਨਿਰਯਾਤ 611.1 ਮਿਲੀਅਨ ਡਾਲਰ ਘਟਿਆ ਹੈ।

ਟੈਕਸਟਾਈਲ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2021-2022 ਵਿੱਚ ਪੰਜਾਬ ਤੋਂ 2,111.5 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ, ਜੋ ਸਾਲ 2022-23 ਦੌਰਾਨ ਘੱਟ ਕੇ 1,502.2 ਮਿਲੀਅਨ ਡਾਲਰ ਰਹਿ ਗਿਆ। ਸਾਲ 2023-24 ਦੌਰਾਨ ਪੰਜਾਬ ਤੋਂ 1,500.4 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ।

ਰਾਜ ਸਭਾ ਵਿੱਚ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਅੰਕੜੇ ਟੈਕਸਟਾਈਲ ਰਾਜ ਮੰਤਰੀ ਪਬਿਤਰਾ ਮਾਰਗਰੀਟਾ ਨੇ ਰਾਜ ਸਭਾ ਵਿੱਚ ਪੇਸ਼ ਕੀਤੇ।

ਪੰਜਾਬ ਦੇ ਕੱਪੜਾ ਉਦਯੋਗ ਦਾ ਮੁੱਖ ਕਾਰੋਬਾਰ ਲੁਧਿਆਣਾ ਸ਼ਹਿਰ ਤੋਂ ਚੱਲਦਾ ਹੈ, ਜਿਸਨੂੰ ਪੰਜਾਬ ਦਾ 'ਮੈਨਚੈਸਟਰ ਸਿਟੀ' ਵੀ ਕਿਹਾ ਜਾਂਦਾ ਹੈ।

ਵਪਾਰੀ ਕੱਪੜਾ ਕਾਰੋਬਾਰ ਤੋਂ ਪਿੱਛੇ ਹੱਟ ਰਹੇ ਹਨ

ਅਜੀਤ ਲਾਖੜਾ ਸੁਪਰਫਾਈਨ ਨਿਟਿਡ ਲਿਮੀਟਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਉਹ ਅਜਿਹੇ ਕਾਰੋਬਾਰੀਆਂ ਵਿੱਚ ਸ਼ੁਮਾਰ ਹਨ, ਜਿਹੜੇ ਪਿਛਲੇ ਕੁਝ ਸਮੇਂ ਦੌਰਾਨ ਨਿਰਯਾਤ ਦੇ ਕਾਰੋਬਾਰ ਤੋਂ ਪਿੱਛੇ ਹਟੇ ਹਨ।

ਉਨ੍ਹਾਂ ਨੇ ਦੱਸਿਆ ਕਿ, "ਕੱਪੜੇ ਦਾ ਕਾਰੋਬਾਰ ਅਸੀਂ 1980 ਵਿੱਚ ਸ਼ੁਰੂ ਕੀਤਾ ਸੀ ਪਰ ਨਿਰਯਾਤ ਦਾ ਕਾਰੋਬਾਰ ਅਸੀਂ 2009 ਵਿੱਚ ਸ਼ੁਰੂ ਕੀਤਾ। ਅਸੀਂ ਦੁਬਈ, ਇਜ਼ਰਾਇਲ, ਯੂਐੱਸਏ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਨਿਰਯਾਤ ਕਰਦੇ ਸੀ। ਜੋ ਕਰੋਨਾ ਤੋਂ ਬਾਅਦ ਬੰਦ ਕਰ ਦਿੱਤਾ।"

"ਕਰੋਨਾ ਕਾਲ ਦਾ ਨਿਰਯਾਤ ਦੇ ਕਾਰੋਬਾਰ ਉੱਤੇ ਬਹੁਤ ਮਾੜਾ ਪ੍ਰਭਾਵ ਪਿਆ। ਤਿਆਰ ਕੀਤਾ ਹੋਇਆ ਮਾਲ ਇੱਕ ਸਾਲ ਤੱਕ ਵਿਕਿਆ ਹੀ ਨਹੀਂ, ਉਸੇ ਤਰ੍ਹਾਂ ਪਿਆ ਰਿਹਾ।"

"ਇਸ ਕਰਕੇ ਸਾਨੂੰ ਨੁਕਸਾਨ ਹੋਇਆ ਅਤੇ ਸਾਨੂੰ ਨਿਰਯਾਤ ਦਾ ਕੰਮ ਬੰਦ ਕਰਨਾ ਪਿਆ। ਜੇਕਰ ਅਸੀਂ ਅਜਿਹਾ ਨਾ ਕਰਦੇ ਤਾਂ ਸਾਨੂੰ ਹੋਰ ਨੁਕਸਾਨ ਹੋਣਾ ਸੀ।"

ਨਿਰਯਾਤ ਘੱਟਣ ਦੇ ਹੋਰ ਕੀ ਕਾਰਨ ਹਨ?

ਕੱਪੜੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਅਤੇ ਮਾਹਰਾਂ ਨੇ ਪੰਜਾਬ ਤੋਂ ਨਿਰਯਾਤ ਘੱਟ ਹੋਣ ਦੇ ਕਈ ਕਾਰਨ ਦੱਸੇ ਹਨ।

ਉਨ੍ਹਾਂ ਦੱਸਿਆ ਕੀ ਨਿਰਯਾਤ ਘੱਟਣ ਦਾ ਮੁੱਖ ਕਾਰਨ ਕਈ ਵਿਕਾਸਸ਼ੀਲ ਦੇਸ਼ਾਂ, ਖ਼ਾਸ ਕਰਕੇ ਗੁਆਂਢੀ ਮੁਲਕਾਂ ਨੂੰ ਆਯਾਤ ਕਰ ਵਿੱਚ ਮਿਲੀਆਂ ਛੋਟਾਂ, ਕੱਪੜਾ ਬਣਾਉਣ ਦੀ ਲਾਗਤ ਵਿੱਚ ਵਾਧਾ ਅਤੇ ਪੰਜਾਬ ਤੋਂ ਬੰਦਰਗਾਹਾਂ ਦਾ ਦੂਰ ਹੋਣਾ ਹੈ।

ਇਹੀ ਕਾਰਨਾਂ ਕਰ ਕੇ ਪੰਜਾਬ ਦੇ ਕਈ ਕਾਰੋਬਾਰੀ ਸਿਰਫ਼ ਘਰੇਲੂ ਕਾਰੋਬਾਰ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਦੇ ਕਈ ਉਦਯੋਗ ਤਾਂ ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਚਲੇ ਗਏ ਹਨ।

ਅਜੀਤ ਲਾਖੜਾ ਦੱਸਦੇ ਹਨ ਕਿ , "ਪਹਿਲਾਂ ਕਰੋਨਾ ਦਾ ਅਸਰ ਪਿਆ,ਦੂਜਾ ਬੰਗਲਾਦੇਸ਼ ਅਤੇ ਚੀਨ ਤੋਂ ਤਿਆਰ ਹੋਇਆ ਮਾਲ ਸਾਡੇ ਤੋਂ ਸਸਤਾ ਵਿਕਦਾ ਹੈ।"

ਉਹ ਅਗਾਂਹ ਕਹਿੰਦੇ ਹਨ ਕਿ,"ਜਦੋਂ ਬੰਗਲਾਦੇਸ਼ ਤੋਂ ਤਿਆਰ ਹੋਇਆ ਕੱਪੜਾ ਯੂਰਪ ਜਾਂ ਹੋਰਨਾਂ ਦੇਸ਼ਾਂ ਵਿੱਚ ਜਾਂਦਾ ਹੈ ਤਾਂ ਉਸ ਉੱਤੇ ਆਯਾਤ ਡਿਊਟੀ ਨਹੀਂ ਲੱਗਦੀ। ਪਰ ਸਾਡੇ ਵੱਲੋਂ ਤਿਆਰ ਕੀਤੇ ਕੱਪੜੇ ਉੱਤੇ ਇਹ ਡਿਊਟੀ ਟੈਕਸ ਲੱਗਦਾ ਹੈ। ਜਿਸ ਨਾਲ ਸਾਡਾ ਕੱਪੜਾ ਮਹਿੰਗਾ ਹੋ ਜਾਂਦਾ ਹੈ। ਇਸ ਕਰਕੇ ਸਾਡਾ ਨਿਰਯਾਤ ਨਹੀਂ ਵਧਿਆ।

"ਅਸੀਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਹੋਰਾਂ ਦੇਸ਼ਾਂ ਨਾਲ ਫ੍ਰੀ ਟਰੇਡ ਐਗਰੀਮੈਂਟ (ਐੱਫਟੀਏ) ਸਾਈਨ ਕੀਤਾ ਜਾਵੇ ਤਾਂ ਜੋ ਕੱਪੜੇ ਦੇ ਨਿਰਯਾਤ ਨੂੰ ਹੁਲਾਰਾ ਮਿਲ ਸਕੇ।"

'ਗੁਆਂਢੀ ਮੁਲਕਾਂ ਨੂੰ ਆਯਾਤ ਕਰਾਂ 'ਚ ਮਿਲੀਆਂ ਛੋਟਾਂ ਪੰਜਾਬ 'ਤੇ ਭਾਰੀ'

ਵਰਲਡ ਐੱਮਐੱਸਐੱਮਈ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਕਈ ਦੇਸ਼ਾਂ ਨੂੰ ਆਯਾਤ ਕਰਾਂ ਵਿੱਚ ਛੋਟਾਂ ਮਿਲੀਆਂ ਹੋਈਆਂ ਹਨ, ਜਿਸਦਾ ਪੰਜਾਬ ਦੇ ਕਾਰੋਬਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਹੜੇ ਦੇਸ਼ ਵਿਕਾਸਸ਼ੀਲ ਹਨ, ਉਨ੍ਹਾਂ ਨੂੰ ਵਿਸ਼ਵ ਪੱਧਰ ਉੱਤੇ ਕਈ ਵਿਸ਼ੇਸ਼ ਅਧਿਕਾਰ ਹਾਸਲ ਹਨ। ਇਨ੍ਹਾਂ ਵਿੱਚੋਂ ਇੱਕ ਅਧਿਕਾਰ ਆਯਾਤ ਕਰ ਵਿੱਚ ਛੋਟ ਮਿਲਣਾ ਵੀ ਹੈ। ਜਦੋਂ ਇਹ ਦੇਸ਼ ਕਿਸੇ ਹੋਰ ਦੇਸ਼ ਵਿੱਚ ਨਿਰਯਾਤ ਕਰਦੇ ਹਨ ਤਾਂ ਆਯਾਤ ਕਰਨ ਵਾਲੇ ਕਾਰੋਬਾਰੀ ਨੂੰ ਆਯਾਤ ਕਰ ਨਹੀਂ ਦੇਣਾ ਪੈਂਦਾ।

ਇਸ ਕਰਕੇ ਅਜਿਹੇ ਦੇਸ਼ ਵਿੱਚੋਂ ਭੇਜਿਆ ਗਿਆ ਮਾਲ ਆਯਾਤ ਕਰਵਾਉਣ ਉਪਰੰਤ ਕਾਰੋਬਾਰੀਆਂ ਨੂੰ ਸਸਤਾ ਪੈਂਦਾ ਹੈ। ਜਦਕਿ ਭਾਰਤ ਦੇਸ਼ ਦੇ ਕਾਰੋਬਾਰੀਆਂ ਨੂੰ ਅਜਿਹੀ ਕੋਈ ਛੋਟ ਨਹੀਂ ਮਿਲੀ ਹੋਈ। ਅਜਿਹੇ ਵਿੱਚ ਭਾਰਤ ਦੇ ਕਾਰੋਬਾਰੀਆਂ ਵੱਲੋਂ ਤਿਆਰ ਕੀਤਾ ਕੱਪੜਾ ਮਹਿੰਗਾ ਵਿਕਦਾ ਹੈ।

ਉਨ੍ਹਾਂ ਕਿਹਾ, "ਸਾਡੇ ਗੁਆਂਢੀ ਮੁਲਕਾਂ ਨੂੰ ਆਯਾਤ ਕਰਾਂ ਵਿੱਚ ਮਿਲੀਆਂ ਛੋਟਾਂ ਵੀ ਪੰਜਾਬ ਦਾ ਨਿਰਯਾਤ ਘੱਟਣ ਦਾ ਕਾਰਨ ਹਨ।"

ਸੂਬੇ ਦੀ ਭੂਗੋਲਿਕ ਸਥਿਤੀ ਕਾਰਨ ਵੀ ਨੁਕਸਾਨ ਝੱਲਣਾ ਪੈ ਰਿਹਾ

ਬਦੀਸ਼ ਜਿੰਦਲ ਨੇ ਕਿਹਾ ਕਿ ਪੰਜਾਬ ਦਾ ਸੂਬਾ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਇਆ ਹੈ। ਇਸ ਨੂੰ ਕੋਈ ਵੀ ਸਮੁੰਦਰੀ ਤੱਟ ਜਾਂ ਬੰਦਰਗਾਹ ਨਹੀਂ ਲੱਗਦੀ।

ਉਨ੍ਹਾਂ ਕਿਹਾ, "ਪੰਜਾਬ ਦੇ ਕਾਰੋਬਾਰੀਆਂ ਨੂੰ ਸੂਬੇ ਦੀ ਭੂਗੋਲਿਕ ਸਥਿਤੀ ਕਾਰਨ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਬੰਦਰਗਾਹਾਂ ਪੰਜਾਬ ਤੋਂ ਦੂਰ ਹਨ। ਇਸ ਦੇ ਲਈ ਪੰਜਾਬ ਦੇ ਕਾਰੋਬਾਰੀਆਂ ਨੂੰ ਮਾਲ ਬੰਦਰਗਾਹਾਂ ਤੱਕ ਪਹੁੰਚਾਉਣ ਲਈ ਵੀ ਕਈ ਦਿੱਕਤਾਂ ਆਉਂਦੀਆਂ ਹਨ। ਉਨ੍ਹਾਂ ਦਾ ਮਾਲ ਜਦੋਂ ਬੰਦਰਗਾਹ ਤੱਕ ਪਹੁੰਚਦਾ ਹੈ ਤਾਂ ਆਵਾਜਾਈ ਖ਼ਰਚਾ ਵਾਧੂ ਪੈਂਦਾ ਹੈ।"

ਨਿਟਵੀਅਰ ਐਪਰਲ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੇਜੀ ਐਕਸਪੋਰਟਰਜ਼ ਦੇ ਮਾਲਕ ਹਰੀਸ਼ ਕੁਮਾਰ ਦੂਆ ਨੇ ਵੀ ਇਸ ਮਾਮਲੇ 'ਤੇ ਬੀਬੀਸੀ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਕਿਹਾ, "ਲੁਧਿਆਣਾ ਤੋਂ ਬਹੁਤ ਸਾਰਾ ਕਾਰੋਬਾਰ ਤ੍ਰਿਪੁਰਾ ਚਲਾ ਗਿਆ। ਇੱਕ ਤਾਂ ਉੱਥੇ ਲੇਬਰ ਸਸਤੀ ਹੈ, ਦੂਜਾ ਉਹ ਬੰਦਰਗਾਹ ਦੇ ਨੇੜੇ ਹੈ। ਇਸੇ ਕਾਰਨ ਉੱਥੇ ਕਈ ਉਦਯੋਗ ਚੱਲੇ ਗਏ ਹਨ।"

"ਪੰਜਾਬ ਦੀ ਲੇਬਰ ਵੀ ਦੇਸ਼ ਤੋਂ ਬਾਹਰ ਪਰਵਾਸ ਕਰ ਗਈ ਹੈ। ਅਸੀਂ ਬੰਦਰਗਾਹ ਤੋਂ ਵੀ ਦੂਰ ਹਾਂ। ਇਸ ਤੋਂ ਇਲਾਵਾ ਪੰਜਾਬ ਦਾ ਕੱਪੜਾ ਕਾਰੋਬਾਰ ਦੇਸ਼ ਵਿੱਚ ਵੀ ਮੁਕਾਬਲੇਬਾਜ਼ੀ ਵਿੱਚ ਆ ਗਿਆ ਕਿਉਂਕਿ ਹੁਣ ਕਈ ਹੋਰ ਸ਼ਹਿਰਾਂ ਵਿੱਚ ਵੀ ਕੱਪੜੇ ਦਾ ਕਾਰੋਬਾਰ ਹੁੰਦਾ ਹੈ ਅਤੇ ਇਹ ਸ਼ਹਿਰ ਬੰਦਰਗਾਹ ਦੇ ਨੇੜੇ ਹਨ।"

ਲਾਗਤ ਵਿੱਚ ਵਾਧਾ ਅਤੇ ਹੋਰ ਕਾਰਨ

ਬਦੀਸ਼ ਜਿੰਦਲ ਨੇ ਦੱਸਿਆ ਕਿ ਪੰਜਾਬ ਦਾ ਨਿਰਯਾਤ ਘੱਟਣ ਦੇ ਹੋਰ ਵੀ ਕਈ ਕਾਰਨ ਹਨ।

ਉਹ ਕਹਿੰਦੇ ਹਨ, "ਇੱਕ ਤਾਂ ਇੱਥੋਂ ਦੀ ਸਰਕਾਰ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿਹੜੀਆਂ ਵੀ ਨਵੀਆਂ ਨੀਤੀਆਂ ਆ ਰਹੀਆਂ ਹਨ ਜਾਂ ਰਾਹਤਾਂ ਮਿਲ ਰਹੀਆਂ ਹਨ, ਉਹ ਨਵੇਂ ਉਦਯੋਗਾਂ ਵਾਸਤੇ ਹਨ। ਪੁਰਾਣੇ ਉਦਯੋਗਾਂ ਵਾਸਤੇ ਬਿਜਲੀ ਮਹਿੰਗੀ ਹੈ ਅਤੇ ਨਵਿਆਂ ਵਾਸਤੇ ਸਸਤੀ ਹੈ।"

“ਮਾਲ ਖਰੀਦਣ ਵਾਲੇ ਬਹੁਤ ਅਨੁਸ਼ਾਸਿਤ ਹਨ। ਉਨ੍ਹਾਂ ਨੂੰ ਆਪਣਾ ਆਰਡਰ ਕੀਤਾ ਮਾਲ ਸਮੇਂ ਸਿਰ ਚਾਹੀਦਾ ਹੁੰਦਾ ਹੈ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਇਸ ਲਈ ਧਰਨੇ ਵੀ ਨਿਰਯਾਤ ਘੱਟਣ ਦਾ ਇੱਕ ਕਾਰਨ ਹੈ।"

ਉਨ੍ਹਾਂ ਅੱਗੇ ਕਿਹਾ, "ਪੰਜਾਬ ਵਿੱਚ ਲੇਬਰ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਗੁਆਂਢੀ ਮੁਲਕਾਂ ਤੋਂ ਮਹਿੰਗੀ ਹੈ। ਜਿਸ ਨਾਲ ਇੱਥੇ ਲਾਗਤ (ਕੱਪੜਾ ਤਿਆਰ ਕਰਨ ਉੱਤੇ) ਵੱਧ ਆਉਂਦੀ ਹੈ।"

ਕਾਰੋਬਾਰੀਆਂ ਨੇ ਕੀ ਮੰਗ ਕੀਤੀ

ਬਦੀਸ਼ ਜਿੰਦਲ ਨੇ ਕਿਹਾ ਕਿ ਪੰਜਾਬ ਨੂੰ ਇਸ ਦੀ ਭੂਗੋਲਿਕ ਸਥਿਤੀ ਦਾ ਨੁਕਸਾਨ ਹੋਣ ਕਾਰਨ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਕਾਰੋਬਾਰੀਆਂ ਨੂੰ ਮਾਲ ਦੀ ਢੋਆ-ਢੁਆਈ ਦੀ ਲਾਗਤ ਉੱਤੇ ਸਬਸਿਡੀ ਦਿੱਤੀ ਜਾਵੇ।

ਉਨ੍ਹਾਂ ਇਹ ਵੀ ਕਿਹਾ ਕੀ ਕੇਂਦਰ ਸਰਕਾਰ ਨੂੰ ਹੋਰਨਾਂ ਦੇਸ਼ਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਕਰਨੇ ਚਾਹੀਦੇ ਹਨ ਤਾਂ ਜੋ ਕਾਰੋਬਾਰੀਆਂ ਨੂੰ ਨਿਰਯਾਤ ਕਰਨ ਵਿੱਚ ਆਸਾਨੀ ਹੋ ਸਕੇ।

ਅਜੀਤ ਲਾਖੜਾ ਨੇ ਵੀ ਲੰਬਿਤ ਪਏ ਫ੍ਰੀ ਟ੍ਰੇਡ ਐਗਰੀਮੈਂਟਸ ਨੂੰ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)