ਪੰਜਾਬ ਬਜਟ 2024: ਕੋਈ ਨਵਾਂ ਟੈਕਸ ਨਹੀਂ, ਨਾ ਹੀ ਕੋਈ ਵੱਡਾ ਐਲਾਨ, ਬਜਟ ’ਚ ਕੀ ਨਿਕਲਿਆ

ਤਸਵੀਰ ਸਰੋਤ, punjab Govt.
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਪੰਜਾਬ ਦਾ ਬਜਟ ਪੇਸ਼ ਕਰ ਰਹੇ ਹਨ। ਇਹ ਆਮ ਆਦਮੀ ਪਾਰਟੀ ਦਾ ਤੀਜਾ ਬਜਟ ਹੈ।
ਹਰਪਾਲ ਸਿੰਘ ਚੀਮਾ ਨੇ ਬਜਟ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ਕਿ 'ਆਪ' ਸਰਕਾਰ ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਗਏ ਵਾਅਦਿਆਂ ਅਨੁਸਾਰ, "ਸੂਬੇ ਦੇ ਮਾਲਈ ਨੂੰ ਮਜ਼ਬੂਤ ਕਰਨ ਵਿੱਚ ਸਫ਼ਲ ਹੋਏ ਹਨ।"
ਉਨ੍ਹਾਂ ਨੇ ਅੱਗੇ ਕਿਹਾ ਕਿ ਸੂਬੇ ਦੇ ਆਪਣੇ ਟੈਕਸ ਮਾਲੀਏ ਵਿੱਚ ਸਾਲਾਨਾ ਵਿਕਾਸ ਦਰ 13 ਫੀਸਦ ਹੈ ਜਦ ਕਿ 2012-17 ਦੌਰਾਨ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) 8 ਫੀਸਦ ਅਤੇ 2017-22 ਵਿੱਚ ਇਹ ਦਰ 6 ਫੀਸਦ ਸੀ।
ਚੀਮਾ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਸਟੈਟਿਸਟਿਕਸ ਵੱਲੋਂ ਪ੍ਰਦਾਨ ਕੀਤੇ ਗਏ ਅਗਾਊਂ ਅਨੁਮਾਨਾਂ ਮੁਤਾਬਕ, ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ 9.41 ਫੀਸਦ ਹੈ ਅਤੇ ਜੀਐੱਸਡੀਪੀ 7,36,423 ਕਰੋੜ ਰੁਪਏ 'ਤੇ ਹੈ। ਵਿੱਤੀ ਸਾਲ 2024-25 ਲਈ ਜੀਐੱਸਡੀਪੀ 9 ਫੀਸਦ ਵਾਧੇ ਨਾਲ 8,02,701 ਕਰੋੜ ਰੁਪਏ ਅਨੁਮਾਨੀ ਗਈ ਹੈ।
ਹਰਪਾਲ ਸਿੰਘ ਚੀਮਾ ਨੇ 2024-25 ਲਈ, ਕੁੱਲ 2,04,918 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ।

ਤਸਵੀਰ ਸਰੋਤ, Getty Images
ਖੇਤੀਬਾੜੀ ਅਤੇ ਕਿਸਾਨ ਭਲਾਈ
- ਅਗਲੇ ਸਾਲ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 13,784 ਕਰੋੜ ਰੁਪਏ ਦੀ ਤਜਵੀਜ਼ ਕੀਤੀ ਜਾਂਦੀ ਹੈ।
- ਫ਼ਸਲੀ ਵਿਭਿੰਨਤਾ ਦੀਆਂ ਵੱਖ-ਵੱਖ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੀ ਵੰਡ ਦਾ ਤਜਵੀਜ਼ ਕੀਤੀ ਗਈ ਹੈ।
- ਨਰਮੇ ਦੀ ਸਮੁੱਚੀ ਕਾਸ਼ਤ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਲਈ ਮੌਜੂਦਾ ਸਰਕਾਰ ਲਈ ਇੱਕ ਵਿਸ਼ੇਸ਼ 'ਮਿਸ਼ਨ ਉੱਨਤ ਕਿਸਾਨ' ਸ਼ੁਰੂ ਕੀਤਾ ਗਿਆ ਹੈ।
- ਉਨ੍ਹਾਂ ਨੇ ਕਿਹਾ, "ਸਾਡੀ ਸਰਕਾਰ ਨੇ ਕਰੀਬ 87 ਹਜ਼ਾਰ ਕਿਸਾਨਾਂ ਨੂੰ ਕਪਾਹ ਦੇ ਬੀਜ 'ਤੇ 33 ਫੀਸਦ ਸਬਸਿਡੀ ਵੀ ਪ੍ਰਦਾਨ ਕੀਤੀ ਹੈ।"
- ਚੀਮਾ ਨੇ ਕਿਹਾ, "ਸਾਡੀ ਸਰਕਾਰ 'ਅੰਨਦਾਤਾ' ਪ੍ਰਤੀ ਵਚਨਬੱਧ ਹੈ ਅਤੇ ਇਸ ਲਈ ਉਨ੍ਹਾਂ ਦੀ ਨਿਰੰਤਰ ਸਹਾਇਤਾ ਵਜੋਂ ਵਿੱਤੀ ਸਾਲ 2024-25 ਵਿੱਚ ਖੇਤੀਬਾੜੀ ਦੀ ਸਬਸਿਡੀ ਵਜੋਂ 9,330 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।
- ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖ 150 ਵਿੱਚੋਂ 114 ਬਲਾਕਾਂ ਨੂੰ 'ਡਾਰਕ ਜ਼ੋਨ' ਐਲਾਨਿਆ ਗਿਆ ਹੈ।
- ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਬਜਟ ਵਿੱਚ 194 ਕਰੋੜ ਰੁਪਏ ਦੇ ਬਜਟ ਦੀਆਂ ਤਜਵੀਜ਼ਾਂ ਰੱਖੀਆਂ ਗਈਆਂ ਹਨ।
- ਚਾਲੂ ਸਾਲ ਲਈ ਗੰਨਾ ਕਿਸਾਨਾਂ ਨੂੰ 647 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ 2024-25 ਵਿੱਚ ਇਸ ਲਈ 390 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਤਸਵੀਰ ਸਰੋਤ, punjab Govt.
ਸਿੱਖਿਆ
- ਸਿੱਖਿਆ ਖੇਤਰ ਲਈ 16,987 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਕੁੱਲ ਖਰਚੇ ਦਾ ਕਰੀਬ 11.5 ਫੀਸਦ ਹੈ।
- ਸਕੂਲ ਆਫ ਐਮੀਨੈਂਸ ਦੇ ਉਦੇਸ਼ ਲਈ 100 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
- ਚੀਮਾ ਨੇ ਜਾਣਕਾਰੀ ਦਿੱਤੀ ਕਿ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ 'ਸਕੂਲ ਆਫ ਬ੍ਰਿਲੀਐਂਸ" ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਲਈ 10 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਹੈ।
- ਵਿਦਿਆਰਥੀਆਂ ਦੇ ਤਕਨੀਕੀ ਹੁਨਰ ਸਣੇ ਹੋਰਨਾਂ ਹੁਨਰਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ 'ਸਕੂਲ ਆਫ ਅਪਲਾਈਡ ਲਰਨਿੰਗ' ਦੀ ਸਥਾਪਨਾ ਦੇ ਉਦੇਸ਼ ਨਾਲ 10 ਕਰੋੜ ਦੇ ਸ਼ੁਰੂਆਤੀ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ।
- ਚੀਮਾ ਨੇ ਜਾਣਕਾਰੀ ਦਿੱਤੀ ਕਿ ਇਸ ਦੇ ਪਹਿਲੇ ਪੜਾਅ ਵਿੱਚ 40 ਸਕੂਲਾਂ ਵਿੱਚ ਹਾਈ-ਟੈਕ ਵੋਕੇਸ਼ਨਲ ਲੈਬਾਂ ਬਣਾਈਆਂ ਜਾਣਗੀਆਂ।
- ਸਰਕਾਰ ਨੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਸਿੱਖਿਆ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ 'ਮਿਸ਼ਨ ਸਮਰੱਥ' ਕਰਨ ਦੀ ਤਜਵੀਜ਼ ਰੱਖੀ ਗਈ ਹੈ ਅਤੇ ਇਸ ਲਈ ਵੀ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਤਸਵੀਰ ਸਰੋਤ, Getty Images
ਮੌਜੂਦਾ ਸਿੱਖਿਆ ਸਹਾਇਤਾ ਨੂੰ ਜਾਰੀ ਰੱਖਣ ਲਈ ਤਜਵੀਜ਼ਾਂ
- ਸਮਗਰਾ ਸਿਕਸ਼ਾ ਅਭਿਆਨ- 1,593 ਕਰੋੜ ਰੁਪਏ
- 16.35 ਲੱਖ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਲਈ -467 ਕਰੋੜ ਰੁਪਏ
- ਮੁਫ਼ਤ ਕਿਤਾਬਾਂ, ਸਕੂਲਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ- 140 ਕਰੋੜ ਰੁਪਏ
- ਸਰਕਾਰੀ ਸਕੂਲਾਂ 'ਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ 'ਤੇ ਸੋਲਰ ਪੈਨਲ ਲਗਾਉਣ ਲਈ – 160 ਕਰੋੜ ਰੁਪਏ
- ਸਰਕਾਰੀ ਸਕੂਲਾਂ ਦੀ ਸਾਭ-ਸੰਭਾਲ ਲਈ ਵਿੱਤੀ ਸਹਾਇਤਾ- 35 ਕਰੋੜ ਰੁਪਏ
- ਪੰਜਾਬ ਨੌਜਵਾਨ ਉੱਦਮੀ ਪ੍ਰੋਗਰਾਮ- 15 ਕਰੋੜ ਰੁਪਏ

ਤਸਵੀਰ ਸਰੋਤ, Getty Images
ਉਚੇਰੀ ਸਿੱਖਿਆ
- ਤਕਨੀਕੀ ਸਿੱਖਿਆ ਵਿਭਾਗ ਦੇ ਭਵਿੱਖੀ ਉਪਰਾਲਿਆਂ ਲਈ ਵਿੱਤੀ ਸਾਲ 2024-25 ਵਿੱਚ 525 ਕਰੋੜ ਰੁਪਏ ਰਾਖਵੇਂ ਕਰਨ ਦੀ ਤਜਵੀਜ਼ ਹੈ।
- ਮੈਡੀਕਲ ਸਿੱਖਿਆ ਅਤੇ ਖੋਜ ਅਧੀਨ ਵਿਕਾਸ ਸਬੰਧੀ ਕਾਰਜਾਂ ਲਈ 1,133 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ ਗਈ ਹੈ।
- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਖੋਜ ਨਾਲ ਸੰਬਧਤ ਕਾਰਜਾਂ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ
- ਰਾਸ਼ਟਰੀ ਉਚਤਰ ਸਿਕਸ਼ਾ ਅਭਿਆਨ (ਰੂਸਾ) – 80 ਕਰੋੜ ਰੁਪਏ
- ਬੁਨਿਆਦੀ ਢਾਂਚੇ ਦੇ ਸੁਧਾਰ, ਖੇਡ ਸਹੂਲਤਾਂ, ਲਾਇਬ੍ਰੇਰੀਆਂ, ਸਕਿੱਲ ਓਰੀਐਂਟੇਸ਼ਨ ਪ੍ਰੋਗਰਾਮ ਲਈ- 10 ਕਰੋੜ ਰੁਪਏ
- ਯੂਨੀਵਰਸਿਟੀ ਫੀਸ ਵਿੱਚ ਰਿਆਇਤ ਲਈ ਮੁੱਖ ਮੰਤਰੀ ਵਜ਼ੀਫਾ – 6 ਕਰੋੜ ਰੁਪਏ
- ਸੈਨੇਟਰੀ ਨੈਪਿਕਨ ਪ੍ਰਦਾਨ ਕਰਨ ਲਈ- 5 ਕਰੋੜ ਲਈ

ਖੇਡ ਅਤੇ ਨੌਜਵਾਨ ਸੇਵਾਵਾਂ
ਸਾਲ 2024-25 ਦੇ ਬਜਟ ਵਿੱਚ ਖੇਡਾਂ ਅਤੇ ਨੌਜਵਾਨ ਸੇਵਾਵਾਂ ਲਈ 272 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖਈ ਗਈ ਹੈ।
ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 6 ਤੋਂ 17 ਸਾਲ ਦੇ 60 ਹਜ਼ਾਰ ਖਿਡਾਰੀਆਂ ਲਈ ਇੱਕ ਹਜ਼ਾਰ ਖੇਡ ਨਰਸਰੀਆਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਇਸ ਲਈ 50 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਹੈ।
ਖੇਡ ਵਿਗਿਆਨ, ਖੇਡ ਤਕਨੋਲਾਜੀ, ਖੇਡ ਪ੍ਰਬੰਧਨ, ਕੋਚਿੰਗ ਆਦਿ ਖੇਤਰਾਂ ਲਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਲਈ 34 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।

ਤਸਵੀਰ ਸਰੋਤ, Getty Images
ਸਿਹਤ
- ਸਿਹਤ ਸੇਵਾਵਾਂ ਸ਼ੁਰੂ ਕਰਨ ਲਈ ਵਿੱਤੀ ਸਾਲ 2024-25 ਲਈ 5,264 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
- ਸੂਬੇ ਵਿੱਚ ਕੁੱਲ 826 ਮੁਹੱਲਾ ਕਲੀਨਿਕ ਸਥਾਪਿਤ ਹੋ ਗਏ ਹਨ ਅਤੇ ਕਈ ਵਿਕਾਸ ਅਧੀਨ ਹਨ। ਇਸ ਨੂੰ ਹੋਰ ਸੁਚਾਰੂ ਬਣਾਉਣ ਲਈ 249 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
- ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਸੱਟਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਦੇ ਇਰਾਦੇ ਲਈ ਸਰਕਾਰੀ/ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਤੁਰੰਤ, ਰੁਕਾਵਟ ਮੁਕਤ ਇਲਾਜ ਲਈ ਨਵੀਂ 'ਫਰਿਸ਼ਤਾ' ਸਕੀਮ ਸ਼ੁਰੂ ਕੀਤੀ ਹੈ। ਇਸ ਨੂੰ ਉਤਸ਼ਾਹਿਤ ਕਰਨ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਦੇ ਤਹਿਤ ਪੀੜਤਾਂ ਦੀ ਮਦਦ ਲਈ ਆਮ ਲੋਕਾਂ ਨੂੰ ਅੱਗੇ ਆਉਣ ਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ 'ਫਰਿਸ਼ਤਿਆਂ' ਨੂੰ ਨਕਦ ਇਨਾਮ, ਪ੍ਰਸ਼ੰਸ਼ਾ ਪੱਤਰ ਅਤੇ ਕਾਨੂੰਨੀ ਉਲਝਣਾਂ ਤੇ ਪੁਲਿਸ ਪੁੱਛਗਿੱਛ ਤੋਂ ਛੋਟ ਹੋਵੇਗੀ।
- ਅਯੁਸ਼ਮਾਨ ਭਾਰਤ, ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਲਈ 553 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
- ਨਸ਼ਾ ਛੁਡਾਊ ਸਕੀਮ ਲਈ ਸਾਲ 2024-25 ਵਿੱਚ 70 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਤਸਵੀਰ ਸਰੋਤ, Getty Images
ਰੁਜ਼ਗਾਰ ਸਿਰਜਣ ਅਤੇ ਸਿਖਲਾਈ
- ਸਿਖਲਾਈ ਅਤੇ ਹੁਨਰ ਵਿਕਾਸ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਿੱਤੀ ਸਾਲ 2024-25 ਵਿੱਚ 179 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਹੈ।
- ਉਦਯੋਗਿਕ ਸੈਕਟਰ ਲਈ ਸਬਸਿਡੀ ਵਾਲੀ ਬਿਜਲੀ ਸਣੇ 3.367 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਨੂੰ ਰੱਖਿਆ ਗਿਆ ਹੈ।
- ਇਸ ਦੇ ਨਾਲ ਹੀ ਸੂਬੇ ਉਦਯੋਗਾਂ ਨੂੰ ਹੋਰ ਵਿੱਤੀ ਤੌਰ 'ਤੇ ਉਤਸ਼ਾਹਿਤ ਕਰਨ ਲਈ ਸ਼ੁਰੂਆਤੀ ਤੌਰ 'ਤੇ 50 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
- ਪੇਂਡੂ ਵਿਕਾਸ ਹਿਤ ਵੱਖ-ਵੱਖ ਸਕੀਮਾਂ ਲਈ ਵੰਡਾਂ ਦੀ ਤਜਵੀਜ਼
- ਮਨਰੇਗਾ- ਰੁਜ਼ਗਾਰ ਮੁਹੱਈਆ ਕਰਵਾਉਣ ਲਈ 655 ਕਰੋੜ ਰੁਪਏ
- ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ- 20 ਕਰੋੜ ਰੁਪਏ
- ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ – 20 ਕਰੋੜ ਰੁਪਏ
ਕਾਂਗਰਸ ਵਿਧਾਇਕਾਂ ਦੇ ਰੋਸ

ਅਜਿਹੇ ਪੰਜਾਬ ਸਰਕਾਰ ਕੋਲੋਂ ਕਈ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਇਸ ਵਿਚਾਲੇ ਇੱਕ ਅਹਿਮ ਮੁੱਦਾ ਪੰਜਾਬ ਉੱਤੇ ਵਧਦੇ ਕਰਜ਼ ਦਾ ਵੀ ਹੈ।
ਸਾਲ 2024 ਦੀਆਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ ਤੇ ਹੁਣ ਸੂਬਾ ਸਾਢੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਨਜ਼ਦੀਕ ਹੈ।
ਪੰਜਾਬ ਦੇ ਕਰਜ਼ੇ ਨੂੰ ਲੈ ਕੇ ਮਾਹੌਲ ਗਰਮਾਇਆ ਰਹਿ ਸਕਦਾ ਹੈ।
ਇਸ ਦੌਰਾਨ ਕਾਂਗਰਸ ਦੇ ਵਿਧਾਇਕ ਪੰਜਾਬ ਵਿਧਾਨ ਸਭਾ ਦੇ ਬਾਹਰ ਸਰਕਾਰ ਦੀਆਂ ਦਿੱਤੀਆਂ ਗਾਰੰਟੀਆਂ ਦੀਆਂ ਤਖ਼ਤੀਆਂ ਲੈ ਕੇ ਬੈਠੇ ਹੋਏ ਹਨ।
ਇਸ ਦੇ ਨਾਲ ਹੀ ਬੀਤੇ ਦਿਨ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੁਰਵਿਹਾਰ ਕਰਨ ਦੇ ਇਲਜ਼ਾਮ ਵੀ ਲਗਾਏ ਸਨ।
ਹਾਲਾਂਕਿ, ਆਮ ਆਦਮੀ ਪਾਰਟੀ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ।
ਇਸ ਮੁੱਦੇ ਨੂੰ ਲੈ ਕੇ ਵੀ ਪੰਜਾਬ ਕਾਂਗਰਸ ਪੰਜਾਬ ਵਿਧਾਨ ਸਭਾ ਦੇ ਬਾਹਰ ਬੈਠੇ ਹਨ, ਉਨ੍ਹਾਂ ਦੀ ਮੰਗ ਹੈ ਕਿ 'ਦਲਿਤ ਵਿਧਾਇਕ ਕੋਲੋਂ ਮੁਆਫ਼ੀ ਮੰਗੀ ਜਾਵੇ।'

ਸੋਮਵਾਰ ਨੂੰ ਕੀ ਹੋਇਆ

ਬੀਤੇ ਦਿਨ ਸੋਮਵਾਰ ਨੂੰ ਵਿਧਾਨ ਸਭਾ ਦਾ ਬਜਟ ਸੈਸ਼ਨ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ। ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਾਲ ਇੱਕ ਲਿਫਾਫਾ ਲੈ ਕੇ ਆਏ ਸਨ, ਜਿਸ ਨੂੰ ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੇ ਦਿੱਤਾ।
ਇਸ ਵਿੱਚ ਇੱਕ ਜਿੰਦਰਾ ਸੀ। ਇਸ ਨੂੰ ਦਿੰਦਿਆਂ ਹੋਇਆ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਬਾਹਰ ਨਾ ਜਾਵੇ, ਇਸ ਲਈ ਅੰਦਰੋਂ ਜਿੰਦਾ ਲਗਾ ਦਿੱਤਾ ਜਾਵੇ।
ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਸਦਨ ਵਿੱਚ ਕਾਫੀ ਹੰਗਾਮਾ ਹੋਇਆ।












