ਕਿਸਾਨਾਂ ਦਾ ਦਿੱਲੀ ਕੂਚ- ਦਿੱਲੀ ਤੇ ਹਰਿਆਣਾ ਦੇ ਬਾਰਡਰਾਂ 'ਤੇ ਸਖ਼ਤ ਇੰਤਜ਼ਾਮ ਤੇ ਪੰਜਾਬ 'ਚ ਕਿਸਾਨਾਂ ਦੀ ਵੀ ਪੂਰੀ ਤਿਆਰੀ

ਕਿਸਾਨਾਂ ਦੇ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ, ਦਿੱਲੀ ਦੇ ਨਾਲ ਲੱਗਦੇ ਸਾਰੇ ਬਾਰਡਰਾਂ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ।

ਪਿਛਲੇ ਦੋ ਦਿਨਾਂ ਦੌਰਾਨ ਪੰਜਾਬ-ਹਰਿਆਣਾ ਬਾਰਡਰਾਂ ਉੱਪਰ ਕਾਫੀ ਹਲਚਲ ਵਧਣ ਕਾਰਨ, ਹਰਿਆਣਾ ਸਰਕਾਰ ਨੇ ਪਹਿਲਾਂ ਹੀ ਆਪਣੇ ਪੰਜਾਬ ਨਾਲ ਲੱਗਦੇ ਬਾਰਡਰ ਸੀਲ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਇਨ੍ਹਾਂ ਸਰਹੱਦਾਂ ਉੱਤੇ ਕੰਕਰੀਟ ਦੀਆਂ ਰੋਕਾਂ ਦੇ ਨਾਲ-ਨਾਲ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ ਮੁਤਾਬਕ, ਸਿਰਸਾ ਨੇੜੇ ਘੱਗਰ ਦਰਿਆ ਦੇ ਪੁਲ ਤੇ ਕਿਸਾਨਾਂ ਨੂੰ ਰੋਕਣ ਲਈ ਕਈ ਪਰਤਾਂ ਦੀਆ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਹਰਿਆਣਾ ਦੇ ਸੀਆਈਡੀ ਏਡੀਜੀਪੀ ਅਲੋਕ ਮਿੱਤਲ ਜੀਂਦ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਆਪ ਮੁਆਇਨਾ ਕੀਤਾ।

ਦਰਅਸਲ, ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਫਰਵਰੀ ਦੇ ਪਹਿਲੇ ਹਫ਼ਤੇ ਦੌਰਾਨ 'ਦਿੱਲੀ ਚਲੋ' ਮਾਰਚ ਦਾ ਸੱਦਾ ਦਿੱਤਾ ਸੀ।

ਹਾਲਾਂਕਿ, ਉੱਧਰ ਕਿਸਾਨਾਂ ਦੀ ਵੀ ਦਿੱਲੀ ਵੱਲ ਕੂਚ ਦੀ ਮੁੰਕਮਲ ਤਿਆਰੀ ਹੈ।

ਅੰਮ੍ਰਿਤਸਰ ਤੋਂ ਦਿੱਲੀ ਵੱਲ ਕਿਸਾਨਾਂ ਦੇ ਕਾਫ਼ਲੇ ਨਾਲ ਅੱਗੇ ਵਧ ਰਹੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਵਰਨ ਸਿੰਘ ਪੰਧੇਰ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ, "ਅਸੀਂ ਬਿਆਸ ਤੋਂ ਤੁਰਨਾ ਸ਼ੁਰੂ ਕਰਾਂਗੇ ਅਤੇ ਫਤਹਿਗੜ੍ਹ ਸਾਹਿਬ ਰੁਕਾਂਗੇ।"

"ਸਾਡੀ ਮੰਗ ਉਹੀ ਐੱਮਐੱਸਪੀ ਦਾ ਗਾਰੰਟੀ ਕਾਨੂੰਨ, ਗੰਨੇ ਨੂੰ ਸੀ200 ਨਾਲ ਜੋੜਿਆ ਜਾਵੇ। ਜਦੋਂ ਕਿਸਾਨ 60 ਸਾਲ ਤੋਂ ਉੱਤੇ ਹੋ ਜਾਵੇ ਤਾਂ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ।"

"ਬਦਕਿਸਮਤੀ ਹੈ ਕਿ ਭਾਰਤੀ ਕਿਸਾਨਾਂ ਨੂੰ ਕੌਮ-ਵਿਰੋਧੀ ਕਿਹਾ ਗਿਆ ਹੈ। ਅਸੀਂ ਕੌਮ-ਵਿਰੋਧੀ ਨਹੀਂ ਹਾਂ, ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। 75 ਸਾਲਾਂ ਤੋਂ ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਬਹੁਤ ਸਾਂਤਮਈ ਢੰਗ ਨਾਲ ਅੱਗੇ ਵੱਧ ਰਹੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਸੁਣੇ।"

ਕਿਸਾਨਾਂ ਦਾ ਕਹਿਣਾ ਹੈ ਸਰਕਾਰ ਨੇ ਜੋ ਕਿਸਾਨਾਂ ਦੇ ਅੰਦੋਲਨ ਦੇ ਖ਼ਿਲਾਫ਼ ਐੱਮਐੱਸਪੀ ਨੂੰ ਲੈ ਕੇ ਵਾਅਦਾ ਕੀਤਾ ਸੀ ਉਹ ਉਸ ਤੋਂ ਕੰਨੀ ਕਤਰਾ ਰਹੀ ਹੈ।

ਇਸ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਸੀ ਕਿ ਜੱਥੇਬੰਦੀਆਂ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਇੱਕ ਵੱਡੀ ਲੜਾਈ ਲੜਨ ਜਾ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਸਲਾ ਵੀ ਸਰਕਾਰ ਅੱਗੇ ਰੱਖਿਆ ਜਾਣਾ ਹੈ।

ਦਿੱਲੀ-ਯੂਪੀ ਦੀਆਂ ਸਰਹੱਦਾਂ 'ਤੇ ਧਾਰਾ 144 ਲਾਗੂ

ਦਿੱਲੀ ਪੁਲਿਸ ਨੇ ਐਤਵਾਰ ਨੂੰ ਉੱਤਰ-ਪੂਰਬੀ ਦਿੱਲੀ ਅਤੇ ਗੁਆਂਢੀ ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ 'ਤੇ ਅਪਰਾਧਿਕ ਪ੍ਰਕਿਰਿਆ ਕੋਡ ਦੀ ਧਾਰਾ 144 ਲਾਗੂ ਕਰ ਦਿੱਤੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਕਾਨੂੰਨ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਹਿਰ ਦੀ ਪੁਲਿਸ ਨੇ ਸ਼ਾਹਦਾਰਾ ਅਤੇ ਗਾਂਧੀ ਨਗਰ ਖੇਤਰਾਂ ਵਿੱਚ ਧਾਰਾ 144 ਲਾਗੂ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ 11 ਮਾਰਚ ਤੱਕ ਵੱਡੇ ਇਕੱਠਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਆਦੇਸ਼ਾਂ ਅਨੁਸਾਰ, ਉੱਤਰ-ਪੂਰਬੀ ਜ਼ਿਲ੍ਹੇ ਦਿੱਲੀ ਪੁਲਿਸ ਦੇ ਦਾਇਰੇ ਵਿੱਚ ਉੱਤਰ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਸਾਰੇ ਖੇਤਰਾਂ ਅਤੇ ਨੇੜਲੇ ਖੇਤਰਾਂ ਵਿੱਚ ਜਨਤਕ ਇਕੱਠ ਦੀ ਮਨਾਹੀ ਰਹੇਗੀ।

ਇਸ ਦੇ ਨਾਲ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਜਾਂ ਪ੍ਰਦਰਸ਼ਨਕਾਰੀ ਨੂੰ ਹਥਿਆਰ, ਤਲਵਾਰਾਂ, ਤ੍ਰਿਸ਼ੂਲ, ਬਰਛੇ, ਲਾਠੀ, ਡੰਡੇ ਆਦਿ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਆਦੇਸ਼ ਮੁਤਾਬਕ, "ਉੱਤਰ ਪੂਰਬੀ ਜ਼ਿਲ੍ਹਾ ਪੁਲਿਸ ਇਨ੍ਹਾਂ ਵਿਅਕਤੀਆਂ ਨੂੰ ਮੌਕੇ 'ਤੇ ਹਿਰਾਸਤ ਵਿੱਚ ਲੈਣ ਲਈ ਸਾਰੇ ਯਤਨ ਕਰੇਗੀ। ਕੋਈ ਵੀ ਵਿਅਕਤੀ ਇਸ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਹ ਭਾਰਤੀ ਦੰਡਾਵਲੀ, 1860 ਦੀ ਧਾਰਾ 188 ਦੇ ਤਹਿਤ ਸਜ਼ਾ ਦੇ ਯੋਗ ਹੋਵੇਗਾ।"

ਹਰਿਆਣਾ 'ਚ ਇੰਟਰਨੈੱਟ ਬੰਦ

ਹਰਿਆਣਾ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਵੌਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਨੈਟਵਰਕਾਂ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਬਲਕ ਐੱਸਐੱਮਐੱਸ ਅਤੇ ਸਾਰੀਆਂ ਡੋਂਗਲ ਸੇਵਾਵਾਂ ਮੁਅੱਤਲ ਰਹਿਣਗੀਆਂ।

ਇੱਕ ਅਧਿਕਾਰਤ ਆਦੇਸ਼ ਦੇ ਅਨੁਸਾਰ, ਸੱਤ ਜ਼ਿਲ੍ਹਿਆਂ-ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ 11 ਫਰਵਰੀ ਸਵੇਰੇ 6 ਵਜੇ ਤੋਂ 13 ਫਰਵਰੀ ਨੂੰ ਰਾਤ 11.59 ਵਜੇ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਰਹਿਣਗੀਆਂ।

ਇਸ ਦੇ ਨਾਲ ਹੀ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?

ਲੰਘੇ ਦਿਨੀਂ ਚੰਡੀਗੜ੍ਹ ਵਿੱਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਪ੍ਰਬੰਧ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖਣ ਲਈ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਲੋਕਤੰਤਰ ਲਈ ਠੀਕ ਨਹੀਂ ਹੈ।

ਉਨ੍ਹਾਂ ਕਿਹਾ, "ਜਾਣ ਲਈ ਬੱਸਾਂ ਅਤੇ ਟਰੇਨਾਂ ਬਹੁਤ ਹਨ ਅਤੇ ਟਰੈਕਟਰ ਲੈ ਕੇ ਹੀ ਜਾਣਾ ਅਤੇ ਉਸ ਉੱਤੇ ਕੋਈ ਹਥਿਆਰ ਲਿਆਉਣਾ ਤੇ ਰੋਕਣ ਉੱਤੇ ਰੁਕਣਾ ਨਹੀਂ, ਠੀਕ ਨਹੀਂ ਹੈ, ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਪ੍ਰਬੰਧ ਕਰਨਾ ਪੈਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਪਿਛਲਾ ਤਜਰਬਾ ਸਾਡੇ ਸਾਹਮਣੇ ਹੈ ਇਸ ਤਰੀਕੇ ਦਾ ਪ੍ਰਦਰਸ਼ਨ ਲੋਕਤੰਤਰ ਵਿੱਚ ਤੈਅ ਮਾਨਕਾਂ ਦੇ ਮੁਤਾਬਕ ਕਰਨਾ ਚਾਹੀਦਾ ਹੈ।"

ਭਗਵੰਤ ਮਾਨ ਕੀ ਬੋਲੇ

ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣ ਵਿੱਚ ਲਗਾਈਆਂ ਰੋਕਾਂ ਬਾਰੇ ਬੋਲਦਿਆਂ ਹਰਿਆਣਾ ਦੀ ਤਿੱਖੀ ਆਲੋਚਨਾ ਕੀਤੀ।

ਉਨ੍ਹਾਂ ਨੇ ਕਿਹਾ, "ਹਰਿਆਣਾ ਵਿੱਚ ਪੰਜਾਬ ਨਾਲ ਲੱਗਦੀ ਹੱਦ ਉੱਤੇ ਵੱਡੇ-ਵੱਡੇ ਕਿੱਲ, ਪੱਤੀਆਂ ਅਤੇ ਕੰਡਿਆਲੀਆਂ ਤਾਰਾਂ ਲਗਾ ਰਹੇ ਹਨ। ਫਿਲਹਾਲ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਨਾਲ ਗੱਲ ਕਰ ਲਓ।"

"ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਲਵੋ। ਤੁਸੀਂ ਇੰਡੀਆਂ ਅਤੇ ਪੰਜਾਬ ਦਾ ਬਾਰਡਰ ਨਾ ਬਣਾਓ। ਓਨੀਆਂ ਹੀ ਤਾਰਾਂ ਪਾਕਿਸਤਾਨ ਜਾਣ ਨੂੰ ਲੱਗੀਆਂ ਤੇ ਓਨੀਆਂ ਹੀ ਤਾਰਾਂ ਦਿੱਲੀ ਜਾਣ ਨੂੰ ਲੱਗੀਆਂ।"

ਮਾਨ ਨੇ ਅੱਗੇ ਕਿਹਾ, "ਤੁਸੀਂ ਸਾਨੂੰ ਕੀ ਸਮਝਦੇ ਹੋ। ਝੌਲਾਂ ਅਤੇ ਕਣਕ ਵੇਲੇ ਕਿੱਥੇ ਜਾਓਗੇ। ਉਦੋਂ ਬਾਰਡਰ ਖੁੱਲ੍ਹ ਜਾਂਦੇ ਹਨ ਅਤੇ ਸਪੈਸ਼ਲ ਟਰੇਨਾਂ ਲੈਣ ਲਈ ਆ ਜਾਂਦੀਆਂ ਹਨ। ਅਸੀਂ ਇੱਥੇ ਬਾਰਡਰ 'ਤੇ ਖੜ੍ਹੇ ਹਾਂ, ਜੇ ਕੋਈ ਗੋਲੀ ਆਵੇ ਤਾਂ ਸਾਡੇ ਮੁੰਡਿਆਂ ਦੀ ਹਿੱਕ ਪਹਿਲਾਂ ਹੈ। ਤੁਹਾਨੂੰ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ।"

ਪੰਜਾਬ ਤੇ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰ ਦਿੱਤਾ ਹੈ- ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਨੂੰ ਰੋਕਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਸਿਮਰਨਜੀਤ ਸਿੰਘ ਮਾਨ ਨੇ ਕਿਹਾ, ਸਾਨੂੰ ਇੰਡੀਆਂ ਤੋਂ ਕੱਟ ਦਿੱਤਾ ਗਿਆ ਹੈ ਅਸੀਂ ਵੱਖ ਹੋ ਗਏ ਹਾਂ। ਅਸੀਂ ਤਾਂ ਕਿਸਾਨਾਂ ਨਾਲ ਖੜ੍ਹਾਂਗਾ। ਪਰ ਫਿਲਹਾਲ ਪੰਜਾਬ ਨੂੰ ਭਾਰਤ ਤੋਂ ਤਾਂ ਵੱਖ ਕਰ ਦਿੱਤ ਹੈ। ਪੰਜਾਬ ਨੂੰ ਕਸ਼ਮੀਰ ਨੂੰ ਭਾਰਤ ਤੋਂ ਅਲਹਿਦਾ ਕਰ ਦਿੱਤਾ ਹੈ।"

ਆਮ ਲੋਕਾਂ ਦੀ ਖੱਜਲ ਖੁਆਰੀ

ਕਿਸਾਨਾਂ ਮੁਤਾਬਕ ਦੇਸ ਭਰ ਦੀਆਂ 200 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ 'ਦਿੱਲੀ ਚਲੋ' ਮਾਰਚ ਵਿੱਚ ਸ਼ਾਮਲ ਹੋ ਰਹੀਆਂ ਹਨ।

ਜਿਸ ਦੇ ਮੱਦੇਨਜ਼ਰ ਪਿਛਲੇ ਦੋ ਦਿਨਾਂ ਤੋਂ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਨੂੰ ਇੱਕ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ।

ਉੱਥੇ ਕੰਕਰੀਟ ਅਤੇ ਕੰਡਿਆਲੀਆਂ ਤਾਰਾਂ ਲਗਾ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਹਾਲਾਂਕਿ, ਇਹ ਰੋਕਾਂ ਕਿਸਾਨਾਂ ਦੇ ਅੱਗੇ ਵਧਣ ਨੂੰ ਰੋਕਣ ਲਈ ਲਗਾਈਆਂ ਗਈਆਂ ਹਨ ਪਰ ਇਸ ਕਾਰਨ ਆਮ ਰਾਹਗੀਰਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਰਿਆਣਾ ਸਰਕਾਰ ਨੇ ਬਦਲੇ ਹੋਏ ਰੂਟਾਂ ਸਬੰਧੀ ਇੱਕ ਐਡਾਵਾਇਜ਼ਰੀ ਵੀ ਜਾਰੀ ਕੀਤੀ ਹੈ। ਜਿਸ ਵਿੱਚ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਹੜੇ ਰਸਤਿਆਂ ਤੋਂ ਬਚਿਆ ਜਾ ਸਕਦਾ ਹੈ।

ਦਿੱਲੀ ਵੱਲੋਂ ਲੋਕਾਂ ਨੂੰ ਆਵਾਜਾਈ ਸਬੰਧੀ ਸਲਾਹ

ਦਿੱਲੀ ਟ੍ਰੈਫਿਕ ਪੁਲਿਸ ਨੇ ਵੀ 13 ਫਰਵਰੀ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਪੁਖਤਾਂ ਪ੍ਰਬੰਧਾਂ ਤਹਿਤ ਆਵਾਜਾਈ ਨੂੰ ਲੈ ਕੇ ਹਦਾਇਤਾਂ ਦਿੱਤੀਆਂ ਹਨ।

ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ, ਸਿੰਘੂ ਬਾਰਡਰ (ਦਿੱਲੀ-ਹਰਿਆਣਾ) ਦੇ ਆਲੇ-ਦੁਆਲੇ ਆਵਾਜਾਈ ਨੂੰ ਮੋੜਿਆ ਜਾਵੇਗਾ।

ਐਡਵਾਇਜ਼ਰੀ 'ਚ ਕਿਹਾ ਗਿਆ ਹੈ, "ਸਿੰਘੂ ਬਾਰਡਰ 'ਤੇ 12 ਫਰਵਰੀ ਤੋਂ ਕਮਰਸ਼ੀਅਲ ਵਾਹਨਾਂ ਲਈ ਅਤੇ 13 ਫਰਵਰੀ ਤੋਂ ਹਰ ਤਰ੍ਹਾਂ ਦੇ ਵਾਹਨਾਂ ਲਈ ਟਰੈਫਿਕ ਪਾਬੰਦੀਆਂ ਅਤੇ ਡਾਇਵਰਸ਼ਨ ਲਾਗੂ ਕੀਤੇ ਜਾਣਗੇ।"

"ਉੱਧਰ ਦਿੱਲੀ ਤੋਂ ਗਾਜ਼ੀਪੁਰ ਬਰਾਡਰ ਰਾਹੀਂ ਗਾਜ਼ੀਆਬਾਦ ਜਾਣ ਵਾਲੇ ਟ੍ਰੈਫਿਕ ਨੂੰ ਅਕਸ਼ਰਧਾਮ ਮੰਦਿਰ ਦੇ ਸਾਹਮਣਿਓਂ ਜਾਂ ਪਟਪੜਗੰਜ ਰੋਡ/ਮਦਰ ਡੇਅਰੀ ਰੋਡ ਜਾਂ ਚੌਧਰੀ ਚਰਨ ਸਿੰਘ ਮਾਰਗ ਤੋਂ ਹੁੰਦੇ ਹੋਏ ਆਨੰਦ ਵਿਹਾਰ ਬੱਸ ਅੱਡੇ ਰਾਹੀਂ ਯੂਪੀ ਗਾਜ਼ੀਆਬਾਦ ਵਿੱਚ ਮਹਾਰਾਜਪੁਰ ਜਾਂ ਅਪਸਰਾ ਸਰਹੱਦ ਤੋਂ ਬਾਹਰ ਨਿਕਲਣ ਲਈ ਸਲਾਹ ਦਿੱਤੀ ਗਈ ਹੈ।"

"ਟਿੱਕਰੀ ਬਾਰਡਰ ਦੇ ਆਲੇ ਦੁਆਲੇ ਇੱਕ ਡਾਇਵਰਸ਼ਨ ਵੀ ਹੋਵੇਗਾ। ਰੋਹਤਕ ਰੋਡ ਰਾਹੀਂ ਬਹਾਦਰਗੜ੍ਹ, ਰੋਹਤਕ ਆਦਿ ਵੱਲ ਜਾਣ ਵਾਲੇ ਭਾਰੀ/ਵਪਾਰਕ ਵਾਹਨ/ਟਰੱਕਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਲਈ ਨਾਂਗਲੋਈ ਚੌਂਕ ਰਾਹੀਂ ਨਜਫ਼ਗੜ੍ਹ-ਨਾਂਗਲੋਈ ਰੋਡ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।"

ਹਰਿਆਣਾ ਦੀ ਆਮ ਲੋਕਾਂ ਨੂੰ ਸਲਾਹ

ਉਨ੍ਹਾਂ ਨੇ ਕਿਹਾ, "ਕੌਮੀ ਸ਼ਾਹ ਰਾਹ-44 ਦਿੱਲੀ ਚੰਡੀਗੜ੍ਹ ਹਾਈਵੇਅ ਉੱਤੇ ਆਵਾਜਾਈ ਵਿੱਚ ਕਿਸੇ ਵੀ ਵਿਘਨ ਦੀ ਸਥਿਤੀ ਵਿੱਚ, ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਡੇਰਾਬੱਸੀ, ਬਰਵਾਲਾ/ਰਾਮਗੜ੍ਹ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ ਜਾਂ ਪੰਚਕੂਲਾ, ਨੈਸ਼ਨਲ ਹਾਈਵੇ-344 ਯਮੁਨਾਨਗਰ ਇੰਦਰੀ/ਪਿਪਲੀ, ਕਰਨਾਲ ਰਾਹੀਂ ਦਿੱਲੀ ਪਹੁੰਚਣਾ ਚਾਹੀਦਾ ਹੈ।"

ਇਸੇ ਤਰ੍ਹਾਂ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀ ਕਰਨਾਲ, ਇੰਦਰੀ/ਪਿਪਲੀ, ਯਮੁਨਾਨਗਰ, ਪੰਚਕੂਲਾ ਜਾਂ ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਬਰਵਾਲਾ, ਰਾਮਗੜ੍ਹ ਹੁੰਦੇ ਹੋਏ ਆਪਣੀ ਮੰਜ਼ਿਲ 'ਤੇ ਪਹੁੰਚਣ।

ਲੋਕਾਂ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਡਾਇਲ-112 'ਤੇ ਸੰਪਰਕ ਕਰਨ ਅਤੇ ਮੌਜੂਦਾ ਟ੍ਰੈਫਿਕ ਸਥਿਤੀ ਨੂੰ ਜਾਣਨ ਲਈ ਹਰਿਆਣਾ ਪੁਲਿਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇਖਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਮਮਤਾ ਸਿੰਘ ਨੇ ਕਿਹਾ, “ਪੁਲਿਸ ਵੱਲੋਂ ਅਮਨ-ਕਾਨੂੰਨ ਬਣਾਈ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਅਤੇ ਆਵਾਜਾਈ ਅਤੇ ਜਨਤਕ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।”

“ਇਸ ਸਬੰਧ ਵਿੱਚ ਜ਼ਿਲ੍ਹਿਆਂ ਦੇ ਸਾਰੇ ਰੇਂਜ ਏਡੀਜੀਪੀਜ਼/ਆਈਜੀਪੀਜ਼, ਪੁਲਿਸ ਕਮਿਸ਼ਨਰਾਂ ਅਤੇ ਐਸਪੀਜ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਘੱਟੋ-ਘੱਟ ਅਸੁਵਿਧਾ ਨਾ ਹੋਵੇ ਅਤੇ ਕਾਨੂੰਨ ਵਿਵਸਥਾ ਨਿਰਵਿਘਨ ਬਣੀ ਰਹੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)