ਕਿੰਗ ਚਾਰਲਸ ਦੀ ਤਾਜਪੋਸ਼ੀ: ਕਿਸੇ ਬਾਦਸ਼ਾਹ ਨੂੰ ਤਾਜਪੋਸ਼ੀ ਦੀ ਲੋੜ ਕਿਉਂ ਹੁੰਦੀ ਹੈ?

    • ਲੇਖਕ, ਲੌਰੇਨ ਪੋਟਸ
    • ਰੋਲ, ਬੀਬੀਸੀ ਪੱਤਰਕਾਰ

ਸ਼ਨੀਵਾਰ ਯਾਨਿ 6 ਮਈ ਨੂੰ ਕਿੰਗ ਚਾਰਲਸ III ਦੀ ਤਾਜਪੋਸ਼ੀ ਮੌਕੇ ਉਹੀ ਸ਼ਾਹੀ ਜਾਹੋ ਜਲਾਲ ਵਾਲੇ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਲਈ ਬ੍ਰਿਟੇਨ ਜਾਣਿਆ ਜਾਂਦਾ ਹੈ।

ਤਾਜਪੋਸ਼ੀ ਸਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਗੁੰਨਿਆ ਇੱਕ ਡੂੰਘਾ ਧਾਰਮਿਕ ਮੌਕਾ ਵੀ ਹੈ ਜੋ, ਕੁਝ ਲੋਕਾਂ ਨੂੰ, 2023 ਵਿੱਚ ਬੇਲੋੜਾ ਜਾਪਦਾ ਹੈ।

ਅਜਿਹੀ ਘਟਨਾ ਜੋ ਕਦੇ ਵੱਡਾ ਮਹੱਤਵ ਰੱਖਦੀ ਸੀ ਕਿ ਅਜੋਕੇ ਬਾਦਸ਼ਾਹ ਨੂੰ ਉਸ ਦੀ ਵਾਕਈ ਜ਼ਰੂਰਤ ਹੈ?

ਯੂਕੇ ਭਰ ਵਿੱਚ ਲੱਖਾਂ ਲੋਕ ਇਸ ਦੁਰਲੱਭ ਮੌਕੇ ਦੇ ਗਵਾਹ ਹੋਣਗੇ।

ਹਾਲਾਂਕਿ, ਅਸੀਂ ਸ਼ਾਹੀ ਜਸ਼ਨਾਂ ਅਤੇ ਜਸ਼ਨਾਂ ਦੇ ਨਾਲ ਹੋਣ ਵਾਲੀਆਂ ਰੌਣਕਾਂ, ਭੀੜਾਂ ਅਤੇ ਸਟ੍ਰੀਟ ਪਾਰਟੀਆਂ ਦੇ ਆਦਿ ਜਿਹੇ ਹੋ ਗਏ ਹਾਂ, ਸਾਨੂੰ ਤਾਜਪੋਸ਼ੀ ਦੇਖਿਆਂ 70 ਸਾਲ ਹੋ ਗਏ ਹਨ।

ਇਹ ਇੱਕ ਬਿਲਕੁਲ ਵੱਖਰਾ ਮਾਮਲਾ ਹੈ, ਜੋ ਉਤਸੁਕਤਾਵਾਂ ਨਾਲ ਭਰਿਆ ਹੋਇਆ ਹੈ: ਇੱਕ ਮੱਧਯੁਗੀ ਸਹੁੰ, 12ਵੀਂ ਸਦੀ ਦੇ ਚਮਚੇ 'ਤੇ ਪਵਿੱਤਰ ਤੇਲ ਡੋਲ੍ਹਿਆ ਜਾਂਦਾ ਹੈ, ਅਤੇ 700 ਸਾਲ ਪੁਰਾਣੀ ਕੁਰਸੀ ਜਿਸ 'ਤੇ ਇੱਕ ਪੱਥਰ ਰੱਖਿਆ ਗਿਆ ਹੈ।

ਮਨੌਤ ਹੈ ਕਿ ਜਦੋਂ ਇਹ ਸਹੀ ਬਾਦਸ਼ਾਹ ਨੂੰ ਪਛਾਣਦਾ ਸੀ ਤਾਂ ਗਰਜਦਾ ਸੀ।

ਕੁਝ ਮਾਹਰ ਤਾਜਪੋਸ਼ੀ ਦੀ ਤੁਲਨਾ ਵਿਆਹ ਨਾਲ ਕਰਦੇ ਹਨ, ਪਰ ਜੀਵਨ ਸਾਥੀ ਦੀ ਬਜਾਏ ਰਾਜੇ ਦਾ ਵਿਆਹ ਰਾਜ ਨਾਲ ਕੀਤਾ ਜਾ ਰਿਹਾ ਹੈ।

2,000 ਲੋਕ ਜੋ ਕਿੰਗ ਚਾਰਲਸ ਦੀ ਵੈਸਟਮਿੰਸਟਰ ਐਬੇ ਵਿਖੇ ਤਾਜਪੋਸ਼ੀ ਹੁੰਦੀ ਦੇਖਣਗੇ। ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਉਹ ਉਨ੍ਹਾਂ ਨੂੰ ਆਪਣੇ ਬਾਦਸ਼ਾਹ ਵਜੋਂ ਮਾਨਤਾ ਦਿੰਦੇ ਹਨ। ਫਿਰ ਉਸ ਨੂੰ ਤਾਜਪੋਸ਼ੀ ਦੀ ਅੰਗੂਠੀ ਦਿੱਤੀ ਜਾਵੇਗੀ ਅਤੇ ਇੱਕ ਸਹੁੰ ਚੁੱਕਣ ਲਈ ਕਿਹਾ ਜਾਵੇਗਾ।

ਜੇਕਰ ਇਹ ਸਭ ਕੁਝ ਸੁਣਨ ਵਿੱਚ ਪੁਰਾਣੇ ਜ਼ਮਾਨੇ ਦਾ ਲੱਗਦਾ ਹੈ, ਤਾਂ ਅਜਿਹਾ ਇਸ ਲਈ ਹੈ ਕਿਉਂਕਿ ਯੂਕੇ ਵਿੱਚ ਤਾਜਪੋਸ਼ੀ ਦੀਆਂ ਰਸਮਾਂ ਵਿੱਚ ਪਿਛਲੇ 1,000 ਸਾਲਾਂ ਦੌਰਾਨ ਬਹੁਤ ਘੱਟ ਬਦਲਾਅ ਆਇਆ ਹੈ।

ਕਾਨੂੰਨੀ ਤੌਰ ’ਤੇ ਇਨ੍ਹਾਂ ਰਸਮਾਂ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਬਾਦਸ਼ਾਹ ਆਪਣੇ ਪੂਰਵਜ ਦੀ ਮੌਤ 'ਤੇ ਆਪਣੇ ਆਪ ਗੱਦੀ ਨਸ਼ੀਨ ਹੋ ਜਾਂਦਾ ਹੈ।

ਡਾ. ਜਾਰਜ ਗ੍ਰਾਸ, ਕਿੰਗਜ਼ ਕਾਲਜ ਲੰਡਨ ਵਿਖੇ ਤਾਜਪੋਸ਼ੀ 'ਤੇ ਇੱਕ ਖੋਜ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਕੇਤ ਹਨ ਜੋ ਅਪਣੀ ਭੂਮਿਕਾ ਪ੍ਰਤੀ ਰਾਜੇ ਦੀ ਵਚਨਬੱਧਤਾ ਨੂੰ ਰਸਮੀ ਰੂਪ ਦਿੰਦੇ ਹਨ।

ਉਹ ਉਨ੍ਹਾਂ ਵਾਅਦਿਆਂ ਵਿੱਚ ਵਿਸ਼ਵਾਸ ਕਰਦੇ ਹਨ ਜੋ ਇੱਕ ਬਾਦਸ਼ਾਹ ਨੂੰ ਇੱਕ ਜਨਤਕ ਬਿਆਨ ਵਿੱਚ "ਦਇਆ ਨਾਲ ਕਾਨੂੰਨ ਅਤੇ ਨਿਆਂ ਨੂੰ ਕਾਇਮ ਰੱਖਣ" ਕਰਦਾ ਹੈ। ਉਨ੍ਹਾਂ ਮੁਤਾਬਕ ਇਹ ਖ਼ਾਸ ਪਲ ਹੈ।

"ਇੱਕ ਅਨਿਸ਼ਚਿਤ ਸੰਸਾਰ ਵਿੱਚ ਜਿੱਥੇ ਨੇਤਾ ਹਰ ਸਮੇਂ ਕਾਨੂੰਨ ਦੇ ਅੰਤਰਰਾਸ਼ਟਰੀ ਨਿਯਮਾਂ ਨੂੰ ਤੋੜਦੇ ਹਨ, ਸਾਡੇ ਬਾਦਸ਼ਾਹ ਨੂੰ ਇਹ ਕਹਿਣਾ ਪੈਂਦਾ ਹੈ ਕਿ 'ਇਹ ਬੁਨਿਆਦੀ ਚੀਜ਼ਾਂ ਹਨ ਜੋ ਮਾਇਨੇ ਰੱਖਦੀਆਂ ਹਨ', ਅਤੇ ਇਹ ਮੇਰੇ ਲਈ ਮਾੜੀ ਗੱਲ ਨਹੀਂ ਹੈ।"

ਪੁਰਾਣੇ ਅਤੇ ਨਵੇਂ ਦਾ ਸੁਮੇਲ?

ਸਹੁੰ ਤੋਂ ਬਾਅਦ ਜੋ ਹੁੰਦਾ ਹੈ ਉਹ ਇਹ ਦੱਸਣ ਲਈ ਕਾਫ਼ੀ ਹੈ ਕਿ ਤਾਜਪੋਸ਼ੀ ਇੱਕ ਧਾਰਮਿਕ ਰਸਮ ਹੈ: ਇੱਕ ਕਰਾਸ ਨੂੰ ਇੱਕ ਪਵਿੱਤਰ ਤੇਲ ਦੀ ਵਰਤੋਂ ਕਰਕੇ ਰਾਜਾ ਦੇ ਸਿਰ, ਹੱਥਾਂ ਅਤੇ ਛਾਤੀ 'ਤੇ ਛੂਹਿਆ ਜਾਂਦਾ ਹੈ।

ਡਾ. ਗ੍ਰਾਸ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ "ਰਾਜੇ ਨੂੰ ਲਗਭਗ ਇੱਕ ਪਾਦਰੀ ਜਿੰਨਾ" ਉੱਚਾ ਕਰਦੀ ਹੈ, ਅਤੇ ਚਰਚ ਦੇ ਮੁਖੀ ਵਜੋਂ ਬਾਦਸ਼ਾਹ ਨੂੰ ਸਥਾਪਿਤ ਕਰਦੀ ਹੈ।

ਡਾ. ਡੇਵਿਡ ਟੋਰੈਂਸ, ਜਿਸ ਨੇ ਤਾਜਪੋਸ਼ੀ 'ਤੇ ਇੱਕ ਸੰਸਦੀ ਖੋਜ ਪੱਤਰ ਲਿਖਿਆ ਹੈ, ਕਹਿੰਦੇ ਹਨ,"ਇਹ ਇੱਕ ਐਂਗਲੀਕਨ ਰਸਮ ਹੈ ਅਤੇ ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਰਾਜੇ 'ਤੇ ਪਰਮੇਸ਼ਰ ਦੀ ਕਿਰਪਾ ਦੀ ਹੈ।"

"ਇਸ ਰਾਹੀਂ ਚਰਚ ਆਫ਼ ਇੰਗਲੈਂਡ ਹਰ ਕਿਸੇ ਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਉਹ ਯੂਕੇ ਦੇ ਸਥਾਪਿਤ ਚਰਚਾਂ ਵਿੱਚੋਂ ਇੱਕ ਹਨ ਅਤੇ ਬਾਦਸ਼ਾਹ ਇਸਦਾ ਸਰਵਉੱਚ ਪਾਲਕ ਹੈ।"

ਰਾਇਲ ਸਟੂਡੀਓਜ਼ ਨੈੱਟਵਰਕ ਦੇ ਡਾਇਰੈਕਟਰ ਡਾ. ਏਲੇਨਾ ਵੁਡਕਰ ਨੇ ਕਿਹਾ ਕਿ ਇਹ ਰਸਮ ਓਹਲੇ ਵਿੱਚ ਨਿਭਾਈ ਜਾਂਦੀ ਹੈ ਕਿਉਂਕਿ ਰਾਜਾ ਇਸ ਸਮੇਂ ਘੱਟ ਕੱਪੜੇ ਪਾਉਂਦੇ ਹਨ।

ਕੈਮਰੇ ਰਾਜਾ ਤੋਂ ਪਰੇ ਰਹਿਣਗੇ ਸ਼ਾਇਦ ਜਿਵੇਂ ਜਦੋਂ 1953 ਵਿੱਚ ਉਸਦੀ ਟੈਲੀਵਿਜ਼ਨ ਤਾਜਪੋਸ਼ੀ ਦੌਰਾਨ ਮਹਾਰਾਣੀ ਐਲਿਜ਼ਾਬੈਥ ਨੇ ਕੱਪੜੇ ਅਤੇ ਗਹਿਣਿਆਂ ਨੂੰ ਉਤਾਰ ਦਿੱਤਾ ਗਿਆ ਸੀ ਅਤੇ ਕੈਮਰਿਆਂ ਨੂੰ ਹੋਰ ਪਾਸੇ ਘੁੰਮਾ ਦਿੱਤਾ ਗਿਆ ਸੀ।

ਪਿਛਲੀਆਂ ਤਾਜਪੋਸ਼ੀਆਂ ਵਿੱਚ ਵਰਤਿਆ ਤੇਲ ਮੁੜ ਵਰਤਣ ਦੀ ਬਜਾਏ - ਜਿਵੇਂ ਕਿ ਕੁਝ ਰਾਜਿਆਂ ਨੇ ਕੀਤਾ ਹੈ - ਇਸ ਸਾਲ ਤਾਜ਼ਾ ਤੇਲ ਕੱਢਿਆ ਗਿਆ ਹੈ।

ਪਹਿਲਾਂ ਇਸ ਵਿੱਚ ਸਿਵੇਟ ਆਇਲ ਅਤੇ ਐਂਬਰਗਰਿਸ ਵਰਗੇ ਪਸ਼ੂ ਉਤਪਾਦ ਸ਼ਾਮਲ ਹੁੰਦੇ ਸਨ, ਜੋ ਕਿ ਸਪਰਮ ਵ੍ਹੇਲ ਵਿੱਚ ਪਾਏ ਜਾਂਦੇ ਹਨ, ਪਰ ਇਸ ਵਾਰ ਸ਼ਾਕਾਹਾਰੀ ਅਤੇ ਬੇਰਹਿਮੀ-ਮੁਕਤ ਸੰਸਕਰਣ ਅੰਸ਼ਕ ਤੌਰ 'ਤੇ ਜੈਤੂਨ ਤੋਂ ਬਣਾਇਆ ਗਿਆ ਹੈ।

ਸੰਕੇਤਕ ਰੂਪ ਵਿੱਚ ਇਹ ਉਨ੍ਹਾਂ ਦੀ ਦੂਜੇ ਮੱਤਾਂ ਪ੍ਰਤੀ ਸੰਭਾਵਿਤ ਸਹਿਮਤੀ ਹੈ ਜੋ ਯੇਰੂਸ਼ਲਮ ਵਿੱਚ ਮੈਰੀ ਮੈਗਡੇਲੀਨ ਦੇ ਮੱਠ ਵਿੱਚ ਪਨਪੇ ਸਨ। ਯੇਰੂਸ਼ਲਮ, ਜਿੱਥੇ ਰਾਜੇ ਦੀ ਦਾਦੀ ਰਾਜਕੁਮਾਰੀ ਐਲਿਸ ਨੂੰ ਦਫ਼ਨਾਇਆ ਗਿਆ ਸੀ।

ਤੇਲ ਦੀ ਚੋਣ "ਆਧੁਨਿਕ ਸੰਵੇਦਨਾਵਾਂ" ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਕੀਤੀ ਗਈ ਹੈ।

ਡਾ. ਵੁਡਾਕਰ ਨੇ ਕਿਹਾ ਕਿ ਇਹ ਇੱਕ ਪਲ ਨੂੰ "ਪਰੰਪਰਾ ਅਤੇ ਨਿਰੰਤਰਤਾ ਅਤੇ ਤਬਦੀਲੀ ਨਾਲ ਮਿਲਾਉਂਦਾ ਹੈ"। ਜਿੱਥੇ ਕਿ ਕੁਝ ਲੋਕ ਤਰਕ ਕਰਦੇ ਹਨ ਕਿ ਕੀ ਰਾਜਸ਼ਾਹੀ ਦੀ ਅਜੇ ਵੀ ਕੋਈ ਜਗ੍ਹਾ ਹੈ।

"ਤਾਜਪੋਸ਼ੀ ਅਤੀਤ ਦੀ ਸ਼ਕਤੀ ਨਾਲ ਤਾਰ ਜੋੜਨ ਅਤੇ ਆਪਣੇ ਭਵਿੱਖ ਨੂੰ ਆਕਾਰ ਦੇਣ ਦਾ ਰਾਜੇ ਦਾ ਮੌਕਾ ਹੈ। ਇਹ ਸਾਰੀਆਂ ਪ੍ਰਾਚੀਨ ਪਰੰਪਰਾਵਾਂ ਜਿਵੇਂ ਕਿ ਐਬੇ ਅਤੇ ਚਮਚੇ ਦੀ ਵਰਤੋਂ ਉਸਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ।"

ਰਾਜਾ ਦੀ ਤਾਜਪੋਸ਼ੀ ਬਾਰੇ ਖਾਸ ਗੱਲਾਂ

  • ਰਾਜਾ ਦੀ ਤਾਜਪੋਸ਼ੀ ਸਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਗੁੰਨਿਆ ਇੱਕ ਡੂੰਘਾ ਧਾਰਮਿਕ ਮੌਕਾ ਹੈ
  • ਯੂਰਪੀਅਨ ਰਾਜਸ਼ਾਹੀਆਂ ਨੇ ਬਹੁਤ ਪਹਿਲਾਂ ਤਾਜਪੋਸ਼ੀ ਤੋਂ ਛੁਟਕਾਰਾ ਪਾ ਲਿਆ ਸੀ
  • ਜਨਤਕ ਰਾਇ ਮੁਤਬਕ ਯੂਕੇ ਵਿੱਚ ਵੀ ਰਾਜਸ਼ਾਹੀ ਵਿੱਚ ਦਿਲਚਸਪੀ ਸ਼ਾਇਦ ਘੱਟ ਰਹੀ ਹੈ
  • ਤਾਜਪੋਸ਼ੀ ਨੂੰ ਆਧੁਨਿਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
  • ਤਾਜਪੋਸ਼ੀ ਸਮਾਗਮ ਵਿੱਚ ਨਵਾਂ ਸੰਗੀਤ ਤੇ ਵੱਖ-ਵੱਖ ਸਮੂਹਾਂ ਦੇ ਮਹਿਮਾਨਾਂ ਨੂੰ ਸ਼ਾਮਲ ਕੀਤੀ ਜਾਂਦਾ ਹੈ

ਕੀ ਅਸੀਂ ਪਰੰਪਰਾ ਦੀ ਪਰਵਾਹ ਕਰਦੇ ਹਾਂ?

ਗ੍ਰਾਹਮ ਸਮਿੱਥ, ਇੱਕ ਪ੍ਰੈਸ਼ਰ ਗਰੁੱਪ ਰਿਪਬਲਿਕ ਹਨ, ਜੋ ਰਾਜ ਦੇ ਇੱਕ ਚੁਣੇ ਹੋਏ ਮੁਖੀ ਲਈ ਮੁਹਿੰਮ ਚਲਾਉਂਦੇ ਹਨ।

ਉਹ ਸਵਾਲ ਕਰਦੇ ਹਨ ਕਿ ਕੀ ਪਰੰਪਰਾ ਇੱਕ ਜਾਇਜ਼ ਦਲੀਲ ਹੈ ਜਦੋਂ ਤਾਜਪੋਸ਼ੀ ਦਾ "ਹਰ ਵਾਰ ਪੈਮਾਨਾ, ਦਾਇਰਾ ਅਤੇ ਸਮੱਗਰੀ ਬਦਲ ਜਾਂਦੀ ਹੈ"।

"ਜ਼ਿਆਦਾਤਰ ਲੋਕ ਪਿਛਲੀ ਵਾਰ ਦੀ ਰਸਮ ਨੂੰ ਯਾਦ ਨਹੀਂ ਰੱਖਦੇ, ਇਸ ਲਈ ਇਹ ਕੋਈ ਪਰੰਪਰਾ ਨਹੀਂ ਹੈ ਜਿਸਦਾ ਕਿਸੇ ਲਈ ਵੀ ਕੋਈ ਮਤਲਬ ਹੋਵੇ," ਉਹ ਕਹਿੰਦੇ ਹਨ।

"ਇਸਦਾ ਕੋਈ ਸੰਵਿਧਾਨਕ ਮੁੱਲ ਨਹੀਂ ਹੈ, ਇਸਦੀ ਲੋੜ ਨਹੀਂ ਹੈ, ਅਤੇ ਜੇ ਅਸੀਂ ਅਜਿਹਾ ਨਹੀਂ ਕੀਤਾ, ਤਾਂ ਚਾਰਲਸ ਅਜੇ ਵੀ ਰਾਜਾ ਨਹੀਂ ਹੋਣਗੇ।"

ਦਰਅਸਲ, ਇੱਕ ਬਾਦਸ਼ਾਹ ਨੂੰ ਰਾਜ ਕਰਨ ਲਈ ਤਾਜਪੋਸ਼ੀ ਦੀ ਜ਼ਰੂਰਤ ਨਹੀਂ ਹੁੰਦੀ ਹੈ ਅਤੇ ਇੱਕ ਮੁੱਠੀ ਭਰ ਲੋਕਾਂ ਨੇ ਇੱਕ ਤੋਂ ਬਾਅਦ ਇੱਕ ਅਜਿਹਾ ਕੀਤਾ ਹੈ, ਜਿਵੇਂ ਕਿ ਐਡਵਰਡ ਅੱਠਵੇਂ, ਜਿਨ੍ਹਾਂ ਨੇ ਤਾਜ਼ਪੋਸ਼ੀ ਤੋਂ ਪਹਿਲਾਂ ਹੀ ਰਾਜ ਤਿਆਗ ਦਿੱਤਾ ਸੀ।

ਯੂਰਪੀਅਨ ਰਾਜਸ਼ਾਹੀਆਂ ਨੇ ਬਹੁਤ ਪਹਿਲਾਂ ਤਾਜਪੋਸ਼ੀ ਤੋਂ ਛੁਟਕਾਰਾ ਪਾ ਲਿਆ ਸੀ ਅਤੇ ਜਨਤਕ ਰਾਇ ਮੁਤਬਕ ਯੂਕੇ ਵਿੱਚ ਵੀ ਰਾਜਸ਼ਾਹੀ ਵਿੱਚ ਦਿਲਚਸਪੀ ਸ਼ਾਇਦ ਘੱਟ ਰਹੀ ਹੈ।

ਇੱਕ ਤਾਜ਼ਾ ਯੂਗੌਵ ਸਰਵੇ ਵਿੱਚ ਪਾਇਆ ਗਿਆ ਹੈ ਕਿ 48% ਉੱਤਰਦਾਤਾ ਤਾਜਪੋਸ਼ੀ ਨੂੰ ਦੇਖਣਗੇ ਇਸ ਦੀ ਬਹੁਤ ਜ਼ਿਆਦਾ, ਜਾਂ ਬਿਲਕੁਲ ਵੀ ਸੰਭਾਵਨਾ ਨਹੀਂ ਹੈ।

ਮਹਾਰਾਣੀ ਦੀ ਪਲੈਟੀਨਮ ਜੁਬਲੀ ਦੇ ਸਮੇਂ ਦੇ ਆਲੇ-ਦੁਆਲੇ ਕਰਵਾਏ ਗਏ ਇੱਕ ਹੋਰ ਸਰਵੇ ਵਿੱਚ ਪਾਇਆ ਗਿਆ ਕਿ ਜਦੋਂ 10 ਵਿੱਚੋਂ ਛੇ ਨੇ ਰਾਜਸ਼ਾਹੀ ਦਾ ਪੱਖ ਲਿਆ, ਬ੍ਰਿਟੇਨ ਦੀ ਬਹੁਗਿਣਤੀ ਨੇ ਮਹਿਸੂਸ ਕੀਤਾ ਕਿ ਸ਼ਾਹੀ ਪਰਿਵਾਰ 1952 ਦੇ ਮੁਕਾਬਲੇ ਦੇਸ਼ ਲਈ ਘੱਟ ਮਹੱਤਵਪੂਰਨ ਸੀ।

ਨੈਸ਼ਨਲ ਸੈਕੂਲਰ ਸੋਸਾਇਟੀ ਦੇ ਮੁੱਖ ਕਾਰਜਕਾਰੀ ਸਟੀਫ਼ਨ ਇਵਾਨਸ ਦਾ ਕਹਿਣਾ ਹੈ ਕਿ 1953 ਵਿੱਚ ਆਖਰੀ ਤਾਜਪੋਸ਼ੀ ਤੋਂ ਬਾਅਦ ਯੂਕੇ ਦਾ ਧਾਰਮਿਕ ਦ੍ਰਿਸ਼ "ਪੂਰੀ ਤਰ੍ਹਾਂ ਬਦਲ ਗਿਆ ਹੈ" ਅਤੇ "ਕਈ ਐਂਗਲੀਕਨ ਸਮਾਰੋਹ ਵੱਲੋਂ ਆਪਣੇ ਆਪ ਨੂੰ ਵੱਖਰਾ ਕੀਤਾ ਮਹਿਸੂਸ ਕਰਨਗੇ"।

ਡਾ. ਟੋਰੈਂਸ ਇਸ ਗੱਲ ਨਾਲ ਸਹਿਮਤ ਹਨ ਕਿ ਉਸ ਸਮੇਂ ਲੋਕ ਸਮਾਰੋਹ ਦੇ ਕੇਂਦਰੀ ਪਹਿਲੂਆਂ ਤੋਂ ਜਾਣੂ ਸਨ ਪਰ ਹੁਣ ਅਜਿਹਾ ਨਹੀਂ ਰਿਹਾ ਹੈ।

ਉਹ ਕਹਿੰਦੇ ਹਨ ਕਿ ਅੰਕੜਿਆਂ ਮੁਤਾਬਕ ਲੰਡਨ ਵਿੱਚ ਗਿਰਜੇ ਵਧ ਰਹੇ ਹਨ।

"ਜਦੋਂ ਮਹਾਰਾਣੀ ਦੀ ਮੌਤ ਹੋਈ ਤਾਂ ਸਾਡੇ ਕੋਲ ਬਹੁਤ ਸਾਰੇ ਧਰਮ ਰਸਮਾਂ ਵਿੱਚ ਸ਼ਾਮਲ ਹੋ ਗਏ ਸਨ। ਮੈਨੂੰ ਲੱਗਦਾ ਹੈ ਕਿ ਪੈਲੇਸ ਜਨਤਾ ਦੇ ਹੁੰਗਾਰੇ ਤੋਂ ਹੈਰਾਨ ਸੀ ... ਬਹੁਤ ਸਾਰੇ ਲੋਕਾਂ ਨੇ ਕਾਫ਼ੀ ਧਿਆਨ ਦਿੱਤਾ।"

"ਜੇ ਤਾਜਪੋਸ਼ੀ ਨੂੰ ਘੱਟ ਐਂਗਲੀਕਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਇਹ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਕਿ ਯੂਕੇ ਵਿੱਚ ਹੁਣ ਵੱਖ-ਵੱਖ ਧਰਮਾਂ ਦਾ ਪ੍ਰਸਾਰ ਹੈ।"

21ਵੀਂ ਸਦੀ ਦੀ ਤਾਜਪੋਸ਼ੀ?

ਸੈਂਟਰ ਫਾਰ ਦਿ ਸਟੱਡੀ ਆਫ਼ ਮਾਡਰਨ ਮੋਨਾਰਕੀ ਦੀ ਡਾਇਰੈਕਟਰ, ਪ੍ਰੋ. ਐਨਾ ਵ੍ਹਾਈਟਲਾਕ ਮੁਤਾਬਕ, ਹਾਲਾਂਕਿ, ਅਜੇ ਵੀ ਸਮਾਰੋਹ ਦਾ ਜ਼ਰੂਰੀ ਹਿੱਸਾ ਇੱਕ ਖ਼ਾਸ ਅਕੀਦੇ ਨਾਲ ਜੁੜਿਆ ਹੋਇਆ ਹੈ।

ਉਹ ਕਹਿੰਦੇ ਹਨ, "ਸਮੱਸਿਆ ਇਹ ਹੈ ਕਿ ਇਸਦੇ ਕੇਂਦਰ ਵਿੱਚ ਕਰਾਸ [ਅਤੇ] ਸਹੁੰ ਹੈ ਜੋ ਚਰਚ ਆਫ਼ ਇੰਗਲੈਂਡ ਨੂੰ ਬਰਕਰਾਰ ਰੱਖਣ ਬਾਰੇ ਹੈ। ਤੱਥ ਇਹ ਹੈ ਕਿ ਤੁਸੀਂ ਤਾਜਪੋਸ਼ੀ ਦੀ ਰਸਮ ਦੇ ਬੁਨਿਆਦੀ ਹਿੱਸਿਆਂ ਨੂੰ ਨਹੀਂ ਬਦਲ ਸਕਦੇ, ਇਹ ਇੱਕ ਵਿਸ਼ੇਸ਼ ਅਧਿਕਾਰ ਬਾਰੇ ਹੈ ਜੋ ਬਹੁ-ਵਿਸ਼ਵਾਸੀ, ਬਹੁ-ਨਸਲੀ ਬ੍ਰਿਟੇਨ ਬਾਰੇ ਨਹੀਂ ਹੈ।"

ਪ੍ਰੋ. ਵ੍ਹਾਈਟਲਾਕ ਇਸ ਗੱਲ ਨਾਲ ਸਹਿਮਤ ਹਨ ਕਿ ਤਾਜਪੋਸ਼ੀ ਨੂੰ ਆਧੁਨਿਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜਿਵੇਂ ਕਿ ਪਿਛਲੀ ਦੇ ਮੁਕਾਬਲੇ ਇਸ ਨੂੰ ਸੰਖੇਪ ਬਣਾਉਣਾ, ਨਵਾਂ ਸੰਗੀਤ, ਅਤੇ ਵੱਖ- ਵੱਖ ਸਮੂਹਾਂ ਦੇ ਮਹਿਮਾਨਾਂ ਨੂੰ ਸ਼ਾਮਲ ਕਰਨਾ, "ਪਰ ਇਹ ਸ਼ੈਲੀ ਨੂੰ ਬਦਲਣ ਦੀ ਕੋਸ਼ਿਸ਼ ਹੈ ਜਦੋਂ ਕਿ ਤੁਸੀਂ ਉਸਦੀ ਆਤਮਾ ਨੂੰ ਬਦਲ ਨਹੀਂ ਸਕਦੇ।"

ਪ੍ਰੋ. ਵ੍ਹਾਈਟਲਾਕ ਨੂੰ ਲਗਦਾ ਹੈ ਕਿ ਕਿਸੇ ਵੀ ਸਾਰਥਕ ਤਬਦੀਲੀ ਲਈ ਇੱਕ ਵੱਡੇ ਸੁਧਾਰ ਦੀ ਲੋੜ ਪਵੇਗੀ, ਜਿਵੇਂ ਚਰਚ ਆਫ਼ ਇੰਗਲੈਂਡ ਜਾਂ ਰਾਜਸ਼ਾਹੀ 'ਤੇ ਜਨਮਤ ਸੰਗ੍ਰਹਿ। ਇਨ੍ਹਾਂ ਵਿੱਚੋਂ ਜਲਦੀ ਹੀ ਕੋਈ ਸਮਾਂ ਦੇਖਣ ਨੂੰ ਮਿਲੇਗਾ ਇਸ ਦੀ ਉਹ ਉਮੀਦ ਨਹੀਂ ਰੱਖਦੇ।

"ਰਾਜਸ਼ਾਹੀ ਦੀ ਵੈਧਤਾ ਪਰੰਪਰਾ ਅਤੇ ਨਿਰੰਤਰਤਾ 'ਤੇ ਅਧਾਰਤ ਹੈ, ਇਸ ਲਈ ਮੈਂ ਸੋਚਦੀ ਹਾਂ ਕਿ ਜੇ ਪ੍ਰਿੰਸ ਵਿਲੀਅਮ ਤਾਜਪੋਸ਼ੀ ਨੂੰ ਖਤਮ ਕਰਦੇ ਤਾਂ ਇਸ ਨੂੰ ਬਹੁਤ ਵਧਾਅ- ਚੜ੍ਹਾਅ ਕੇ ਦੇਖਿਆ ਜਾਂਦਾ। ਸਮਝਿਆ ਜਾਂਦਾ ਕਿ ਉਹ ਇੱਕ ਸੰਸਥਾ ਨੂੰ ਢਾਹ ਲਗਾ ਰਹੇ ਹਨ, ਅਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਅਜੇ ਉੱਥੇ ਤੱਕ ਪਹੁੰਚ ਗਏ ਹਾਂ।"

ਡਾ. ਗ੍ਰਾਸ ਦਾ ਮੰਨਣਾ ਹੈ ਕਿ ਖ਼ਰਚੇ ਸਮੇਤ ਹੋਰ ਤਰੀਕਿਆਂ ਨਾਲ ਇਸ ਨੂੰ ਆਧੁਨਿਕ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਉਹ ਕਹਿੰਦੇ ਹਨ ਕਿ ਆਰਥਿਕ ਤੌਰ 'ਤੇ ਮੁਸ਼ਕਲ ਸਮਿਆਂ ਦੌਰਾਨ ਤਾਜਪੋਸ਼ੀ ਹੋਣਾ ਅਸਧਾਰਨ ਨਹੀਂ ਹੈ, ਅਤੇ ਜਾਰਜ VI ਦੀ ਤਾਜਪੋਸ਼ੀ ਦਾ ਹਵਾਲਾ ਦਿੰਦੇ ਹਨ, ਜੋ ਕਿ ਇੱਕ ਭਿਆਨਕ ਆਰਥਿਕ ਤੰਗੀ ਦੇ ਦੌਰਾਨ ਆਯੋਜਿਤ ਕੀਤੀ ਗਈ ਸੀ।

ਮਹਿਲ ਵੱਲੋਂ ਲਾਗਤਾਂ ਨੂੰ "ਵਾਜਬ" ਰੱਖਣ ਦੀ ਕੋਸ਼ਿਸ਼ ਵਿੱਚ ਕਿੰਗ ਚਾਰਲਸ ਲਈ ਮਹਿਮਾਨਾਂ ਦੀ ਗਿਣਤੀ ਉਨ੍ਹਾਂ ਦੀ ਮਾਂ ਦੀ ਤਾਜਪੋਸ਼ੀ ਸਮੇਂ ਸੱਦੇ ਮਹਿਮਾਨਾਂ ਤੋਂ ਇੱਕ ਚੌਥਾਈ ਤੱਕ ਘਟਾਉਣ ਦਾ ਫੈਸਲਾ ਹੋ ਸਕਦਾ ਹੈ।

ਅਜਿਹੇ ਸਮੇਂ ਜਦੋਂ ਲੋਕ ਆਰਥਿਕ ਤੰਗੀ ਲੰਘ ਰਹੇ ਹਨ, ਆਲੋਚਕਾਂ ਦਾ ਕਹਿਣਾ ਹੈ ਕਿ ਲੱਖਾਂ ਦੀ ਲਾਗਤ ਵਾਲੀ ਤਾਜਪੋਸ਼ੀ ਜਨਤਕ ਪੈਸੇ ਦੀ ਬਰਬਾਦੀ ਹੈ।

ਸੱਭਿਆਚਾਰ, ਮੀਡੀਆ ਅਤੇ ਖੇਡ ਵਿਭਾਗ ਖ਼ਰਚੇ ਦੇ ਅਨੁਮਾਨ ਨਹੀਂ ਦੇ ਪਾ ਰਹੇ ਪਰ ਸਪੱਸ਼ਟ ਤੌਰ 'ਤੇ ਇਹ ਮੁਫ਼ਤ ਤਾਂ ਨਹੀਂ ਹੋਵੇਗਾ।

ਵਿਭਾਗ ਅਜੇ ਤੱਕ ਇਹ ਵੀ ਖੁਲਾਸਾ ਨਹੀਂ ਕਰ ਸਕਿਆ ਕਿ ਪਿਛਲੇ ਸਾਲ ਮਹਾਰਾਣੀ ਦੇ ਅੰਤਿਮ ਸੰਸਕਾਰ ਉੱਤੇ ਕਿੰਨਾ ਖ਼ਰਚਾ ਆਇਆ ਸੀ, ਹਾਲਾਂਕਿ ਤੁਲਨਾ ਕਰਨ ਲਈ, 2002 ਵਿੱਚ ਰਾਣੀ ਮਾਤਾ ਦੇ ਅੰਤਿਮ ਸੰਸਕਾਰ ਉੱਤੇ ਕਥਿਤ ਤੌਰ 'ਤੇ 54 ਲੱਖ ਪੌਂਡ ਦਾ ਖ਼ਰਚਾ ਆਇਆ ਸੀ।

ਦੋਵਾਂ ਦੀਆਂ ਮੌਤਾਂ ਬਾਰੇ ਜਨਤਕ ਹੁੰਗਾਰੇ ਤੋਂ ਹਾਲਾਂਕਿ, ਪਤਾ ਲੱਗਦਾ ਹੈ ਕਿ ਰਾਜਸ਼ਾਹੀ ਵਿੱਚ ਲੋਕਾਂ ਦੀ ਕੁਝ ਤਾਂ ਦਿਲਚਸਪੀ ਬਾਕੀ ਹੈ।

ਇੱਕ ਅੰਦਾਜ਼ੇ ਮੁਤਾਬਕ 250,000 ਲੋਕ ਸਤੰਬਰ ਵਿੱਚ ਮਰਹੂਮ ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਲਾਈਨ ਵਿੱਚ ਖੜ੍ਹੇ ਹੋਏ ਸਨ ਅਤੇ ਉਨ੍ਹਾਂ ਦੀ ਮਾਂ ਲਈ ਵੀ ਇਸੇ ਤਰ੍ਹਾਂ ਦੀ ਗਿਣਤੀ ਸਾਹਮਣੇ ਆਈ ਸੀ।

ਯੂਕੇ ਦੀ 67 ਮਿਲੀਅਨ ਦੀ ਆਬਾਦੀ ਦੇ ਮੁਕਾਬਲੇ ਇਹ ਘੱਟ ਲੱਗ ਸਕਦਾ ਹੈ ਪਰ ਲਗਭਗ 40% ਨੇ ਟੀਵੀ 'ਤੇ ਵੀ ਅੰਤਿਮ ਸੰਸਕਾਰ ਦੇਖਿਆ ਸੀ।

ਇਸ ਤਾਜਪੋਸ਼ੀ ਦਾ ਵੀ ਉਹੀ ਪ੍ਰਭਾਵ ਹੁੰਦਾ ਹੈ, ਇਹ ਵੇਖਣਾ ਬਾਕੀ ਹੈ, ਹਾਲਾਂਕਿ ਪ੍ਰੋ ਵ੍ਹਾਈਟਲਾਕ ਨੂੰ ਇਸ ਬਾਰੇ ਸੰਦੇਹ ਹੈ।

"ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਲੋਕ ਇਸ ਨੂੰ ਦੇਖਣਗੇ ਅਤੇ ਕਹਿਣਗੇ ਕਿ ਇਹ ਉਹੀ ਹੈ ਜਿਸ ਲਈ ਬ੍ਰਿਟੇਨ ਜਾਣਿਆਂ ਜਾਂਦਾ ਹੈ। ਹਲਾਂਕਿ, ਇਹ ਵਿਚਾਰ ਕਿ ਇੱਕ ਵਿਅਕਤੀ, ਜਿਸਦੀ ਜਨਮ ਕਾਰਨ ਹੀ ਤਾਜ਼ਪੋਸ਼ੀ ਕੀਤੀ ਜਾ ਰਹੀ ਹੈ ਅਤੇ ਸਾਡੇ ਉੱਪਰ ਸਥਾਪਿਤ ਕੀਤਾ ਜਾ ਰਿਹਾ ਹੈ। ਜੋ ਅਣ-ਚੁਣਿਆ ਹੈ, ਅਤੇ ਧਾਰਮਿਕ ਜਾਂ ਨਸਲੀ ਤੌਰ 'ਤੇ ਬ੍ਰਿਟੇਨ ਦੀ ਨੁਮਾਇੰਦਗੀ ਨਹੀਂ ਕਰਦਾ, ਬੁਰੀ ਤਰ੍ਹਾਂ ਪਰੇਸ਼ਾਨ ਕਰਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)