ਇਸ ਮੁਲਕ ’ਚ ਨਵੇਂ ਸ਼ਹਿਰ ਲਈ ਵਸਦੇ ਉਜਾੜੇ, ਜ਼ਮੀਨ ਨਾ ਦੇਣ ਦੀ ਸੂਰਤ ’ਚ ‘ਕਤਲ ਕਰਨ ਦੇ ਹੁਕਮ’

    • ਲੇਖਕ, ਮਰਲਿਨ ਥੌਮਸ ਅਤੇ ਲੌਰਾ ਐਲ ਗਿਬਾਲੇ
    • ਰੋਲ, ਬੀਬੀਸੀ ਪੱਤਰਕਾਰ

ਸਾਊਦੀ ਅਰਬ ਦੇ ਇੱਕ ਸਾਬਕਾ ਸੂਹੀਆ ਅਫ਼ਸਰ ਨੇ ਬੀਬੀਸੀ ਨੂੰ ਦੱਸਿਆ ਕਿ ਦੇਸ਼ ਵਿੱਚ ਉਸਾਰੇ ਜਾਣ ਵਾਲੇ ਭਵਿੱਖ ਮੁਖੀ ਈਕੋ ਸ਼ਹਿਰ ਲਈ ਅਧਿਕਾਰੀਆਂ ਨੇ ਜਾਨਲੇਵਾ ਤਾਕਤ ਵਰਤਣ ਦੇ ਹੁਕਮ ਦਿੱਤੇ ਸਨ।

ਇਸ ਸ਼ਹਿਰ ਦੀ ਉਸਾਰੀ ਕਈ ਕੌਮਾਂਤਰੀ ਕੰਪਨੀਆਂ ਵੱਲੋਂ ਮਿਲ ਕੇ ਕੀਤੀ ਜਾਣੀ ਹੈ।

ਕਰਨਲ ਰਹੀਬ ਏਲੇਨਜ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ‘ਦਿ ਲਾਈਨ’ ਦੇ ਰਾਹ ਵਿੱਚ ਪੈਣ ਵਾਲੇ ਇੱਕ ਕਬਾਇਲੀ ਪਿੰਡ ਦੇ ਵਾਸੀਆਂ ਨੂੰ ਖਦੇੜਨ ਦੇ ਹੁਕਮ ਦਿੱਤੇ ਗਏ ਸਨ।

ਦਿ ਲਾਈਨ ਸ਼ਹਿਰ ਸਾਊਦੀ ਅਰਬ ਦੀ ਨਿਓਮ ਈਕੋ ਪਰਿਯੋਜਨਾ ਦਾ ਹਿੱਸਾ ਹੈ।

ਹਾਲਾਂਕਿ ਇਨ੍ਹਾਂ ਇਲਜ਼ਾਮਾਂ ਬਾਰੇ ਸਾਊਦੀ ਦੀ ਸਰਕਾਰ ਅਤੇ ਨਿਓਨ ਮੈਨੇਜਮੈਂਟ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸਾਊਦੀ ਅਰਬ ਦੀ ਯੋਜਨਾ ਹੈ ਕਿ 2030 ਤੱਕ ਦੇਸ਼ ਦੀ ਆਰਥਿਕਤਾ ਦੀ ਨਿਰਭਰਤਾ ਨੂੰ ਤੇਲ ਤੋਂ ਘਟਾਇਆ ਜਾਵੇ ਅਤੇ ਹੋਰ ਖੇਤਰਾਂ ਵਿੱਚ ਇਸਦਾ ਵਿਕਾਸ ਕੀਤਾ ਜਾਵੇ।

ਨਿਓਨ ਉਸੇ ਰਣਨੀਤੀ ਦਾ ਇੱਕ ਹਿੱਸਾ ਹੈ। ਇਸ ਵਿੱਚ ਸਾਉਦੀ ਅਰਬ ਦੀ 500 ਬਿਲੀਅਨ ਡਾਲਰ ਖ਼ਰਚਣ ਦੀ ਯੋਜਨਾ ਹੈ।

ਦਿ ਲਾਈਨ ਸਿਟੀ

ਸਾਊਦੀ ਦੀ ਦਿ ਲਾਈਨ ਸਿਟੀ ਇੱਕ ਕਾਰ ਰਹਿਤ ਸ਼ਹਿਰ ਹੋਵੇਗਾ। ਇਹ ਸ਼ਹਿਰ ਸਿਰਫ਼ 200 ਮੀਟਰ ਚੌੜਾ ਅਤੇ 170 ਕਿੱਲੋਮੀਟਰ ਲੰਬਾ ਹੋਵੇਗਾ।

ਹਾਲਾਂਕਿ ਇਸ ਵੱਡੀ ਯੋਜਨਾ ਵਿੱਚੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2030 ਤੱਕ ਇਸਦਾ ਸਿਰਫ਼ 2.4 ਕਿੱਲੋਮੀਟਰ ਹਿੱਸਾ ਹੀ ਪੂਰਾ ਹੋ ਸਕੇਗਾ।

ਇਸ ਸ਼ਹਿਰ ਦੇ ਨਿਰਮਾਣ ਵਿੱਚ ਕਈ ਦਰਜਨ ਕੌਮਾਂਤਰੀ ਕੰਪਨੀਆਂ ਕੰਮ ਕਰ ਰਹੀਆਂ ਹਨ।

ਜਿਸ ਥਾਂ ਉੱਤੇ ਇਹ ਸ਼ਹਿਰ ਬਣਾਇਆ ਜਾਣਾ ਹੈ ਉਸ ਥਾਂ ਨੂੰ ਸਾਊਦੀ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਵੱਲੋਂ ਖਾਲੀ ਕੈਨਵਸ ਕਿਹਾ ਗਿਆ ਸੀ।

ਹਾਲਾਂਕਿ ਉਨ੍ਹਾਂ ਦੀ ਸਰਕਾਰ ਮੁਤਾਬਕ ਤਜਵੀਜ਼ ਕੀਤੀ ਗਈ ਥਾਂ ਤੋਂ ਕਰੀਬ 600 ਲੋਕਾਂ ਨੂੰ ਹਟਾਇਆ ਜਾ ਚੁੱਕਿਆ ਹੈ।

ਜਦਕਿ ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ਏਐੱਲਕਿਊਐੱਸਟੀ ਮੁਤਾਬਕ ਇਹ ਅੰਕੜਾ ਕਿਤੇ ਜ਼ਿਆਦਾ ਹੈ।

ਪਿੰਡਾਂ ਦੇ ਨਕਸ਼ਿਆਂ ਤੋਂ ਘਰ, ਸਕੂਲ ਤੇ ਹਸਪਤਾਲ ਹਟੇ

ਬੀਬੀਸੀ ਨੇ ਉਜਾੜੇ ਗਏ ਪਿੰਡਾਂ ਬਾਰੇ ਸੈਟਲਾਈਟ ਡਾਟਾ ਦਾ ਅਧਿਐਨ ਕੀਤਾ ਹੈ। ਇਹ ਪਿੰਡ ਹਨ ਅਲ ਖ਼ੁਰਾਬਹਾ, ਸ਼ਰਮਾ ਅਤੇ ਗਯਾਲ। ਇਨ੍ਹਾਂ ਪਿੰਡਾਂ ਦੇ ਘਰ, ਸਕੂਲ ਅਤੇ ਹਸਪਤਾਲ ਨਕਸ਼ੇ ਤੋਂ ਮਿਟਾ ਦਿੱਤੇ ਗਏ ਹਨ।

ਕਰਨਲ ਅਲੇਨਜ਼ੀ ਪਿਛਲੇ ਸਾਲ ਜਲਾਵਤਨ ਹੋ ਕੇ ਬ੍ਰਿਟੇਨ ਚਲੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਿ ਲਾਈਨ ਤੋਂ 4.5 ਕਿੱਲੋਮੀਟਰ ਦੂਰ ਦੱਖਣ ਵੱਲ ਦਾ ਇਲਾਕਾ ਸਾਫ਼ ਕਰਨ ਦੇ ਹੁਕਮਾਂ ਉੱਤੇ ਅਮਲ ਕਰਨ ਲਈ ਕਿਹਾ ਗਿਆ ਸੀ।

ਇਨ੍ਹਾਂ ਪਿੰਡਾਂ ਵਿੱਚ ਜ਼ਿਆਦਾਤਰ ਹੁਵਾਇਤਾਤ ਕਬੀਲੇ ਦੇ ਲੋਕ ਵਸਦੇ ਸਨ। ਇਹ ਲੋਕ ਦੇਸ ਦੇ ਉੱਤਰ-ਪੱਛਮ ਦੇ ਤਬੁਕ ਖੇਤਰ ਵਿੱਚ ਪਿਛਲੀਆਂ ਕਈ ਪੀੜ੍ਹੀ ਤਾਂ ਰਹਿ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਅਪ੍ਰੈਲ 2020 ਦੇ ਹੁਕਮਾਂ ਵਿੱਚ ਕਿਹਾ ਗਿਆ ਕਿ ਹੁਵਾਇਤਾਤ ਵਿੱਚ ਕਈ ਬਾਗ਼ੀ ਸ਼ਾਮਲ ਹਨ ਅਤੇ “ਜੋ ਕੋਈ ਵੀ ਵਿਰੋਧ ਕਰਦਾ ਹੈ ਮਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਇਨ੍ਹਾਂ ਹੁਕਮਾਂ ਦੇ ਨਾਲ ਆਪਣੇ ਘਰ ਵਿੱਚ ਟਿਕੇ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਾਰ ਦੇਣ ਦਾ ਲਾਇਸੈਂਸ ਦੇ ਦਿੱਤਾ ਗਿਆ।”

ਕਰਨਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਡਾਕਟਰੀ ਕਾਰਨਾਂ ਕਰਕੇ ਮਿਸ਼ਨ ਦਾ ਹਿੱਸਾ ਨਹੀਂ ਬਣੇ ਪਰ ਯੋਜਨਾ ਜਾਰੀ ਰਹੀ।

ਅਬਦੁੱਲ ਰਹਿਮਾਨ ਅਲ- ਹੁਵਾਇਤੀ ਨੇ ਜ਼ਮੀਨ ਰਜਿਸਟਰੀ ਕਮੇਟੀ ਨੂੰ ਆਪਣੀ ਜਾਇਦਾਦ ਦਾ ਮੁੱਲ ਪਾਉਣ ਤੋਂ ਰੋਕ ਦਿੱਤਾ। ਇੱਕ ਦਿਨ ਬਾਅਦ ਸਾਉਦੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ।

ਹੁਵਾਇਤੀ ਨੇ ਜ਼ਮੀਨ ਖਾਲੀ ਕਰਵਾਏ ਜਾਣ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਉੱਪਰ ਕਈ ਵੀਡੀਓ ਵੀ ਪਾਏ ਸਨ।

ਸਾਊਦੀ ਸਟੇਟ ਸਕਿਊਰਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਹੁਵਾਇਤੀ ਨੇ ਸੁਰੱਖਿਆ ਕਰਮੀਆਂ ਉੱਪਰ ਗੋਲੀਬਾਰੀ ਕੀਤੀ ਸੀ, ਜਿਸ ਕਾਰ ਸੁਰੱਖਿਆ ਕਰਮੀਆਂ ਨੂੰ ਜਵਾਬੀ ਕਾਰਵਾਈ ਕਰਨੀ ਪਈ ਸੀ।

ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਵਾਇਤੀ ਨੂੰ ਸਿਰਫ਼ ਜ਼ਮੀਨ ਤੋਂ ਕੱਢੇ ਜਾਣ ਦਾ ਵਿਰੋਧ ਕਰਨ ਕਰਕੇ ਮਾਰਿਆ ਗਿਆ।

ਬੀਬੀਸੀ ਸੁਤੰਤਰ ਰੂਪ ਵਿੱਚ ਸਾਊਦੀ ਪ੍ਰਸ਼ਾਸਨ ਵੱਲੋਂ ਜਾਨਲੇਵਾ ਤਾਕਤ ਵਰਤੇ ਜਾਣ ਬਾਰੇ ਕਰਨਲ ਅਲੇਨੇਜ਼ੀ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਿਆ।

ਹਾਲਾਂਕਿ ਸਾਊਦੀ ਇੰਟੈਲੀਜੈਂਸ ਦੇ ਜਾਣਕਾਰ ਸੂਤਰ ਨੇ ਕਰਨਲ ਦੇ ਬਿਆਨ ਦੀ ਪੁਸ਼ਟੀ ਕੀਤੀ, ਕਿ ਕਿਵੇਂ ਹੁਕਮ ਦਿੱਤੇ ਗਏ ਸਨ ਅਤੇ ਉਨ੍ਹਾਂ ਵਿੱਚ ਕੀ ਕਿਹਾ ਗਿਆ ਸੀ।

ਇਹ ਅਜਿਹੇ ਮਿਸ਼ਨਾਂ ਵਿੱਚ ਆਮ ਤੌਰ ਉੱਤੇ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਦੇ ਮੁਤਾਬਕ ਹੀ ਸੀ। ਸੂਤਰ ਨੇ ਇਹ ਵੀ ਕਿਹਾ ਕਿ ਕਰਨਲ ਦੀ ਸੀਨੀਅਰਤਾ ਦਾ ਪੱਧਰ ਅਜਿਹੇ ਮਿਸ਼ਨ ਦੀ ਅਗਵਾਈ ਕਰਨ ਲਈ ਯੋਗ ਹੋਵੇਗਾ।

ਲੋਕਾਂ ਸਿਰ ਇਲਜ਼ਾਮ ਮੜਨਾ

ਸੰਯੁਕਤ ਰਾਸ਼ਟਰ ਅਤੇ ਏਐੱਲਕਿਊਐੱਸਟੀ ਮੁਤਾਬਕ ਘੱਟੋ-ਘੱਟ 47 ਹੋਰ ਪਿੰਡ ਵਾਸੀ ਜਿਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਦਾ ਵਿਰੋਧ ਕਰਨ ਦੇ ਸੰਬੰਧ ਵਿੱਚ ਫੜਿਆ ਗਿਆ ਸੀ, ਵਿੱਚੋਂ ਕਈਆਂ ਨੂੰ ਬਾਅਦ ਵਿੱਚ ਅੱਤਵਾਦ ਨਾਲ ਜੁੜੇ ਇਲਜ਼ਾਮ ਲਗਾ ਕੇ ਮਾਰ ਦਿੱਤਾ ਗਿਆ ਸੀ ਅਤੇ ਕਈ ਅਜੇ ਵੀ ਹਿਰਾਸਤ ਵਿੱਚ ਹਨ।

ਏਐਲਕਿਊਐੱਸਟੀ ਮੁਤਾਬਕ ਇਨ੍ਹਾਂ ਵਿੱਚੋਂ 5 ਲੋਕਾਂ ਦੀ ਮੌਤ ਉੱਤੇ ਇੰਤਜ਼ਾਰ ਜਤਾਇਆ ਗਿਆ। ਜਦਕਿ ਕਈ ਹੋਰ ਲੋਕਾਂ ਨੂੰ ਹੁਵਾਇਤੀ ਦੀ ਮੌਤ ਦਾ ਜਨਤਕ ਰੂਪ ਵਿੱਚ ਸੋਗ ਮਨਾਉਣ ਅਤੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਉਣ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ।

ਸਾਊਦੀ ਅਥਾਰਟੀਜ਼ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦਿ ਲਾਈਨ ਲਈ ਜਾਣ ਦੀ ਲੋੜ ਹੈ, ਉਨ੍ਹਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ।

ਪਰ ਆਲਕਿਊਸਟ ਮੁਤਾਬਕ ਭੁਗਤਾਨ ਕੀਤੇ ਗਏ ਅੰਕੜੇ ਵਾਅਦੇ ਦੀ ਰਕਮ ਨਾਲੋਂ ਬਹੁਤ ਘੱਟ ਹਨ।

ਕਰਨਲ ਅਲੇਨੇਜ਼ੀ ਮੁਤਾਬਕ, "[ਨੀਓਮ] ਮੁਹੰਮਦ ਬਿਨ ਸਲਮਾਨ ਦੇ ਵਿਚਾਰਾਂ ਦਾ ਕੇਂਦਰ ਹੈ। ਇਸੇ ਲਈ ਉਹ ਹੁਵੈਤ ਨਾਲ ਨਜਿੱਠਣ ਵਿੱਚ ਇੰਨਾ ਬੇਰਹਿਮ ਸੀ।"

ਕਰਨਲ ਅਲ-ਏਨੇਜ਼ੀ ਹੁਣ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਯੂਕੇ ਵਿੱਚ ਰਹਿੰਦੇ ਹਨ।

ਨਿਓਮ ਦੇ ਸਕੀ ਪ੍ਰੋਜੈਕਟ ਦੇ ਇੱਕ ਸਾਬਕਾ ਸੀਨੀਅਰ ਕਾਰਜਕਾਰੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ 2020 ਵਿੱਚ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਅਬਦੁਲ ਰਹੀਮ ਅਲ-ਹੁਵੈਤੀ ਦੇ ਕਤਲ ਬਾਰੇ ਸੁਣਿਆ ਸੀ।

ਐਂਡੀ ਵਿਰਥ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਰ-ਵਾਰ ਆਪਣੇ ਮਾਲਕਾਂ ਨੂੰ ਬੇਦਖ਼ਲੀ ਬਾਰੇ ਪੁੱਛਿਆ, ਪਰ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ,"ਇਹ ਬਹੁਤ ਭਿਆਨਕ ਹੈ।"

ਉਨ੍ਹਾਂ ਨੇ ਇਸ ਵਿੱਚ ਸ਼ਾਮਲ ਹੋਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਕਿਉਂਕਿ ਉਹ ਇਸਦੇ ਪ੍ਰਬੰਧਨ ਤੋਂ ਨਿਰਾਸ਼ ਹੋ ਗਿਆ।

ਇੱਕ ਬ੍ਰਿਟਿਸ਼ ਡੀਸੈਲੀਨੇਸ਼ਨ ਕੰਪਨੀ ਦਾ ਇੱਕ ਮੁੱਖ ਕਾਰਜਕਾਰੀ ਅਧਿਕਾਰੀ ਜਿਸ ਨੂੰ 2022 ਵਿੱਚ ਦਿ ਲਾਈਨ ਲਈ 100 ਮੀਲੀਅਨ ਡਾਲਰ ਦੇ ਪ੍ਰੋਜੈਕਟ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਹ ਵੀ ਬਹੁਤ ਨਾਜ਼ੁਕ ਹੈ।

ਸੋਲਰ ਵਾਟਰ ਪੀਐੱਲਸੀ ਦੇ ਸੀਈਓ ਮੈਲਕਮ ਆਊ ਕਹਿੰਦੇ ਹਨ, "ਇਹ ਉਸ ਖੇਤਰ ਵਿੱਚ ਰਹਿਣ ਵਾਲੇ ਕੁਝ ਉੱਚ-ਤਕਨੀਕੀ ਲੋਕਾਂ ਲਈ ਚੰਗਾ ਹੋ ਸਕਦਾ ਹੈ, ਪਰ ਬਾਕੀਆਂ ਲਈ ਸ਼ਾਇਦ ਅਲੱਗ ਹੋਵੇ?"

ਉਨ੍ਹਾਂ ਕਿਹਾ ਕਿ ਸਥਾਨਕ ਆਬਾਦੀ ਨੂੰ ਬੇਮੁੱਲੀ ਜਾਇਦਾਦ ਵਾਂਗ ਦੇਖਿਆ ਜਾਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਇਸ ਇਲਾਕੇ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦੇ ਹਨ।

"ਤੁਹਾਨੂੰ ਉਨ੍ਹਾਂ ਨੂੰ ਉੱਥੋਂ ਹਟਾਏ ਬਿਨਾਂ ਹੀ ਸੁਧਾਰ ਬਾਰੇ ਸਲਾਹ ਲੈਣੀ ਚਾਹੀਦੀ ਹੈ।"

ਵਿਸਥਾਪਿਤ ਪਿੰਡ ਵਾਸੀ ਟਿੱਪਣੀ ਕਰਨ ਤੋਂ ਬਹੁਤ ਜ਼ਿਆਦਾ ਝਿਜਕਦੇ ਸਨ। ਉਨ੍ਹਾਂ ਦਾ ਪਹਿਲਾ ਡਰ ਤਾਂ ਇਹ ਹੈ ਕਿ ਵਿਦੇਸ਼ੀ ਮੀਡੀਆ ਨਾਲ ਗੱਲ ਕਰਨ ਕਾਰਨ ਉਨ੍ਹਾਂ ਦੇ ਨਜ਼ਰਬੰਦ ਰਿਸ਼ਤੇਦਾਰਾਂ ਨੂੰ ਹੋਰ ਖ਼ਤਰਾ ਹੋ ਸਕਦਾ ਹੈ।

ਪਰ ਅਸੀਂ ਇੱਕ ਹੋਰ ਸਕੀਮ ਸਾਊਦੀ ਵਿਜ਼ਨ 2030 ਤੋਂ ਬੇਦਖਲ ਕੀਤੇ ਗਏ ਲੋਕਾਂ ਨਾਲ ਗੱਲ ਕੀਤੀ।

ਪੱਛਮੀ ਸਾਊਦੀ ਅਰਬ ਦੇ ਇੱਕ ਸ਼ਹਿਰ ਵਿੱਚ ਜੇਦਾਹ ਸੈਂਟਰਲ ਪ੍ਰੋਜੈਕਟ ਲਈ 10 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਉੱਥੇ ਇੱਕ ਓਪੇਰਾ ਹਾਊਸ, ਸਪੋਰਟਿੰਗ ਡਿਸਟ੍ਰਿਕਟ ਵੱਡੀਆਂ ਦੁਕਾਨਾਂ ਅਤੇ ਰਿਹਾਇਸ਼ੀ ਯੂਨਿਟਾਂ ਨੂੰ ਤਿਆਰ ਕੀਤਾ ਗਿਆ ਹੈ।

ਘਰੋਂ ਬੇਘਰ ਹੋਏ ਲੋਕ

ਨਾਦਰ ਹਿਜਾਜ਼ੀ (ਬਦਲਿਆਂ ਹੋਇਆ ਨਾਮ) ਅਜ਼ੀਜ਼ੀਆ ਵਿੱਚ ਵੱਡੇ ਹੋਏ। ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਉਹ ਉਨ੍ਹਾਂ ਵਿੱਚੋਂ ਇੱਕ ਹਨ।

ਉਨ੍ਹਾਂ ਦੇ ਪਿਤਾ ਦਾ ਘਰ 2021 ਵਿੱਚ ਢਾਹ ਦਿੱਤਾ ਗਿਆ ਸੀ, ਜਿਸ ਲਈ ਉਨ੍ਹਾਂ ਚੇਤਾਵਨੀ ਦਿੱਤੀ ਗਈ ਪਰ ਸਮਾਂ ਇੱਕ ਮਹੀਨੇ ਤੋਂ ਵੀ ਘੱਟ ਦਿੱਤਾ ਗਿਆ ਸੀ।

ਹਿਜਾਜ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁਰਾਣੇ ਗੁਆਂਢ ਦੀਆਂ ਜੋ ਤਸਵੀਰਾਂ ਦੇਖੀਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਉੱਥੇ ਜੰਗੀ ਖੇਤਰ ਬਣ ਗਿਆ ਹੈ।

"ਉਹ ਲੋਕਾਂ 'ਤੇ ਇੱਕ ਜੰਗ ਥੋਪ ਰਹੇ ਹਨ, ਸਾਡੀ ਪਛਾਣ ਦੀ ਜੰਗ।"

ਸਾਊਦੀ ਕਾਰਕੁਨਾਂ ਨੇ ਬੀਬੀਸੀ ਨੂੰ ਜੇਦਾਹ ਢਾਹੁਣ ਦੇ ਸਬੰਧ ਵਿੱਚ ਪਿਛਲੇ ਸਾਲ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਬਾਰੇ ਦੱਸਿਆ। ਇੱਕ ਉੱਥੋਂ ਨਾ ਜਾਣ ਲਈ ਬਜਿੱਦ ਸੀ ਅਤੇ ਦੂਜਾ ਆਪਣੇ ਸੋਸ਼ਲ ਮੀਡੀਆ 'ਤੇ ਘਰਾਂ ਨੂੰ ਢਾਹੇ ਜਾਣ ਵਿਰੁੱਧ ਪੋਸਟਾਂ ਪਾ ਰਿਹਾ ਸੀ।

ਜੇਦਾਹ ਦੀ ਢਾਹਬਾਨ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਇੱਕ ਵਿਅਕਤੀ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਘਰੋਂ-ਬੇਘਰ ਕੀਤੇ ਗਏ 15 ਲੋਕਾਂ ਦਾ ਪੱਖ ਸੁਣਿਆ। ਉਹ ਉਸ ਇਲਾਕੇ ਵਿੱਚ ਇਕੱਠੇ ਹੋਏ ਸਨ ਜਿਸ ਦੀ ਕਥਿਤ ਤੌਰ 'ਤੇ ਢਾਹੁਣ ਲਈ ਨਿਸ਼ਾਨਬੱਧੀ ਕੀਤੀ ਗਈ ਸੀ।

ਸਾਊਦੀ ਜੇਲ੍ਹਾਂ ਵਿੱਚ ਬੰਦ ਲੋਕਾਂ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਦਾ ਮਤਲਬ ਹੈ ਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ।

ਧਮਕੀਆਂ ਦੇ ਕੇ ਘਰ ਖਾਲੀ ਕਰਵਾਉਣਾ

ਏਐੱਲਕਿਊਐੱਸਟੀ ਨੇ ਜੇਦਾਹ ਦੇ ਆਂਢ-ਗੁਆਂਢ ਤੋਂ ਬੇਦਖਲ ਕੀਤੇ ਗਏ 35 ਲੋਕਾਂ ਬਾਰੇ ਸਰਵੇਖਣ ਕੀਤਾ।

ਇਨ੍ਹਾਂ ਵਿੱਚੋਂ ਕੋਈ ਵੀ ਇਹ ਨਹੀਂ ਕਹਿੰਦਾ ਕਿ ਉਨ੍ਹਾਂ ਨੂੰ ਮੁਆਵਜ਼ਾ ਜਾਂ ਲੋੜੀਂਦੀ ਚੇਤਾਵਨੀ, ਸਥਾਨਕ ਕਾਨੂੰਨ ਦੇ ਮੁਤਾਬਕ ਹਾਸਿਲ ਹੋਈ ਸੀ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਧਮਕੀ ਦੇ ਅਧੀਨ ਹੀ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ।

ਕਰਨਲ ਅਲੇਨੇਜ਼ੀ ਹੁਣ ਯੂਕੇ ਵਿੱਚ ਰਹਿੰਦੇ ਹਨ,ਪਰ ਫਿਰ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਡਰਦੇ ਹਨ।

ਉਹ ਕਹਿੰਦੇ ਹਨ ਕਿ ਇੱਕ ਖੁਫ਼ੀਆ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜੇਕਰ ਉਹ ਸਾਊਦੀ ਗ੍ਰਹਿ ਮੰਤਰੀ ਨਾਲ ਲੰਡਨ ਦੇ ਸਾਊਦੀ ਦੂਤਾਵਾਸ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ 50 ਲੱਖ ਡਾਲਰਾਂ ਦੀ ਪੇਸ਼ਕਸ਼ ਕੀਤੀ ਕੀਤੀ ਜਾਵੇਗੀ।

ਬੀਬੀਸੀ ਨੇ ਇਹ ਇਲਜ਼ਾਮ ਸਾਊਦੀ ਸਰਕਾਰ ਤੱਕ ਪਹੁੰਚਾਇਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਵਿਦੇਸ਼ਾਂ ਵਿੱਚ ਰਹਿ ਰਹੇ ਸਾਊਦੀ ਸਰਕਾਰ ਦੇ ਆਲੋਚਕਾਂ 'ਤੇ ਹਮਲੇ ਵੀ ਕੋਈ ਵੱਖਰੀ ਗੱਲ ਨਹੀਂ ਹੈ। ਸਭ ਤੋਂ ਉੱਚ-ਪ੍ਰੋਫਾਈਲ ਅਮਰੀਕਾ ਵਿੱਚ ਕੰਮਰ ਕਰਦੇ ਪੱਤਰਕਾਰ ਜਮਾਲ ਖਸ਼ੋਗੀ ਨੂੰ 2018 ਵਿੱਚ ਦੇਸ਼ ਦੇ ਇਸਤਾਂਨਬੁਲ ਕੌਂਸਲੇਟ ਦੇ ਅੰਦਰ ਸਾਊਦੀ ਏਜੰਟਾਂ ਨੇ ਕਤਲ ਕਰ ਦਿੱਤਾ ਸੀ।

ਇੱਕ ਘਿਨਾਉਣੀ ਅਮਰੀਕੀ ਖ਼ੁਫ਼ੀਆ ਰਿਪੋਰਟ ਦਾ ਸਿੱਟਾ ਇਹ ਨਿਕਲਿਆ ਕਿ ਮੁਹੰਮਦ ਬਿਨ ਸਲਮਾਨ ਨੇ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਹੈ।

ਪਰ ਕਰਾਉਨ ਪ੍ਰਿੰਸ ਨੇ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ।

ਦੂਜੇ ਪਾਸੇ ਕਰਨਲ ਅਲੇਨੇਜ਼ੀ ਨੂੰ ਸਾਊਦੀ ਦੇ ਭਵਿੱਖੀ ਸ਼ਹਿਰ ਬਾਰੇ ਹੁਕਮਾਂ ਦੀ ਉਲੰਘਣਾ ਕਰਨ ਦੇ ਆਪਣੇ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੈ।

ਪਰ ਉਹ ਕਹਿੰਦੇ ਹਨ ਕਿ, "ਮੁਹੰਮਦ ਬਿਨ ਸਲਮਾਨ ਨਿਓਮ ਦੀ ਇਮਾਰਤ ਦੇ ਰਾਹ ਵਿੱਚ ਕਿਸੇ ਵੀ ਚੀਜ਼ ਨੂੰ ਖੜਾ ਨਹੀਂ ਹੋਣ ਦੇਵੇਗਾ... ਮੈਂ ਇਸ ਗੱਲ ਨੂੰ ਲੈ ਕੇ ਹੋਰ ਚਿੰਤਤ ਹੋਣ ਲੱਗਾਂ ਹਾਂ ਕਿ ਮੈਨੂੰ ਮੇਰੇ ਆਪਣੇ ਲੋਕਾਂ ਨਾਲ ਕੀ ਕਰਨ ਲਈ ਕਿਹਾ ਜਾ ਸਕਦਾ ਹੈ।"

ਇਸ ਰਿਪੋਰਟ ਲਈ ਇਰਵਾਨ ਰਿਵਾਲਟ ਵਲੋਂ ਰਿਪੋਰਟਿੰਗ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)