ਆਈਪੀਐੱਲ: ਸ਼ੁਭਮਨ ਗਿੱਲ ਨੇ ਆਪਣੇ ਹੀਰੋ ਵਿਰਾਟ ਦੀ ਚਮਕ ਨੂੰ ਕਿਵੇਂ ਲਗਾਤਾਰ ਦੂਜੇ ਸੈਂਕੜੇ ਨਾਲ ਫਿੱਕਾ ਕਰ ਦਿੱਤਾ

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਆਈਪੀਐਲ ਦੇ ਆਖ਼ਰੀ ਲੀਗ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੌਰ ਨੂੰ ਛੇ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ ਅਤੇ ਮੁੰਬਈ ਇੰਡੀਅਨਜ਼ ਪਲੇਆਫ਼ ਵਿੱਚ ਪਹੁੰਚ ਗਈ।

ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ ਵਿੱਚ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਰਾਇਲ ਚੈਲੇਂਜਰਜ਼ ਬੈਂਗਲੌਰ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ।

ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੌਰ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 197 ਦੌੜਾਂ ਬਣਾਈਆਂ।

ਇਸ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੀ ਇਸ ਟੂਰਨਾਮੈਂਟ ਦਾ ਆਪਣਾ ਲਗਾਤਾਰ ਦੂਜਾ ਸੈਂਕੜਾ ਜੜਿਆ ਅਤੇ ਅੰਤ ਤੱਕ ਬਿਨਾਂ ਆਊਟ ਹੋਏ ਟੀਮ ਨੂੰ ਜਿੱਤ ਦਿਵਾਈ।

ਸ਼ੁਭਮਨ ਗਿੱਲ ਨੇ ਸਿਰਫ਼ 50 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ 104 ਦੌੜਾਂ (52 ਗੇਂਦਾਂ ਵਿੱਚ) ਬਣਾਉਣ ਤੋਂ ਬਾਅਦ ਅੰਤ ਤੱਕ ਨਾਬਾਦ ਰਹੇ। ਆਪਣੀ ਪਾਰੀ ਵਿੱਚ ਸ਼ੁਭਮਨ ਨੇ ਅੱਠ ਛੱਕੇ ਅਤੇ ਪੰਜ ਚੌਕੇ ਜੜੇ।

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਗੁਜਰਾਤ ਟਾਈਟਨਜ਼ ਦੀ ਪਾਰੀ ਦੀ ਸ਼ੁਰੂਆਤ ਵਿੱਚ ਰਿਧੀਮਾਨ ਸਾਹਾ ਅਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ ਸਿਰਫ਼ 25 ਦੌੜਾਂ ਜੋੜੀਆਂ। ਇਸ ਤੋਂ ਬਾਅਦ ਗਿੱਲ ਨੇ ਵਿਜੇ ਸ਼ੰਕਰ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।

ਦੋਵਾਂ ਨੇ ਦੂਜੀ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਜੇ ਸ਼ੰਕਰ ਨੇ 35 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਪਾਰੀ ਖੇਡੀ। ਵਿਜੇ ਸ਼ੰਕਰ 15ਵੇਂ ਓਵਰ 'ਚ 148 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ।

ਅਜੇ ਦੋ ਦੌੜਾਂ ਹੀ ਜੋੜੀਆਂ ਸਨ ਕਿ ਦਾਸੁਨ ਸ਼ਾਨੁਕਾ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਏ। ਇਸ ਤੋਂ ਬਾਅਦ ਡੇਵਿਡ ਮਿਲਰ ਆਏ ਪਰ ਉਹ ਵੀ ਸਿਰਫ਼ ਛੇ ਦੌੜਾਂ ਦਾ ਯੋਗਦਾਨ ਪਾ ਕੇ ਪੈਵੇਲੀਅਨ ਪਰਤ ਗਏ।

ਸ਼ੁਭਮਨ ਗਿੱਲ ਦੂਜੇ ਸਿਰੇ 'ਤੇ ਡਟੇ ਰਹੇ ਅਤੇ ਮੈਚ ਦੇ ਆਖਰੀ ਓਵਰ 'ਚ ਆਪਣਾ ਸੈਂਕੜਾ ਪੂਰਾ ਕਰਕੇ ਗੁਜਰਾਤ ਟਾਈਟਨਜ਼ ਨੂੰ ਜਿੱਤ ਦਿਵਾਈ।

ਇਸ ਮੈਚ ਦੇ ਨਾਲ ਹੀ ਇਸ ਆਈਪੀਐਲ ਵਿੱਚ ਰਾਇਲ ਚੈਲੰਜਰਜ਼ ਬੈਂਗਲੌਰ ਦਾ ਸਫ਼ਰ ਖ਼ਤਮ ਹੋ ਗਿਆ ਅਤੇ ਮੁੰਬਈ ਇੰਡੀਅਨਜ਼ ਪਲੇਆਫ ਵਿੱਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ।

ਵਿਰਾਟ ਦਾ ਇਸ ਸੀਜ਼ਨ ਦਾ ਦੂਜਾ ਸੈਂਕੜਾ

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਪਲੇਆਫ ਲਈ ਆਪਣੇ ਸਭ ਤੋਂ ਮਹੱਤਵਪੂਰਨ ਅਤੇ ਆਖ਼ਰੀ ਲੀਗ ਮੈਚ ਵਿੱਚ ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੌਰ ਨੇ ਗੁਜਰਾਤ ਟਾਈਟਨਜ਼ ਦੇ ਸਾਹਮਣੇ ਜਿੱਤ ਲਈ 198 ਦੌੜਾਂ ਦਾ ਟੀਚਾ ਰੱਖਿਆ ਸੀ।

ਪਿਛਲੇ ਮੈਚ 'ਚ ਵੀ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਨੇ ਇਸ ਮੈਚ 'ਚ ਸਿਰਫ਼ 60 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਕੋਹਲੀ 61 ਗੇਂਦਾਂ 'ਤੇ 13 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 101 ਦੌੜਾਂ ਬਣਾ ਕੇ ਨਾਬਾਦ ਰਹੇ।

ਬੈਂਗਲੌਰ 'ਚ ਮੀਂਹ ਕਾਰਨ ਮੈਚ ਕਰੀਬ ਇੱਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ, ਜਿਸ 'ਚ ਗੁਜਰਾਤ ਟਾਈਟਨਜ਼ ਨੇ ਟਾਸ ਜਿੱਤ ਕੇ ਰਾਇਲ ਚੈਲੰਜਰਜ਼ ਬੈਂਗਲੌਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

ਵਿਰਾਟ ਕੋਹਲੀ ਅਤੇ ਫਾਫ ਡੁਪਲੇਸੀ ਨੇ ਪਹਿਲੇ ਓਵਰ ਵਿੱਚ ਛੇ ਦੌੜਾਂ ਅਤੇ ਦੂਜੇ ਵਿੱਚ ਸਿਰਫ਼ ਚਾਰ ਦੌੜਾਂ ਜੋੜੀਆਂ। ਫਿਰ ਤੀਜੇ ਅਤੇ ਚੌਥੇ ਓਵਰ ਦੇ ਵਿਚਕਾਰ ਕੋਹਲੀ ਅਤੇ ਡੁਪਲੇਸੀ ਨੇ ਅੱਠ ਚੌਕੇ ਜੜੇ। ਇਸ ਕਾਰਨ ਰਾਇਲ ਚੈਲੰਜਰਜ਼ ਬੈਂਗਲੌਰ ਦਾ ਸਕੋਰ ਪੰਜਵੇਂ ਓਵਰ ਦੀ ਤੀਜੀ ਗੇਂਦ 'ਤੇ 50 ਦੌੜਾਂ ਤੱਕ ਪਹੁੰਚ ਗਿਆ।

ਵਿਰਾਟ ਕੋਹਲੀ

ਡੁਪਲੇਸੀ-ਕੋਹਲੀ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਨਿਭਾਈ

ਡੁਪਲੇਸੀ ਅਤੇ ਕੋਹਲੀ ਦੀ ਸਲਾਮੀ ਜੋੜੀ ਨੇ ਪਾਵਰਪਲੇ ਦੇ ਪਹਿਲੇ ਛੇ ਓਵਰਾਂ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਬਿਨਾਂ ਕਿਸੇ ਨੁਕਸਾਨ ਦੇ 62 ਦੌੜਾਂ ਤੱਕ ਪਹੁੰਚਾਇਆ।

ਅੱਠਵੇਂ ਓਵਰ ਦੀ ਪਹਿਲੀ ਗੇਂਦ 'ਤੇ ਨੂਰ ਅਹਿਮਦ ਨੇ ਫਾਫ ਡੁਪਲੇਸੀ ਨੂੰ ਆਊਟ ਕਰਕੇ ਆਰਸੀਬੀ ਨੂੰ ਪਹਿਲਾ ਝਟਕਾ ਦਿੱਤਾ।

ਨੂਰ ਦੀ ਫੁਲ ਲੈਂਥ ਗੇਂਦ ਡੁਪਲੇਸੀ ਦੇ ਬੱਲੇ ਦੇ ਬਾਹਰਲੇ ਕਿਨਾਰੇ ਨੂੰ ਲੱਗ ਕੇ ਵਿਕਟਕੀਪਰ ਸਾਹਾ ਦੇ ਪੈਡ 'ਤੇ ਲੱਗੀ ਅਤੇ ਉੱਛਲ ਕੇ ਸਲਿੱਪ 'ਚ ਗਈ ਜਿੱਥੇ ਤੇਵਤੀਆ ਨੂੰ ਇੱਕ ਸੌਖਾ ਕੈਚ ਮਿਲ ਗਿਆ।

ਡੁਪਲੇਸੀ ਨੇ 19 ਗੇਂਦਾਂ 'ਤੇ 28 ਦੌੜਾਂ ਬਣਾਈਆਂ ਅਤੇ ਕੋਹਲੀ ਨਾਲ ਪਹਿਲੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਕੀਤੀ।

ਡੁਪਲੇਸੀ

ਤਸਵੀਰ ਸਰੋਤ, ANI

ਮੈਕਸਵੈਲ-ਲੋਮਰੋਰ ਨਹੀਂ ਚੱਲੇ, ਬ੍ਰੇਸਵੈੱਲ ਨੇ ਖੇਡੀ ਤੇਜ਼ ਪਾਰੀ

ਇਸ ਤੋਂ ਬਾਅਦ ਗਲੇਨ ਮੈਕਸਵੈਲ ਨੇ ਆ ਕੇ ਨੂਰ ਅਹਿਮਦ ਦੇ ਉਸੇ ਓਵਰ 'ਚ ਛੱਕਾ ਅਤੇ ਚੌਕਾ ਲਗਾਇਆ ਪਰ ਅਗਲੇ ਹੀ ਓਵਰ 'ਚ ਰਾਸ਼ਿਦ ਖਾਨ ਨੇ ਆਪਣੀ ਗੁੱਡ ਲੈਂਥ ਗੁਗਲੀ 'ਤੇ ਮੈਕਸਵੈਲ ਨੂੰ ਬੋਲਡ ਕਰ ਦਿੱਤਾ। ਮੈਕਸਵੈੱਲ ਪੰਜ ਗੇਂਦਾਂ ਵਿੱਚ ਸਿਰਫ਼ 11 ਦੌੜਾਂ ਹੀ ਬਣਾ ਸਕੇ।

10ਵੇਂ ਓਵਰ 'ਚ ਨੂਰ ਅਹਿਮਦ ਨੇ ਮਹਿਪਾਲ ਲੋਮਰੋਰ ਨੂੰ ਆਪਣੀ ਗੇਂਦ 'ਤੇ ਚਕਮਾ ਦੇ ਕੇ ਆਰਸੀਬੀ ਨੂੰ ਤੀਜਾ ਝਟਕਾ ਦਿੱਤਾ।

ਨੂਰ ਨੇ ਲੈੱਗ ਸਟੰਪ ਦੇ ਬਾਹਰ ਚੰਗੀ ਲੈਂਥ ਗੇਂਦ ਸੁੱਟੀ। ਲੋਮਰਰ ਗੇਂਦ ਦੀ ਪਿੱਚ 'ਤੇ ਪਹੁੰਚ ਕੇ ਸਾਈਡ 'ਤੇ ਖੇਡਣ ਚਲੇ ਗਏ ਪਰ ਗੇਂਦ ਵਿਕਟ ਦੇ ਪਿੱਛੇ ਸਾਹਾ ਦੇ ਦਸਤਾਨੇ 'ਚ ਚਲੀ ਗਈ ਅਤੇ ਉਸ ਨੇ ਵਿਕਟਾਂ ਉਡਾ ਦਿੱਤੀਆਂ।

ਇਸ ਤੋਂ ਬਾਅਦ ਮਾਈਕਲ ਬ੍ਰੇਸਵੇਲ ਨੇ ਵਿਰਾਟ ਕੋਹਲੀ ਨਾਲ ਚੌਥੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਕੀਤੀ। ਮੁਹੰਮਦ ਸ਼ਮੀ ਨੇ 14ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਬ੍ਰੇਸਵੈੱਲ ਨੂੰ ਕੌਟ ਐਂਡ ਬੋਲਡ ਕਰ ਦਿੱਤਾ।

ਬ੍ਰੇਸਵੈੱਲ ਨੇ 16 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ।

ਬ੍ਰੇਸਵੈੱਲ ਤੋਂ ਬਾਅਦ ਦਿਨੇਸ਼ ਕਾਰਤਿਕ ਪਿੱਚ 'ਤੇ ਆਏ ਪਰ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਉਨ੍ਹਾਂ ਨੂੰ ਯਸ਼ ਦਿਆਲ ਨੇ ਵਿਕਟ ਦੇ ਪਿੱਛੇ ਕੈਚ ਆਊਟ ਕਰਵਾਇਆ।

ਮੈਕਸਵੈਲ

ਤਸਵੀਰ ਸਰੋਤ, ANI

ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਇਸ ਆਈਪੀਐਲ ਵਿੱਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ ਅਤੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਕ੍ਰਿਕਟਰ ਵੀ ਬਣ ਗਏ।

ਪਾਰੀ ਤੋਂ ਬਾਅਦ ਜਦੋਂ ਰਵੀ ਸ਼ਾਸਤਰੀ ਤੋਂ ਪੁੱਛਿਆ ਗਿਆ ਕਿ ਕੋਹਲੀ ਨੇ ਕ੍ਰੀਜ਼ 'ਤੇ ਕਿਵੇਂ ਮਹਿਸੂਸ ਕੀਤਾ ਤਾਂ ਉਨ੍ਹਾਂ ਕਿਹਾ, "ਹਾਂ, ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਸੀ। ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੇਰਾ ਟੀ-20 ਕ੍ਰਿਕਟ ਦਾ ਪੱਧਰ ਘਟ ਰਿਹਾ ਹੈ, ਪਰ ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਸਰਵੋਤਮ ਟੀ-20 ਕ੍ਰਿਕਟ ਫਿਰ ਤੋਂ ਖੇਡ ਰਿਹਾ ਹਾਂ।''

''ਮੈਂ ਸਿਰਫ਼ ਆਪਣੇ ਆਪ ਦਾ ਆਨੰਦ ਲੈਂਦਾ ਹਾਂ, ਇਸੇ ਤਰ੍ਹਾਂ ਮੈਂ ਟੀ-20 ਕ੍ਰਿਕਟ ਖੇਡਦਾ ਹਾਂ। ਮੈਂ ਗੈਪ ਨੂੰ ਹਿੱਟ ਕਰਨਾ, ਬਹੁਤ ਸਾਰੇ ਚੌਕੇ ਲਗਾਉਣਾ ਅਤੇ ਅੰਤ ਵਿੱਚ ਜੇਕਰ ਸਥਿਤੀ ਮੈਨੂੰ ਇਜਾਜ਼ਤ ਦਿੰਦੀ ਹੈ ਤਾਂ ਵੱਡੇ ਸ਼ਾਟਸ ਖੇਡਣ ਦੀ ਕੋਸ਼ਿਸ਼ ਕਰਦਾ ਹਾਂ।''

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਸ਼ੁਭਮਨ ਦਾ ਦੂਜਾ ਸੈਂਕੜਾ

ਇਸ ਸੈਂਕੜੇ ਤੋਂ ਪਹਿਲਾਂ, ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਆਪਣੇ ਮੈਚ 'ਚ ਸ਼ੁਭਮਨ ਨੇ ਜੋ ਸੈਂਕੜਾ ਜੜਿਆ ਸੀ, ਉਸ ਦੀ ਬਦੌਲਤ ਗੁਜਰਾਤ ਟੀਮ ਨੂੰ ਪਲੇਆਫ਼ 'ਚ ਪਹੁੰਚਣ 'ਚ ਮਦਦ ਮਿਲੀ ਸੀ।

ਇਸ ਮੈਚ ਲਈ ਸ਼ੁਭਮਨ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ ਸੀ।

ਗਿੱਲ ਨੇ ਆਪਣਾ ਇਹ ਸੈਂਕੜਾ ਜੜਨ ਤੋਂ ਬਾਅਦ ਕਿਹਾ ਸੀ, "ਉਮੀਦ ਹੈ, ਮੈਂ ਇਸ ਸੀਜ਼ਨ ਵਿੱਚ ਮੈਂ ਹੋਰ ਸੈਂਕੜੇ ਲਗਾਵਾਂਗਾ।"

ਅਤੇ ਉਨ੍ਹਾਂ ਨੇ ਆਪਣੀ ਇਸ ਗੱਲ ਨੂੰ ਸੱਚ ਵੀ ਕਰ ਦਿਖਾਇਆ।

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਸਚਿਨ-ਵਿਰਾਟ ਦੀ ਰਾਹ 'ਤੇ ਸ਼ੁਭਮਨ

ਹੈਦਰਾਬਾਦ ਖ਼ਿਲਾਫ਼ ਮੈਚ 'ਚ ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਇਹ ਵੀ ਦੱਸਿਆ ਕਿ ਕ੍ਰਿਕਟ 'ਚ ਉਨ੍ਹਾਂ ਦੇ ਦੋ ਸਭ ਤੋਂ ਵੱਡੇ ਹੀਰੋ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹਨ।

ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਉਹ ਦੋ ਖਿਡਾਰੀ ਹਨ ਜਿਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਹਨ।

ਅਤੇ ਕ੍ਰਿਕਟ ਦੇ ਤਮਾਮ ਜਾਣਕਾਰ, ਜਿਨ੍ਹਾਂ 'ਚ ਸਾਬਕਾ ਖਿਡਾਰੀ ਅਤੇ ਆਲੋਚਕ ਵੀ ਸ਼ਾਮਿਲ ਹਨ, ਮੰਨਦੇ ਹਨ ਕਿ ਸ਼ੁਭਮਨ ਗਿੱਲ ਵਿੱਚ ਸਚਿਨ ਅਤੇ ਵਿਰਾਟ ਵਰਗਾ ਮਹਾਨ ਬੱਲੇਬਾਜ਼ ਬਣਨ ਦੀ ਸਮਰੱਥਾ ਹੈ।

ਵਿਰੋਧੀ ਟੀਮਾਂ ਦੇ ਕਪਤਾਨਾਂ ਅਤੇ ਗੇਂਦਬਾਜ਼ਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਸ਼ੁਭਮਨ ਗਿੱਲ ਇਸ ਸੀਜ਼ਨ 'ਚ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਹਨ।

ਪਰ ਜੋ ਚੀਜ਼ ਸ਼ੁਭਮਨ ਗਿੱਲ ਨੂੰ ਸੈਂਕੜਾ ਜੜਨ ਵਾਲੇ ਦੂਜੇ ਖਿਡਾਰੀਆਂ ਤੋਂ ਵੱਖ ਕਰਦੀ ਹੈ, ਉਹ ਹੈ ਉਨ੍ਹਾਂ ਦੀ ਬੱਲੇਬਾਜ਼ੀ ਦਾ ਅੰਦਾਜ਼।

ਸ਼ੁਭਮਨ ਗਿੱਲ ਟੇਢੇ-ਮੇਢੇ ਸ਼ਾਟ ਖੇਡ ਕੇ ਦੌੜਾਂ ਨਹੀਂ ਬਣਾਉਂਦੇ। ਉਹ ਕ੍ਰਿਕਟ ਦੇ ਕਲਾਸੀਕਲ ਸ਼ਾਟਾਂ ਰਾਹੀਂ ਦੌੜਾਂ ਬਣਾਉਂਦੇ ਹਨ। ਸੋਮਵਾਰ ਨੂੰ ਉਨ੍ਹਾਂ ਦੇ ਇਸ ਅੰਦਾਜ਼ ਦੀ ਪ੍ਰਸ਼ੰਸਾ ਆਪਣੇ ਦੌਰ 'ਚ ਵਧੇਰੇ ਸੈਂਕੜ ਲਗਾਉਣ ਵਾਲੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਵੀ ਕੀਤੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)