ਆਈਪੀਐੱਲ : ਸ਼ੁਭਮਨ ਗਿੱਲ ਨੇ ਵਿਰੋਧੀਆਂ ਨੂੰ ਕੀ ਦਿੱਤੀ ਚੁਣੌਤੀ, ਦਾਅਵੇ 'ਚ ਕਿੰਨਾ ਹੈ ਦਮ

ਤਸਵੀਰ ਸਰੋਤ, Getty Images
101 ਦੌੜਾਂ
13 ਚੌਕੇ
ਇੱਕ ਛੱਕਾ
174.13 ਦਾ ਸਟ੍ਰਾਈਕ ਰੇਟ
ਇਹ ਸੈਂਕੜਾ ਸੀ ਜਿਸ ਨੇ ਗੁਜਰਾਤ ਟਾਈਟਨਜ਼ ਲਈ ਪਲੇਆਫ਼ ਦੀ ਟਿਕਟ ਹਾਸਲ ਕੀਤੀ। ਇਹ ਸੈਂਕੜਾ ਸੀ ਜਿਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਲੇਆਫ਼ ਦੀ ਦੌੜ ਤੋਂ ਬਾਹਰ ਕਰ ਦਿੱਤਾ।
ਇਸੇ ਲਈ, ਜਦੋਂ ਸ਼ੁਭਮਨ ਗਿੱਲ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਈ।
ਹੈਰਾਨੀ ਉਦੋਂ ਵੀ ਨਹੀਂ ਹੋਈ ਜਦੋਂ ਉਨ੍ਹਾਂ ਨੇ ਆਈਪੀਐਲ ਦੀ ਡਿਫੈਂਡਿੰਗ ਚੈਂਪੀਅਨ ਟੀਮ ਅਤੇ ਟਰਾਫੀ ਵਿਚਾਲੇ ਰੁਕਾਵਟ ਬਣ ਸਕਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਿੱਧੀ ਚੁਣੌਤੀ ਦੇ ਮਾਰੀ।

ਤਸਵੀਰ ਸਰੋਤ, Getty Images
ਗਿੱਲ ਦਾ ਐਲਾਨ
ਹੈਦਰਾਬਾਦ ਖ਼ਿਲਾਫ਼ ਆਈਪੀਐਲ ਵਿੱਚ ਆਪਣਾ ਪਹਿਲਾ ਸੈਂਕੜਾ ਜੜਨ ਵਾਲੇ ਸ਼ੁਭਮਨ ਗਿੱਲ ਨੇ ਕਿਹਾ, "ਉਮੀਦ ਹੈ, ਮੈਂ ਇਸ ਸੀਜ਼ਨ ਵਿੱਚ ਮੈਂ ਹੋਰ ਸੈਂਕੜੇ ਲਗਾਵਾਂਗਾ।"
ਆਈਪੀਐਲ 2023 ਵਿੱਚ, ਪਿਛਲੇ ਚਾਰ ਦਿਨਾਂ ਵਿੱਚ ਤਿੰਨ ਸੈਂਕੜੇ ਲਗਾਏ ਗਏ ਹਨ।
IPL 2023: ਚਾਰ ਦਿਨਾਂ ਵਿੱਚ ਤਿੰਨ ਸੈਂਕੜੇ
- 12 ਮਈ ਨੂੰ ਮੁੰਬਈ ਦੇ ਸੂਰਿਆ ਕੁਮਾਰ ਯਾਦਵ ਨੇ ਗੁਜਰਾਤ ਟਾਇਟਨਜ਼ ਦੇ ਖ਼ਿਲਾਫ਼ ਨਾਬਾਦ 103 ਦੌੜਾਂ ਬਣਾਈਆਂ
- 13 ਮਈ ਨੂੰ ਪੰਜਾਬ ਦੇ ਪ੍ਰਭਸਿਮਰਨ ਸਿੰਘ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 103 ਦੌੜਾਂ ਬਣਾਈਆਂ
- 15 ਮਈ ਨੂੰ ਗੁਜਰਾਤ ਟਾਈਟਨਜ਼ ਦੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਨੇ 101 ਦੌੜਾਂ ਦੀ ਪਾਰੀ ਖੇਡੀ

ਤਸਵੀਰ ਸਰੋਤ, ANI
ਗਿੱਲ ਦੇ ਦਾਅਵੇ 'ਚ ਕਿੰਨਾ ਕੁ ਦਮ?
ਫ਼ਰਕ ਇਹ ਹੈ ਕਿ ਟੀ-20 ਦੇ ਮਿਸਟਰ 360 ਕਹੇ ਜਾਣ ਵਾਲੇ ਸੂਰਿਆ ਕੁਮਾਰ ਯਾਦਵ ਹੋਣ ਜਾਂ ਪ੍ਰਭਸਿਮਰਨ ਸਿੰਘ - ਦੋਵਾਂ ਵਿੱਚੋਂ ਕਿਸੇ ਨੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਹ ਅਗਲੇ ਮੈਚਾਂ ਵਿੱਚ ਵੀ ਸੈਂਕੜਾ ਲਗਾਉਣਗੇ।
ਪਰ ਜਦੋਂ ਤੋਂ ਗਿੱਲ ਨੇ ਇਹ ਦਾਅਵਾ ਕੀਤਾ ਹੈ ਤਾਂ ਉਦੋਂ ਤੋਂ ਘੱਟੋ-ਘੱਟ ਉਨ੍ਹਾਂ ਦੇ ਵਿਰੋਧੀ ਤਾਂ ਇਸ ਨੂੰ ਖਾਰਜ ਕਰਨ ਦੀ ਗਲਤੀ ਨਹੀਂ ਕਰਨਾ ਚਾਹੁਣਗੇ।
ਇਸ ਦੇ ਇੱਕ ਨਹੀਂ ਸਗੋਂ ਕਈ ਕਾਰਨ ਹਨ।
ਪਹਿਲਾ ਕਾਰਨ, ਉਹ ਦਾਅਵਾ ਹੈ ਜੋ ਗਿੱਲ ਨੇ 7 ਮਈ ਨੂੰ ਲਖਨਊ ਖ਼ਿਲਾਫ਼ ਮੈਚ ਤੋਂ ਬਾਅਦ ਕੀਤਾ ਸੀ।
ਗਿੱਲ ਨੇ ਲਖਨਊ ਖ਼ਿਲਾਫ਼ ਉਸ ਮੈਚ ਵਿੱਚ ਨਾਬਾਦ 94 ਦੌੜਾਂ ਬਣਾਈਆਂ ਸਨ। ਉਦੋਂ ਉਹ ਆਈਪੀਐਲ ਵਿੱਚ ਆਪਣਾ ਪਹਿਲਾ ਸੈਂਕੜਾ ਲਗਾਉਣ ਤੋਂ ਸਿਰਫ਼ ਛੇ ਦੌੜਾਂ ਦੂਰ ਰਹਿ ਗਏ ਸਨ।
ਉਸ ਵੇਲੇ ਉਨ੍ਹਾਂ ਨੇ ਕਿਹਾ ਸੀ, "ਚਿੰਤਾ ਨਹੀਂ ਹੈ, ਅਜੇ ਪੰਜ-ਛੇ ਮੈਚ ਬਾਕੀ ਹਨ। ਉਮੀਦ ਹੈ ਕਿ ਮੈਂ ਇਨ੍ਹਾਂ ਵਿੱਚੋਂ ਕਿਸੇ ਵਿੱਚ ਸੈਂਕੜਾ ਬਣਾਵਾਂਗਾ।"
ਇਸ ਦਾ ਮਤਲਬ ਹੈ ਕਿ ਹੈਦਰਾਬਾਦ ਦੇ ਖ਼ਿਲਾਫ਼ ਮੈਚ ਤੋਂ ਅੱਠ ਦਿਨ ਪਹਿਲਾਂ ਹੀ ਗਿੱਲ ਨੂੰ ਇਹ ਯਕੀਨ ਸੀ ਕਿ ਆਈਪੀਐਲ ਵਿੱਚ ਉਨ੍ਹਾਂ ਦਾ ਪਹਿਲਾ ਸੈਂਕੜਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ।
ਗਿੱਲ ਮੁਤਾਬਕ, ਉਨ੍ਹਾਂ ਨੂੰ ਪਹਿਲੀ ਸੈਂਕੜੇ ਲਈ ਹੈਦਰਾਬਾਦ ਤੋਂ ਬਿਹਤਰ ਟੀਮ ਨਹੀਂ ਮਿਲ ਸਕਦੀ ਸੀ।
ਉਨ੍ਹਾਂ ਕਿਹਾ, "ਆਈਪੀਐਲ ਵਿੱਚ ਮੇਰਾ ਪਹਿਲਾ ਮੈਚ ਹੈਦਰਾਬਾਦ ਦੇ ਖਿਲਾਫ ਸੀ। ਆਈਪੀਐਲ ਵਿੱਚ ਮੇਰਾ ਸੈਂਕੜਾ ਵੀ ਉਨ੍ਹਾਂ ਦੇ ਖ਼ਿਲਾਫ਼ ਹੀ ਬਣਿਆ ਹੈ। ਮੈਂ ਬਹੁਤ ਖੁਸ਼ ਹਾਂ ਕਿ ਇਹ ਚੱਕਰ ਪੂਰਾ ਹੋ ਗਿਆ ਹੈ।"
ਨਾਲ ਹੀ ਗਿੱਲ ਨੇ ਇਹ ਵੀ ਦਾਅਵਾ ਵੀ ਕਰ ਦਿੱਤਾ ਹੈ ਕਿ ਇਹ ਪਹਿਲਾ ਸੈਂਕੜਾ ਹੈ, ਸੀਜ਼ਨ ਦਾ ਆਖ਼ਿਰੀ ਸੈਂਕੜਾ ਨਹੀਂ।

ਤਸਵੀਰ ਸਰੋਤ, Getty Images
2023 ਵਿੱਚ ਸੈਂਕੜੇ ਤੇ ਸੈਂਕੜਾ
ਗਿੱਲ ਦੇ ਦਾਅਵੇ ਨੂੰ ਗੰਭੀਰਤਾ ਨਾਲ ਲੈਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਇਸ ਸਾਲ ਕ੍ਰਿਕਟ ਦੀ ਖੇਡ ਵਿੱਚ ਉਹ ਸੈਂਕੜਾ ਲਗਾਉਣ ਵਾਲੇ ਸਭ ਤੋਂ ਵੱਡੇ ਖਿਡਾਰੀ ਬਣ ਕੇ ਉੱਭਰੇ ਹਨ।
ਟੀ-20 ਹੋਵੇ, ਵਨਡੇ ਮੈਚ ਹੋਵੇ ਜਾਂ ਟੈਸਟ ਮੈਚ, ਸ਼ੁਭਮਨ ਗਿੱਲ ਸੈਂਕੜੇ ਬਣਾਉਂਦੇ ਹੀ ਜਾ ਰਹੇ ਹਨ।
ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਉਨ੍ਹਾਂ ਨੇ ਟੈਸਟ ਅਤੇ ਟੀ-20 ਮੈਚਾਂ 'ਚ ਇੱਕ-ਇੱਕ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਇਸ ਸਾਲ ਵਨਡੇ 'ਚ ਤਿੰਨ ਸੈਂਕੜੇ ਲਗਾਏ ਹਨ। ਇਨ੍ਹਾਂ ਵਿੱਚ 208 ਦੌੜਾਂ ਦੀ ਯਾਦਗਾਰ ਪਾਰੀ ਵੀ ਸ਼ਾਮਿਲ ਹੈ।
ਸ਼ੁਭਮਨ ਗਿੱਲ ਅਤੇ ਕ੍ਰਿਕਟ ਦੇ ਸਾਰੇ ਪ੍ਰਸ਼ੰਸਕਾਂ ਨੂੰ ਇਹ ਅੰਕੜੇ ਯਾਦ ਹਨ, ਤਾਂ ਆਈਪੀਐਲ ਵਿੱਚ ਗੁਜਰਾਤ ਟਾਈਟਨਜ਼ ਦੀਆਂ ਵਿਰੋਧੀ ਟੀਮਾਂ ਦੇ ਗੇਂਦਬਾਜ਼ ਉਨ੍ਹਾਂ ਨੂੰ ਕਿਵੇਂ ਭੁੱਲ ਸਕਦੇ ਹਨ।
ਸਚਿਨ-ਵਿਰਾਟ ਦੀ ਰਾਹ 'ਤੇ ਸ਼ੁਭਮਨ

ਤਸਵੀਰ ਸਰੋਤ, Getty Images
ਹੈਦਰਾਬਾਦ ਖ਼ਿਲਾਫ਼ ਮੈਚ 'ਚ ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਇਹ ਵੀ ਦੱਸਿਆ ਕਿ ਕ੍ਰਿਕਟ 'ਚ ਉਨ੍ਹਾਂ ਦੇ ਦੋ ਸਭ ਤੋਂ ਵੱਡੇ ਹੀਰੋ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹਨ।
ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਉਹ ਦੋ ਖਿਡਾਰੀ ਹਨ ਜਿਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਹਨ।
ਅਤੇ ਕ੍ਰਿਕਟ ਦੇ ਤਮਾਮ ਜਾਣਕਾਰ, ਜਿਨ੍ਹਾਂ 'ਚ ਸਾਬਕਾ ਖਿਡਾਰੀ ਅਤੇ ਆਲੋਚਕ ਵੀ ਸ਼ਾਮਿਲ ਹਨ, ਮੰਨਦੇ ਹਨ ਕਿ ਸ਼ੁਭਮਨ ਗਿੱਲ ਵਿੱਚ ਸਚਿਨ ਅਤੇ ਵਿਰਾਟ ਵਰਗਾ ਮਹਾਨ ਬੱਲੇਬਾਜ਼ ਬਣਨ ਦੀ ਸਮਰੱਥਾ ਹੈ।
ਵਿਰੋਧੀ ਟੀਮਾਂ ਦੇ ਕਪਤਾਨਾਂ ਅਤੇ ਗੇਂਦਬਾਜ਼ਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਸ਼ੁਭਮਨ ਗਿੱਲ ਇਸ ਸੀਜ਼ਨ 'ਚ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਹਨ।
ਆਈਪੀਐਲ 2023 ਵਿੱਚ ਬੱਲੇ ਦਾ ਹੱਲਾ

ਸ਼ੁਭਮਨ ਗਿੱਲ, ਆਈਪੀਐਲ-16 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ।
ਗਿੱਲ ਨੇ 13 ਮੈਚਾਂ ਵਿੱਚ 48 ਦੀ ਔਸਤ ਨਾਲ 576 ਦੌੜਾਂ ਬਣਾਈਆਂ ਹਨ। ਇਕ ਸੈਂਕੜੇ ਤੋਂ ਇਲਾਵਾ ਉਨ੍ਹਾਂ ਨੇ ਚਾਰ ਅਰਧ ਸੈਂਕੜੇ ਵੀ ਜੜੇ ਹਨ।
ਸਾਬਕਾ ਕ੍ਰਿਕਟਰ ਮਿਤਾਲੀ ਰਾਜ ਨੇ ਵੀ ਸ਼ੁਭਮਨ ਗਿੱਲ ਦੀ ਫਾਰਮ ਦੀ ਪ੍ਰਸ਼ੰਸਾ ਕੀਤੀ ਹੈ।
ਸ਼ੁਭਮਨ ਦੇ ਸੈਂਕੜੇ ਤੋਂ ਬਾਅਦ ਮਿਤਾਲੀ ਨੇ ਟਵਿੱਟਰ 'ਤੇ ਲਿਖਿਆ, "ਸ਼ੁਭਮਨ ਗਿੱਲ ਦਾ ਇਹ ਕੀ ਸ਼ਾਨਦਾਰ ਸੈਂਕੜਾ ਹੈ! ਇਸ ਸਾਲ ਗੁਜਰਾਤ ਟਾਈਟਨਜ਼ ਲਈ ਉਨ੍ਹਾਂ ਦੀ ਫ਼ਾਰਮ ਸਨਸਨੀਖੇਜ਼ ਰਹੀ ਹੈ। ਗੁਜਰਾਤ ਟਾਈਟਨਜ਼ ਦੇ ਪਹਿਲੇ ਸੈਂਚੁਰੀਅਨ ਬਣ ਕੇ ਅੱਜ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ।"
ਇਹ ਸਹੀ ਹੈ ਕਿ ਸ਼ੁਭਮਨ ਗਿੱਲ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਨਹੀਂ ਹਨ। ਇਸ ਸਾਲ ਹੁਣ ਤੱਕ ਕੁੱਲ ਛੇ ਸੈਂਕੜੇ ਬਣ ਚੁੱਕੇ ਹਨ।
ਸ਼ੁਭਮਨ ਸਭ ਤੋਂ ਖ਼ਾਸ

ਤਸਵੀਰ ਸਰੋਤ, Getty Images
ਪਰ ਜੋ ਚੀਜ਼ ਸ਼ੁਭਮਨ ਗਿੱਲ ਨੂੰ ਸੈਂਕੜਾ ਜੜਨ ਵਾਲੇ ਦੂਜੇ ਖਿਡਾਰੀਆਂ ਤੋਂ ਵੱਖ ਕਰਦੀ ਹੈ, ਉਹ ਹੈ ਉਨ੍ਹਾਂ ਦੀ ਬੱਲੇਬਾਜ਼ੀ ਦਾ ਅੰਦਾਜ਼।
ਸ਼ੁਭਮਨ ਗਿੱਲ ਟੇਢੇ-ਮੇਢੇ ਸ਼ਾਟ ਖੇਡ ਕੇ ਦੌੜਾਂ ਨਹੀਂ ਬਣਾਉਂਦੇ। ਉਹ ਕ੍ਰਿਕਟ ਦੇ ਕਲਾਸੀਕਲ ਸ਼ਾਟਾਂ ਰਾਹੀਂ ਦੌੜਾਂ ਬਣਾਉਂਦੇ ਹਨ। ਸੋਮਵਾਰ ਨੂੰ ਉਨ੍ਹਾਂ ਦੇ ਇਸ ਅੰਦਾਜ਼ ਦੀ ਪ੍ਰਸ਼ੰਸਾ ਆਪਣੇ ਦੌਰ 'ਚ ਵਧੇਰੇ ਸੈਂਕੜ ਲਗਾਉਣ ਵਾਲੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਵੀ ਕੀਤੀ।
ਕ੍ਰਿਕਟ ਆਲੋਚਕ ਹਰਸ਼ਾ ਭੋਗਲੇ ਨੇ ਦੱਸਿਆ ਕਿ ਸ਼ੁਭਮਨ ਗਿੱਲ ਨੂੰ ਬਹੁਤ ਖਾਸ ਬੱਲੇਬਾਜ਼ ਕਿਉਂ ਕਿਹਾ ਜਾ ਰਿਹਾ ਹੈ।
ਸੋਮਵਾਰ ਨੂੰ ਜਦੋਂ ਸ਼ੁਭਮਨ ਗਿੱਲ ਨੇ ਹੈਦਰਾਬਾਦ ਖ਼ਿਲਾਫ਼ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਹਰਸ਼ਾ ਭੋਗਲੇ ਨੇ ਇੱਕ ਟਵੀਟ ਕੀਤਾ।
ਉਨ੍ਹਾਂ ਨੇ ਲਿਖਿਆ, "ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼ੁਭਮਨ ਗਿੱਲ ਬਹੁਤ ਖ਼ਾਸ ਖਿਡਾਰੀ ਕਿਉਂ ਹਨ, ਤਾਂ ਉਨ੍ਹਾਂ ਦੀ ਪਾਰੀ ਨੂੰ ਦੇਖੋ। 23 ਗੇਂਦਾਂ 'ਚ 56 ਦੌੜਾਂ। ਬਿਨਾਂ ਕਿਸੇ ਛੱਕੇ ਜਾਂ ਗੁੱਸੇ 'ਚ ਖੇਡੇ ਗਏ ਸ਼ਾਟ ਦੇ। ਇਹ ਸਿਰਫ਼ ਟਾਈਮਿੰਗ ਦਾ ਕਮਾਲ ਹੈ।"
ਗਿੱਲ ਨੇ ਜਦੋਂ ਆਪਣਾ ਸੈਂਕੜਾ ਪੂਰਾ ਕੀਤਾ, ਉਦੋਂ ਵੀ ਉਨ੍ਹਾਂ ਦੇ ਨਾਂ ਸਿਰਫ਼ ਇੱਕ ਛੱਕਾ ਸੀ।
ਹੈਦਰਾਬਾਦ ਦੇ ਕਪਤਾਨ ਈਡਨ ਮਾਰਕਰ ਨੇ ਵੀ ਕਿਹਾ ਕਿ ਗੁਜਰਾਤ ਦੇ ਖ਼ਿਲਾਫ਼ ਉਨ੍ਹਾਂ ਦੀ ਟੀਮ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਸੀ ਸ਼ੁਭਮਨ ਗਿੱਲ ਦੀ ਪਾਰੀ।
ਉਨ੍ਹਾਂ ਕਿਹਾ, "ਸ਼ੁਭਮਨ ਦੀ ਪਾਰੀ ਨੇ ਸਾਨੂੰ ਦਬਾਅ ਵਿੱਚ ਪਾ ਦਿੱਤਾ। ਇਹ ਕਮਾਲ ਦੀ ਪਾਰੀ ਸੀ।"

ਗੁਜਰਾਤ ਟਾਇਟਨਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ
- ਗੁਜਰਾਤ ਨੇ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾਇਆ
- ਗੁਜਰਾਤ ਟਾਈਟਨਜ਼ : 188/9 (20 ਓਵਰ), ਸ਼ੁਭਮਨ ਗਿੱਲ 101 ਦੌੜਾਂ, ਭੁਵਨੇਸ਼ਵਰ ਕੁਮਾਰ 5/30
- ਸਨਰਾਈਜ਼ਰਜ਼ ਹੈਦਰਾਬਾਦ: 154/9 (20 ਓਵਰ), ਹੇਨਰਿਕ ਕਲਾਸੇਨ 64 ਦੌੜਾਂ, ਮੁਹੰਮਦ ਸ਼ਮੀ 4/21
- ਮੈਨ ਆਫ਼ ਦਿ ਮੈਚ - ਸ਼ੁਭਮਨ ਗਿੱਲ

ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਦਮ 'ਤੇ ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾ ਦਿੱਤਾ ਅਤੇ ਟੀਮ ਪਲੇਆਫ਼ 'ਚ ਪਹੁੰਚ ਗਈ ਹੈ।
ਆਈਪੀਐਲ 2023 'ਚ ਇਹ ਗੁਜਰਾਤ ਦੀ ਨੌਵੀਂ ਜਿੱਤ ਹੈ ਅਤੇ 18 ਅੰਕਾਂ ਨਾਲ ਉਹ ਪਲੇਆਫ਼ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਦੂਜੇ ਪਾਸੇ, ਹੈਦਰਾਬਾਦ ਨੂੰ ਅੱਠਵੀਂ ਵਾਰ ਇਸ ਸੀਜ਼ਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੇ ਖਾਤੇ ਵਿੱਚ ਹੁਣ ਤੱਕ ਸਿਰਫ਼ ਅੱਠ ਅੰਕ ਹਨ ਅਤੇ ਇਹ ਟੀਮ ਪਲੇਆਫ਼ ਦੀ ਦੌੜ ਤੋਂ ਬਾਹਰ ਹੋ ਗਈ ਹੈ।
ਅਹਿਮਦਾਬਾਦ ਦੇ ਮੈਦਾਨ 'ਚ ਖੇਡੇ ਗਏ ਆਈਪੀਐਲ 2023 ਦੇ 62ਵੇਂ ਮੈਚ 'ਚ ਗੁਜਰਾਤ ਵੱਲੋਂ ਜਿੱਤ ਲਈ ਦਿੱਤੇ 189 ਦੌੜਾਂ ਦੇ ਟੀਚੇ ਦੇ ਜਵਾਬ 'ਚ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ ਸਿਰਫ਼ 154 ਦੌੜਾਂ ਹੀ ਬਣਾ ਸਕੀ।
ਹੈਦਰਾਬਾਦ ਲਈ ਹੇਨਰਿਕ ਕਲਾਸੇਨ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਦੇ ਬੱਲੇ ਤੋਂ 27 ਦੌੜਾਂ ਆਈਆਂ। ਗੁਜਰਾਤ ਲਈ ਮੁਹੰਮਦ ਸ਼ਮੀ ਅਤੇ ਮੋਹਿਤ ਸ਼ਰਮਾ ਨੇ ਚਾਰ-ਚਾਰ ਵਿਕਟਾਂ ਝਟਕੀਆਂ।
ਹੈਦਰਾਬਾਦ ਦੀ ਪਾਰੀ

ਤਸਵੀਰ ਸਰੋਤ, Getty Images
ਗੁਜਰਾਤ ਦੀ ਪਾਰੀ ਦੇ ਆਖ਼ਰੀ ਛੇ ਓਵਰਾਂ ਵਿੱਚ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਜਿਸ ਤਰੀਕੇ ਨਾਲ ਮੈਚ 'ਚ ਵਾਪਸੀ ਕੀਤੀ, ਉਹ ਦੇਖਣ ਲਾਇਕ ਸੀ।
ਪਰ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੇ ਹੀ ਓਵਰ ਵਿੱਚ ਮੁਹੰਮਦ ਸ਼ਮੀ ਨੇ ਅਨਮੋਲਪ੍ਰੀਤ ਸਿੰਘ ਨੂੰ ਰਾਸ਼ਿਦ ਖਾਨ ਹੱਥੋਂ ਕੈਚ ਕਰਵਾ ਦਿੱਤਾ। ਉਹ ਸਿਰਫ਼ ਪੰਜ ਦੌੜਾਂ ਹੀ ਬਣਾ ਸਕੇ।
ਜੇਕਰ ਰਾਹੁਲ ਤੇਵਤੀਆ ਨੇ ਪਾਰੀ ਦੀ ਦੂਜੀ ਹੀ ਗੇਂਦ 'ਤੇ ਕੈਚ ਨਾ ਛੱਡਿਆ ਹੁੰਦਾ ਤਾਂ ਉਹ ਬਿਨਾਂ ਖਾਤਾ ਖੋਲ੍ਹੇ ਹੀ ਵਾਪਸ ਪਰਤ ਜਾਂਦੇ।
ਦੂਸਰੇ ਓਵਰ 'ਚ ਯਸ਼ ਦਿਆਲ ਨੇ ਅਭਿਸ਼ੇਕ ਸ਼ਰਮਾ ਨੂੰ ਆਊਟ ਕਰ ਦਿੱਤਾ। ਉਹ ਵੀ ਸਿਰਫ਼ ਪੰਜ ਦੌੜਾਂ ਹੀ ਬਣਾ ਸਕੇ।
ਕੇਕੇਆਰ ਦੇ ਖ਼ਿਲਾਫ਼ ਆਖ਼ਰੀ ਓਵਰ ਵਿੱਚ ਰਿੰਕੂ ਸਿੰਘ ਤੋਂ ਪੰਜ ਛੱਕੇ ਖਾਣ ਤੋਂ ਬਾਅਦ, ਆਈਪੀਐਲ ਵਿੱਚ ਯਸ਼ ਦਾ ਇਹ ਪਹਿਲਾ ਮੈਚ ਸੀ।

ਤਸਵੀਰ ਸਰੋਤ, Getty Images
ਸ਼ਮੀ ਨੇ ਆਪਣੇ ਦੂਜੇ ਓਵਰ ਵਿੱਚ ਹੈਦਰਾਬਾਦ ਨੂੰ ਤੀਜਾ ਝਟਕਾ ਦਿੱਤਾ। ਉਨ੍ਹਾਂ ਨੇ ਰਾਹੁਲ ਤ੍ਰਿਪਾਠੀ ਨੂੰ ਤੇਵਤੀਆ ਹੱਥੋਂ ਕੈਚ ਕਰਵਾਇਆ। ਰਾਹੁਲ ਤ੍ਰਿਪਾਠੀ ਸਿਰਫ਼ ਇੱਕ ਦੌੜ ਹੀ ਬਣਾ ਸਕੇ।
ਆਪਣੇ ਤੀਜੇ ਓਵਰ ਵਿੱਚ ਸ਼ਮੀ ਨੇ ਹੈਦਰਾਬਾਦ ਦੇ ਕਪਤਾਨ ਏਡਨ ਮਾਰਕਰਮ ਨੂੰ ਵੀ ਆਊਟ ਕਰ ਦਿੱਤਾ। ਉਹ ਮਹਿਜ਼ 10 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
ਮੋਹਿਤ ਸ਼ਰਮਾ ਨੇ ਸੱਤਵੇਂ ਓਵਰ ਦੀ ਪਹਿਲੀ ਹੀ ਗੇਂਦ 'ਤੇ ਹੈਦਰਾਬਾਦ ਨੂੰ ਪੰਜਵਾਂ ਝਟਕਾ ਦਿੱਤਾ। ਉਨ੍ਹਾਂ ਨੇ ਸਨਵੀਰ ਸਿੰਘ ਨੂੰ ਸਾਈ ਸੁਦਰਸ਼ਨ ਹੱਥੋਂ ਕੈਚ ਕਰਵਾ ਦਿੱਤਾ। ਸਨਵੀਰ ਸਿੰਘ ਨੇ ਸੱਤ ਦੌੜਾਂ ਬਣਾਈਆਂ।
ਪੰਜਵਾਂ ਵਿਕਟ ਡਿੱਗਣ ਤੱਕ ਹੈਦਰਾਬਾਦ ਦੇ ਖਾਤੇ ਵਿੱਚ ਸਿਰਫ਼ 45 ਦੌੜਾਂ ਹੀ ਸਨ।
ਮੋਹਿਤ ਸ਼ਰਮਾ ਨੇ ਇਸੇ ਓਵਰ ਵਿੱਚ ਅਬਦੁਲ ਸਮਦ ਨੂੰ ਵੀ ਆਊਟ ਕਰ ਦਿੱਤਾ। ਸਮਦ ਮਹਿਜ਼ ਚਾਰ ਦੌੜਾਂ ਹੀ ਬਣਾ ਸਕੇ। ਹੈਦਰਾਬਾਦ ਨੂੰ ਸੱਤਵਾਂ ਝਟਕਾ ਵੀ ਮੋਹਿਤ ਸ਼ਰਮਾ ਨੇ ਹੀ ਦਿੱਤਾ। ਉਨ੍ਹਾਂ ਨੇ ਨੌਵੇਂ ਓਵਰ ਵਿੱਚ ਮਾਰਕੋ ਜੈਨਸਨ ਨੂੰ ਆਊਟ ਕਰ ਦਿੱਤਾ। ਉਹ ਤਿੰਨ ਦੌੜਾਂ ਹੀ ਬਣਾ ਸਕੇ।
ਕਲਾਸੇਨ ਨੇ ਕੀਤਾ ਸੰਘਰਸ਼

ਤਸਵੀਰ ਸਰੋਤ, Getty Images
ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਹੇਨਰਿਕ ਕਲਾਸੇਨ ਚੰਗੀ ਲੈਅ 'ਚ ਸਨ ਅਤੇ ਗੁਜਰਾਤ ਦੇ ਗੇਂਦਬਾਜ਼ਾਂ ਨੂੰ ਨਿਸ਼ਾਨੇ 'ਤੇ ਲੈ ਰਹੇ ਸਨ। ਉਨ੍ਹਾਂ ਨੇ ਸਿਰਫ਼ 35 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਲਿਆ।
ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਭੁਵਨੇਸ਼ਵਰ ਕੁਮਾਰ ਨਾਲ ਮਿਲ ਕੇ ਕਲਾਸੇਨ ਨੇ ਅੱਠਵੇਂ ਵਿਕਟ ਲਈ 68 ਦੌੜਾਂ ਜੋੜੀਆਂ।
ਇਸ ਸਾਂਝੇਦਾਰੀ ਨੂੰ ਮੁਹੰਮਦ ਸ਼ਮੀ ਨੇ ਤੋੜਿਆ। ਉਨ੍ਹਾਂ ਨੇ 17ਵੇਂ ਓਵਰ ਵਿੱਚ ਕਲਾਸੇਨ ਨੂੰ ਆਊਟ ਕੀਤਾ। ਕਲਾਸੇਨ ਨੇ 44 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ 27 ਦੌੜਾਂ ਬਣਾ ਕੇ ਮੋਹਿਤ ਸ਼ਰਮਾ ਦਾ ਚੌਥਾ ਸ਼ਿਕਾਰ ਬਣੇ।
ਇਸ ਤਰ੍ਹਾਂ, ਹੈਦਰਾਬਾਦ ਦੀ ਟੀਮ 20 ਓਵਰਾਂ 'ਚ ਨੌਂ ਵਿਕਟਾਂ 'ਤੇ 154 ਦੌੜਾਂ ਹੀ ਬਣਾ ਸਕੀ।
ਗੁਜਰਾਤ ਦੀ ਪਾਰੀ ਦੇ ਹੀਰੋ ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਦੀ ਸੈਂਕੜੇ ਵਾਲੀ ਸ਼ਾਨਦਾਰ ਪਾਰੀ ਦੇ ਦਮ 'ਤੇ ਗੁਜਰਾਤ ਟਾਈਟਨਜ਼ ਨੇ 20 ਓਵਰਾਂ 'ਚ 9 ਵਿਕਟਾਂ 'ਤੇ 188 ਦੌੜਾਂ ਬਣਾਈਆਂ।
ਆਈਪੀਐਲ ਵਿੱਚ ਗਿੱਲ ਦਾ ਇਹ ਪਹਿਲਾ ਸੈਂਕੜਾ ਸੀ। ਉਨ੍ਹਾਂ ਨੇ 58 ਗੇਂਦਾਂ ਵਿੱਚ 101 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 13 ਚੌਕੇ ਅਤੇ ਇੱਕ ਛੱਕਾ ਨਿਕਲਿਆ।
ਗਿੱਲ ਓਪਨਿੰਗ ਕਰਨ ਆਏ ਸਨ ਅਤੇ 20ਵੇਂ ਓਵਰ ਵਿੱਚ ਜਾ ਕੇ ਆਊਟ ਹੋਏ। ਜਦੋਂ ਤੱਕ ਉਹ ਕ੍ਰੀਜ਼ 'ਤੇ ਰਹੇ, ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ 'ਤੇ ਭਾਰੀ ਰਹੇ।
ਗੁਜਰਾਤ ਨੇ ਪਹਿਲੇ ਹੀ ਓਵਰ ਵਿੱਚ ਰਿਧੀਮਾਨ ਸਾਹਾ ਦਾ ਵਿਕਟ ਗੁਆ ਦਿੱਤਾ ਸੀ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ, ਪਰ ਗਿੱਲ ਨੇ ਟੀਮ 'ਤੇ ਦਬਾਅ ਨਹੀਂ ਬਣਨ ਦਿੱਤਾ।
ਉਨ੍ਹਾਂ ਨੇ ਸਾਈ ਸੁਦਰਸ਼ਨ ਨਾਲ ਮਿਲ ਕੇ ਦੂਜੀ ਵਿਕਟ ਲਈ 147 ਦੌੜਾਂ ਦੀ ਸਾਂਝੇਦਾਰੀ ਕੀਤੀ। ਸਾਈ ਸੁਦਰਸ਼ਨ ਵੀ ਚੰਗੀ ਲੈਅ ਵਿੱਚ ਸਨ। ਉਨ੍ਹਾਂ ਨੇ 36 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਜੜਿਆ।
ਮਾਰਕੋ ਜੈਨਸਨ ਨੇ 15ਵੇਂ ਓਵਰ ਵਿੱਚ ਸਾਈ ਸੁਦਰਸ਼ਨ ਨੂੰ ਆਊਟ ਕੀਤਾ। ਇਸ ਤੋਂ ਬਾਅਦ ਹੈਦਰਾਬਾਦ ਨੂੰ ਵਾਪਸੀ ਦਾ ਰਸਤਾ ਮਿਲਿਆ।
ਹੈਦਰਾਬਾਦ ਦੀ ਟੀਮ ਨੇ ਆਖਰੀ ਛੇ ਓਵਰਾਂ ਵਿੱਚ 41 ਦੌੜਾਂ ਦਿੱਤੀਆਂ ਅਤੇ ਅੱਠ ਵਿਕਟਾਂ ਲਈਆਂ। ਇਨ੍ਹਾਂ 'ਚੋਂ ਚਾਰ ਵਿਕਟਾਂ ਆਖ਼ਰੀ ਓਵਰ 'ਚ ਡਿੱਗੀਆਂ।
ਗਿੱਲ ਅਤੇ ਸੁਦਰਸ਼ਨ ਤੋਂ ਇਲਾਵਾ ਗੁਜਰਾਤ ਦੇ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਕਪਤਾਨ ਹਾਰਦਿਕ ਪੰਡਿਆ ਨੇ ਅੱਠ, ਡੇਵਿਡ ਮਿਲਰ ਨੇ ਸੱਤ, ਰਾਹੁਲ ਤੇਵਤੀਆ ਨੇ ਤਿੰਨ ਅਤੇ ਦਾਸੁਨ ਸ਼ਨਾਕਾ ਨੇ ਨਾਬਾਦ ਨੌਂ ਦੌੜਾਂ ਬਣਾਈਆਂ।
ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਮੁਹੰਮਦ ਸ਼ਮੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਨੇ 30 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਪਰ ਸ਼ੁਭਮਨ ਗਿੱਲ ਦੇ ਸੈਂਕੜੇ ਨੇ ਟੀਮ ਨੂੰ ਇੱਕ ਚੰਗੇ ਸਕੋਰ ਤੱਕ ਪਹੁੰਚ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਹੈਦਰਾਬਾਦ ਦੀ ਟੀਮ ਪਹਿਲਾਂ ਹੀ ਢੇਰ ਹੋ ਗਈ ਅਤੇ ਮੈਚ ਗੁਜਰਾਤ ਦੀ ਝੋਲੀ ਪੈ ਗਿਆ।













