ਮਨਮੋਹਨ ਸਿੰਘ ਦੀ ਰਾਜ ਸਭਾ ਵਿਚਲੀ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਿਉਂ ਭਿੜ ਰਹੇ ਹਨ ਭਾਜਪਾਈ ਤੇ ਕਾਂਗਰਸੀ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਆਗੂ ਡਾਕਟਰ ਮਨਮੋਹਨ ਸਿੰਘ ਦੇ ਬੀਤੇ ਦਿਨੀਂ ਰਾਜ ਸਭਾ ਕਾਰਵਾਈ 'ਚ ਸ਼ਾਮਲ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਛਿੜ ਗਈ ਹੈ।

ਦਰਅਸਲ, ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਪੇਸ਼ ਕੀਤਾ।

ਜਿਸ ਉੱਤੇ ਵੋਟਿੰਗ ਲਈ ਕਾਂਗਰਸ ਪਾਰਟੀ ਨੇ ਵ੍ਹਿਪ ਜਾਰੀ ਕੀਤਾ ਹੋਇਆ ਸੀ। ਜਿਸ ਕਾਰਨ ਬਤੌਰ ਰਾਜ ਸਭਾ ਮੈਂਬਰ ਸਦਨ ਵਿੱਚ ਵ੍ਹੀਲ ਚੇਅਰ ਉੱਤੇ ਹਾਜ਼ਰ ਹੋਏ।

ਇਸ ਦੌਰਾਨ ਵਿਰੋਧੀ ਗੱਠਜੋੜ ਇੰਡੀਆ ਦੇ ਬਾਕੀ ਮੈਂਬਰਾਂ ਸਣੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹੋਏ।

ਡਾਕਟਰ ਮਨਮੋਹਨ ਸਿੰਘ ਇਸ ਦੌਰਾਨ ਵ੍ਹੀਲ ਚੇਅਰ ਉੱਤੇ ਬੈਠੇ ਨਜ਼ਰ ਆਏ ਅਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਵੀ ਕਾਫ਼ੀ ਸ਼ੇਅਰ ਕੀਤੀਆਂ ਗਈਆਂ।

ਹਾਲਾਂਕਿ ਸੱਤਾਧਾਰੀ ਪਾਰਟੀ, ਭਾਰਤੀ ਜਨਤਾ ਪਾਰਟੀ ਨੇ ਡਾਕਟਰ ਮਨਮੋਹਨ ਸਿੰਘ ਦੇ ਰਾਜ ਸਭਾ ਕਾਰਵਾਈ 'ਚ ਸ਼ਾਮਲ ਹੋਣ ਨੂੰ ਲੈ ਕੇ ਕਾਂਗਰਸ 'ਤੇ ਤੰਜ ਕੱਸਿਆ ਅਤੇ ਕਿਹਾ ਕਿ ਕਾਂਗਰਸ ਇਸ ਹਾਲ 'ਚ ਵੀ ਉਨ੍ਹਾਂ ਨੂੰ ਸੈਸ਼ਨ 'ਚ ਲੈ ਕੇ ਆਈ।

ਭਾਜਪਾ ਨੇ ਆਪਣੇ ਟਵੀਟ 'ਚ ਕੀ ਲਿਖਿਆ

ਭਾਜਪਾ ਨੇ ਇਸ ਸਬੰਧੀ ਇੱਕ ਟਵੀਟ ਸ਼ੇਅਰ ਕਰਦਿਆਂ ਲਿਖਿਆ, ''ਯਾਦ ਰੱਖੇਗਾ ਦੇਸ਼, ਕਾਂਗਰਸ ਦੀ ਇਹ ਸਨਕ!''

ਪਾਰਟੀ ਦੇ ਅਧਿਕਾਰਿਤ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇਸ ਟਵੀਟ 'ਚ ਅੱਗੇ ਕਿਹਾ ਗਿਆ, ''ਕਾਂਗਰਸ ਨੇ ਸਦਨ 'ਚ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਰ ਰਾਤ ਸਿਹਤ ਦੀ ਅਜਿਹੀ ਸਥਿਤੀ 'ਚ ਵੀ ਵ੍ਹੀਲ ਚੇਅਰ 'ਤੇ ਬਿਠਾ ਕੇ ਰੱਖਿਆ, ਉਹ ਵੀ ਸਿਰਫ਼ ਆਪਣੇ ਬੇਈਮਾਨ ਗੱਠਜੋੜ ਨੂੰ ਜਿਉਂਦਾ ਰੱਖਣ ਲਈ।''

ਭਾਜਪਾ ਨੇ ਕਾਂਗਰਸ ਦੇ ਇਸ ਕਦਮ ਨੂੰ ''ਬੇਹੱਦ ਸ਼ਰਮਨਾਕ'' ਕਰਾਰ ਦਿੱਤਾ।

ਇਸ ਦੇ ਨਾਲ ਹੀ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਵ੍ਹੀਲ ਚੇਅਰ 'ਤੇ ਬੈਠ ਕੇ ਬਹਿਸ ਸੁਣ ਰਹੇ ਹਨ।

ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਵੀ ਇਸ ਟਵੀਟ ਨੂੰ ਰੀ-ਟਵੀਟ ਕੀਤਾ।

ਇੱਕ ਹੋਰ ਟਵਿੱਟਰ ਯੂਜ਼ਰ ਸੰਕਲਪ ਸ਼ਰਮਾ ਨੇ ਭਾਜਪਾ ਦੇ ਇਸ ਟਵੀਟ ਦਾ ਸਮਰਥਨ ਕਰਦਿਆਂ ਲਿਖਿਆ, ''ਇਸ ਵਧਦੀ ਉਮਰ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਜੀ ਦਾ ਬੇਲੋੜਾ ਇਸਤੇਮਾਲ ਕਰਨਾ, ਕਾਂਗਰਸ ਦੀ ਸਿਆਸਤ 'ਚ ਨਵਾਂ ਹੇਠਲਾ ਪੱਧਰ ਹੈ।''

ਪਹਿਲਾਂ ਕਾਂਗਰਸ ਨੇ ਕੱਸਿਆ ਤੰਜ

ਇਸ ਤੋਂ ਪਹਿਲਾਂ ਕਾਂਗਰਸ ਨੇ ਮਨਮੋਹਨ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ।

ਕਾਂਗਰਸ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਇੱਕ ਪਾਸੇ ਮਨਮੋਹਨ ਸਿੰਘ ਅਤੇ ਦੂਜੇ ਪਾਸੇ ਪੀਐਮ ਮੋਦੀ ਦੀ ਤਸਵੀਰ ਸੀ।

ਇਸ ਤਸਵੀਰ ਦੇ ਨਾਲ ਲਿਖਿਆ ਗਿਆ, "ਇੰਟੀਗ੍ਰੀਟੀ ਵਰਸੇਜ਼ ਐਸਕੇਪ"। ਜਿਸ ਦਾ ਮਤਲਬ ਹੈ- ਇਮਾਨਦਾਰੀ ਨਾਲ ਕੰਮ ਕਰਨ ਵਾਲਾ ਬਨਾਮ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ।

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਇੱਕ ਇੰਸਟਾਗ੍ਰਾਮ ਪੋਸਟ ਵੀ ਸ਼ੇਅਰ ਕੀਤੀ।

ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਤਸਵੀਰ ਵੀ ਸ਼ੇਅਰ ਕਰਦੇ ਹੋਏ ਲਿਖਿਆ ਗਿਆ, "ਉਹ 90 ਸਾਲ ਦੇ ਹਨ। ਸਾਡੇ ਸਾਬਕਾ ਪ੍ਰਧਾਨ ਮੰਤਰੀ ਇੱਕ ਜ਼ਿੰਮੇਵਾਰ ਆਗੂ ਹਨ। ਆਪਣੀ ਖ਼ਰਾਬ ਸਿਹਤ ਅਤੇ ਬੁਢਾਪੇ ਦੇ ਬਾਵਜੂਦ, ਉਹ ਆਪਣੇ ਆਪ ਨੂੰ ਸੰਸਦ ਅਤੇ ਆਪਣੇ ਫਰਜ਼ ਨਿਭਾਉਣ ਤੋਂ ਨਹੀਂ ਰੋਕ ਸਕੇ। ਇਮਾਨਦਾਰੀ ਅਤੇ ਸੱਚਾਈ ਇਸ ਤਰ੍ਹਾਂ ਦਿਖਾਈ ਦਿੰਦੀ ਹੈ।''

''ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੇ ਦੇਸ਼ ਪ੍ਰਤੀ ਫਰਜ਼ ਅਤੇ ਜ਼ਿੰਮੇਵਾਰੀਆਂ ਹਨ, ਪਰ ਫਿਰ ਵੀ ਉਹ ਆਪਣੇ ਆਪ ਨੂੰ ਸੰਸਦ ਤੋਂ ਦੂਰ ਰੱਖ ਰਹੇ ਹਨ, ਉਹ ਵੀ ਉਦੋਂ ਜਦੋਂ ਸਾਡੇ ਦੋ ਸੂਬੇ ਸੜ ਰਹੇ ਹਨ। ਭਗੌੜਾਪਣ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਫਰਕ ਮਹਿਸੂਸ ਕਰੋ।"

ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਪਾਸ

  • 8 ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਸੇਵਾ ਬਿੱਲ ਰਾਜ ਸਭਾ 'ਚ ਪੇਸ਼ ਕੀਤਾ ਅਤੇ ਇਹ ਪਾਸ ਹੋ ਗਿਆ ਹੈ
  • ਬਿੱਲ ਦੇ ਸਮਰਥਨ 'ਚ ਐਨਡੀਏ ਨੂੰ 131, ਜਦਕਿ ਵਿਰੋਧੀ ਗੱਠਜੋੜ 'ਇੰਡੀਆ' ਨੂੰ 102 ਵੋਟ ਹੀ ਮਿਲੇ
  • 11 ਮਈ ਨੂੰ ਸੁਪਰੀਮ ਕੋਰਟ ਨੇ ਦਿੱਲੀ 'ਚ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦੇ ਅਧਿਕਾਰਾਂ ਸਬੰਧੀ ਕੇਜਰੀਵਾਲ ਸਰਕਾਰ ਦੇ ਸਮਰਥਨ 'ਚ ਫੈਸਲਾ ਦਿੱਤਾ ਸੀ
  • ਜਿਸ ਮਗਰੋਂ 19 ਮਈ ਨੂੰ ਕੇਂਦਰ ਨੇ ਰਾਜਧਾਨੀ ਸਬੰਧਿਤ ਵਿਸ਼ੇਸ਼ ਵਿਵਸਥਾ ਮੁਤਾਬਕ ਇੱਕ ਆਰਡੀਨੈਂਸ ਜਾਰੀ ਕੀਤਾ ਸੀ
  • ਇਸ ਦੇ ਤਹਿਤ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਆਖ਼ਿਰੀ ਫੈਸਲੇ ਦਾ ਅਧਿਕਾਰ ਮੁੜ ਉਪ ਰਾਜਪਾਲ ਨੂੰ ਦੇ ਦਿੱਤਾ ਗਿਆ ਸੀ
  • ਇਸ ਦੇ ਤਹਿਤ ਦਿੱਲੀ 'ਚ 'ਡੈਨਿਕਸ' ਕੇਡਰ ਦੇ 'ਗਰੁੱਪ-ਏ' ਅਧਿਕਾਰੀਆਂ ਦੇ ਤਬਾਦਲੇ ਤੇ ਅਨੁਸ਼ਾਸਨੀ ਕਾਰਵਾਈ ਲਈ ਇੱਕ ਅਥਾਰਿਟੀ ਦਾ ਗਠਨ ਕੀਤਾ ਜਾਵੇਗਾ
  • ਅਥਾਰਟੀ ਵਿੱਚ ਦਿੱਲੀ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਸਕੱਤਰ ਅਤੇ ਦਿੱਲੀ ਦੇ ਗ੍ਰਹਿ ਪ੍ਰਮੁੱਖ ਸਕੱਤਰ ਸਮੇਤ ਕੁੱਲ ਤਿੰਨ ਮੈਂਬਰ ਹੋਣਗੇ
  • ਮੁੱਖ ਮੰਤਰੀ ਨੂੰ ਇਸ ਅਥਾਰਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਪਰ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਿਯੁਕਤੀਆਂ 'ਤੇ ਅੰਤਿਮ ਮੋਹਰ ਉਪ ਰਾਜਪਾਲ ਦੀ ਹੋਵੇਗੀ
  • ਹੁਣ ਰਾਜ ਸਭ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ 'ਆਪ' ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਮੁੜ ਅਦਾਲਤ ਦਾ ਰੁਖ ਕਰਨਗੇ

ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ

ਭਾਜਪਾ ਨੇ ਜੋ ਟਵੀਟ ਕੀਤਾ ਉਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਆਗੂਆਂ ਅਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਬਹੁਤੇ ਮਨਮੋਹਨ ਸਿੰਘ ਦੀ ਪ੍ਰਸ਼ੰਸਾ ਕਰਦੇ ਨਜ਼ਰ ਆਏ।

'ਆਪ' ਅਤੇ ਰਾਘਵ ਚੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਬਹੁਤ ਧੰਨਵਾਦ ਕੀਤਾ।

ਰਾਘਵ ਚੱਢਾ ਨੇ ਇੱਕ ਟਵੀਟ ਕਰਦਿਆਂ ਲਿਖਿਆ, ''ਅੱਜ ਰਾਜ ਸਭਾ ਵਿੱਚ ਡਾਕਟਰ ਮਨਮੋਹਨ ਸਿੰਘ ਇਮਾਨਦਾਰੀ ਦੇ ਪ੍ਰਤੀਕ ਬਣ ਕੇ ਖੜ੍ਹੇ ਹੋਏ ਅਤੇ ਕਾਲੇ ਆਰਡੀਨੈਂਸ ਵਿਰੁੱਧ ਵੋਟ ਪਾਉਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ।''

''ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਇੱਕ ਪ੍ਰੇਰਨਾ ਹੈ। ਉਨ੍ਹਾਂ ਦੇ ਅਣਮੁੱਲੇ ਸਹਿਯੋਗ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਧੰਨਵਾਦ ਸਰ।''

ਕਾਂਗਰਸ ਦੇ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਦੇ ਚੇਅਰਪਰਸਨ ਸੁਪ੍ਰੀਆ ਸ਼੍ਰੀਨੇਤ ਨੇ ਭਾਜਪਾ ਦੇ ਟਵੀਟ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਅਤੇ ਕਿਹਾ ਕਿ 'ਡਾਕਟਰ ਸਾਬ੍ਹ ਦੀ ਸਦਨ 'ਚ ਹਾਜ਼ਰੀ ਨੇ ਭਾਜਪਾ ਆਗੂ ਦੀ ਪੋਲ ਖੋਲ੍ਹ ਦਿੱਤੀ ਹੈ।'

ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਜਪਾ ਆਗੂ 'ਸਦਨ ਤੋਂ ਮੂੰਹ ਲੁਕਾਏ ਭੱਜ ਰਹੇ ਹਨ'।

ਆਲਟ ਨਿਊਜ਼ ਦੇ ਸਹਿ ਸੰਥਾਪਕ ਮੁਹੰਮਦ ਜ਼ੁਬੈਰ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ।

ਪਹਿਲੀ ਤਸਵੀਰ 2019 ਦੀ ਸੀ ਜਦੋਂ ਗੋਆ ਦੇ ਤਤਕਾਲੀ ਮੁੱਖ ਮੰਤਰੀ ਅਤੇ ਭਾਜਪਾ ਆਗੂ ਮਨੋਹਰ ਪਰਿਕਰ ਖ਼ਰਾਬ ਸਿਹਤ ਦੇ ਬਾਵਜੂਦ ਲੋਕ ਸਭਾ 'ਚ ਹਾਜ਼ਰ ਹੋਏ ਸਨ।

ਭਾਜਪਾ ਆਗੂ ਅਮਿਤ ਸ਼ਾਹ ਨੇ ਉਸ ਵੇਲੇ ਇਹ ਤਸਵੀਰ ਸਾਂਝਾ ਕਰਦਿਆਂ ਉਨ੍ਹਾਂ ਦੀ ਹਾਜ਼ਰੀ ਨੂੰ ਬਹੁਤ ਸਰਾਹਿਆ ਸੀ।

ਦੂਸਰੀ ਤਸਵੀਰ ਹਾਲ ਵਿੱਚ ਭਾਜਪਾ ਦੁਆਰਾ ਕੀਤੇ ਗਏ ਟਵੀਟ ਦੀ ਹੈ, ਜਿਸ ਵਿੱਚ ਪਾਰਟੀ ਨੇ ਮਨਮੋਹਨ ਸਿੰਘ ਦੇ ਰਾਜ ਸਭਾ 'ਚ ਸ਼ਾਮਿਲ ਹੋਣ 'ਤੇ ਕਾਂਗਰਸ ਦੀ ਆਲੋਚਨਾ ਕੀਤੀ ਹੈ।

ਇਨ੍ਹਾਂ ਤਸਵੀਰਾਂ ਦੇ ਨਾਲ ਜ਼ੁਬੈਰ ਨੇ ਲਿਖਿਆ, ''ਜੇ ਭਾਜਪਾ ਕਰੇ ਤਾਂ 'ਨੇਸ਼ਨ ਫਰਸਟ' ਪਰ ਜੇ ਕਾਂਗਰਸ ਕਰੇ ਤਾਂ 'ਬੇਹੱਦ ਸ਼ਰਮਨਾਕ'।

ਹਾਲਾਂਕਿ ਅਜਿਹਾ ਨਹੀਂ ਹੈ ਕਿ ਸੋਸ਼ਲ ਮੀਡੀਆ 'ਤੇ ਮਨਮੋਹਨ ਸਿੰਘ ਦੀ ਹਾਜ਼ਰੀ ਦੀ ਚਰਚਾ ਕਾਂਗਰਸ ਅਤੇ ਭਾਜਪਾ ਦੇ ਟਵੀਟ ਤੋਂ ਬਾਅਦ ਸ਼ੁਰੂ ਹੋਈ। ਇਸ ਤੋਂ ਪਹਿਲਾਂ ਵੀ ਕਈ ਆਗੂਆਂ ਅਤੇ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰ, ਉਨ੍ਹਾਂ ਦੀ ਮੌਜੂਦਗੀ ਨੂੰ ਸਰਾਹਿਆ।

ਕਾਂਗਰਸ ਦੇ ਕੌਮੀ ਕੁਆਰਡੀਨੇਟਰ ਨਿਤਿਨ ਅਗਰਵਾਲ ਨੇ ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਦੀਆਂ ਤਸਵੀਰਾਂ ਸਾਂਝੀਆਂ ਕਰ ਲਿਖਿਆ, ''ਫਰਕ ਸਪਸ਼ਟ ਹੈ।'’

ਕਾਂਗਰਸ ਆਗੂ ਚੰਦਨ ਯਾਦਵ ਨੇ ਲਿਖਿਆ, ''90 ਸਾਲ ਦੇ ਹੋਣ ਦੇ ਬਾਵਜੂਦ ਡਾਕਟਰ ਮਨਮੋਹਨ ਸਿੰਘ ਦਿੱਲੀ ਸੇਵਾ ਬਿੱਲ, 2023 ਦੇ ਵਿਰੋਧ ਵਿੱਚ ਵੋਟ ਪਾਉਣ ਲਈ ਰਾਜ ਸਭਾ ਵਿੱਚ ਆਏ।''

''ਇਸ ਦੇਸ਼ ਲਈ ਡਾਕਟਰ ਸਿੰਘ ਦੇ ਯੋਗਦਾਨ ਨੂੰ ਅੱਜ ਹਰ ਕੋਈ ਮਹਿਸੂਸ ਕਰਦਾ ਹੈ।''

''ਉਨ੍ਹਾਂ ਦੀ ਸਰਕਾਰ 'ਤੇ ਜੋ ਚਿੱਕੜ ਉਛਾਲਿਆ ਗਿਆ, ਉਨ੍ਹਾਂ ਦੇ ਖਿਲਾਫ਼ ਇਲਜ਼ਾਮ ਲਗਾਏ ਗਏ, ਉਸ ਨੂੰ ਅੱਜ ਜਨਤਾ ਸਮਝ ਰਹੀ ਹੈ। ਇਹ ਪੂਰੀ ਤਰ੍ਹਾਂ ਸਾਜ਼ਿਸ਼ ਸੀ।''

ਇੱਕ ਹੋਰ ਟਵਿੱਟਰ ਉਪਭੋਗਤਾ ਨੇ ਲਿਖਿਆ, ''ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸੰਸਦ ਵਿੱਚ ਹਾਜ਼ਰੀ ਕਿਰਨ ਖੇਰ, ਸਨੀ ਦਿਓਲ ਅਤੇ ਗੌਤਮ ਗੰਭੀਰ ਦੇ ਮੁਕਾਬਲੇ ਜ਼ਿਆਦਾ ਹੈ।''

ਇੱਕ ਹੋਰ ਉਪਭੋਗਤਾ ਨੇ ਲਿਖਿਆ, 'ਇਤਿਹਾਸ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਦਿਆਲਤਾ ਲਈ ਯਾਦ ਰੱਖੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)