ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਛਿੜੀ 'ਗੁਬਾਰਾ ਜੰਗ' ਕੀ ਹੈ?

    • ਲੇਖਕ, ਹਯੋਜੁੰਗ ਕਿਮ
    • ਰੋਲ, ਬੀਬੀਸੀ ਪੱਤਰਕਾਰ

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਘਰ ਤੋਂ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਕਿਸੇ ਅਣਜਾਣ ਵਸਤੂ ਨੂੰ ਛੂੰਹਣ ਦੀ ਵੀ ਮਨਾਹੀ ਹੈ।

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਵਿੱਚ ਕੂੜੇ ਨਾਲ ਭਰੇ ਸੈਂਕੜੇ ਗੁਬਾਰੇ ਸੁੱਟੇ ਹਨ।

ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਪ੍ਰੋਪੋਗੰਡਾ ਜੰਗ ਦੀਆਂ ਯਾਦਾਂ ਤਾਜ਼ਾ ਹੋ ਗਈਆਂ।

ਮੰਗਲਵਾਰ ਰਾਤ ਨੂੰ ਦੱਖਣ 'ਚ ਕੂੜੇ ਨਾਲ ਭਰੇ ਘੱਟੋ-ਘੱਟ 260 ਪਲਾਸਟਿਕ ਦੇ ਬੈਗ ਮਿਲੇ, ਜਿਨ੍ਹਾਂ ਨੂੰ ਗੁਬਾਰਿਆਂ ਨਾਲ ਬੰਨ੍ਹ ਕੇ ਸੁੱਟ ਦਿੱਤਾ ਗਿਆ।

ਇਸ ਤੋਂ ਬਾਅਦ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਆਪਣੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।

ਉੱਤਰੀ ਕੋਰੀਆ ਨੇ ਕੁਝ ਦਿਨ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਉਹ ਦੱਖਣੀ ਕੋਰੀਆ ਦੇ ਸੰਗਠਨਾਂ ਵੱਲੋਂ ਉੱਤਰ ਨੂੰ ਭੇਜੇ ਗਏ ਯਹੂਦੀ ਵਿਰੋਧੀ ਪਰਚੇ ਵੰਡਣ ਦਾ ਬਦਲਾ ਲਵੇਗਾ।

ਜਦੋਂ 280 ਕਰੋੜ ਪਰਚੇ ਵੰਡੇ ਗਏ

ਇਨ੍ਹਾਂ ਇਸ਼ਤਿਹਾਰਾਂ ਵਰਗੇ ਪਰਚਿਆਂ ਨੂੰ ਕੋਰੀਆਈ ਭਾਸ਼ਾ ਵਿੱਚ 'ਪੀਰਾ' ਕਿਹਾ ਜਾਂਦਾ ਹੈ।

1950 ਵਿੱਚ ਕੋਰੀਆਈ ਜੰਗ ਦੌਰਾਨ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੇ ਗੁਬਾਰਿਆਂ ਦੀ ਮਦਦ ਨਾਲ ਇੱਕ ਦੂਜੇ ਦੇ ਇਲਾਕੇ ਵਿੱਚ ਪਰਚੇ ਸੁੱਟੇ ਸਨ।

ਇਹ ਤਰੀਕਾ ਉਦੋਂ ਵਰਤਿਆ ਗਿਆ ਜਦੋਂ ਸੰਯੁਕਤ ਰਾਸ਼ਟਰ ਦੀਆਂ ਫੌਜਾਂ ਨੇ ਯੁੱਧ ਦੌਰਾਨ ਉੱਤਰੀ ਕੋਰੀਆ ਵਿੱਚ ਪਰਚੇ ਸੁੱਟੇ ਸਨ।

ਇਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਉੱਤਰੀ ਕੋਰੀਆ ਨੇ ਵੀ ਸੰਯੁਕਤ ਰਾਸ਼ਟਰ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਰਚੇ ਸੁੱਟੇ ਸਨ।

27 ਜੁਲਾਈ 1953 ਨੂੰ ਹਥਿਆਰਬੰਦ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਤੱਕ ਕੁੱਲ 280 ਕਰੋੜ ਪਰਚੇ ਸੁੱਟੇ ਜਾ ਚੁੱਕੇ ਸਨ।

ਇਨ੍ਹਾਂ ਵਿੱਚੋਂ 250 ਕਰੋੜ ਪਰਚੇ ਦੱਖਣੀ ਕੋਰੀਆ ਅਤੇ ਸੰਯੁਕਤ ਰਾਸ਼ਟਰ ਦੇ ਸੈਨਿਕਾਂ ਵੱਲੋਂ ਸੁੱਟੇ ਗਏ ਸਨ।

ਇਸ ਦੇ ਨਾਲ ਹੀ ਉੱਤਰੀ ਕੋਰੀਆ ਅਤੇ ਸੋਵੀਅਤ ਸੰਘ ਨੇ 30 ਕਰੋੜ ਪਰਚੇ ਸੁੱਟੇ ਸਨ।

ਕੋਰੀਆਈ ਜੰਗ ਦੌਰਾਨ ਵਰਤੇ ਗਏ ਪਰਚਿਆਂ ਦੀ ਮਾਤਰਾ ਇੰਨੀ ਵੱਡੀ ਸੀ ਕਿ ਇਹ ਪੂਰੇ ਕੋਰੀਆਈ ਪ੍ਰਾਇਦੀਪ ਨੂੰ 20 ਤੋਂ ਵੱਧ ਵਾਰ ਢੱਕ ਸਕਦੇ ਸਨ।

ਲੋਕਾਂ ਦਾ ਧਿਆਨ ਖਿੱਚਣ ਲਈ ਜ਼ਿਆਦਾਤਰ ਪਰਚੇ ਚਮਕਦਾਰ ਰੰਗ ਦੇ ਸਨ, ਖ਼ਾਸ ਕਰ ਲਾਲ ਰੰਗ ਦੇ।

ਉਨ੍ਹਾਂ ਵਿੱਚ ਮੁੱਖ ਤੌਰ 'ਤੇ ਸਮਰਪਣ ਨੂੰ ਉਤਸ਼ਾਹਿਤ ਕਰਨ ਵਾਲੇ ਸੰਦੇਸ਼ ਲਿਖੇ ਹੁੰਦੇ ਸਨ।

ਕੁਝ ਪਰਚਿਆਂ ਵਿੱਚ 'ਸੁਰੱਖਿਆ ਦੀ ਗਾਰੰਟੀ ਦੇ ਪ੍ਰਮਾਣ ਪੱਤਰ' ਵੀ ਸ਼ਾਮਲ ਸਨ, ਜੋ ਉਨ੍ਹਾਂ ਕੋਲ ਰੱਖਣ ਵਾਲੇ ਲੋਕਾਂ ਨੂੰ ਸੁਰੱਖਿਆ ਦੇਣ ਦਾ ਵਾਅਦਾ ਕਰਦੇ ਸਨ।

'ਸਵੈ-ਪ੍ਰਸ਼ੰਸਾ' ਭਰੇ ਸੰਦੇਸ਼

1953 ਦੇ ਜੰਗਬੰਦੀ ਸਮਝੌਤੇ ਤੋਂ ਬਾਅਦ ਜੰਗ ਖ਼ਤਮ ਹੋ ਗਈ ਸੀ ਪਰ ਉਸ ਤੋਂ ਬਾਅਦ ਵੀ ਦੋਵੇਂ ਦੇਸ਼ ਪਰਚੇ ਵੰਡਦੇ ਰਹੇ।

ਵੰਡੇ ਗਏ ਪਰਚਿਆਂ ਵਿੱਚ ਇੱਕ ਦੂਜੇ ਦੇ ਆਗੂਆਂ ਅਤੇ ਸਰਕਾਰਾਂ ਦੀ ਆਲੋਚਨਾ ਹੁੰਦੀ ਸੀ।

ਸੱਠ ਅਤੇ ਸੱਤਰ ਦੇ ਦਹਾਕੇ ਵਿੱਚ, ਉੱਤਰੀ ਕੋਰੀਆ ਦੇ ਪਰਚਿਆਂ ਨੇ ਪਿਓਂਗਯਾਂਗ ਦੇ ਵਿਕਾਸ 'ਤੇ ਜ਼ੋਰ ਦਿੱਤਾ ਅਤੇ ਚੇਅਰਮੈਨ ਕਿਮ ਇਲ ਸੁੰਗ ਦੀਆਂ ਪ੍ਰਾਪਤੀਆਂ ਉੱਤੇ ਜੋਰ ਦਿੱਤਾ।

ਸੱਤਰ ਦੇ ਦਹਾਕੇ ਵਿੱਚ ਉੱਤਰੀ ਕੋਰੀਆ ਦੇ ਪਰਚਿਆਂ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਉੱਤਰੀ ਕੋਰੀਆ ਆਉਣ ਵਾਲੇ ਫ਼ੌਜੀਆਂ ਨੂੰ ਬਹੁਤ ਸਾਰੇ ਲਾਭ ਮਿਲਣਗੇ।

ਇਨ੍ਹਾਂ ਵਾਅਦਿਆਂ ਵਿੱਚ 'ਅਧਿਕਾਰਾਂ ਅਤੇ ਆਜ਼ਾਦੀਆਂ ਦੀ ਗਾਰੰਟੀ, ਨੌਕਰੀਆਂ ਦਾ ਪ੍ਰਬੰਧ, ਮੁਫ਼ਤ ਲਗਜ਼ਰੀ ਰਿਹਾਇਸ਼, ਰਹਿਣ-ਸਹਿਣ ਭੱਤਾ ਅਤੇ ਨਕਦ ਇਨਾਮ' ਸ਼ਾਮਲ ਸਨ।

ਸੱਤਰ ਦੇ ਦਹਾਕੇ ਦੌਰਾਨ, ਉੱਤਰੀ ਕੋਰੀਆ ਦੀ ਆਰਥਿਕ ਸਥਿਤੀ ਕਈ ਵਾਰ ਦੱਖਣੀ ਕੋਰੀਆ ਨਾਲੋਂ ਬਿਹਤਰ ਮੰਨੀ ਜਾਂਦੀ ਸੀ।

ਇਸ ਕਾਰਨ ਦੱਖਣੀ ਕੋਰੀਆ ਦੇ ਲੋਕਾਂ ਦੇ ਪਰਚੇ ਪੜ੍ਹਨ ਤੋਂ ਬਾਅਦ ਦੇਸ਼ ਛੱਡ ਕੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ।

ਅੱਸੀਵਿਆਂ ਤੱਕ, ਦੱਖਣੀ ਕੋਰੀਆ ਦੇ ਵਿਦਿਆਰਥੀਆਂ ਲਈ ਉੱਤਰੀ ਕੋਰੀਆ ਵੱਲੋਂ ਭੇਜੇ ਗਏ ਪਰਚੇ ਚੁੱਕਣਾ ਆਮ ਗੱਲ ਸੀ।

ਉਹ ਇਸ ਨੂੰ ਸਕੂਲ ਅਤੇ ਥਾਣੇ ਲੈ ਜਾਂਦੇ ਸਨ ਜਿੱਥੇ ਉਨ੍ਹਾਂ ਨੂੰ ਇਨਾਮ ਵਜੋਂ ਪੈਨ, ਨੋਟਬੁੱਕ ਅਤੇ ਸਕੂਲੀ ਸਮੱਗਰੀ ਦਿੱਤੀ ਜਾਂਦੀ ਸੀ।

ਉੱਤਰੀ ਕੋਰੀਆ ਦੇ ਸਰਕਾਰੀ ਦਫ਼ਤਰਾਂ ਨੇ ਜਾਸੂਸਾਂ ਨੂੰ ਬਦਲਣ ਜਾਂ ਦੱਖਣੀ ਕੋਰੀਆ ਵਿਰੋਧੀ ਪਰਚੇ ਇਕੱਠੇ ਕਰਨ ਲਈ ਇਨਾਮ ਦੀ ਪੇਸ਼ਕਸ਼ ਕਰਨ ਵਾਲੇ ਨੋਟਿਸ ਵੀ ਲਗਾਏ ਸਨ।

ਜਿਵੇਂ-ਜਿਵੇਂ ਦੋਵਾਂ ਦੇਸ਼ਾਂ ਦੀ ਆਰਥਿਕ ਸਥਿਤੀ ਬਦਲੀ ਅਤੇ ਦੱਖਣੀ ਕੋਰੀਆ ਵਿੱਤੀ ਤੌਰ ਉੱਤੇ ਤਾਕਤਵਰ ਹੋਇਆ।

ਉਸਨੇ ਆਪਣੇ ਉੱਤਰੀ ਕੋਰੀਆ ਵਿਰੋਧੀ ਪਰਚਿਆਂ ਵਿੱਚ ਇਸ ਪਹਿਲੂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।

1988 ਸਿਓਲ ਓਲੰਪਿਕ ਦੌਰਾਨ, "ਕੀ ਤੁਸੀਂ ਉਦੋਂ ਤੱਕ ਖਾਣਾ ਨਹੀਂ ਚਾਹੁੰਦੇ ਜਦੋਂ ਤੱਕ ਤੁਹਾਡਾ ਢਿੱਡ ਭਰ ਨਹੀਂ ਜਾਂਦਾ?" ਵਰਗੇ ਨਾਅਰੇ ਆਰਥਿਕ ਸਥਿਤੀ ਵਿੱਚ ਬਦਲਾਅ ਨੂੰ ਦਰਸਾਉਣ ਲਈ ਵਰਤੇ ਗਏ ਸਨ।

ਠਹਿਰਾਅ

1991 ਵਿੱਚ ‘ਇੰਟਰ ਕੋਰੀਅਨ ਬੇਸਿਕ ਐਗਰੀਮੈਂਟ’ ਅਤੇ 2000 ਵਿੱਚ ‘ਇੰਟਰ ਕੋਰੀਅਨ ਐਗਰੀਮੈਂਟ ਆਨ ਦਿ ਸੇਸੇਸ਼ਨ ਆਫ਼ ਹੋਸਟਾਈਲ ਐਕਟ’ ’ਤੇ ਹਸਤਾਖਰ ਕਰਨ ਤੋਂ ਬਾਅਦ ਉੱਤਰੀ ਤੇ ਦੱਖਣੀ ਕੋਰੀਆ ਦੋਵਾਂ ਨੇ ਅਧਿਕਾਰਿਤ ਤੌਰ ਉੱਤੇ ਆਪਣੇ ਪਰਚੇ ਵੰਡਣ ਵਾਲਿਆਂ ਦੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਸੀ।

2007 ਵਿੱਚ, ਦੱਖਣੀ ਕੋਰੀਆ ਦੀ ਪੁਲਿਸ ਨੇ ਉੱਤਰੀ ਕੋਰੀਆਈ ਪ੍ਰਚਾਰ ਸਮੱਗਰੀ ਦੇ ਸੰਗ੍ਰਹਿ ਅਤੇ ਰੱਖ-ਰਖਾਅ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਸੀ। ਜਿਸ ਨਾਲ ਅਜਿਹੀਆਂ ਵਸਤੂਆਂ ਨੂੰ ਸੌਂਪਣ ਲਈ ਦਿੱਤੇ ਜਾਣ ਵਾਲੇ ਇਨਾਮਾਂ ਸਮੇਤ ਸਕੂਲੀ ਸਪਲਾਈਆਂ ਵੀ ਬੰਦ ਹੋ ਗਈਆਂ।

ਸਰਕਾਰੀ ਤੌਰ ’ਤੇ ਪਰਚੇ ਵੰਡੇ ਜਾਣੇ ਬੰਦ ਹੋ ਗਏ ਪਰ ਪਰਚੇ ਪੂਰੀ ਤਰ੍ਹਾਂ ਗਾਇਬ ਨਹੀਂ ਹੋਏ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਿਊਂਗ-ਬਾਕ ਦੇ ਕਾਰਜਕਾਲ ਦੌਰਾਨ ਜਦੋਂ ਦੋਵਾਂ ਧਿਰਾਂ ਦੇ ਸਬੰਧ ਵਿਗੜਨੇ ਸ਼ੁਰੂ ਹੋਏ ਤਾਂ ਆਪਸੀ ਆਲੋਚਨਾ ਅਤੇ ਪ੍ਰੋਪੇਗੰਡਾ ਜੰਗ ਫਿਰ ਸ਼ੁਰੂ ਹੋ ਗਈ।

ਅਤੇ ਇੱਕ ਵਾਰ ਫਿਰ ਤੋਂ ਦੇਸ਼ਾਂ ਉੱਤੇ ਪਰਚੇ ਉੱਡਣੇ ਸ਼ੁਰੂ ਹੋ ਗਏ।

ਪ੍ਰਚਾਰ ਯੁੱਧ ਤੋਂ ਇਲਾਵਾ

2000 ਦੇ ਦਹਾਕੇ ਵਿੱਚ, ਦੱਖਣੀ ਕੋਰੀਆ ਵਿੱਚ ਨਾਗਰਿਕ ਸੰਗਠਨਾਂ ਨੇ ਉੱਤਰੀ ਕੋਰੀਆ ਵਿਰੋਧੀ ਪਰਚੇ ਭੇਜਣ ਵਿੱਚ ਅਗਵਾਈ ਕੀਤੀ।

ਉਨ੍ਹਾਂ ਨੇ ਪੱਛਮੀ ਵਸਤੂਆਂ ਜਿਵੇਂ ਕੱਪ ਨੂਡਲਜ਼, ਅਮਰੀਕੀ ਡਾਲਰ ਦੇ ਬਿੱਲ ਅਤੇ ਪਰਚੇ ਵਗੈਰਾ ਵੀ ਭੇਜੇ ਹਨ।

2010 ਵਿੱਚ ਚੇਓਨਾਨ ਜਲ ਸੈਨਾ ਦੇ ਜਹਾਜ਼ ਦੇ ਡੁੱਬਣ ਤੋਂ ਬਾਅਦ, ਉੱਤਰੀ ਕੋਰੀਆ ਵਿਰੋਧੀ ਪਰਚੇ ਵੱਡੀ ਗਿਣਤੀ ਵਿੱਚ ਵੰਡੇ ਗਏ ਸਨ।

ਜਨਵਰੀ 2016 ਵਿੱਚ ਉੱਤਰੀ ਕੋਰੀਆ ਦੇ ਚੌਥੇ ਪ੍ਰਮਾਣੂ ਪ੍ਰੀਖਣ ਦੇ ਜਵਾਬ ਵਿੱਚ, ਦੱਖਣੀ ਕੋਰੀਆ ਦੇ ਪਾਰਕ ਗਿਊਨ-ਹੇ ਪ੍ਰਸ਼ਾਸਨ ਨੇ ਉੱਤਰੀ ਕੋਰੀਆ ਲਈ ਲਾਊਡ-ਸਪੀਕਰ ਪ੍ਰਸਾਰਣ ਮੁੜ ਸ਼ੁਰੂ ਕਰ ਦਿੱਤਾ ਸੀ।

ਸਰਹੱਦ ਉੱਤੇ ਸਥਿਤ ਸਪੀਕਰਾਂ ਤੋਂ ਪ੍ਰਸਾਰਿਤ ਕੀਤੇ ਗਏ ਇਨ੍ਹਾਂ ਪ੍ਰਸਾਰਣਾਂ ਵਿੱਚ ਉੱਤਰੀ ਕੋਰੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਖ਼ਬਰਾਂ ਅਤੇ ਪ੍ਰਸਿੱਧ ਕੋਰੀਆਈ ਆਈਡਲ ਸੰਗੀਤ ਦੀ ਮਦਦ ਨਾਲ ਵਿਆਪਕ ਸੱਭਿਆਚਾਰਕ ਅਦਾਨ-ਪ੍ਰਦਾਨ ਸ਼ਾਮਲ ਸੀ।

ਇਸ ਦੇ ਜਵਾਬ 'ਚ ਉੱਤਰੀ ਕੋਰੀਆ ਨੇ ਵੱਡੇ ਪੱਧਰ 'ਤੇ ਦੱਖਣੀ ਕੋਰੀਆ ਵਿਰੋਧੀ ਪਰਚੇ ਵੰਡਣੇ ਸ਼ੁਰੂ ਕਰ ਦਿੱਤੇ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਚਿਆਂ ਵਿੱਚ ਵਾਸ਼ਿੰਗਟਨ ਦੀ ਉੱਤਰੀ ਕੋਰੀਆ ਨੀਤੀ ਅਤੇ ਦੱਖਣੀ ਕੋਰੀਆ ਦੀ ਸਿਆਸੀ ਸਥਿਤੀ ਦੀ ਆਲੋਚਨਾ ਕੀਤੀ ਗਈ ਹੁੰਦੀ ਸੀ।

27 ਅਪ੍ਰੈਲ, 2018 ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਨੇ ਪੈਨਮੁਨਜੋਮ ਘੋਸ਼ਣਾ ਦਾ ਐਲਾਨ ਕੀਤਾ।

ਦੋਵੇਂ ਆਗੂਆਂ ਨੇ "1 ਮਈ ਤੋਂ ਮਿਲਟਰੀ ਸੀਮਾਕਰਨ ਲਾਈਨ ਦੇ ਨਾਲ ਲਾਊਡਸਪੀਕਰ ਪ੍ਰਸਾਰਣ ਅਤੇ ਪਰਚੇ ਵੰਡਣ ਸਮੇਤ ਸਾਰੀਆਂ ਵਿਰੋਧੀ ਗਤੀਵਿਧੀਆਂ ਨੂੰ ਬੰਦ ਕਰਨ" ਲਈ ਸਹਿਮਤੀ ਜਤਾਈ।

ਇਸ ਦੇ ਬਾਵਜੂਦ, ਦੱਖਣੀ ਕੋਰੀਆ ਦੇ ਨਾਗਰਿਕ ਸਮੂਹ ਜਿਵੇਂ ਕਿ ਫਾਈਟਰਜ਼ ਫਾਰ ਏ ਫਰੀ ਨਾਰਥ ਕੋਰੀਆ ਨੇ ਪਰਚੇ ਵੰਡਣੇ ਜਾਰੀ ਰੱਖੇ ਸਨ।

ਉਸ ਸਮੇਂ, ਕਿਮ ਜੋਂਗ-ਉਨ ਦੀ ਭੈਣ ਕਿਮ ਯੋ-ਜੋਂਗ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਦੱਖਣੀ ਕੋਰੀਆ ਦੀ ਸਰਕਾਰ "ਕੂੜੇ ਦੇ ਸ਼ਾਨਦਾਰ ਪ੍ਰਦਰਸ਼ਨ" ਵਿੱਚ ਰੁੱਝੀ ਰਹੀ ਅਤੇ ਜੇਕਰ ਸ਼ੁਰੂ ਵਿੱਚ ਹੀ ਅਣਸੁਖਾਵੀਂ ਸਥਿਤੀ ਨੂੰ ਰੋਕਣ ਵਿੱਚ ਨਾਕਾਮ ਰਹੀ ਤਾਂ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)