ਆਈਸੀਸੀ ਵਿਸ਼ਵ ਕੱਪ 2023: ਕਿਵੇਂ ਮਿਲਣਗੀਆਂ ਟਿਕਟਾਂ, ਕਿੱਥੇ ਦੇਖੀਏ ਮੈਚ ਤੇ ਕਦੋਂ ਹੈ ਭਾਰਤ-ਪਾਕਿਸਤਾਨ ਮੁਕਾਬਲਾ?

ਆਈਸੀਸੀ ਵਿਸ਼ਵ ਕੱਪ 2023

ਤਸਵੀਰ ਸਰੋਤ, Getty Images

ਭਾਰਤ ਆਈਸੀਸੀ ਕ੍ਰਿਕਟ ਵਿਸ਼ਵ ਕੱਪ-2023 ਦੀ ਮੇਜ਼ਬਾਨੀ ਲਈ ਅੱਜ ਤੋਂ ਤਿਆਰ ਹੈ।

46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਦੁਨੀਆਂ ਦੇ 10 ਦੇਸ਼ ਹਿੱਸਾ ਲੈ ਰਹੇ ਹਨ।

ਇਹ ਮੈਚ ਕਦੋਂ ਅਤੇ ਕਿੱਥੇ ਖੇਡੇ ਜਾਣਗੇ? ਮੈਚ ਲਾਈਵ ਕਿਵੇਂ ਦੇਖੇ ਜਾ ਸਕਦੇ ਹਨ? ਟਿਕਟਾਂ ਕਿਵੇਂ ਅਤੇ ਕਿੱਥੇ ਮਿਲਣਗੀਆਂ? ਅਜਿਹੇ ਕਈ ਸਵਾਲਾਂ ਦੇ ਜਵਾਬ ਅਤੇ ਕ੍ਰਿਕਟ ਵਿਸ਼ਵ ਕੱਪ 2023 ਬਾਰੇ ਹੋਰ ਮਹੱਤਵਪੂਰਨ ਗੱਲਾਂ, ਜਾਣੋ ਇਸ ਰਿਪੋਰਟ ਵਿੱਚ...

ਆਈਸੀਸੀ ਵਿਸ਼ਵ ਕੱਪ 2023

ਤਸਵੀਰ ਸਰੋਤ, Getty Images

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਕਦੋਂ ਅਤੇ ਕਿੱਥੇ ਖੇਡੇ ਜਾਣਗੇ?

5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਮੇਜ਼ਬਾਨ ਭਾਰਤ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇੱਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗਾ।

46 ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਲਈ 10 ਸ਼ਹਿਰਾਂ ਦੇ ਸਟੇਡੀਅਮ ਚੁਣੇ ਗਏ ਹਨ। ਇਹ ਸਟੇਡੀਅਮ 9 ਸੂਬਿਆਂ- ਆਂਧਰਾ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਪੱਛਮੀ ਬੰਗਾਲ ਵਿੱਚ ਹਨ।

ਆਈਸੀਸੀ ਵਿਸ਼ਵ ਕੱਪ 2023

ਤਸਵੀਰ ਸਰੋਤ, Getty Images

  • ਹੈਦਰਾਬਾਦ - ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ
  • ਅਹਿਮਦਾਬਾਦ - ਨਰਿੰਦਰ ਮੋਦੀ ਸਟੇਡੀਅਮ
  • ਧਰਮਸ਼ਾਲਾ - ਐਚਪੀਸੀਏ ਸਟੇਡੀਅਮ
  • ਦਿੱਲੀ - ਅਰੁਣ ਜੇਟਲੀ ਸਟੇਡੀਅਮ
  • ਚੇੱਨਈ — ਐੱਮਏ ਚਿਦੰਬਰਮ ਸਟੇਡੀਅਮ
  • ਲਖਨਊ - ਬੀਆਰਐਸਏਬੀਵੀ ਏਕਾਨਾ ਕ੍ਰਿਕਟ ਸਟੇਡੀਅਮ
  • ਪੁਣੇ - ਐਮਸੀਏ ਇੰਟਰਨੈਸ਼ਨਲ ਸਟੇਡੀਅਮ
  • ਬੈਂਗਲੁਰੂ - ਐਮ ਚਿੰਨਾਸਵਾਮੀ ਸਟੇਡੀਅਮ
  • ਮੁੰਬਈ — ਵਾਨਖੇੜੇ ਸਟੇਡੀਅਮ
  • ਕੋਲਕਾਤਾ - ਈਡਨ ਗਾਰਡਨਜ਼

ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਵਰਗੀਆਂ ਟੀਮਾਂ ਨੂੰ ਮੌਕਾ ਕਿਉਂ ਨਹੀਂ ਮਿਲਿਆ? ਟੂਰਨਾਮੈਂਟ ਵਿੱਚ ਟੀਮਾਂ ਕਿਵੇਂ ਚੁਣੀਆਂ ਜਾਂਦੀਆਂ ਹਨ?

ਆਈਸੀਸੀ ਵਿਸ਼ਵ ਕੱਪ 2023

ਤਸਵੀਰ ਸਰੋਤ, Getty Images

ਦੋ ਵਾਰ ਦੀ ਵਿਸ਼ਵ ਚੈਂਪੀਅਨ ਰਹੀ ਟੀਮ ਵੈਸਟਇੰਡੀਜ਼ ਨੂੰ ਇਸ ਵਾਰ ਵਿਸ਼ਵ ਕੱਪ ਖੇਡਣ ਦਾ ਮੌਕਾ ਵੀ ਨਹੀਂ ਮਿਲਿਆ।

1975 ਅਤੇ 1979 ਦੀ ਵਿਸ਼ਵ ਜੇਤੂ ਟੀਮ ਵੈਸਟਇੰਡੀਜ਼ ਪਹਿਲਾਂ ਤਾਂ ਟੌਪ-8 ਵਿੱਚ ਥਾਂ ਨਹੀਂ ਬਣਾ ਸਕੀ ਸੀ, ਬਾਅਦ ਵਿੱਚ ਵਿਸ਼ਵ ਕੱਪ 2023 ਦੇ ਕੁਆਲੀਫਾਇਰ ਵਿੱਚ ਵੀ ਇਸ ਨੂੰ ਸਕਾਟਲੈਂਡ, ਨੀਦਰਲੈਂਡਜ਼ ਅਤੇ ਜ਼ਿੰਬਾਬਵੇ ਵਰਗੀਆਂ ਟੀਮਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਦਰਅਸਲ, ਵਿਸ਼ਵ ਕੱਪ ਟੂਰਨਾਮੈਂਟ ਲਈ ਚੁਣੀਆਂ ਗਈਆਂ 10 ਵਿੱਚੋਂ 8 ਟੀਮਾਂ ਸਿੱਧੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀਆਂ ਸਨ। ਬਾਕੀ ਦੋ ਸਥਾਨਾਂ ਲਈ ਵਿਸ਼ਵ ਕੱਪ ਕੁਆਲੀਫਾਇਰ ਇਸ ਸਾਲ ਜੂਨ-ਜੁਲਾਈ ਵਿੱਚ ਹੋਏ ਸਨ।

ਇਨ੍ਹਾਂ ਦੋ ਸਥਾਨਾਂ ਲਈ ਕੁਆਲੀਫਾਇਰ ਵਿੱਚ ਮੁਕਾਬਲਾ 10 ਟੀਮਾਂ ਵਿਚਕਾਰ ਸੀ। ਇਹ 10 ਟੀਮਾਂ ਸਨ- ਨੇਪਾਲ, ਸ੍ਰੀਲੰਕਾ, ਯੂਏਈ, ਅਮਰੀਕਾ, ਨੀਦਰਲੈਂਡਜ਼, ਜ਼ਿੰਬਾਬਵੇ, ਆਇਰਲੈਂਡ, ਓਮਾਨ, ਸਕਾਟਲੈਂਡ ਅਤੇ ਵੈਸਟਇੰਡੀਜ਼।

ਇਨ੍ਹਾਂ 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਵਿਚਾਲੇ ਮੁਕਾਬਲੇ ਹੋਏ ਅਤੇ ਅੰਤ 'ਚ ਸਿਰਫ ਸ਼੍ਰੀਲੰਕਾ ਅਤੇ ਨੀਦਰਲੈਂਡਜ਼ ਵਿਸ਼ਵ ਕੱਪ 'ਚ ਆਪਣੀ ਜਗ੍ਹਾ ਬਣਾ ਸਕੇ।

ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਵਰਗੀਆਂ ਟੀਮਾਂ, ਜੋ ਕਦੇ ਬਹੁਤ ਮਜ਼ਬੂਤ ਸਨ, ਇਸ ਵਾਰ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ।

ਵਿਸ਼ਵ ਕੱਪ 2023 'ਚ ਕਦੋਂ ਭਿੜਣਗੇ ਭਾਰਤ ਅਤੇ ਪਾਕਿਸਤਾਨ?

ਵਿਸ਼ਵ ਕੱਪ 2023

ਵਿਸ਼ਵ ਕੱਪ-2023 ਲਈ ਇਹ ਹੈ ਭਾਰਤੀ ਟੀਮ

ਵਿਸ਼ਵ ਕੱਪ 2023 ਲਈ 15 ਮੈਂਬਰੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਹਾਰਦਿਕ ਪੰਡਯਾ ਹੋਣਗੇ।

ਟੀਮ ਵਿੱਚ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਆਰ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਹੋਣਗੇ।

ਹਾਲਾਂਕਿ ਪਹਿਲਾਂ ਅਕਸ਼ਰ ਪਟੇਲ ਟੀਮ ਦਾ ਹਿੱਸਾ ਸਨ ਪਰ ਉਨ੍ਹਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ, ਆਰ ਅਸ਼ਵਿਨ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।

ਅਜੀਤ ਅਗਰਕਰ ਚੋਣ ਕਮੇਟੀ ਦੇ ਚੇਅਰਮੈਨ ਹਨ। ਅਗਰਕਰ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ।

ਆਈਸੀਸੀ ਵਿਸ਼ਵ ਕੱਪ 2023

ਤਸਵੀਰ ਸਰੋਤ, BCCI/X

ਕ੍ਰਿਕਟ ਵਿਸ਼ਵ ਕੱਪ ਲਾਈਵ ਕਿੱਥੇ-ਕਿੱਥੇ ਦੇਖ ਸਕਦੇ ਹਾਂ?

ਭਾਰਤ 'ਚ ਵਿਸ਼ਵ ਕੱਪ ਮੈਚਾਂ ਨੂੰ ਸਟਾਰ ਸਪੋਰਟਸ ਨੈੱਟਵਰਕ ਦੇ ਟੀਵੀ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਡੀਡੀ ਸਪੋਰਟਸ ਅਤੇ ਡੀਡੀ ਨੈਸ਼ਨਲ 'ਤੇ ਵੀ ਮੈਚ ਦਾ ਪ੍ਰਸਾਰਣ ਕੀਤਾ ਜਾਵੇਗਾ।

ਡਿਜੀਟਲ ਪਲੇਟਫਾਰਮ ਡਿਜ਼ਨੀ ਪਲੱਸ ਹਾਟਸਟਾਰ 'ਤੇ ਵੀ ਕ੍ਰਿਕਟ ਵਰਲਡ ਕੱਪ ਦੇਖਿਆ ਜਾ ਸਕਦਾ ਹੈ।

ਵਧਦੇ ਮੁਕਾਬਲੇ ਦੇ ਮੱਦੇਨਜ਼ਰ, ਡਿਜ਼ਨੀ ਪਲੱਸ ਹੌਟਸਟਾਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਕਿਸੇ ਵੀ ਮੋਬਾਈਲ 'ਤੇ ਡਿਜ਼ਨੀ ਪਲੱਸ ਹੌਟਸਟਾਰ ਐਪਲੀਕੇਸ਼ਨ 'ਤੇ ਮੁਫ਼ਤ ਦੇਖਿਆ ਜਾ ਸਕਦਾ ਹੈ।

ਕ੍ਰਿਕੇਟ ਵਰਲਡ ਕੱਪ ਦੇਖਣ ਲਈ ਟਿਕਟ ਕਿਵੇਂ ਮਿਲੇਗਾ?

ਬੀਸੀਸੀਆਈ ਨੇ ਇਸ ਕ੍ਰਿਕਟ ਵਿਸ਼ਵ ਕੱਪ 'ਚ ਟਿਕਟਾਂ ਦੀ ਵਿਕਰੀ ਲਈ 'ਬੁੱਕ ਮਾਈ ਸ਼ੋਅ' ਨੂੰ ਆਪਣਾ ਪਾਰਟਨਰ ਬਣਾਇਆ ਹੈ। ਟਿਕਟਾਂ ਦੀ ਵਿਕਰੀ 25 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ।

ਫਿਲਹਾਲ ਸੈਮੀਫਾਈਨਲ ਅਤੇ ਫਾਈਨਲ ਦੀਆਂ ਟਿਕਟਾਂ ਵੀ ਬੁੱਕ ਕੀਤੀਆਂ ਜਾ ਸਕਦੀਆਂ ਹਨ। ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਵੀ ਅਧਿਕਾਰਤ ਵੈੱਬਸਾਈਟ ਤੋਂ ਟਿਕਟ ਵੀ ਖਰੀਦ ਸਕਦੇ ਹੋ।

ਇਸ ਤੋਂ ਇਲਾਵਾ ਪਹਿਲਾਂ ਤੋਂ ਤੈਅ ਆਊਟਲੈਟਸ ਤੋਂ ਵੀ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ।

ਕਿਹੜੀ ਟੀਮ ਨੇ ਕਿੰਨੀ ਵਾਰ ਜਿੱਤਿਆ ਹੈ ਕ੍ਰਿਕਟ ਵਿਸ਼ਵ ਕੱਪ?

1983 ਦੇ ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1983 ਦੇ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਮੋਹਿੰਦਰ ਅਮਰਨਾਥ ਮੈਂ ਆਫ਼ ਦਿ ਮੈਚ ਬਣੇ ਸਨ, ਤਸਵੀਰ ਵਿੱਚ ਉਨ੍ਹਾਂ ਦੇ ਨਾਲ ਕਪਿਲ ਦੇਵ ਹਨ

ਸਾਲ 1975 ਤੋਂ ਹੁਣ ਤੱਕ ਕੁੱਲ 12 ਵਾਰ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ ਹੈ। ਆਸਟਰੇਲੀਆ ਨੇ ਸਭ ਤੋਂ ਵੱਧ 5 ਵਾਰ ਵਿਸ਼ਵ ਕੱਪ ਜਿੱਤਿਆ ਹੈ।

1987 'ਚ ਪਹਿਲਾ ਖਿਤਾਬ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਨੇ 1999, 2003, 2007 'ਚ ਇੱਕ ਤੋਂ ਬਾਅਦ ਇੱਕ ਵਿਸ਼ਵ ਕੱਪ ਆਪਣੇ ਨਾਮ ਕੀਤੇ। ਫਿਰ ਸਾਲ 2015 ਵਿੱਚ ਆਸਟਰੇਲੀਆ ਇੱਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਿਆ ਅਤੇ 5ਵੀਂ ਵਾਰ ਇਹ ਖਿਤਾਬ ਆਪਣੇ ਨਾਮ ਕੀਤਾ।

ਵੈਸਟਇੰਡੀਜ਼ ਅਤੇ ਭਾਰਤ ਨੇ ਦੋ-ਦੋ ਵਾਰ ਵਿਸ਼ਵ ਕੱਪ ਜਿੱਤਿਆ ਹੈ। ਵੈਸਟਇੰਡੀਜ਼ ਨੇ 1975, 1979 ਵਿੱਚ ਇਹ ਕਾਰਨਾਮਾ ਕੀਤਾ ਸੀ।

ਭਾਰਤ ਨੇ ਆਪਣਾ ਪਹਿਲਾ ਵਿਸ਼ਵ ਕੱਪ ਸਾਲ 1983 ਵਿੱਚ ਜਿੱਤਿਆ ਸੀ, ਫਿਰ 28 ਸਾਲ ਬਾਅਦ 2011 ਵਿੱਚ ਭਾਰਤ ਇੱਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਿਆ।

ਪਾਕਿਸਤਾਨ, ਸ਼੍ਰੀਲੰਕਾ ਅਤੇ ਇੰਗਲੈਂਡ ਨੇ ਇੱਕ-ਇੱਕ ਵਾਰ ਵਿਸ਼ਵ ਕੱਪ ਜਿੱਤਿਆ ਹੈ।

1983 ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1983 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟਰ

ਵਿਸ਼ਵ ਕੱਪ-2027 ਕਿੱਥੇ ਹੋਵੇਗਾ?

ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਅਗਲਾ ਵਿਸ਼ਵ ਕੱਪ ਅਫ਼ਰੀਕਾ ਵਿੱਚ ਕਰਵਾਇਆ ਜਾਵੇਗਾ।

ਦੱਖਣੀ ਅਫ਼ਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਸਾਂਝੇ ਤੌਰ 'ਤੇ ਇਸ ਦੀ ਮੇਜ਼ਬਾਨੀ ਕਰਨਗੇ। ਸਾਲ 2003 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਸ਼ਵ ਕੱਪ ਦਾ ਆਯੋਜਨ ਅਫ਼ਰੀਕਾ ਵਿੱਚ ਕੀਤਾ ਜਾਵੇਗਾ।