ਪਹਿਲਗਾਮ ਹਮਲਾ: ਆਲ ਪਾਰਟੀ ਬੈਠਕ ਵਿੱਚ ਸਰਕਾਰ ਨੂੰ ਮਿਲਿਆ ਵਿਰੋਧੀ ਧਿਰ ਦਾ ਸਮਰਥਨ, ਕਿਸ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਸਬੰਧੀ ਇੱਕ ਸਰਬ-ਪਾਰਟੀ ਮੀਟਿੰਗ ਕੀਤੀ।
ਮੀਟਿੰਗ ਤੋਂ ਬਾਅਦ, ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ, "ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਦੀ ਮੀਟਿੰਗ ਵਿੱਚ ਪਾਕਿਸਤਾਨ ਬਾਰੇ ਲਏ ਗਏ ਫ਼ੈਸਲੇ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ। ਨਾਲ ਹੀ, ਵਿਰੋਧੀ ਪਾਰਟੀਆਂ ਨੇ ਭਵਿੱਖ ਵਿੱਚ ਅੱਤਵਾਦ ਵਿਰੁੱਧ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਦਾ ਸਮਰਥਨ ਦੇਣ ਲਈ ਕਿਹਾ ਹੈ।"
ਉਨ੍ਹਾਂ ਨੇ ਕਿਹਾ ਹੈ ਕਿ ਬੈਠਕ ਸ਼ੁਰੂ ਹੋਣ ʼਤੇ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਸਨਮਾਨ ਵਿੱਚ ਕੁਝ ਦੇਰ ਦਾ ਮੌਨ ਰੱਖਿਆ ਗਿਆ।

ਤਸਵੀਰ ਸਰੋਤ, ANI
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਸਾਰੀਆਂ ਪਾਰਟੀਆਂ ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਵਿਰੋਧੀ ਧਿਰ ਨੇ ਸਰਕਾਰ ਨੂੰ ਕੋਈ ਵੀ ਕਦਮ ਚੁੱਕਣ ਲਈ ਸਮਰਥਨ ਦਿੱਤਾ ਹੈ।"
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਕਿਹਾ, "ਸਾਡੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਅਸੀਂ ਸਰਕਾਰ ਜੋ ਵੀ ਕਾਰਵਾਈ ਕਰੇਗੀ, ਉਸਦਾ ਸਮਰਥਨ ਕਰਾਂਗੇ।"
ਇਸ ਦੇ ਨਾਲ ਹੀ ਟੀਐੱਮਸੀ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੇ ਵੀ ਕਿਹਾ ਕਿ ਸਰਕਾਰ ਦੇਸ਼ ਦੇ ਹਿੱਤ ਵਿੱਚ ਜੋ ਵੀ ਫ਼ੈਸਲਾ ਲਵੇਗੀ, ਵਿਰੋਧੀ ਧਿਰ ਉਸ ਦੇ ਨਾਲ ਖੜ੍ਹੀ ਹੋਵੇਗੀ।
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ,ਹਾਲਾਂਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਉਠਾਇਆ।
ਇਸ ਸਰਬ ਪਾਰਟੀ ਮੀਟਿੰਗ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦਚੰਦਰ ਪਵਾਰ ਦੀ ਸੁਪ੍ਰੀਆ ਸੂਲੇ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ, ਅਸਦੁਦੀਨ ਓਵੈਸੀ, ਆਮ ਆਦਮੀ ਪਾਰਟੀ (ਆਪ) ਦੇ ਸੰਜੇ ਸਿੰਘ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੁਦੀਪ ਬੰਦੋਪਾਧਿਆਏ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਰਾਮ ਗੋਪਾਲ ਯਾਦਵ ਸਮੇਤ ਕਈ ਨੇਤਾ ਸ਼ਾਮਲ ਹੋਏ।
ਅਸਾਮ: ਪਹਿਲਗਾਮ 'ਤੇ ਬਿਆਨ ਦੇਣ ਲਈ ਏਆਈਯੂਡੀਐੱਫ ਵਿਧਾਇਕ ਅਮੀਨੁਲ ਇਸਲਾਮ ਨੂੰ ਗ੍ਰਿਫ਼ਤਾਰ ਕੀਤਾ

ਤਸਵੀਰ ਸਰੋਤ, @ASSAMPOLICE
ਗੁਹਾਟੀ ਤੋਂ ਬੀਬੀਸੀ ਲਈ ਦਿਲੀਪ ਕੁਮਾਰ ਸ਼ਰਮਾ ਦੀ ਰਿਪੋਰਟ ਮੁਤਾਬਕ, ਅਸਾਮ ਪੁਲਿਸ ਨੇ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏਆਈਯੂਡੀਐੱਫ) ਦੇ ਵਿਧਾਇਕ ਅਮੀਨੁਲ ਇਸਲਾਮ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਕਥਿਤ ਤੌਰ 'ਤੇ ਟਿੱਪਣੀ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਅਸਾਮ ਪੁਲਿਸ ਨੇ ਖ਼ੁਦ ਵਿਧਾਇਕ ਇਸਲਾਮ ਦੀ ਟਿੱਪਣੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨੋਟਿਸ ਲਿਆ ਸੀ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਅਸਾਮ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ, "ਢੀਂਗ ਦੇ ਵਿਧਾਇਕ ਅਮੀਨੁਲ ਇਸਲਾਮ ਵਿਰੁੱਧ ਜਨਤਕ ਤੌਰ 'ਤੇ ਦਿੱਤੇ ਗਏ ਗੁੰਮਰਾਹਕੁੰਨ ਅਤੇ ਭੜਕਾਊ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਪ੍ਰਤੀਕੂਲ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਸੀ।"
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਵਿਧਾਇਕ ਦੀ ਗ੍ਰਿਫ਼ਤਾਰੀ 'ਤੇ ਕਿਹਾ, "ਅਮੀਨੁਲ ਇਸਲਾਮ ਨੂੰ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਅਤੇ ਉਸ ਦੀ ਸ਼ਮੂਲੀਅਤ ਦਾ ਕਥਿਤ ਤੌਰ 'ਤੇ ਬਚਾਅ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।"
ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਅਸੀਂ ਇੱਕ ਵੀਡੀਓ ਦੇਖਿਆ ਹੈ ਜਿਸ ਵਿੱਚ ਵਿਧਾਇਕ ਪਾਕਿਸਤਾਨ ਅਤੇ ਹਮਲੇ ਵਿੱਚ ਉਸ ਦੀ ਸ਼ਮੂਲੀਅਤ ਦਾ ਬਚਾਅ ਕਰ ਰਹੇ ਹਨ। ਮੈਂ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਇਸ ਅਨੁਸਾਰ, ਡੀਜੀਪੀ ਨੇ ਮੈਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
'ਜੇਕਰ ਭਾਰਤ ਪਾਕਿਸਤਾਨ ਉੱਤੇ ਕੋਈ ਕਾਰਵਾਈ ਕਰਦਾ ਹੈ ਤਾਂ ਨਤੀਜੇ ਭੁਗਤਣੇ ਪੈਣਗੇ'
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਹੈ, "ਜੇਕਰ ਭਾਰਤ ਸਾਡੇ ਦੇਸ਼ ਦੀ ਧਰਤੀ 'ਤੇ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਕਿਸੇ ਗ਼ਲਤਫ਼ਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਅਤੇ ਉਸ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।"
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿੱਚ ਹੋਈ ਵੀਰਵਾਰ ਨੂੰ ਇਸਲਾਮਾਬਾਦ ਵਿੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖ਼ਵਾਜਾ ਆਸਿਫ਼ ਨੇ ਕਿਹਾ, "ਅਸੀਂ ਹਰ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ ਪਰ ਸਾਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ।"
ਉਨ੍ਹਾਂ ਕਿਹਾ, "ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਭਾਰਤ ਦੀ ਕਿਸੇ ਵੀ ਹਿੰਮਤ ਦਾ ਢੁਕਵਾਂ ਜਵਾਬ ਦੇਵਾਂਗੇ।"
"ਜੇਕਰ ਭਾਰਤ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਵਿੱਚ ਕੋਈ ਕਾਰਵਾਈ ਕਰਦਾ ਹੈ ਅਤੇ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਇਸਦਾ ਜਵਾਬ ਵੀ ਉਸੇ ਤਰ੍ਹਾਂ ਦਿੱਤਾ ਜਾਵੇਗਾ।"

ਤਸਵੀਰ ਸਰੋਤ, Getty Images
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੇ ਜਵਾਬ ਵਿੱਚ ਹੁਣ ਪਾਕਿਸਤਾਨ ਨੇ ਵੀ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਇਸਲਾਮਾਬਾਦ ਵਿੱਚ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਕਈ ਫ਼ੈਸਲੇ ਲਏ ਗਏ।
ਇਨ੍ਹਾਂ ਵਿੱਚ ਭਾਰਤ ਨਾਲ ਦੁਵੱਲੇ ਸਮਝੌਤਿਆਂ ਨੂੰ ਰੱਦ ਕਰਨਾ, ਹਵਾਈ ਖੇਤਰ ਅਤੇ ਸਰਹੱਦਾਂ ਨੂੰ ਬੰਦ ਕਰਨਾ ਅਤੇ ਵਪਾਰ ਨੂੰ ਬੰਦ ਕਰਨਾ ਸ਼ਾਮਲ ਹੈ।
ਭਾਰਤ ਵਾਂਗ, ਪਾਕਿਸਤਾਨ ਨੇ ਵੀ ਰੱਖਿਆ ਸਲਾਹਕਾਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ ਅਤੇ ਆਪਣੇ ਕੂਟਨੀਤਕ ਸਟਾਫ਼ ਨੂੰ ਸੀਮਤ ਕਰ ਦਿੱਤਾ ਹੈ।
ਇਸ ਮੀਟਿੰਗ ਦੇ ਬਿਆਨ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਸ ਸਮਝੌਤੇ ਤਹਿਤ ਪਾਕਿਸਤਾਨ ਦੇ ਹਿੱਸੇ ਤੋਂ ਪਾਣੀ ਦੇ ਵਹਾਅ ਨੂੰ ਰੋਕਣ ਜਾਂ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਮੰਨਿਆ ਜਾਵੇਗਾ ਅਤੇ ਇਸ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।

ਤਸਵੀਰ ਸਰੋਤ, Getty Images
ਬਿਆਨ ਵਿੱਚ ਕਿਹਾ ਗਿਆ ਹੈ ਕਿ ਕੌਮਾਂਤਰੀ ਸੰਮੇਲਨਾਂ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਅਤੇ ਕੌਮਾਂਤਰੀ ਜ਼ਿੰਮੇਵਾਰੀਆਂ ਦੀ ਜਾਣਬੁਝ ਕੇ ਅਣਦੇਖੀ ਕਰਨ ਵਾਲੇ ਭਾਰਤ ਦੇ ਲਾਪਰਵਾਹ ਅਤੇ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਨੂੰ ਦੇਖਦੇ ਹੋਏ, ਪਾਕਿਸਤਾਨ ਸ਼ਿਮਲਾ ਸਮਝੌਤਾ ਸਮੇਤ ਭਾਰਤ ਨਾਲ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰੇਗਾ, ਜਦੋਂ ਤੱਕ ਭਾਰਤ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਉਤਸ਼ਾਹਿਤ ਕਰਨ, ਵਿਦੇਸ਼ਾਂ ਵਿੱਚ ਕਤਲੇਆਮ ਕਰਨ ਅਤੇ ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਪਾਲਣਾ ਨਾ ਕਰਨ ਦੇ ਆਪਣੇ ਵਿਵਹਾਰ ਨੂੰ ਤੋਂ ਬਾਜ ਨਹੀਂ ਆ ਜਾਂਦਾ।
ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰਕ ਤਹਿਤ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਸਿੱਖ ਧਾਰਮਿਕ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਸਾਰੇ ਵੀਜ਼ਾ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਗਏ ਹਨ।
ਐੱਸਵੀਈਐੱਸ ਦੇ ਤਹਿਤ ਪਾਕਿਸਤਾਨ ਵਿੱਚ ਮੌਜੂਦਾ ਭਾਰਤੀ ਨਾਗਰਿਕਾਂ ਨੂੰ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ 48 ਘੰਟਿਆਂ ਦੇ ਅੰਦਰ-ਅੰਦਰ ਬਾਹਰ ਨਿਕਲਣ ਦਾ ਹੁਕਮ ਦਿੱਤਾ ਗਿਆ ਹੈ।

ਤਸਵੀਰ ਸਰੋਤ, PM HOUSE
ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਭਾਰਤੀ ਰੱਖਿਆ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਪਰਸੋਨਾ ਨਾਨ ਗਰਾਟਾ (ਡਿਪਲੋਮੈਟ ਦਾ ਹੁਣ ਇੱਥੇ ਹੋਰ ਸਵਾਗਤ ਨਹੀਂ ਕੀਤਾ ਜਾਂਦਾ ਅਤੇ ਉਸ ਨੂੰ ਦੇਸ਼ ਛੱਡਣ ਲਈ ਕਿਹਾ ਜਾਂਦਾ ਹੈ।) ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ 30 ਅਪ੍ਰੈਲ 2025 ਤੋਂ ਪਹਿਲਾਂ ਛੇਤੀ ਤੋਂ ਛੇਤੀ ਪਾਕਿਸਤਾਨ ਛੱਡਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਭਾਰਤੀ ਹਾਈ ਕਮਿਸ਼ਨ ਵਿੱਚ ਇਨ੍ਹਾਂ ਅਸਾਮੀਆਂ ਨੂੰ ਰੱਦ ਮੰਨਿਆ ਗਿਆ ਹੈ। ਇਨ੍ਹਾਂ ਸਲਾਹਕਾਰਾਂ ਦੇ ਸਹਾਇਤਾ ਸਟਾਫ਼ ਨੂੰ ਵੀ ਭਾਰਤ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪਾਕਿਸਤਾਨ ਦਾ ਹਵਾਈ ਖੇਤਰ ਸਾਰੀਆਂ ਭਾਰਤੀ ਮਲਕੀਅਤ ਵਾਲੀਆਂ ਜਾਂ ਭਾਰਤੀ ਸੰਚਾਲਿਤ ਏਅਰਲਾਈਨਾਂ ਲਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਰਾਹੀਂ ਕਿਸੇ ਵੀ ਤੀਜੇ ਦੇਸ਼ ਨਾਲ ਜਾਂ ਤੀਜੇ ਦੇਸ਼ ਵੱਲੋਂ ਭਾਰਤ ਨਾਲ ਸਾਰਾ ਵਪਾਰ ਤੁਰੰਤ ਬੰਦ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images
ਅਟਾਰੀ ਸਣੇ ਦੋ ਹੋਰਨਾਂ ਸਰਹੱਦਾਂ ਉੱਤੇ ਰਿਟਰੀਟ ਸੈਰੇਮਨੀ ਵਿੱਚ ਬਦਲਾਅ ਦਾ ਐਲਾਨ

ਤਸਵੀਰ ਸਰੋਤ, BSF PUNJAB FRONTIER/X
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬੀਐੱਸਐੱਫ ਪੰਜਾਬ ਫਰੰਟੀਅਰ ਨੇ ਟਵੀਟ ਕਰਕੇ ਪੰਜਾਬ ਨਾਲ ਲੱਗਦੀਆਂ ਪਾਕਿਸਤਾਨ ਦੀਆਂ ਸਰਹੱਦਾਂ ʼਤੇ ਰਿਟਰੀਟ ਸਮਾਗ਼ਮ ਦੌਰਾਨ ਕੁਝ ਪ੍ਰਦਰਸ਼ਨਾਂ ਨੂੰ ਘੱਟ ਕਰਨ ਦਾ ਫ਼ੈਸਲਾ ਲਿਆ ਹੈ।
ਟਵੀਟ ਵਿੱਚ ਉਨ੍ਹਾਂ ਨੇ ਕਿਹਾ ਹੈ, "ਪਹਿਲਗਾਮ ਵਿੱਚ ਹੋਏ ਹਾਲ ਹੀ ਦੇ ਦੁਖਦਾਈ ਹਮਲੇ ਦੇ ਮੱਦੇਨਜ਼ਰ, ਪੰਜਾਬ ਦੇ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਵਿਖੇ ਰਿਟਰੀਟ ਸੈਰੇਮਨੀ ਦੌਰਾਨ ਰਸਮੀ ਪ੍ਰਦਰਸ਼ਨ ਨੂੰ ਘੱਟ ਕਰਨ ਦਾ ਫ਼ੈਸਲਾ ਲਿਆ ਜਾਂਦਾ ਹੈ।''
ਇਨ੍ਹਾਂ ਵਿੱਚ ਮੁੱਖ ਬਦਲਾਅ ਵਿੱਚ ਸ਼ਾਮਲ ਹਨ-
ਭਾਰਤੀ ਗਾਰਡ ਕਮਾਂਡਰ ਦੇ ਹਮਰੁਤਬਾ ਗਾਰਡ ਕਮਾਂਡਰ ਨਾਲ ਸੰਕੇਤਕ ਹੱਥ ਮਿਲਾਉਣ ਦੀ ਰਸਮ ਨੂੰ ਮੁਅੱਤਲ ਕੀਤਾ ਗਿਆ ਹੈ
ਸਮਾਗਮ ਦੌਰਾਨ ਦੋਵੇਂ ਗੇਟ ਬੰਦ ਰਹਿਣਗੇ
'ਸਾਡੀ ਮਰਜ਼ੀ ਚੱਲਦੀ ਤਾਂ ਅਜਿਹਾ ਕਦੇ ਨਾ ਹੁੰਦਾ'

ਤਸਵੀਰ ਸਰੋਤ, Getty Images
ਪਹਿਲਗਾਮ ਹਮਲੇ 'ਤੇ ਉਮਰ ਅਬਦੁੱਲ੍ਹਾ ਨੇ ਕਿਹਾ- 'ਸਾਡੀ ਮਰਜ਼ੀ ਚੱਲਦੀ ਤਾਂ ਜੰਮੂ-ਕਸ਼ਮੀਰ ਵਿੱਚ ਅਜਿਹਾ ਕਦੇ ਨਾ ਹੁੰਦਾ'
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ, "ਸਾਨੂੰ ਇਸ ਵਿੱਚੋਂ ਬਾਹਰ ਨਿਕਲਣਾ ਪਵੇਗਾ।"
ਉਮਰ ਅਬਦੁੱਲ੍ਹਾ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, "ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਸ ਹਮਲੇ ਤੋਂ ਬਾਅਦ, ਉਨ੍ਹਾਂ ਨੇ ਬਾਹਰ ਆ ਕੇ ਇਸ ਹਮਲੇ ਦੀ ਨਿੰਦਾ ਕੀਤੀ।"
ਉਨ੍ਹਾਂ ਕਿਹਾ, "ਲੋਕ ਬਾਹਰ ਆ ਕੇ ਇੱਕ ਸੁਰ ਵਿੱਚ ਬੋਲੇ ਅਤੇ ਕਿਹਾ ਕਿ ਅਸੀਂ ਇਸ ਵਿੱਚ ਸ਼ਾਮਲ ਨਹੀਂ ਹਾਂ। ਮੇਰੀ ਦੇਸ਼ ਦੇ ਬਾਕੀ ਲੋਕਾਂ ਨੂੰ ਬੇਨਤੀ ਹੈ ਕਿ ਕ੍ਰਿਪਾ ਕਰਕੇ ਕਸ਼ਮੀਰੀਆਂ ਨੂੰ ਦੁਸ਼ਮਣ ਨਾ ਸਮਝੋ।"
ਉਮਰ ਅਬਦੁੱਲ੍ਹਾ ਨੇ ਕਿਹਾ, "ਜੰਮੂ-ਕਸ਼ਮੀਰ ਦੇ ਅਮਨ-ਸ਼ਾਂਤੀ ਦੇ ਦੁਸ਼ਮਣ ਨਹੀਂ ਹਨ। ਸਾਡੇ ਨਾਲ ਜੋ ਹੋਇਆ ਉਹ ਸਾਡੀ ਸਹਿਮਤੀ ਨਾਲ ਨਹੀਂ ਹੋਇਆ ਅਤੇ ਜੇਕਰ ਸਾਡੀ ਮਰਜ਼ੀ ਚੱਲਦੀ ਤਾਂ ਇਹ ਜੰਮੂ-ਕਸ਼ਮੀਰ ਵਿੱਚ ਕਦੇ ਅਜਿਹਾ ਨਹੀਂ ਹੁੰਦਾ। ਸਾਨੂੰ ਇਸ ਤੋਂ ਬਾਹਰ ਨਿਕਲਣਾ ਪਵੇਗਾ।"
ਪੁਲਿਸ ਨੇ ਜਾਰੀ ਕੀਤੇ ਸ਼ੱਕੀਆਂ ਦੇ ਸਕੈਚ

ਤਸਵੀਰ ਸਰੋਤ, JAMMU AND KASHMIR POLICE
ਪੁਲਿਸ ਸਰੋਤਾਂ ਮੁਤਾਬਕ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ 1500 ਸਥਾਨਕ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਦੀ ਰਿਪੋਰਟ ਮੁਤਾਬਕ, ਪੁਲਿਸ ਦੇ ਮੋਹਰੀ ਸਰੋਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਪੂਰੇ ਕਸ਼ਮੀਰ ਵਿੱਚੋਂ 1500 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਹਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਰੋਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਮਲੇ ਵਿੱਚ ਚਾਰ ਸ਼ੱਕੀ ਸ਼ਾਮਲ ਸਨ, ਜਿਨ੍ਹਾਂ ਵਿੱਚ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਵੀ ਹਨ।
ਪੁਲਿਸ ਨੇ ਕਿਸੇ ਵੀ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਲਈ 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ।
ਅਨੰਤਨਾਗ ਜ਼ਿਲ੍ਹੇ ਵਿੱਚ ਪੁਲਿਸ ਨੇ ਪਹਿਲਗਾਮ ਹਮਲੇ ਦੇ ਪਿੱਛੇ ਚਾਰ ਸ਼ੱਕੀ ਬੰਦੂਕਧਾਰੀਆਂ ਵਿੱਚੋਂ ਤਿੰਨ ਦੇ ਨਾਮ ਦੱਸਦੇ ਹੋਏ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਵਿੱਚ ਕਿਹਾ ਹੈ ਕਿ ਤਿੰਨਾਂ ਵਿੱਚੋਂ ਦੋ ਪਾਕਿਸਤਾਨੀ ਨਾਗਰਿਕ ਹਨ ਜਦਕਿ ਤੀਜਾ ਅਨੰਤਨਾਗ ਦਾ ਸਥਾਨਕ ਵਾਸੀ ਹੈ।
ਹਾਲਾਂਕਿ, ਚੌਥੇ ਸ਼ੱਕੀ ਬਾਰੇ ਅਜੇ ਤੱਕ ਕੋਈ ਨਹੀਂ ਜਾਣਕਾਰੀ ਨਹੀਂ ਹੈ।
ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਹੀ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਲਸ਼ਕਰ-ਏ-ਤੱਯਬਾ (ਐਲਈਟੀ) ਦੇ ਮੈਂਬਰ ਹਨ।
ਅਜੇ ਤੱਕ ਕਿਸੇ ਵੀ ਵਿਅਕਤੀ ਨੇ ਇਲਜ਼ਾਮਾਂ ʼਤੇ ਟਿੱਪਣੀ ਨਹੀਂ ਕੀਤੀ ਹੈ। ਉੱਧਰ ਪਾਕਿਸਤਾਨ ਨੇ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਨਾਗਰਿਕ ਜਾ ਰਹੇ ਹਨ ਵਾਪਸ
ਭਾਰਤ ਘੁੰਮਣ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੀਆਂ ਤੈਅ ਯੋਜਨਾਵਾਂ ਨੂੰ ਰੱਦ ਕਰਕੇ ਵਾਪਸ ਪਰਤਨਾ ਪੈ ਰਿਹਾ ਹੈ।
ਕਰਾਚੀ ਦੇ ਵਸਨੀਕ ਸ਼ੇਖ ਫ਼ਜ਼ਲ ਅਹਿਮਦ ਕੋਲ 45 ਦਿਨਾਂ ਦਾ ਵੀਜ਼ਾ ਸੀ ਅਤੇ ਉਹ ਕਰੀਬ ਦੋ ਹਫ਼ਤੇ ਪਹਿਲਾਂ ਹੀ ਦਿੱਲੀ ਪਹੁੰਚੇ ਸਨ।
ਵੀਰਵਾਰ ਤੜਕੇ ਅਹਿਮਦ ਆਪਣੇ ਪਰਿਵਾਰ ਨਾਲ ਅਟਾਰੀ ਬਾਰਡਰ ਪਾਰ ਕਰ ਪਾਕਿਸਤਾਨ ਪਰਤ ਗਏ ਹਨ।
ਭਾਰਤ ਸਰਕਾਰ ਵੱਲੋਂ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਪੋਸਟ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਕਰਕੇ ਪਾਕਿਸਤਾਨੀ ਯਾਤਰੀ ਹੁਣ ਵਾਪਸ ਪਰਤ ਰਹੇ ਹਨ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਅਟਾਰੀ ਬਾਰਡਰ ਉੱਤੇ ਕਈ ਯਾਤਰੀਆਂ ਨਾਲ ਗੱਲ ਕੀਤੀ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਾਲੇ ਭਾਰਤ ਵਿੱਚ ਰੁਕਣਾ ਸੀ ਪਰ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੀਆਂ ਯੋਜਨਾਵਾਂ ਬਦਲੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ।


- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਥਿਆਰਬੰਦ ਲੋਕਾਂ ਨੇ ਸੈਲਾਨੀਆਂ 'ਤੇ ਹਮਲਾ ਕੀਤਾ।
- ਇਸ ਹਮਲੇ ਦੌਰਾਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਹਨ।
- ਪ੍ਰਧਾਨ ਮੰਤਰੀ ਮੋਦੀ ਦੇ ਹਮਲੇ ਦੀ ਕਰੜੀ ਨਿੰਦਾ ਕੀਤੀ ਤੇ ਕਿਹਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ 'ਤੇ ਕਈ ਪਾਬੰਦੀਆਂ ਲਗਾਈਆਂ ਹਨ।
- ਭਾਰਤ ਨੇ ਸਿੰਧੂ ਜਲ ਸਮਝੌਤਾ ਰੋਕਣ ਅਤੇ ਅਟਾਰੀ ਪੋਸਟ ਬੰਦ ਕਰਨ ਦਾ ਐਲਾਨ ਕੀਤਾ ਹੈ।
- ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ।
- ਪਾਕਿਸਤਾਨ ਨੂੰ ਭਾਰਤ 'ਚ ਕੰਮ ਕਰ ਰਹੇ ਆਪਣੇ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਹੈ।
- ਪਾਕਿਸਤਾਨ ਨੇ ਭਾਰਤ ਦੀਆਂ ਪਾਬੰਦੀਆਂ ਦਾ ਜਵਾਬ ਦੇਣ ਦੀ ਗੱਲ ਕਹੀ ਹੈ।
- ਪਾਕਿਸਤਾਨ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਮਾਮਲੇ 'ਚ ਭਾਰਤ ਇੱਕ ਪਾਸੜ ਫੈਸਲਾ ਨਹੀਂ ਲੈ ਸਕਦਾ।

ਵਾਪਸ ਜਾ ਰਹੇ ਯਾਤਰੀਆਂ ਨੇ ਕੀ ਦੱਸਿਆ

ਮੁਸਤਫ਼ਾ ਮਨਸੂਰ ਆਪਣੇ 6 ਸਾਥੀਆਂ ਨਾਲ ਭਾਰਤ ਆਏ ਸਨ। ਉਨ੍ਹਾਂ ਕੋਲ 90 ਦਿਨਾਂ ਦਾ ਵੀਜ਼ਾ ਸੀ ਪਰ ਉਹ ਮਹਿਜ਼ ਇੱਕ ਹਫ਼ਤੇ ਬਾਅਦ ਹੀ ਪਾਕਿਸਤਾਨ ਵਾਪਸ ਜਾ ਰਹੇ ਹਨ।
ਮੁਸਤਫ਼ਾ ਨੇ ਕਿਹਾ, "ਜੋ ਵੀ ਹੋਇਆ ਗ਼ਲਤ ਹੋਇਆ। ਸਾਨੂੰ ਅਫ਼ਸੋਸ ਹੈ ਕਿ ਇਨ੍ਹਾਂ ਹਾਲਾਤਾਂ ਕਾਰਨ ਵਾਪਸ ਜਾਣਾ ਪੈ ਰਿਹਾ ਹੈ।"
ਸ਼ੇਖ਼ ਫ਼ਜ਼ਲ ਅਹਿਮਦ ਕਰਾਚੀ ਦੇ ਰਹਿਣ ਵਾਲੇ ਹਨ। ਉਹ ਆਪਣੇ ਪਰਿਵਾਰ ਨਾਲ ਕਰੀਬ ਦੋ ਹਫ਼ਤੇ ਪਹਿਲਾਂ ਭਾਰਤ ਆਏ ਸਨ।
ਹੁਣ ਉਹ ਵਾਹਗਾ-ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾ ਰਹੇ ਹਨ। ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ 45 ਦਿਨ ਭਾਰਤ ਵਿੱਚ ਰਹਿਣਾ ਸੀ। ਪਰ ਪੰਦਰਾਂ ਦਿਨਾਂ ਬਾਅਦ ਹੀ ਵਾਪਸ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ, "ਮੈਨੂੰ ਦੁੱਖ ਹੈ ਕਿ ਸਾਨੂੰ ਆਪਣਾ ਪਲਾਨ ਬਦਲਣਾ ਪਿਆ।"
'ਅੱਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ' - ਪੀਐਮ ਮੋਦੀ

ਤਸਵੀਰ ਸਰੋਤ, BJP/X
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਬਿਹਾਰ ਦੇ ਮਧੂਬਨੀ ਵਿੱਚ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਹਮਲੇ ਬਾਰੇ ਕਿਹਾ ਕਿ 'ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।'
ਮਧੂਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਪ੍ਰੋਗਰਾਮ ਵਿੱਚ ਆਪਣੇ ਭਾਸ਼ਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਦੋ ਮਿੰਟ ਦਾ ਮੌਨ ਰੱਖ ਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।
ਫਿਰ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਕਿਹਾ, "ਅੱਜ ਬਿਹਾਰ ਦੀ ਧਰਤੀ ਤੋਂ, ਮੈਂ ਪੂਰੀ ਦੁਨੀਆਂ ਨੂੰ ਇਹ ਸੰਦੇਸ਼ ਦਿੰਦਾ ਹਾਂ ਕਿ ਭਾਰਤ ਹਰ ਅੱਤਵਾਦੀ ਦੀ ਪਛਾਣ ਕਰ ਕੇ, ਉਨ੍ਹਾਂ ਨੂੰ ਲੱਭ ਕੇ ਸਜ਼ਾ ਦੇਵੇਗਾ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ। ਅਸੀਂ ਉਨ੍ਹਾਂ ਨੂੰ ਧਰਤੀ ਦੇ ਆਖਰੀ ਕੋਨੇ ਤੱਕ ਵੀ ਨਹੀਂ ਛੱਡਾਂਗੇ। ਅੱਤਵਾਦ ਕਦੇ ਵੀ ਭਾਰਤ ਦੀ ਆਤਮਾ ਨੂੰ ਨਹੀਂ ਤੋੜ ਸਕਦਾ।"
"ਅੱਤਵਾਦ ਨੂੰ ਬਿਨਾਂ ਸਜ਼ਾ ਦਿੱਤੇ ਨਹੀਂ ਛੱਡਿਆ ਜਾਵੇਗਾ। ਇਨਸਾਫ਼ ਲਈ ਜੋ ਕੁਝ ਵੀ ਯਤਨ ਕਰਨ ਦੀ ਲੋੜ ਹੈ, ਉਹ ਕੀਤੇ ਜਾਣਗੇ। ਪੂਰਾ ਦੇਸ਼ ਇਸ ਸੰਕਲਪ ਵਿੱਚ ਇੱਕਜੁੱਟ ਹੈ। ਮਨੁੱਖਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਹਰ ਵਿਅਕਤੀ ਸਾਡੇ ਨਾਲ ਹੈ। ਮੈਂ ਵੱਖ-ਵੱਖ ਦੇਸ਼ਾਂ ਅਤੇ ਉਨ੍ਹਾਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜੋ ਸਾਡੇ ਨਾਲ ਖੜ੍ਹੇ ਹਨ।"

ਉਨ੍ਹਾਂ ਕਿਹਾ, "ਦਹਿਸ਼ਤ ਫੈਲਾਉਣ ਵਾਲਿਆਂ ਨੇ ਜਿਸ ਬੇਰਹਿਮੀ ਨਾਲ ਮਾਸੂਮ ਦੇਸ਼ ਵਾਸੀਆਂ ਨੂੰ ਮਾਰਿਆ ਹੈ, ਉਸ ਕਰਕੇ ਪੂਰਾ ਦੇਸ਼ ਪਰੇਸ਼ਾਨ ਹੈ। ਇਸ ਦਹਿਸ਼ਤਗਰਦ ਹਮਲੇ ਵਿੱਚ, ਕਿਸੇ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ, ਕਿਸੇ ਨੇ ਆਪਣਾ ਭਰਾ ਗੁਆ ਦਿੱਤਾ ਹੈ ਅਤੇ ਕਿਸੇ ਨੇ ਆਪਣਾ ਜੀਵਨ ਸਾਥੀ ਗੁਆ ਦਿੱਤਾ ਹੈ। ਪੂਰਾ ਦੇਸ਼ ਪੀੜਤਾਂ ਦੇ ਨਾਲ ਖੜ੍ਹਾ ਹੈ।"
"ਇਹ ਹਮਲਾ ਸਿਰਫ਼ ਨਿਹੱਥੇ ਸੈਲਾਨੀਆਂ 'ਤੇ ਹੀ ਨਹੀਂ ਹੋਇਆ ਹੈ, ਦੇਸ਼ ਦੇ ਦੁਸ਼ਮਣਾਂ ਨੇ ਭਾਰਤ ਦੀ ਆਤਮਾ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਮੈਂ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਅੱਤਵਾਦੀਆਂ ਨੇ ਇਹ ਹਮਲਾ ਕੀਤਾ ਹੈ ਅਤੇ ਜਿਨ੍ਹਾਂ ਨੇ ਇਸ ਹਮਲੇ ਦੀ ਸਾਜ਼ਿਸ਼ ਰਚੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।"
"ਹੁਣ ਅੱਤਵਾਦੀਆਂ ਦੀ ਬਚੀ ਜ਼ਮੀਨ ਨੂੰ ਵੀ ਮਿੱਟੀ 'ਚ ਮਿਲਾਉਣ ਦਾ ਸਮਾਂ ਆ ਗਿਆ ਹੈ। 140 ਕਰੋੜ ਭਾਰਤੀਆਂ ਦੀ ਇੱਛਾ ਸ਼ਕਤੀ ਹੁਣ ਆਤੰਕੀ ਆਕਾਵਾਂ ਦੀ ਕਮਰ ਤੋੜ ਕੇ ਰਹੇਗੀ।"
ਭਾਰਤ ਨੇ ਪਾਕਿਸਤਾਨ 'ਤੇ ਲਗਾਈਆਂ ਪਾਬੰਦੀਆਂ

ਤਸਵੀਰ ਸਰੋਤ, ANI
ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ, ਬੀਤੀ ਰਾਤ ਪਾਕਿਸਤਾਨ ਖ਼ਿਲਾਫ਼ ਵੱਡੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਸਿੰਧੂ ਜਲ ਸਮਝੌਤੇ ਨੂੰ ਰੋਕਿਆ ਗਿਆ ਹੈ।
ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਜੋ ਸਾਰਕ ਤਹਿਤ ਵੀਜ਼ਾ ਦੀ ਸਹੂਲਤ ਦਿੱਤੀ ਗਈ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ।
ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ

ਪਾਕਿਸਤਾਨ ਨੂੰ ਭਾਰਤ ਵਿੱਚ ਕੰਮ ਕਰ ਰਹੇ ਆਪਣੇ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਵੀ ਕਿਹਾ ਗਿਆ ਹੈ। ਦੂਤਾਵਾਸ ਵਿੱਚ ਮੁਲਾਜ਼ਮਾਂ ਦੀ ਗਿਣਤੀ 55 ਤੋਂ 30 ਕੀਤੀ ਗਈ।
ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਰੱਖਿਆ/ਫੌਜੀ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇੱਕ ਹਫਤੇ ਵਿੱਚ ਭਾਰਤ ਛੱਡਣ ਪਵੇਗਾ।
ਭਾਰਤ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ/ਜਲ ਸੈਨਾ/ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾ ਲਵੇਗਾ। ਸਬੰਧਤ ਹਾਈ ਕਮਿਸ਼ਨਾਂ ਵਿੱਚ ਇਨ੍ਹਾਂ ਅਹੁਦਿਆਂ ਨੂੰ ਰੱਦ ਮੰਨਿਆ ਜਾਂਦਾ ਹੈ।
ਦੋਵਾਂ ਹਾਈ ਕਮਿਸ਼ਨਾਂ ਤੋਂ ਸੇਵਾ ਸਲਾਹਕਾਰਾਂ ਦੇ ਪੰਜ ਸਹਾਇਕ ਸਟਾਫ਼ ਨੂੰ ਵੀ ਵਾਪਸ ਲੈ ਲਿਆ ਜਾਵੇਗਾ।
ਵਿਕਰਮ ਮਿਸਰੀ ਨੇ ਕਿਹਾ ਕਿ ਸਾਰੇ ਫੌਜੀ ਬਲਾਂ ਨੂੰ ਅਲਰਟ ਉੱਤੇ ਰਹਿਣ ਲਈ ਕਿਹਾ ਹੈ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 26 ਹੈ।
ਪਾਕਿਸਤਾਨ ਦੀ ਪ੍ਰਤੀਕਿਰਿਆ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਭਾਰਤ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਬੀਬੀਸੀ ਉਰਦੂ ਦੇ ਅਨੁਸਾਰ, ਇਸਹਾਕ ਡਾਰ ਨੇ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ 'ਤੇ ਕਿਹਾ ਕਿ 'ਭਾਰਤ ਵੱਲੋਂ ਕੀਤੇ ਗਏ ਐਲਾਨ ਬਚਕਾਨਾ ਹਨ ਅਤੇ ਗੰਭੀਰਤਾ ਦੀ ਘਾਟ ਨੂੰ ਦਰਸਾਉਂਦੇ ਹਨ।'
ਉਨ੍ਹਾਂ ਕਿਹਾ "ਭਾਰਤ ਹਰ ਘਟਨਾ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਪਹਿਲਾਂ ਵਾਂਗ, ਇਸ ਵਾਰ ਵੀ ਬਲੇਮ ਗੇਮ ਪਾਕਿਸਤਾਨ ਵੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।"
ਉਨ੍ਹਾਂ ਕਿਹਾ ਹੈ, "ਅਸੀਂ ਮੀਟਿੰਗ ਵਿੱਚ ਭਾਰਤ ਨੂੰ ਢੁਕਵਾਂ ਜਵਾਬ ਦੇਵਾਂਗੇ, ਅਤੇ ਇਹ ਜਵਾਬ ਘੱਟ ਨਹੀਂ ਹੋਵੇਗਾ।"
ਸਿੰਧੂ ਜਲ ਸਮਝੌਤੇ ਬਾਰੇ, ਇਸਹਾਕ ਡਾਰ ਨੇ ਕਿਹਾ ਕਿ ਸਾਨੂੰ ਇਸ 'ਤੇ ਭਾਰਤ ਨਾਲ ਲੰਬੇ ਸਮੇਂ ਤੋਂ ਸਮੱਸਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਪਹਿਲਗਾਮ ਹਮਲੇ ਉੱਤੇ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਦਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ, ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਭਾਰਤੀ ਹਮਲੇ ਦਾ ਢੁਕਵਾਂ ਜਵਾਬ ਦੇਣ ਦੀ 100 ਫੀਸਦੀ ਸਥਿਤੀ ਵਿੱਚ ਹੈ।
ਉਨ੍ਹਾਂ ਕਿਹਾ ਕਿ ਭਾਰਤ ਹਵਾਈ ਖੇਤਰ ਦੀ ਉਲੰਘਣਾ ਲਈ ਅਭਿਨੰਦਨ ਦੇ ਰੂਪ ਵਿੱਚ ਦਿੱਤੇ ਗਏ ਜਵਾਬ ਨੂੰ ਯਾਦ ਰੱਖੇਗਾ।
ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਅਨੁਸਾਰ, "ਬਲੋਚਿਸਤਾਨ ਵਿੱਚ ਭਾਰਤ ਦੀ ਸਰਪ੍ਰਸਤੀ ਹੇਠ ਅੱਤਵਾਦ ਪਣਪ ਰਿਹਾ ਹੈ। ਜਾਫ਼ਰ ਐਕਸਪ੍ਰੈਸ ਦੀ ਘਟਨਾ ਵਿੱਚ ਕੀ ਹੋਇਆ, ਹਰ ਕੋਈ ਜਾਣਦਾ ਹੈ। ਭਾਰਤ ਨੇ ਵੱਖਵਾਦੀਆਂ ਨੂੰ ਪਨਾਹ ਦਿੱਤੀ ਹੈ। ਬਲੋਚਿਸਤਾਨ ਦੇ ਵੱਖਵਾਦੀ ਇਲਾਜ ਲਈ ਭਾਰਤ ਜਾਂਦੇ ਹਨ। ਇਸ ਦੇ ਕਈ ਸਬੂਤ ਹਨ।"
ਖ਼ਵਾਜਾ ਆਸਿਫ਼ ਨੇ ਕਿਹਾ ਕਿ ਭਾਰਤ ਨੂੰ ਪਹਿਲਗਾਮ ਦੀ ਘਟਨਾ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਇਹ ਵੀ ਸੰਭਵ ਹੈ ਕਿ ਪਹਿਲਗਾਮ ਹਮਲਾ ਭਾਰਤ ਵੱਲੋਂ ਹੀ ਕੀਤਾ ਗਿਆ ਇੱਕ 'ਝੂਠਾ ਅਭਿਆਨ' ਹੋਵੇ।''
ਉਨ੍ਹਾਂ ਕਿਹਾ, "ਭਾਰਤ ਤੋਂ ਪੁੱਛਣਾ ਚਾਹੀਦਾ ਹੈ ਕਿ ਜੇਕਰ ਕਸ਼ਮੀਰ ਵਿੱਚ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ, ਤਾਂ ਦਹਾਕਿਆਂ ਤੋਂ ਉੱਥੇ ਮੌਜੂਦ ਸੱਤ ਲੱਖ ਸੈਨਿਕ ਕੀ ਕਰ ਰਹੇ ਹਨ?"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












