You’re viewing a text-only version of this website that uses less data. View the main version of the website including all images and videos.
'ਲਗਭਗ 125 ਵਿਦਿਆਰਥਣਾਂ ਦੀਆਂ ਵਰਦੀਆਂ ਲੁਆ ਕੇ ਤਲਾਸ਼ੀ ਲਈ ਗਈ', ਮਾਪੇ ਬੋਲੇ - ਡਰੀਆਂ ਕੁੜੀਆਂ ਸਕੂਲ ਜਾਣ ਤੋਂ ਕਰ ਰਹੀਆਂ ਇਨਕਾਰ
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਸਹਿਯੋਗੀ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ ਤਾਲੁਕਾ ਦੇ ਇੱਕ ਮਸ਼ਹੂਰ ਸਕੂਲ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਦਿਆਰਥਣਾਂ ਦੀਆਂ ਵਰਦੀਆਂ ਉਤਾਰ ਕੇ ਤਲਾਸ਼ੀ ਲਈ ਗਈ।
ਮਾਪਿਆਂ ਨੇ ਇਸ ਸਬੰਧੀ ਸਮੂਹ ਸਿੱਖਿਆ ਅਧਿਕਾਰੀ ਅਤੇ ਪੁਲਿਸ ਨਾਲ ਸੰਪਰਕ ਕੀਤਾ ਹੈ।
ਸਕੂਲ ਦੇ ਟਾਇਲਟ ਵਿੱਚ ਖੂਨ ਮਿਲਣ ਤੋਂ ਬਾਅਦ, ਲਗਭਗ 150 ਵਿਦਿਆਰਥਣਾਂ ਦੀਆਂ ਵਰਦੀਆਂ ਉਤਾਰ ਕੇ ਜਾਂਚ ਕੀਤੀ ਗਈ।
ਵਿਦਿਆਰਥਣਾਂ ਦੇ ਘਰ ਆਉਣ ਅਤੇ ਘਟਨਾ ਦੀ ਰਿਪੋਰਟ ਕਰਨ ਤੋਂ ਬਾਅਦ, ਗੁੱਸੇ ਵਿੱਚ ਆਏ ਮਾਪੇ ਸਕੂਲ ਅਤੇ ਪੁਲਿਸ ਸਟੇਸ਼ਨ ਪਹੁੰਚੇ।
ਇਸ ਮਗਰੋਂ ਪੁਲਿਸ ਨੇ 8 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਪ੍ਰਿੰਸੀਪਲ ਅਤੇ ਇੱਕ ਮਹਿਲਾ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਸ ਘਟਨਾ ਬਾਰੇ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਦਾ ਅਧਿਕਾਰਤ ਪੱਖ ਕੀ ਹੈ। ਪਰ ਗੱਲਬਾਤ ਨਹੀਂ ਹੋ ਸਕੀ।
ਇਸ ਸਕੂਲ ਵਿੱਚ ਨਰਸਰੀ ਤੋਂ ਲੈ ਕੇ 10ਵੀਂ ਜਮਾਤ ਤੱਕ ਲਗਭਗ 600 ਵਿਦਿਆਰਥਣਾਂ ਪੜ੍ਹਦੀਆਂ ਹਨ।
ਅਸਲ ਵਿੱਚ ਮਾਮਲਾ ਕੀ ਹੈ?
ਇਹ ਮਾਮਲਾ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ ਤਾਲੁਕਾ ਵਿੱਚ ਇੱਕ ਅੰਗਰੇਜ਼ੀ ਮੀਡੀਅਮ ਸਕੂਲ ਦਾ ਹੈ। ਇਹ ਘਟਨਾ ਇਸ ਸਕੂਲ ਵਿੱਚ 8 ਜੁਲਾਈ ਨੂੰ ਵਾਪਰੀ ਸੀ।
ਪੁਲਿਸ ਦੇ ਅਨੁਸਾਰ, 8 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਪ੍ਰਿੰਸੀਪਲ ਨੇ ਸਕੂਲ ਦੀਆਂ ਲਗਭਗ 125 ਕੁੜੀਆਂ ਨੂੰ ਸਕੂਲ ਹਾਲ ਵਿੱਚ ਇਕੱਠੇ ਬੁਲਾਇਆ।
ਫਿਰ, ਸਕੂਲ ਦੇ ਬਾਥਰੂਮ ਦੀਆਂ ਕੰਧਾਂ ਅਤੇ ਫਰਸ਼ 'ਤੇ ਖੂਨ ਦੇ ਧੱਬਿਆਂ ਦੀਆਂ ਫੋਟੋਆਂ ਇੱਕ ਪ੍ਰੋਜੈਕਟਰ 'ਤੇ ਦਿਖਾਈਆਂ ਗਈਆਂ ਅਤੇ ਵਿਦਿਆਰਥਣਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਮਾਹਵਾਰੀ ਆਈ ਹੈ ਜਾਂ ਨਹੀਂ। ਉਹ ਖੂਨ ਕਿਸ ਦਾ ਸੀ?
ਫਿਰ, ਕੁਝ ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਕੁੜੀਆਂ ਦੇ ਹੱਥਾਂ ਦੇ ਨਿਸ਼ਾਨ ਲੈਣ ਜਿਨ੍ਹਾਂ ਨੂੰ ਮਾਹਵਾਰੀ ਆਈ ਹੋਈ ਹੈ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਹਿਲਾ ਕਰਮਚਾਰੀਆਂ ਨੂੰ ਕਿਹਾ ਗਿਆ ਜੋ ਕੁੜੀਆਂ ਮਾਹਵਾਰੀ ਨਾ ਆਉਣ ਦੀ ਗੱਲ ਕਹਿ ਰਹੀਆਂ ਹਨ, ਉਨ੍ਹਾਂ ਨੂੰ ਬਾਥਰੂਮ ਵਿੱਚ ਲੈ ਜਾਣ ਅਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ।
ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਵਿਦਿਆਰਥਣਾਂ ਸਦਮੇ ਵਿੱਚ ਹਨ। ਪੂਰੇ ਘਟਨਾਕ੍ਰਮ ਮਗਰੋਂ ਕੁਝ ਕੁੜੀਆਂ ਘਰ ਆਈਆਂ ਅਤੇ ਆਪਣੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਕੁਝ ਵਿਦਿਆਰਥਣਾਂ ਇਸ ਘਟਨਾ ਤੋਂ ਬਾਅਦ ਗੱਲ ਤੱਕ ਨਹੀਂ ਕਰਨਾ ਚਾਹੁੰਦੀਆਂ ਸਨ।
ਕੁਝ ਮਾਪਿਆਂ ਨੇ ਕਿਹਾ ਕਿ ਕੁਝ ਕੁੜੀਆਂ ਨੇ ਤਾਂ ਅਗਲੇ ਦਿਨ ਸਕੂਲ ਜਾਣ ਤੋਂ ਹੀ ਇਨਕਾਰ ਕਰ ਦਿੱਤਾ। ਜਦਕਿ ਕੁਝ ਹੋਰ ਵਿਦਿਆਰਥੀਆਂ ਦੇ ਮਾਪਿਆਂ ਨੇ ਇੱਕ-ਦੂਜੇ ਨਾਲ ਸੰਪਰਕ ਕੀਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ।
ਸਕੂਲ ਇਸ ਸਮੇਂ ਬੰਦ ਹੈ, ਸਕੂਲ ਪ੍ਰਸ਼ਾਸਨ ਨਾਲ ਸੰਪਰਕ ਨਹੀਂ ਹੋ ਸਕਿਆ
ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਘਟਨਾ ਬਾਰੇ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਦਾ ਅਧਿਕਾਰਤ ਪੱਖ ਕੀ ਹੈ।
ਜਦੋਂ ਬੀਬੀਸੀ ਨੇ ਸਕੂਲ ਦੇ ਟੈਲੀਫੋਨ ਨੰਬਰ 'ਤੇ ਸੰਪਰਕ ਕੀਤਾ, ਤਾਂ ਦੱਸਿਆ ਗਿਆ ਕਿ ਪ੍ਰਿੰਸੀਪਲ ਅਤੇ ਹੋਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਹੋਰ ਕੋਈ ਵੇਰਵਾ ਨਹੀਂ ਦਿੱਤਾ ਗਿਆ।
ਫ਼ੋਨ ਕਾਲ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਸਕੂਲ ਇਸ ਸਮੇਂ ਬੰਦ ਹੈ। ਹੋਰ ਜਾਣਕਾਰੀ ਅਤੇ ਭੂਮਿਕਾਵਾਂ ਸਾਹਮਣੇ ਆਉਣ 'ਤੇ ਇਸ ਨੂੰ ਅਪਡੇਟ ਕੀਤਾ ਜਾਵੇਗਾ।
ਸਖ਼ਤ ਕਾਰਵਾਈ ਦੀ ਮੰਗ
ਅਸੀਂ ਸਕੂਲ ਵਿੱਚ ਪੀੜਤ ਵਿਦਿਆਰਥੀਆਂ ਦੇ ਮਾਪਿਆਂ ਨਾਲ ਘਟਨਾ ਬਾਰੇ ਗੱਲ ਕੀਤੀ।
ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਸਾਡੀਆਂ ਧੀਆਂ ਨੂੰ ਵਾਕਈ ਘੜੀਸ ਕੇ ਲੈ ਗਏ ਸਨ ਅਤੇ ਅਜਿਹਾ ਕੀਤਾ ਗਿਆ। ਉਹ ਬਹੁਤ ਡਰੀਆਂ ਹੋਈਆਂ ਹਨ। ਅਸੀਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।"
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ, 9ਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਦੇ ਮਾਪਿਆਂ ਨੇ ਕਿਹਾ, "ਇਸ ਤਰ੍ਹਾਂ ਦੀ ਮਾੜੀ ਘਟਨਾ ਕਿਸੇ ਵੀ ਵਿਦਿਆਰਥਣ ਨਾਲ ਨਹੀਂ ਵਾਪਰਨੀ ਚਾਹੀਦੀ। ਇਸ ਵੇਲੇ ਸਾਡੀਆਂ ਸਾਰੀਆਂ ਕੁੜੀਆਂ ਡਰੀਆਂ ਹੋਈਆਂ ਹਨ। ਕਿਸੇ ਵੀ ਕੁੜੀ ਨੂੰ ਅਜਿਹੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।''
''ਜੇਕਰ ਸਕੂਲ ਵਿੱਚ ਅਜਿਹਾ ਕੁਝ ਵਾਪਰਦਾ ਹੈ, ਤਾਂ ਕੀ ਕੁੜੀਆਂ ਸੁਰੱਖਿਅਤ ਰਹਿਣਗੀਆਂ? ਸਾਨੂੰ ਲੱਗਣ ਲੱਗ ਪਿਆ ਹੈ ਕਿ ਕੁੜੀਆਂ ਸਕੂਲ ਵਿੱਚ ਅਸੁਰੱਖਿਅਤ ਹਨ। ਇਸ ਲਈ, ਪ੍ਰਸ਼ਾਸਨ ਨੂੰ ਇਸ ਦਾ ਸਹੀ ਨੋਟਿਸ ਲੈਣਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ।"
ਕੁਝ ਮਾਪੇ ਤੁਰੰਤ ਸਮੂਹ ਸਿੱਖਿਆ ਅਧਿਕਾਰੀ ਰਾਮਚੰਦਰ ਵਿਸ਼ੇ ਨੂੰ ਮਿਲੇ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰਿੰਸੀਪਲ ਅਤੇ ਅਧਿਆਪਕ ਸਟਾਫ਼ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ।
ਜਾਣਕਾਰੀ ਮਿਲਣ ਤੋਂ ਬਾਅਦ, ਸਮੂਹ ਸਿੱਖਿਆ ਅਧਿਕਾਰੀ ਵਿਸ਼ੇ ਨੇ ਸੰਸਥਾ ਦੇ ਪ੍ਰਬੰਧਕਾਂ ਅਤੇ ਸਕੂਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ, ਕੁਝ ਮਾਪੇ ਬੁੱਧਵਾਰ (9 ਜੁਲਾਈ) ਨੂੰ ਪ੍ਰਿੰਸੀਪਲ ਤੋਂ ਜਵਾਬ ਮੰਗਣ ਲਈ ਸਕੂਲ ਪਹੁੰਚੇ। ਫਿਰ ਕੁਝ ਮਾਪੇ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਵੱਲ ਵਧੇ ਅਤੇ ਉਨ੍ਹਾਂ ਨੇ ਸਕੂਲ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਧਰਨਾ ਦਿੱਤਾ।
30 ਤੋਂ 40 ਵਿਦਿਆਰਥਣਾਂ ਦੇ ਮਾਪਿਆਂ ਦੇ ਸਕੂਲ ਪਹੁੰਚਣ ਤੋਂ ਬਾਅਦ, ਸਕੂਲ ਵਿੱਚ ਹੰਗਾਮਾ ਹੋ ਗਿਆ। ਮਾਪੇ ਸਿੱਧੇ ਤੌਰ 'ਤੇ ਪ੍ਰਿੰਸੀਪਲ ਅਤੇ ਅਧਿਆਪਕਾਂ ਤੋਂ ਇਸ ਮਾਮਲੇ ਵਿੱਚ ਜਵਾਬ ਮੰਗ ਰਹੇ ਸਨ। ਇਸ ਦੌਰਾਨ, ਸਕੂਲ ਵਿੱਚ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਕੁਝ ਸਮੇਂ ਲਈ ਟਕਰਾਅ ਵੀ ਹੋਇਆ।
ਉਸ ਸਮੇਂ ਦੀ ਵਾਇਰਲ ਹੋਈ ਵੀਡੀਓ ਵਿੱਚ, ਮਾਪੇ ਪ੍ਰਿੰਸੀਪਲ ਤੋਂ ਜਵਾਬ ਮੰਗਦੇ ਦਿਖਾਈ ਦੇ ਰਹੇ ਹਨ। ਪ੍ਰਿੰਸੀਪਲ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਨੇ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਸੀ ਅਤੇ ਅਜਿਹਾ ਕੁਝ ਨਹੀਂ ਹੋਇਆ ਹੈ ਜੋ ਮਾਪੇ ਕਹਿ ਰਹੇ ਹਨ।
ਇਸ ਸਬੰਧ ਵਿੱਚ ਬੀਬੀਸੀ ਮਰਾਠੀ ਨੇ 8ਵੀਂ ਜਮਾਤ ਵਿੱਚ ਪੜ੍ਹਦੀ ਇੱਕ ਪੀੜਤ ਕੁੜੀ ਦੀ ਮਾਂ ਨਾਲ ਗੱਲ ਕੀਤੀ, ਜਿਨ੍ਹਾਂ ਕਿਹਾ, "ਇਸ ਘਟਨਾ ਤੋਂ ਬਾਅਦ ਅਸੀਂ ਜਵਾਬ ਮੰਗਣ ਲਈ ਸਕੂਲ ਪਹੁੰਚੇ। ਹਾਲਾਂਕਿ, ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਕਹਿ ਰਹੇ ਸਨ ਕਿ ਇਹ ਘਟਨਾ ਵਾਪਰੀ ਹੀ ਨਹੀਂ।''
ਉਨ੍ਹਾਂ ਸਵਾਲ ਕੀਤਾ, ''ਤਾਂ ਕੀ ਇੰਨੇ ਸਾਰੇ ਬੱਚੇ ਝੂਠ ਬੋਲ ਰਹੇ ਹਨ? ਅਸੀਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਇਸ ਲਈ, ਅਸੀਂ ਪੁਲਿਸ ਅਤੇ ਸਮੂਹ ਸਿੱਖਿਆ ਅਧਿਕਾਰੀ ਤੋਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।"
ਮਾਪਿਆਂ ਦੇ ਗੁੱਸੇ ਨੂੰ ਵੇਖਦਿਆਂ, ਪ੍ਰਿੰਸੀਪਲ ਨੇ ਪੁਲਿਸ ਨੂੰ ਬੁਲਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਤੁਰੰਤ ਪਹੁੰਚ ਗਏ ਅਤੇ ਮਾਪਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੋਏ, ਸ਼ਾਹਪੁਰ ਪੰਚਾਇਤ ਸੰਮਤੀ ਦੇ ਸਮੂਹ ਸਿੱਖਿਆ ਅਧਿਕਾਰੀ ਅਤੇ ਸਟਾਫ ਵੀ ਸਕੂਲ ਪਹੁੰਚ ਗਏ। ਇਸ ਦੌਰਾਨ, ਮਾਪਿਆਂ ਨੇ ਪ੍ਰਿੰਸੀਪਲ, ਅਧਿਆਪਕਾਂ ਅਤੇ ਸਟਾਫ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਕੁੜੀਆਂ ਦੀ ਮਾਨਸਿਕ ਸਿਹਤ 'ਤੇ ਪ੍ਰਭਾਵ
ਕੁਝ ਮਾਪਿਆਂ ਨੇ ਕਿਹਾ ਕਿ ਇਸ ਘਟਨਾ ਨੇ ਵਿਦਿਆਰਥਣਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ। ਮਾਪਿਆਂ ਦੀ ਇਹ ਵੀ ਸ਼ਿਕਾਇਤ ਹੈ ਕਿ ਬਹੁਤ ਸਾਰੀਆਂ ਕੁੜੀਆਂ ਸਕੂਲ ਜਾਣ ਤੋਂ ਡਰ ਰਹੀਆਂ ਹਨ।
ਹਾਲਾਂਕਿ, ਸ਼ਾਹਪੁਰ ਪੰਚਾਇਤ ਸਮਿਤੀ ਦੇ ਸਮੂਹ ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਘਟਨਾ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜਣਗੇ।
ਡਿਪਟੀ ਸੁਪਰੀਟੇਂਡੈਂਟ ਆਫ਼ ਪੁਲਿਸ ਮਿਲਿੰਦ ਸ਼ਿੰਦੇ ਨੇ ਮਾਪਿਆਂ ਨੂੰ ਦੱਸਿਆ ਕਿ ਇਸ ਸਾਰੀ ਹਫੜਾ-ਦਫੜੀ ਤੋਂ ਬਾਅਦ, ਸੰਸਥਾ ਦੇ ਪ੍ਰਬੰਧਨ ਵਿਭਾਗ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਪ੍ਰਿੰਸੀਪਲ ਨੂੰ ਬਰਖਾਸਤ ਕਰਨ ਲਈ ਇੱਕ ਪੱਤਰ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇ ਨਿਯਮਾਂ ਅਨੁਸਾਰ ਕੇਸ ਦਰਜ ਕੀਤਾ ਜਾ ਰਿਹਾ ਹੈ।
ਦੋ ਮੁਲਜ਼ਮ ਗ੍ਰਿਫ਼ਤਾਰ, ਹੋਰ ਜਾਂਚ ਜਾਰੀ
ਇਸ ਮਾਮਲੇ ਵਿੱਚ, ਪੀੜਤ ਵਿਦਿਆਰਥਣਾਂ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਪ੍ਰਿੰਸੀਪਲ, 5 ਅਧਿਆਪਕਾਂ, ਸਕੂਲ ਪ੍ਰਸ਼ਾਸਨ ਅਤੇ ਪ੍ਰਬੰਧਨ ਕਮੇਟੀ ਦੀਆਂ ਦੋ ਮਹਿਲਾ ਮੈਂਬਰਾਂ ਅਤੇ ਇੱਕ ਕਾਂਸਟੇਬਲ ਸਮੇਤ ਕੁੱਲ 8 ਲੋਕਾਂ ਵਿਰੁੱਧ ਸ਼ਾਹਪੁਰ ਪੁਲਿਸ ਸਟੇਸ਼ਨ ਵਿੱਚ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ, ਡਿਪਟੀ ਸੁਪਰੀਟੇਂਡੈਂਟ ਮਿਲਿੰਦ ਸ਼ਿੰਦੇ ਨੇ ਕਿਹਾ, "ਅਸੀਂ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਮੁੱਖ ਅਧਿਆਪਕਾ ਅਤੇ ਇੱਕ ਮਹਿਲਾ ਸਫਾਈ ਕਰਮਚਾਰੀ ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ