ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ’ਚ ਮੁਲਜ਼ਮ ‘ਭਾਰਤੀ ਖ਼ੁਫ਼ੀਆ ਵਿਭਾਗ ਦੇ ਸਾਬਕਾ ਅਫ਼ਸਰ’ ਬਾਰੇ ਅਮਰੀਕਾ ਨੇ ਕੀ ਖ਼ੁਲਾਸੇ ਕੀਤੇ

ਤਸਵੀਰ ਸਰੋਤ, www.fbi.gov
ਅਮਰੀਕਾ ਦੇ ਨਿਆਂ ਵਿਭਾਗ ਨੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ ’ਤੇ ਇਲਜ਼ਾਮ ਤੈਅ ਕੀਤੇ ਹਨ।
ਉਕਤ ਮੁਲਜ਼ਮ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਹੈ।
ਨਿਆਂ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਯਾਦਵ ਹਾਲੇ ਫਰਾਰ ਹੈ।
ਐੱਫਬੀਆਈ ਨੇ ਵਿਕਾਸ ਯਾਦਵ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ।
ਇਸ ਪੋਸਟਰ ਵਿੱਚ ਵਿਕਾਸ ਯਾਦਵ ਦਾ ਜਨਮ ਸਥਾਨ ਪ੍ਰਾਨਪੁਰਾ, ਹਰਿਆਣਾ ਲਿਖਿਆ ਗਿਆ ਹੈ।
ਇਸ ਪੋਸਟਰ ਮੁਤਾਬਕ ਵਿਕਾਸ ਯਾਦਵ ਨੂੰ 'ਵਿਕਾਸ' ਤੇ 'ਅਮਾਨਤ' ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਮੀਡੀਆ ਰਿਪੋਰਟਾਂ ਵਿੱਚ ਜੋ ਅਮਰੀਕੀ ਨਾਗਰਿਕ ਨਿਸ਼ਾਨੇ ਉੱਤੇ ਸੀ ਉਸ ਦੀ ਪਛਾਣ ਗੁਰਪਤਵੰਤ ਸਿੰਘ ਪੰਨੂ ਵਜੋਂ ਹੋਈ ਸੀ।
ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਪਾਬੰਦੀਸ਼ੁਦਾ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਨਾਲ ਜੁੜੇ ਹੋਏ ਹਨ ਤੇ ਖਾਲਿਸਤਾਨ ਹਮਾਇਤੀ ਮੰਨੇ ਜਾਂਦੇ ਹਨ।
ਵੀਰਵਾਰ ਨੂੰ ਬੋਲਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਜਿਸ ਵਿਅਕਤੀ ਦੀ ਇਸ ਮਾਮਲੇ ਵਿੱਚ ਪਛਾਣ ਕੀਤੀ ਗਈ ਹੈ ਉਹ ਹੁਣ ਭਾਰਤ ਸਰਕਾਰ ਲਈ ਕੰਮ ਨਹੀਂ ਕਰਦਾ ਹੈ।
17 ਅਕਤੂਬਰ ਨੂੰ ਅਮਰੀਕੀ ਅਦਾਲਤ 'ਚ ਵਿਕਾਸ ਯਾਦਵ ਉੱਤੇ ਕਤਲ ਦੀ ਸਾਜਿਸ਼ (ਮਰਡਰ ਫਾਰ ਹਾਇਰ) ਤੇ ਪੈਸਿਆਂ ਦੀ ਧਾਂਦਲੀ ਦੇ ਵੀ ਇਲਜ਼ਾਮ ਤੈਅ ਹੋਏ ਹਨ।

ਤਸਵੀਰ ਸਰੋਤ, Gurpatwant Pannun/FB
ਯਾਦਵ ਦਾ ਨਾਂਅ ਨਿਊ ਯਾਰਕ ਦੀ ਯੂਐੱਸ ਸਾਊਥਰਨ ਡਿਸਟ੍ਰਿਕਟ ਦੀ ਕੋਰਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਸਾਹਮਣੇ ਆਇਆ।
ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਇਸ ਕੇਸ ਨਾਲ ਜੁੜੇ ਸਮੇਂ ਦੌਰਾਨ ਵਿਕਾਸ ਯਾਦਵ ਭਾਰਤ ਸਰਕਾਰ ਦੇ ਕੈਬਨਿਟ ਸੈਕਰੇਟਰੀਅਟ ਲਈ ਕੰਮ ਕਰ ਰਿਹਾ ਸੀ ਜਿਸ ਵਿੱਚ ਭਾਰਤੀ ਵਿਦੇਸ਼ ਇੰਟੈਲਿਜੈਂਸ ਸਰਵਿਸ ਅਤੇ 'ਰਿਸਚਰਚ ਐਂਡ ਅਨਾਲਿਸਿਸ ਵਿੰਗ' (ਰਾਅ) ਵੀ ਹੈ।

ਯੂੂਐੱਸ ਅਟਾਰਨੀ ਡੇਮੀਆਨ ਵਿਲਿਅਮਜ਼ ਮੁਤਾਬਕ ਪਿਛਲੇ ਸਾਲ ਨਿਆਂ ਵਿਭਾਗ ਵੱਲੋਂ ਨਿਖਿਲ ਗੁਪਤਾ ਨਾਂਅ ਦੇ ਵਿਅਕਤੀ ਉੱਤੇ ਇਲਜ਼ਾਮ ਤੈਅ ਕੀਤੇ ਗਏ ਸਨ।
ਉਨ੍ਹਾਂ ਕਿਹਾ, “ਵਿਕਾਸ ਯਾਦਵ ਨੇ ਇਹ ਸਾਜਿਸ਼ ਭਾਰਤ ਤੋਂ ਘੜੀ ਅਤੇ ਗੁਪਤਾ ਨੂੰ ਅਮਰੀਕੀ ਦੇ ਕਤਲ ਲਈ ਠੇਕਾ ਦੇਣ ਲਈ ਕਿਹਾ।”
ਅਮਰੀਕੀ ਨਿਆਂ ਵਿਭਾਗ ਮੁਤਾਬਕ ਯਾਦਵ ਦੇ ਕਹਿਣ ਉੱਤੇ ਨਿਖਿਲ ਗੁਪਤਾ ਨੇ ਜਿਸ ਵਿਅਕਤੀ ਨਾਲ ਕਤਲ ਦਾ ਠੇਕਾ ਦੇਣ ਲਈ ਸਹਾਇਤਾ ਲਈ ਸੰਪਰਕ ਕੀਤਾ ਉਹ ਵਿਅਕਤੀ ਅਮਰੀਕੀ ਏਜੰਸੀ ‘ਡੀਈਏ’ ਲਈ ਕੰਮ ਕਰ ਰਿਹਾ ਸੀ।

ਤਸਵੀਰ ਸਰੋਤ, DEPARTMENT OF JUSTICE
ਉਸ ਵਿਅਕਤੀ ਨੇ ਗੁਪਤਾ ਨੂੰ ਇੱਕ ਹੋਰ ਵਿਅਕਤੀ ਨਾਲ ਕਤਲ ਦਾ ਠੇਕਾ ਦੇਣ ਲਈ ਮਿਲਵਾਇਆ। ਇਹ ਵਿਅਕਤੀ ਵੀ ਇੱਕ ‘ਅੰਡਰਕਵਰ ਏਜੰਟ’ ਸੀ।
ਯਾਦਵ ਨੇ ਇਸ ਕਤਲ ਲਈ 1 ਲੱਖ ਡਾਲਰ ਦੇਣਾ ਮੰਨ ਲਿਆ ਸੀ।
ਨਿਆਂ ਵਿਭਾਗ ਮੁਤਾਬਕ 9 ਜੂਨ 2022 ਨੂੰ ਵਿਕਾਸ ਤੇ ਨਿਖਿਲ ਨੇ ਅੰਡਰਕਵਰ ਏਜੰਟ ਨੂੰ ਇਸ ਕਤਲ ਲਈ ਅਡਵਾਂਸ ਰਕਮ 15,000 ਡਾਲਰ ਭਿਜਵਾਈ ਸੀ।
ਨਿਆਂ ਵਿਭਾਗ ਮੁਤਾਬਕ ਵਿਕਾਸ ਅਤੇ ਨਿਖਿਲ ਉੱਤੇ ‘ਮਰਡਰ ਫਾਰ ਹਾਇਰ’ ਦੇ ਇਲਜ਼ਾਮ ਤੈਅ ਹੋਏ ਹਨ ਜਿਸ ਦੀ ਸਜ਼ਾ ਵੱਧ ਤੋਂ ਵੱਧ 10 ਸਾਲ ਦੀ ਕੈਦ ਹੈ। ਇਸ ਦੇ ਨਾਲ ਹੀ ਉਨ੍ਹਾਂ ਉੱਤੇ 'ਮਰਡਰ ਫਾਰ ਹਾਇਰ ਦੀ ਸਾਜਿਸ਼’ ਜਿਸ ਦੀ ਸਜ਼ਾ ਵੱਧ ਤੋਂ ਵੱਧ 10 ਸਾਲ ਹੈ ਤੇ ਪੈਸਿਆਂ ਦੀ ਧਾਂਦਲੀ ਜਿਸ ਦੀ ਸਜ਼ਾ ਵੱਧ ਤੋਂ ਵੱਧ 20 ਸਾਲ ਹੈ ਦੇ ਇਲਜ਼ਾਮ ਤੈਅ ਹੋਏ ਹਨ।
ਅਮਰੀਕੀ ਅਟੌਰਨੀ ਜਨਰਲ ਮੈਰਿੱਕ ਬੀ ਗਾਰਲੈਂਡ ਨੇ ਕਿਹਾ, "ਜਸਟਿਵ ਡਿਪਾਰਟਮੈਂਟ ਕਿਸੇ ਵੀ ਵਿਅਕਤੀ ਦੀ ਜਵਾਬਦੇਹੀ ਤੈਅ ਕਰਨ ਲਈ ਪ੍ਰਤੀਬੱਧ ਹੈ ਭਾਵੇਂ ਕਿ ਉਹ ਕਿਹੜੀ ਵਿੱਚ ਪੁਜੀਸ਼ਨ ਉੱਤੇ ਹੋਵੇ ਅਤੇ ਸੱਤਾ ਦੇ ਨਜ਼ਦੀਕ ਵੀ ਹੋਵੇ।
ਵਿਕਾਸ ਯਾਦਵ ਬਾਰੇ ਅਮਰੀਕਾ ਨੇ ਹੋਰ ਕੀ ਖ਼ੁਲਾਸੇ ਕੀਤੇ
ਅਮਰੀਕੀ ਨਿਆਂ ਵਿਭਾਗ ਦੀ ਪ੍ਰੈੱਸ ਰਿਲੀਜ਼ ਮੁਤਾਬਕ ਯਾਦਵ ਨੇ ਆਪਣਾ ਅਹੁਦਾ 'ਸੀਨੀਅਰ ਫੀਲਡ ਅਫ਼ਸਰ' ਵਜੋਂ ਦੱਸਿਆ ਜਿਸ ਕੋਲ ਸੁਰੱਖਿਆ ਪ੍ਰਬੰਧ ਤੇ ਇੰਟੈਲਿਜੈਂਸ ਜਿਹੀਆਂ ਜ਼ਿੰਮੇਵਾਰੀਆਂ ਸਨ।
ਯਾਦਵ ਨੇ ਭਾਰਤ ਦੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਵਿੱਚ ਬੈਟਲ ਕਰਾਫਟ ਤੇ ਹਥਿਆਰਾਂ ਵਿੱਚ ਫੀਲਡ ਅਫ਼ਸਰ ਟ੍ਰੇਨਿੰਗ ਲੈਣ ਬਾਰੇ ਵੀ ਦੱਸਿਆ।
ਨਿਆਂ ਵਿਭਾਗ ਮੁਤਾਬਕ ਯਾਦਵ ਭਾਰਤੀ ਨਾਗਰਿਕ ਹੈ ਅਤੇ ਇਸ ਸਾਜਿਸ਼ ਲਈ ਨਿਰਦੇਸ਼ ਭਾਰਤ ਤੋਂ ਦਿੱਤੇ।

ਤਸਵੀਰ ਸਰੋਤ, X/FBI
ਨਿਖਿਲ ਗੁਪਤਾ ਦਾ ਕੀ ਰੋਲ ਸੀ?
ਅਮਰੀਕੀ ਅਦਾਲਤ ’ਚ ਦਾਇਰ ਇਲਜ਼ਾਮਾਂ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਸਨ।
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇੱਕ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਅਮਰੀਕਾ ਵਿੱਚ ਇੱਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇੱਕ ਸਿੱਖ ਵੱਖਵਾਦੀ ਨੇਤਾ ਨੂੰ ਮਾਰਨ ਦਾ ਠੇਕਾ ਦਿੱਤਾ।
ਇਲਜ਼ਾਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਭਾਰਤੀ ਅਧਿਕਾਰੀ ਨਾਲ ਗੱਲਬਾਤ ਦੌਰਾਨ ਨਿਖਿਲ ਗੁਪਤਾ ਨੇ ਦੱਸਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਵਿੱਚ ਸ਼ਾਮਲ ਸੀ।
ਦਸਤਾਵੇਜ਼ ਦੇ ਅਨੁਸਾਰ, ਜਿਸ ਹਿੱਟਮੈਨ ਨਾਲ ਨਿਖਿਲ ਗੁਪਤਾ ਨੇ ਸੰਪਰਕ ਕੀਤਾ, ਉਹ ਅਮਰੀਕੀ ਖ਼ੁਫ਼ੀਆ ਵਿਭਾਗ ਦਾ ਇੱਕ ਅੰਡਰਕਵਰ ਏਜੰਟ ਸੀ।
ਇਸ ਏਜੰਟ ਨੇ ਨਿਖਿਲ ਗੁਪਤਾ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਗੱਲਬਾਤ ਰਿਕਾਰਡ ਕੀਤੀ ਅਤੇ ਇਸੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਮਈ 2024 ਵਿੱਚ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਦੇਣ ਨੂੰ ਚੈੱਕ ਗਣਰਾਜ ਦੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਸੀ।
ਚੈੱਕ ਗਣਰਾਜ ਦੀਆਂ ਸੁਰੱਖਿਆ ਏਜੰਸੀਆਂ ਨੇ ਨਿਖਿਲ ਗੁਪਤਾ ਨੂੰ 16 ਜੂਨ ਨੂੰ ਅਮਰੀਕਾ ਹਵਾਲੇ ਕੀਤਾ ਸੀ।
ਗੁਰਪਤਵੰਤ ਸਿੰਘ ਪੰਨੂ ਕੌਣ ਹਨ

ਤਸਵੀਰ ਸਰੋਤ, GETTY IMAGES
ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।
1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।
ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।
ਇਸ ਤੋਂ ਬਾਅਦ, 1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।
ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ 'ਤੇ ਸਰਗਰਮ ਰਹੇ।
ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।
ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












