ਪਾਕਿਸਤਾਨ ʼਚ ਔਰਤ ਡਾਕਟਰਾਂ ਤੇ ਨਰਸਾਂ ਦਾ ਹਾਲ, ʻਜਿਨਸੀ ਸ਼ੋਸ਼ਣ ਤੋਂ ਤੰਗ ਆ ਕੇ ਨਰਸਿੰਗ ਦੀ ਸਿਖਲਾਈ ਅੱਧ ਵਿਚਾਲੇ ਛੱਡ ਦਿੱਤੀʼ

ਤਸਵੀਰ ਸਰੋਤ, Getty Images
- ਲੇਖਕ, ਫਰਹਤ ਜਾਵੇਦ
- ਰੋਲ, ਬੀਬੀਸੀ ਪੱਤਰਕਾਰ
(ਇਸ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ)
ਉਹ 27 ਨਵੰਬਰ 1973 ਦੀ ਰਾਤ ਸੀ। ਅਰੁਣਾ ਸ਼ਾਨਬਾਗ ਕਿੰਗ ਐਡਵਰਡ ਮੈਡੀਕਲ ਕਾਲਜ, ਬੰਬਈ ਵਿੱਚ ਨਰਸ ਵਜੋਂ ਸੇਵਾ ਕਰ ਰਹੀ ਸੀ, ਜਦੋਂ ਉਸ ਉੱਤੇ ਹਮਲਾ ਹੋਇਆ ਸੀ।
ਉਸ 'ਤੇ ਹਮਲਾ ਕਰਨ ਵਾਲਾ ਸੋਹਣ ਲਾਲ ਭਰਤਾ ਨਾਂ ਦਾ ਵਿਅਕਤੀ ਉਸੇ ਹਸਪਤਾਲ 'ਚ ਕੰਮ ਕਰਦਾ ਵਾਰਡ ਅਟੈਂਡੈਂਟ ਸੀ।
ਉਸ ਰਾਤ ਅਰੁਣਾ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਤਲ ਦੀ ਇਸ ਕੋਸ਼ਿਸ਼ ਦੌਰਾਨ ਅਰੁਣਾ ਦੇ ਦਿਮਾਗ ਨੂੰ ਆਕਸੀਜਨ ਮਿਲਣੀ ਬੰਦ ਹੋ ਗਈ।
ਇਸ ਹਮਲੇ 'ਚ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ 26 ਸਾਲ ਦੀ ਅਰੁਣਾ ਅਗਲੇ ਚਾਰ ਦਹਾਕਿਆਂ ਤੱਕ ਇਸੇ ਹਸਪਤਾਲ 'ਚ ਕੋਮਾ 'ਚ ਪਈ ਰਹੀ।
ਬਾਅਦ ਵਿੱਚ ਹਮਲਾਵਰ ਸੋਹਨ ਲਾਲ ਭਰਤਾ ਨੂੰ ‘ਕਤਲ ਦੀ ਕੋਸ਼ਿਸ਼ ਅਤੇ ਡਕੈਤੀ’ ਦਾ ਦੋਸ਼ੀ ਪਾਏ ਜਾਣ ’ਤੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਚਾਰਜਸ਼ੀਟ ਵਿੱਚੋਂ ਬਲਾਤਕਾਰ ਦਾ ਇਲਜ਼ਾਮ ਹਟਾ ਦਿੱਤਾ ਗਿਆ ਸੀ।

ਉਸ ਸਮੇਂ ਦੀਆਂ ਅਖ਼ਬਾਰਾਂ ਮੁਤਾਬਕ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਸੋਹਨ ਲਾਲ ਨੂੰ ਉਸੇ ਸ਼ਹਿਰ ਦੇ ਇੱਕ ਸਰਕਾਰੀ ਹਸਪਤਾਲ ਵਿਚ ਦੁਬਾਰਾ ਨੌਕਰੀ ਮਿਲ ਗਈ।
ਦੂਜੇ ਪਾਸੇ ਇਸ ਭਿਆਨਕ ਘਟਨਾ ਦੇ 42 ਸਾਲ ਬਾਅਦ ਸਾਲ 2015 ਵਿੱਚ ਅਰੁਣਾ ਦੀ ਵੀ ਇਸੇ ਹਸਪਤਾਲ ਵਿੱਚ ਕੋਮਾ ਦੀ ਹਾਲਤ ਵਿੱਚ ਮੌਤ ਹੋ ਗਈ ਸੀ।
ਭਾਰਤ ਵਿੱਚ ਮੈਡੀਕਲ ਸਟਾਫ ਦੀ ਕਿਸੇ ਨਰਸ ਨਾਲ ਬਲਾਤਕਾਰ ਦੀ ਇਹ ਪਹਿਲੀ ਘਟਨਾ ਸੀ ਜੋ ਮੀਡੀਆ ਵਿੱਚ ਵਿਆਪਕ ਤੌਰ 'ਤੇ ਕਵਰ ਕੀਤੀ ਗਈ ਸੀ।
ਹਾਲ ਹੀ 'ਚ ਕੋਲਕਾਤਾ 'ਚ ਇੱਕ ਔਰਤ ਸਿਖਿਆਰਥੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਪਾਕਿਸਤਾਨ 'ਚ ਇਹ ਚਰਚਾ ਛਿੜ ਗਈ ਹੈ ਕਿ ਇੱਥੋਂ ਦੇ ਮੈਡੀਕਲ ਸਟਾਫ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਾਕਿਸਤਾਨ ਵਿੱਚ ਕੀ ਹੈ ਹਾਲ

ਬੀਬੀਸੀ ਉਰਦੂ ਨੇ ਇਸ ਮੁੱਦੇ 'ਤੇ ਪਾਕਿਸਤਾਨ ਦੇ ਕਈ ਡਾਕਟਰਾਂ ਅਤੇ ਨਰਸਾਂ ਨਾਲ ਗੱਲ ਕੀਤੀ ਹੈ।
ਇਨ੍ਹਾਂ ਔਰਤ ਡਾਕਟਰਾਂ ਅਤੇ ਨਰਸਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਔਰਤ ਮੈਡੀਕਲ ਕਰਮਚਾਰੀਆਂ ਨੂੰ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਰੀਰਕ ਅਤੇ ਜ਼ੁਬਾਨੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਮਾੜੇ ਹਨ ਅਤੇ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਹੈ।
ਪਰ ਇਨ੍ਹਾਂ ਔਰਤ ਮੈਡੀਕਲ ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਲਈ ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ, ਇਹ ਹੈ ਕਿ ਹਸਪਤਾਲ ਵਿੱਚ ਹੀ ਮੌਜੂਦ ਉਨ੍ਹਾਂ ਦੇ ਸਾਥੀਆਂ ਦੁਆਰਾ ਕੀਤੀ ਜਾਂਦੀ ਜਿਨਸੀ ਹਿੰਸਾ ਅਤੇ ਦੁਰਵਿਵਹਾਰ।
ਇਸ ਮਾਮਲੇ ਵਿੱਚ ਬੀਬੀਸੀ ਦੀ ਜਾਂਚ ਵਿੱਚ ਡਰਾਉਣੇ ਰੁਝਾਨ ਸਾਹਮਣੇ ਆਏ ਹਨ। ਹਸਪਤਾਲਾਂ ਵਿੱਚ ਤਸ਼ੱਦਦ ਦੀਆਂ ਘਟਨਾਵਾਂ ʼਤੇ ਚੁੱਪ, ਸ਼ਰਮ ਅਤੇ ਡਰ ਦਾ ਸੱਭਿਆਚਾਰ ਹੈ, ਜਿਸ ਕਾਰਨ ਅਜਿਹੇ ਮਾਮਲੇ ਬੇਰੋਕ ਜਾਰੀ ਹਨ।
ਇੱਕ ਦਰਜਨ ਤੋਂ ਵੱਧ ਡਾਕਟਰਾਂ ਅਤੇ ਨਰਸਾਂ ਨੇ ਬੀਬੀਸੀ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਉਹਨਾਂ ਹਮਲਿਆਂ ਅਤੇ ਦੁਰਵਿਵਹਾਰ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦਾ ਉਨ੍ਹਾਂ ਜਾਂ ਉਨ੍ਹਾਂ ਦੀਆਂ ਔਰਤ ਸਹਿਯੋਗੀਆਂ ਨੇ ਸਾਹਮਣਾ ਕੀਤਾ ਹੈ, ਖ਼ਾਸ ਕਰਕੇ ਸਰਕਾਰੀ ਹਸਪਤਾਲਾਂ ਵਿੱਚ।
ਜ਼ਿਆਦਾਤਰ ਔਰਤਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਝਿੜਕਾਂ, ਨੌਕਰੀਆਂ ਅਤੇ 'ਇੱਜ਼ਤ' ਗੁਆਉਣ ਦਾ ਡਰ ਸੀ।
'ਸਭ ਤੋਂ ਵੱਡਾ ਖ਼ਤਰਾ ਆਪਰੇਸ਼ਨ ਥੀਏਟਰ 'ਚ ਹੁੰਦਾ ਹੈ'

ਕਰਾਚੀ ਦੇ ਇੱਕ ਨਿੱਜੀ ਹਸਪਤਾਲ ਤੋਂ ਇੱਕ ਔਰਤ, ਸਿਵਿਲ ਸਰਵਿਸੇਜ਼ ਹਸਪਤਾਲ ਦੀ ਐੱਮਐੱਲਓ ਦੇ ਦਫ਼ਤਰ ਪਹੁੰਚੀ। ਇਹੀ ਸਿੰਧ ਦਾ ਪਹਿਲਾ ਐਂਟੀ ਰੇਪ ਸੈਂਟਰ ਵੀ ਬਣਿਆ ਹੋਇਆ ਹੈ।
ਉਨ੍ਹਾਂ ਨੇ ਰਿਪੋਰਟ ਲਿਖਵਾਈ ਅਤੇ ਇਲਜ਼ਾਮ ਲਗਾਇਆ ਕਿ ਦਸ ਦਿਨ ਪਹਿਲਾਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਇੱਕ ਸਰਜਨ ਨੇ ਉਨ੍ਹਾਂ ਨਾਲ ਰੇਪ ਕੀਤਾ ਹੈ।
ਸ਼ਿਕਾਇਤਕਰਤਾ ਔਰਤ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਰਿਪੋਰਟ ਤਿਆਰ ਕੀਤੀ ਗਈ ਪਰ ਬਾਅਦ ਵਿੱਚ ਕਿਸੇ ਕਾਰਨ ਔਰਤ ਨੇ ਮਾਮਲੇ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ।
ਬੀਬੀਸੀ ਨਾਲ ਗੱਲ ਕਰਦਿਆਂ ਇੱਕ ਨਰਸ ਕਹਿੰਦੀ ਹੈ ਕਿ ਨਰਸਾਂ ਲਈ ਸਭ ਤੋਂ ਖ਼ਤਰਨਾਕ ਥਾਂ ਆਪਰੇਸ਼ਨ ਥੀਏਟਰ ਹੁੰਦਾ ਹੈ।
ਉਹ ਦੱਸਦੀ ਹੈ ਕਿ ਅਪਰੇਸ਼ਨ ਥੀਏਟਰ ਵਿੱਚ ਜੂਨੀਅਰ ਨਰਸਾਂ ਦੇ ਨਾਲ ਸਾਰੇ ਸੀਨੀਅਰ ਡਾਕਟਰ ਅਤੇ ਸਿਖਿਆਰਥੀ ਡਾਕਟਰ ਮੌਜੂਦ ਹੁੰਦੇ ਹਨ।
ਇੱਥੇ, ਨਰਸਾਂ, ਖ਼ਾਸ ਕਰਕੇ ਨੌਜਵਾਨ ਅਤੇ ਸਿਖਿਆਰਥੀ ਨਰਸਾਂ ਦਾ ਕੰਮ ਡਾਕਟਰਾਂ ਨੂੰ ਵੱਖ-ਵੱਖ ਯੰਤਰ ਪ੍ਰਦਾਨ ਕਰਨਾ ਅਤੇ ਆਪਰੇਸ਼ਨ ਦੌਰਾਨ ਉਨ੍ਹਾਂ ਦੀ ਮਦਦ ਕਰਨਾ ਹੁੰਦਾ ਹੈ।
ਉਹ ਕਹਿੰਦੀ ਹੈ, "ਅਸੀਂ ਬਹੁਤ ਸਾਵਧਾਨ ਰਹਿੰਦੇ ਹਾਂ ਕਿ ਕੁਝ ਵੀ ਗ਼ਲਤ ਨਾ ਹੋਵੇ ਅਤੇ ਦਬਾਅ ਵੀ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਜਦੋਂ ਤੁਹਾਡੇ ਆਲੇ-ਦੁਆਲੇ ਮੌਜੂਦ ਕੁਝ ਡਾਕਟਰ ਤੁਹਾਨੂੰ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਹ ਸਮਝ ਨਹੀਂ ਆਉਂਦਾ ਕਿ ਕੀ ਕਰੀਏ।"
ਇੱਕ ਹੋਰ ਨਰਸ (ਜੋ ਇਸਲਾਮਾਬਾਦ ਵਿੱਚ ਸਿਖਲਾਈ ਲੈ ਰਹੀ ਸੀ) ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਆਪਣੀ ਸਿਖਲਾਈ ਛੱਡਣੀ ਪਈ ਕਿਉਂਕਿ ਆਪਰੇਸ਼ਨ ਥੀਏਟਰ ਵਿੱਚ ਇੱਕ ਡਾਕਟਰ ਉਸ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾ ਰਹੇ ਸਨ।
ਉਸ ਨੇ ਦੱਸਿਆ, "ਉਹ ਮੈਨੂੰ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦੇ ਸੀ। ਮੈਂ ਸਰਜਰੀ ਯੰਤਰ ਫੜ੍ਹਾਉਂਦੀ, ਤਾਂ ਉਹ ਮੇਰਾ ਹੱਥ ਫੜ ਲੈਂਦਾ ਸੀ। ਉਹ ਵਾਰ-ਵਾਰ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ, ਮੈਨੂੰ ਮੋਢੇ ਨਾਲ ਛੂਹਦਾ ਸੀ, ਇਸ਼ਾਰੇ ਕਰਦਾ ਸੀ। ਮੈਨੂੰ ਇਹ ਸਾਰਾ ਕੁਝ ਚੁੱਪ ਰਹਿ ਕੇ ਸਹਿਣਾ ਪੈਂਦਾ ਸੀ।"
"ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਮੈਂ ਸਿਰਫ਼ ਮੈਟ੍ਰਿਕ ਪਾਸ ਕਰ ਸਕੀ ਸੀ ਅਤੇ ਹੁਣ ਵਜ਼ੀਫ਼ੇ 'ਤੇ ਨਰਸਿੰਗ ਦਾ ਕੋਰਸ ਕਰ ਰਹੀ ਸੀ। ਉਹ ਬਹੁਤ ਸੀਨੀਅਰ ਡਾਕਟਰ ਸੀ। ਮੈਂ ਸ਼ਿਕਾਇਤ ਵੀ ਕਰਦੀ ਤਾਂ ਕੋਈ ਸੁਣਨ ਵਾਲਾ ਨਹੀਂ ਸੀ।"
ਉਸ ਦੇ ਅਨੁਸਾਰ, ਇਸ ਜਿਨਸੀ ਸ਼ੋਸ਼ਣ ਤੋਂ ਤੰਗ ਆ ਕੇ ਉਸ ਨੇ ਆਪਣੀ ਨਰਸਿੰਗ ਦੀ ਸਿਖਲਾਈ ਅੱਧ ਵਿਚਾਲੇ ਛੱਡ ਦਿੱਤੀ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਇੱਕ ਹੋਰ ਨਰਸ ਐਲਿਜ਼ਾਬੈਥ ਥਾਮਸ (ਬਦਲਿਆ ਹੋਇਆ ਨਾਮ) ਦਾ ਕਹਿਣਾ ਹੈ ਕਿ ਜੂਨੀਅਰ ਅਤੇ ਸੀਨੀਅਰ ਨਰਸਾਂ ਨੂੰ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਤੰਗ ਕਰਦੇ ਹਨ ਅਤੇ ਹਸਪਤਾਲ ਦੇ ਕਰਮੀ ਵੀ।
ਉਸ ਨੇ ਦੱਸਿਆ, “ਸ਼ਿਕਾਇਤ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਨਹੀਂ ਸੁਣਦਾ। ਜੇਕਰ ਤੁਸੀਂ ਜੂਨੀਅਰ ਨਰਸ ਹੋ, ਤਾਂ ਤੁਹਾਡੀ ਫਰਿਆਦ ਸੁਣਨ ਵਾਲਾ ਕੋਈ ਨਹੀਂ ਹੈ।"
"ਇੱਥੇ ਆਮ ਵਰਤਾਰਾ ਇਹ ਹੈ ਕਿ ਨਰਸ ʼਤੇ ਬਿਨਾਂ ਕਿਸੇ ਜਾਂਚ-ਪੜਤਾਲ ਦੇ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ, 'ਤੇਰੀ ਹਿੰਮਤ ਕਿਵੇਂ ਹੋਈ ਕਿਸੇ ਸੀਨੀਅਰ ਡਾਕਟਰ 'ਤੇ ਝੂਠਾ ਇਲਜ਼ਾਮ ਲਗਾਉਣ ਦੀ'!"
ʻਔਰਤ ਕਰਮਚਾਰੀਆਂ ਨਾਲ 95 ਫੀਸਦੀ ਦੁਰਵਿਵਹਾਰ'

ਡਾਕਟਰ ਸਮੀਆ ਸਈਦ ਕਰਾਚੀ ਦੀ ਮੁੱਖ ਪੁਲਿਸ ਸਰਜਨ ਹੈ। ਉਹ ਕਹਿੰਦੀ ਹੈ ਕਿ ਸਮੱਸਿਆ ਜਵਾਬਦੇਹੀ ਪ੍ਰਣਾਲੀ ਵਿੱਚ ਭਰੋਸੇ ਦੀ ਕਮੀ ਹੈ।
ਉਹ ਕਹਿੰਦੀ ਹੈ, "ਅਜਿਹਾ ਨਹੀਂ ਹੈ ਕਿ ਘਟਨਾਵਾਂ ਨਹੀਂ ਹੋ ਰਹੀਆਂ। ਸਮੱਸਿਆ ਇਹ ਹੈ ਕਿ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾ ਰਹੀ ਹੈ।"
"ਨਰਸ ਨੂੰ ਕੋਈ ਮਰੀਜ਼ ਤੰਗ ਕਰ ਸਕਦਾ ਹੈ, ਉਸ ਨਾਲ ਦੁਰਵਿਵਹਾਰ ਕਰ ਸਕਦਾ ਹੈ। ਇਹ ਜ਼ੁਬਾਨੀ ਅਤੇ ਸਰੀਰਕ ਵੀ ਹੋ ਸਕਦਾ ਹੈ। ਉਹ ਗ਼ਲਤ ਢੰਗ ਨਾਲ ਛੂਹ ਸਕਦਾ ਹੈ, ਛੇੜਛਾੜ ਕਰ ਸਕਦਾ ਹੈ। ਸਾਡੇ ਕੋਲ ਅਜਿਹੇ ਬਹੁਤ ਮਾਮਲੇ ਆਏ।"
ਪਾਕਿਸਤਾਨ ਵਿੱਚ ਔਰਤ ਡਾਕਟਰਾਂ ਖ਼ਿਲਾਫ਼ ਜਿਨਸੀ ਹਿੰਸਾ ਬਾਰੇ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ।
ਪਰ ਅਮਰੀਕੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਆਪਣੀ ਰਿਪੋਰਟ 'ਚ ਨਿੱਜੀ ਪੱਧਰ 'ਤੇ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਨੂੰ ਪ੍ਰਕਾਸ਼ਿਤ ਕੀਤਾ ਹੈ।
ਉਨ੍ਹਾਂ ਦੀ ਜਾਂਚ ਦੇ ਅਨੁਸਾਰ, ਪਾਕਿਸਤਾਨ ਵਿੱਚ ਮੈਡੀਕਲ ਖੇਤਰ ਵਿੱਚ 95 ਫੀਸਦ ਔਰਤ ਸਟਾਫ ਨੂੰ ਜ਼ੁਬਾਨੀ ਬਦਸਲੂਕੀ ਅਤੇ ਕਈ ਵਾਰ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
59 ਫੀਸਦੀ ਔਰਤ ਨਰਸਾਂ ਨੇ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ ਜਦਕਿ 29 ਫੀਸਦੀ ਨੂੰ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।
‘ਜਰਨਲ ਆਫ਼ ਮੈਡੀਸਨ’ ਦੀ ਇੱਕ ਸਰਵੇਖਣ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ 30 ਫੀਸਦੀ ਔਰਤ ਡਾਕਟਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ।
ਪਾਕਿਸਤਾਨ ਆਰਥਿਕ ਸਰਵੇਖਣ ਦੀ ਤਾਜ਼ਾ ਰਿਪੋਰਟ ਅਨੁਸਾਰ 24 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਪਾਕਿਸਤਾਨ ਵਿੱਚ ਸਿਰਫ਼ 3 ਲੱਖ ਡਾਕਟਰ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੀ ਘੱਟ ਔਰਤਾਂ ਹਨ, ਜਦਕਿ ਨਰਸਾਂ ਦੀ ਗਿਣਤੀ 1 ਲੱਖ 27 ਹਜ਼ਾਰ ਹੈ।
'ਰੇਪ ਤੋਂ ਬਾਅਦ ਨਰਸ ਨੇ ਛੱਤ ਤੋਂ ਛਾਲ ਮਾਰੀ'

ਡਾਕਟਰ ਸਮੀਆ ਨੇ ਇੱਕ ਹੋਰ ਮਾਮਲੇ ਬਾਰੇ ਦੱਸਿਆ, ਜਿਸ ਵਿੱਚ ਇੱਕ ਨੌਜਵਾਨ ਨਰਸ ਨੂੰ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ ਸੀ।
ਉਸ ਨੇ ਦੱਸਿਆ, "ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੇ ਇੱਕ ਨਰਸ ਨੂੰ ਧੋਖਾ ਦੇ ਕੇ ਉਸ ਨੂੰ ਆਪਣੇ ਹੋਸਟਲ ਵਿੱਚ ਬੁਲਾਇਆ ਜਿੱਥੇ ਉਹ ਠਹਿਰੇ ਹੋਏ ਸਨ। ਉੱਥੇ ਉਹ ਇਕੱਲਾ ਨਹੀਂ ਸੀ ਸਗੋਂ ਉਸ ਦੇ ਦੋ ਡਾਕਟਰ ਦੋਸਤ ਵੀ ਉਸਦੇ ਨਾਲ ਮੌਜੂਦ ਸਨ।"
"ਉਸ ਕੁੜੀ ਨੇ ਉੱਥੇ ਛੱਤ ਤੋਂ ਛਾਲ ਮਾਰ ਦਿੱਤੀ ਅਤੇ ਫਿਰ ਕੋਮਾ ਵਿੱਚ ਚਲੀ ਗਈ। ਉਸ ਨੌਜਵਾਨ ਨਰਸ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਵਿੱਚ ਕੁਝ ਵੀ ਰਜ਼ਾਮੰਦੀ ਨਾਲ ਨਹੀਂ ਹੋਇਆ ਸੀ। ਪਰ ਕੁੜੀ ਨੇ ਫ਼ੈਸਲਾ ਲਿਆ ਕਿ ਉਹ ਇਸ ਮਾਮਲੇ ਦੀ ਰਿਪੋਰਟ ਨਹੀਂ ਕਰੇਗੀ।"
ਉਹ ਕਹਿੰਦੀ ਹੈ, "ਮੈਨੂੰ ਨਹੀਂ ਪਤਾ ਕਿ ਉਹ ਨਰਸ ਅੱਜ ਕਿੱਥੇ ਹੈ। ਉਹ ਨੌਕਰੀ ਛੱਡ ਕੇ ਚਲੀ ਗਈ ਹੈ।"
"ਜੇਕਰ ਕੇਸ ਚੱਲਦਾ ਤਾਂ ਉਸ ʼਤੇ ਹੀ ਇਲਜ਼ਾਮ ਲੱਗਦਾ ਕਿ ਉਹ ਅਜਿਹੀ ਹੀ ਹੈ। ਆਖ਼ਰਕਾਰ, ਆਖ਼ਰ ਉਹ ਕਿਸ-ਕਿਸ ਨਾਲ ਲੜਦੀ। ਇਸ ਲਈ ਉਹ ਨੌਕਰੀ ਛੱਡ ਕੇ ਚਲੀ ਗਈ।"
ਉਹ ਦੱਸਦੀ ਹੈ, "ਕਿਸੇ ਹੋਰ ਸਰਕਾਰੀ ਹਸਪਤਾਲ ਦੀ ਇੱਕ ਡਾਕਟਰ ਨੂੰ ਕਈ ਹਫ਼ਤਿਆਂ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਉਸ ਨੂੰ ਬਲੈਕਮੇਲ ਕਰਨ ਵਾਲਾ ਵਿਅਕਤੀ ਖ਼ੁਦ ਇੱਕ ਡਾਕਟਰ ਸੀ, ਜਿਸ ਨੇ ਹਸਪਤਾਲ ਦੇ ਵਾਸ਼ਰੂਮ ਵਿੱਚ ਲੱਗੇ ਰੌਸ਼ਨਦਾਨ ਤੋਂ ਉਸ ਦੀ ਵੀਡੀਓ ਕਲਿੱਪ ਬਣਾ ਲਈ ਸੀ।"
"ਲੇਡੀ ਡਾਕਟਰ ਨੇ ਉਸ ਹਸਪਤਾਲ ਦੀਆਂ ਕੁਝ ਸੀਨੀਅਰ ਡਾਕਟਰਾਂ ਦੀ ਮਦਦ ਲਈ ਅਤੇ ਪੁਲਿਸ ਨਾਲ ਸੰਪਰਕ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।"
ਲੇਡੀ ਡਾਕਟਰ ਨਹੀਂ ਚਾਹੁੰਦੀ ਸੀ ਕਿ ਇਹ ਮਾਮਲਾ ਕਈ ਲੋਕਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚੇ।
ਡਾਕਟਰ ਸਮੀਆ ਅਨੁਸਾਰ, "ਇੱਕ ਹੋਰ ਨੌਜਵਾਨ ਔਰਤ ਡਾਕਟਰ ਨੂੰ ਇੱਕ ਸੀਨੀਅਰ ਡਾਕਟਰ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਸੀ। ਉਸ ਡਾਕਟਰ ਨੇ ਆਪਣੇ ਪਤੀ ਅਤੇ ਸਹੁਰੇ ਦੀ ਮਦਦ ਨਾਲ ਸ਼ਿਕਾਇਤ ਦਰਜ ਕਰਵਾਈ ਸੀ।"
"ਇਸ ਸ਼ੋਸ਼ਣ ਦੀ ਜਾਂਚ ਅਗਲੇ ਛੇ ਮਹੀਨੇ ਤੱਕ ਚੱਲਦੀ ਰਹੀ। ਇਸ ਲੇਡੀ ਡਾਕਟਰ ਨੇ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਪਰ ਅੰਤ ਵਿੱਚ ਕੁਝ ਨਹੀਂ ਹੋਇਆ।"
ਉਸ ਦਾ ਕਹਿਣਾ ਹੈ ਕਿ ਇਸ ਦੌਰਾਨ ਹਸਪਤਾਲ ਦੇ ਹੋਰ ਸਾਥੀ ਵੀ ਉਸ ਤੋਂ ਦੂਰ ਰਹਿਣ ਲੱਗੇ ਅਤੇ ਉਹ ਸਮਾਜਿਕ ਤੌਰ 'ਤੇ ਇਕੱਲੀ ਰਹਿ ਗਈ।
ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤੈਨਾਤ ਇੱਕ ਔਰਤ ਡਾਕਟਰ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਅਜਿਹੀ ਕੋਈ ਰਸਮੀ ਕਮੇਟੀ ਨਹੀਂ ਹੈ ਜਿੱਥੇ ਔਰਤਾਂ ਪੂਰੇ ਵਿਸ਼ਵਾਸ ਨਾਲ ਆਪਣੀ ਸ਼ਿਕਾਇਤ ਕਰ ਸਕਣ।
ਉਹ ਕਹਿੰਦੀ ਹੈ, "ਜਿਨ੍ਹਾਂ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਜਾਂ ਤਾਂ ਉਹੀ ਡਾਕਟਰ ਮੌਜੂਦ ਹੁੰਦੇ ਹਨ ਜੋ ਛੇੜਛਾੜ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੁੰਦੇ ਹਨ ਜਾਂ ਉਨ੍ਹਾਂ ਦੇ ਦੋਸਤ ਉਨ੍ਹਾਂ ਕਮੇਟੀਆਂ ਦਾ ਹਿੱਸਾ ਹੁੰਦੇ ਹਨ।"
"ਸਾਡੇ ਕੋਲ ਯੰਗ ਡਾਕਟਰਜ਼ ਐਸੋਸੀਏਸ਼ਨ ਦਾ ਇੱਕ ਪਲੇਟਫਾਰਮ ਹੈ ਪਰ ਤੁਸੀਂ ਦੇਖੋ, ਉੱਥੇ ਵੀ ਤਾਂ ਇਹੀ ਲੋਕ ਹਨ ਨਾ! ਲੋਕ ਹਨ, ਫਿਰ ਕੋਈ ਸ਼ਿਕਾਇਤ ਕਰਕੇ ਆਪਣਾ ਜ਼ਿੰਦਗੀ ਨੂੰ ਹੋਰ ਮੁਸ਼ਕਲ ਵਿੱਚ ਕਿਉਂ ਪਾਵੇ?"
'ਡਿਊਟੀ 'ਤੇ ਇੱਕ ਕੁੜੀ ਡਾਕਟਰ ਹੋਣੀ ਚਾਹੀਦੀ ਹੈ'

ਡਾ: ਆਮਨਾ (ਬਦਲਿਆ ਹੋਇਆ ਨਾਮ) ਅੱਠ ਸਾਲ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਬਤੌਰ ਰੈਜ਼ੀਡੈਂਟ ਅਫ਼ਸਰ ਕੰਮ ਕਰ ਰਹੀ ਸੀ।
ਉਸ ਲਈ, ਮਰੀਜ਼ਾਂ ਨਾਲ ਭਰੇ ਵਾਰਡ ਦਾ ਪ੍ਰਬੰਧ ਕਰਨ ਨਾਲੋਂ ਵੀ ਵੱਧ ਦਬਾਅ ਸੀ ਉਹ ਨਜ਼ਰਾਂ ਸਨ ਜੋ ਲਗਾਤਾਰ ਉਸ ਨੂੰ ਦੇਖਦੀਆਂ ਰਹਿੰਦੀਆਂ ਸਨ।
ਉਹ ਕਹਿੰਦੀ ਹੈ, "ਉਹ ਸ਼ਖ਼ਸ ਮੇਰਾ ਸੀਨੀਅਰ ਡਾਕਟਰ ਸੀ ਅਤੇ ਉਸ ਦਾ ਪਿਛੋਕੜ ਬਹੁਤ ਮਜ਼ਬੂਤ ਸੀ। ਉਹ ਬਿਨਾਂ ਕਿਸੇ ਕਾਰਨ ਮੇਰੇ ਫਰੈਂਕ ਹੋਣ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਮੈਂ ਵਾਰਡ ਵਿੱਚ ਮਰੀਜ਼ਾਂ ਦੀ ਜਾਂਚ ਕਰਦੀ ਸੀ ਤਾਂ ਉਹ ਮੇਰੇ ਨਾਲ ਲੱਗ ਕੇ ਖੜ੍ਹਨ ਦੀ ਕੋਸ਼ਿਸ਼ ਕਰਦਾ ਸੀ।"
"ਮੇਰੇ ਹੱਥ ਦੀ ਫਾਈਲ ਦੇਖ ਕੇ ਉਹ ਉਸ 'ਤੇ ਝੁਕਣ ਦੀ ਕੋਸ਼ਿਸ਼ ਕਰਦਾ। ਅਜੀਬ ਅਤੇ ਦੋਹਰੇ ਅਰਥਾਂ ਵਾਲੇ ਚੁਟਕਲਿਆਂ ਦੀ ਵਰਤੋਂ ਕਰਦਾ। ਸਭ ਤੋਂ ਔਖਾ ਸਮਾਂ ਰਾਤ ਦੀ ਸ਼ਿਫਟ ਦਾ ਹੁੰਦਾ ਸੀ। ਉਹ ਸਵੇਰੇ ਤਿੰਨ-ਚਾਰ ਵਜੇ ਵਾਰਡ ਵਿੱਚ ਆ ਜਾਂਦਾ ਅਤੇ ਬੇਮਤਲਬ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ।"
ਇਸ ਮਹਿਲਾ ਡਾਕਟਰ ਨੇ ਅਜਿਹੀਆਂ ਹਰਕਤਾਂ ਤੋਂ ਤੰਗ ਆ ਕੇ ਹਸਪਤਾਲ ਪ੍ਰਸ਼ਾਸਨ ਕੋਲ ਉਸ ਡਾਕਟਰ ਦੀ ਸ਼ਿਕਾਇਤ ਕੀਤੀ।
ਉਨ੍ਹਾਂ ਜੋ ਜਵਾਬ ਮਿਲਿਆ ਉਹ ਇਸ ਤਰ੍ਹਾਂ ਸੀ,“ਤੁਹਾਨੂੰ ਇਥੇ ਆਇਆ ਨੂੰ ਹਾਲੇ ਕੁਝ ਹੀ ਦਿਨ ਹੋਏ ਹਨ ਅਤੇ ਇਸ ਗੱਲ ਦਾ ਕੀ ਸਬੂਤ ਹੈ ਤੁਹਾਡੇ ਕੋਲ..ਅਸੀਂ ਉਸ ਸਖਸ਼ ਨੂੰ ਸੱਤ ਸਾਲ ਵਿੱਚ ਠੀਕ ਨਹੀਂ ਕਰ ਸਕੇ। ਤੁਹਾਡੀ ਸ਼ਿਕਾਇਤ ਨਾਲ ਕੁਝ ਨਹੀਂ ਬਦਲਣਾ ਅਤੇ ਤੁਹਾਡੀ ਗੱਲ ’ਤੇ ਕੋਈ ਯਕੀਨ ਵੀ ਨਹੀਂ ਕਰੇਗਾ।”
ਉਹ ਦੱਸਦੇ ਹਨ ਕਿ ਜਦੋਂ ਮਹਿਲਾ ਡਾਕਟਰ ਜਾਂ ਨਰਸ ਛੇੜਛਾੜ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ।
ਉਹ ਕਹਿੰਦੇ ਹਨ,“ਮਹਿਲਾ ਡਾਕਟਰ ਅਜਿਹੀਆਂ ਹਰਕਤਾਂ ਅਤੇ ਛੇੜਛਾੜ ਦੀ ਸ਼ਿਕਾਇਤ ਵੀ ਕਰਦੀਆਂ ਹਨ ਪਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਸਬੂਤ ਵੀ ਲੈ ਕੇ ਆਓ। ਅਕਸਰ ਡਾਕਟਰਾਂ ਤੇ ਨਰਸਾਂ ਨੇ ਵੀਡੀਓ ਬਣਾ ਕੇ ਵੀ ਅਜਿਹੀ ਘਟਨਾ ਦੀ ਜਾਣਕਾਰੀ ਦਿੱਤੀ ਪਰ ਫਿਰ ਵੀ ਕੁਝ ਨਹੀਂ ਹੋਇਆ।
ਅਜਿਹੇ ਜਿਨਸੀ ਸ਼ੋਸ਼ਣ ਕਰਨ ਵਾਲੇ ਡਾਕਟਰ ਨੂੰ ਦੋ-ਤਿੰਨ ਮਹੀਨਿਆਂ ਲਈ ਕਿਸੇ ਦੂਜੇ ਵਾਰਡ ਵਿੱਚ ਭੇਜ ਦਿੱਤਾ ਜਾਂਦਾ ਸੀ ਅਤੇ ਉਹ ਫਿਰ ਵਾਪਸ ਆ ਜਾਂਦਾ ਸੀ।”
ਬੀਬੀਸੀ ਨਾਲ ਗੱਲਬਾਤ ਕਰਦਿਆਂ ਮੈਡੀਕਲ ਵਿਭਾਗ ਨਾਲ ਸਬੰਧਤ ਕਈ ਮਹਿਲਾ ਡਾਕਟਰਾਂ ਨੇ ਦੱਸਿਆ ਕਿ ਅਜਿਹਾ ਵੀ ਇੱਕ ਪੈਟਰਨ ਹੈ ਜਿਥੇ ਮਹਿਲਾਵਾਂ ਨੂੰ ਉਨ੍ਹਾਂ ਦੇ ‘ਲੜਕੀ ਹੋਣ ਅਤੇ ਖੂਬਸੂਰਤ ਹੋਣ ਕਾਰਨ ਇਕ ਖਾਸ ਢੰਗ ਨਾਲ ਟਾਰਗੇਟ ਕੀਤਾ ਜਾਂਦਾ ਹੈ।’
ਡਾਕਟਰ ਸਾਦਿਆ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਾਨੂੰ ਉਸ ਸਮੇਂ ਬਾਰੇ ਦੱਸਿਆ ਜਦੋਂ ਉਹ ਇੱਕ ਸਰਕਾਰੀ ਹਸਪਤਾਲ ਵਿੱਚ ਹਾਊਸ ਜੌਬ ਕਰ ਰਹੀ ਸੀ।
ਉਨ੍ਹਾਂ ਦਾਅਵਾ ਕੀਤਾ,“ਜਦੋਂ ਮੈਂ ਮੈਡੀਸਨ ਵਾਰਡ ਵਿੱਚ ਸੀ ਤਾਂ ਸਾਡੇ ਸੀਨੀਅਰ ਕੰਸਲਟੈਂਟ ਡਾਕਟਰ ਸੀ। ਉਹ ਉਸ ਵਾਰਡ ਵਿੱਚ ਡਾਕਟਰਾਂ ਦੀ ਡਿਊਟੀ ਅਤੇ ਰੋਟੇਸ਼ਨ ਇਹ ਦੇਖ ਕੇ ਲਗਾਉਂਦੇ ਸੀ ਕਿ ਲੜਕੀ ਹੋਣੀ ਚਾਹੀਦੀ ਹੈ ਅਤੇ ਪਿਆਰੀ ਹੋਣੀ ਚਾਹੀਦੀ ਹੈ।”
“ਫਿਰ ਉਹ ‘ਹਾਊਸ ਆਫ ਦਿ ਮੰਥ’ ਦਾ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ। ਹਰ ਮਹੀਨੇ ਉਸ ਐਵਾਰਡ ਦੀ ਸ਼ਰਤ ਇਹ ਹੁੰਦੀ ਸੀ ਕਿ ਬਸ ਐਵਾਰਡ ਉਸੇ ਡਾਕਟਰ ਨੂੰ ਮਿਲੇਗਾ ਜੋ ਲੜਕੀ ਹੋ ਅਤੇ ਪਿਆਰੀ ਹੋ। ਉਦੋਂ ਅਸੀਂ ਇਹ ਵੀ ਸੁਣਦੇ ਸੀ ਕਿ ਉਸ ਦਾ ਵਿਆਹ ਹੋ ਚੁੱਕਾ ਹੈ, ਉਸ ਨੂੰ ਐਵਾਰਡ ਦੇਣ ਦਾ ਕੋਈ ਫਾਇਦਾ ਨਹੀਂ।”
ਉਹ ਕਹਿੰਦੇ ਹਨ ਕਿ ਅਜਿਹੇ ਰਵੱਈਏ ਬਾਰੇ ਹਸਪਤਾਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਜਾਂਦੀ ਹੈ “ਪਰ ਉਨ੍ਹਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਉਨ੍ਹਾਂ ਨੂੰ ਕੋਈ ਨਤੀਜਾ ਨਹੀਂ ਭੁਗਤਣਾ ਪੈਂਦਾ ਅਤੇ ਉਨ੍ਹਾਂ ਲਈ ਸਾਰੇ ਰਸਤੇ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਰਹਿੰਦੇ ਸੀ।”
ਨਸ਼ਾ ਕਰ ਕੇ ਮਹਿਲਾ ਸਟਾਫ ਨਾਲ ਛੇੜਛਾੜ

ਇੱਕ ਪਾਸੇ ਜਿੱਥੇ ਮਹਿਲਾ ਸਿਹਤ ਕਰਮਚਾਰੀਆਂ ਲਈ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਸਾਥੀ ਮੈਡੀਕਲ ਕਰਮਚਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਵਰਗੀਆਂ ਘਟਨਾਵਾਂ ਦਾ ਡਰ ਬਣਿਆ ਹੋਇਆ ਹੈ।
ਉਥੇ ਹੀ ਮਹਿਲਾ ਡਾਕਟਰਾਂ ਅਤੇ ਨਰਸਾਂ ਨੂੰ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੇ ਹਮਲੇ ਤੋਂ ਵੀ ਡਰ ਬਣਿਆ ਰਹਿੰਦਾ ਹੈ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਘੱਟੋ-ਘੱਟ ਤਿੰਨ ਮਹਿਲਾ ਡਾਕਟਰਾਂ ਨੇ ਖੁਦ ’ਤੇ ਹੋਣ ਵਾਲੇ ਹਮਲੇ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਮਰੀਜ਼ ਜਾਂ ਸੇਵਾਦਾਰ ਨਹੀਂ ਬਲਕਿ ਆਮ ਲੋਕ ਸੀ, ਜੋ ਨਸ਼ੇ ਦੀ ਹਾਲਤ ਵਿੱਚ ਹਸਪਤਾਲ ਦਾਖਲ ਹੋਏ ਸਨ।
ਉਨ੍ਹਾਂ ਹਸਪਤਾਲਾਂ ਵਿੱਚ ਸੁਰੱਖਿਆ ਦੀ ਖਾਸ ਸਹੂਲਤ ਨਹੀਂ ਹੁੰਦੀ ਅਤੇ ਕੋਈ ਵੀ ਆਮ ਹਸਪਤਾਲ ਵਿੱਚ ਆ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਹਾਲਾਤ ਬੱਦਤਰ ਹਨ।
ਡਾਕਟਰ ਸਮੀਆ ਸਈਅਦ ਕਹਿੰਦੇ ਹਨ,“ਸਰਕਾਰੀ ਹਸਪਤਾਲ ਇੱਕ ਪਬਲਿਕ ਪ੍ਰਾਪਰਟੀ ਹੈ ਤਾਂ ਉਨ੍ਹਾਂ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਮੈਡੀਕਲ ਸਟਾਫ, ਚਾਹੇ ਉਹ ਮਰਦ ਹੋਵੇ ਜਾਂ ਔਰਤ, ਨੂੰ ਪਬਲਿਕ ਪ੍ਰਾਪਰਟੀ ਹੀ ਸਮਝਿਆ ਜਾਂਦਾ ਹੈ। ਯਾਨੀ ਜੇ ਕਿਸੇ ਨੂੰ ਸ਼ੀਸ਼ਾ ਤੋੜਨਾ ਹੋਵੇ ਤਾਂ ਉਹ ਮੇਰੇ ਸਿਰ ֺ’ਤੇ ਵੀ ਤੋੜ ਸਕਦਾ ਹੈ।”
ਡਾਕਟਰ ਸਾਦਿਆ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਕਈ ਸਾਥੀ ਡਾਕਟਰਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ।
ਉਹ ਕਹਿੰਦੇ ਹਨ,“ਇਨ੍ਹਾਂ ਘਟਨਾਵਾਂ ’ਚ ਹਸਪਤਾਲ ਦਾ ਕਰਮੀ ਜਾਂ ਕਿਸੇ ਮਰੀਜ਼ ਦਾ ਰਿਸ਼ਤੇਦਾਰ ਸ਼ਾਮਲ ਨਹੀਂ ਸੀ ਬਲਕਿ ਅਜਿਹਾ ਕਰਨ ਵਾਲੇ ਨਸ਼ੇ ਦੀ ਹਾਲਤ ਵਿੱਚ ਹਸਪਤਾਲ ਦਾ ਚੱਕਰ ਲਗਾਉਣ ਵਾਲੇ ਲੋਕ ਸਨ।”
“ਉਦਾਹਰਣ ਲਈ ਇਕ ਸ਼ਾਮ ਨੂੰ ਮੇਰੀ ਸਾਥਣ ਕੁਝ ਦੂਜੀਆਂ ਡਾਕਟਰਾਂ ਨਾਲ ਦੂਜੇ ਵਾਰਡ ਵਿੱਚ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਸ਼ਰਾਬ ਨਾਲ ਰੱਜੇ ਇੱਕ ਵਿਅਕਤੀ ਨੇ ਛੇੜਨਾ ਸ਼ੁਰੂ ਕਰ ਦਿੱਤਾ। ਇਕ ਵਾਰ ਇਕ ਹੋਰ ਡਾਕਟਰ ਦੋਸਤ ’ਤੇ ਹਮਲਾ ਕਰ ਦਿੱਤਾ ਗਿਆ। ਉਥੇ ਸੁਰੱਖਿਆ ਕਰਮੀ ਨਹੀਂ ਸਨ।”
ਉਨ੍ਹਾਂ ਦੱਸਿਆ ਕਿ ਇਹ ਘਟਨਾ ਕਰਾਚੀ ਦੇ ਇੱਕ ਵੱਡੇ ਹਸਪਤਾਲ ਵਿੱਚ ਵਾਪਰੀ ਸੀ।
ਨਰਸ ਐਲਿਜ਼ਾਬੈਥ ਥੌਮਸ ਕਹਿੰਦੇ ਹਨ ਕਿ ਅਜਿਹੀਆਂ ਘਟਨਾਵਾਂ ਆਮ ਹਨ ਕਿ ਸ਼ਰਾਬ ਪੀ ਕੇ ਲੋਕ ਹਸਪਤਾਲਾਂ ਵਿੱਚ ਮਹਿਲਾ ਸਟਾਫ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਹਨ।
ਉਹ ਕਹਿੰਦੇ ਹਨ,“ਇੱਕ ਵਾਰ ਹਸਪਤਾਲ ਵਿੱਚ ਇੱਕ ਬੰਦਾ ਆਇਆ। ਉਹ ਸ਼ਰਾਬ ਨਾਲ ਰੱਜਿਆ ਹੋਇਆ ਸੀ। ਸਾਨੂੰ ਦੂਰ ਤੋਂ ਹੀ ਬੁਦਬੂ ਆ ਰਹੀ ਸੀ। ਉਹ ਵਾਰ-ਵਾਰ ਮਹਿਲਾ ਡਾਕਟਰ ਅਤੇ ਸਾਡੇ ਉਪਰ ਡਿੱਗਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਨੂੰ ਛੂਹਣ ਦੀ ਕੋਸ਼ਿਸ਼ ਕਰਦਾ ਤਾਂ ਕਦੇ ਹੱਥ ਫੜਨ ਦੀ ਕੋਸ਼ਿਸ਼ ਕਰਦਾ।”
“ਉਸ ਨੇ ਮੇਰੇ ਨਾਲ ਮੌਜੂਦ ਡਾਕਟਰ ਦੀ ਚੁੰਨੀ ਖਿੱਚ ਲਈ। ਅਜਿਹੇ ਮੌਕੇ ਵਿੱਚ ਅਸੀਂ ਬਹੁਤ ਘਬਰਾਅ ਜਾਂਦੇ ਹਾਂ ਕਿ ਹੁਣ ਕੀ ਕਰੀਏ। ਉਸ ਆਦਮੀ ਦਾ ਇਲਾਜ ਕਰੀਏ ਜਾਂ ਆਪਣੀ ਰੱਖਿਆ। ਅਸੀਂ ਬਹੁਤ ਬੇਬੱਸ ਮਹਿਸੂਸ ਕਰਦੀਆਂ ਹਾਂ।”
ਬੀਬੀਸੀ ਨਾਲ ਗੱਲਬਾਤ ਕਰਦਿਆਂ ਲਾਹੌਰ ਦੇ ਇੱਕ ਹਸਪਤਾਲ ਵਿੱਚ ਬਤੌਰ ਦੰਦਾਂ ਦੀ ਡਾਕਟਰ ਨੇ ਅਜਿਹੀ ਹੀ ਇੱਕ ਘਟਨਾ ਦਾ ਜ਼ਿਕਰ ਕੀਤਾ।
ਉਹ ਕਹਿੰਦੇ ਹਨ,“ਮੇਰੇ ਕਮਰੇ ਵਿੱਚ ਇੱਕ ਸਖਸ਼ ਆਇਆ, ਜੋ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਸੀ। ਉਸ ਨੇ ਕਿਹਾ ਕਿ ਉਹ ਮੇਰੇ ਦੰਦ ਦੇਖੇ। ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ। ਪਰ ਬਤੌਰ ਡਾਕਟਰ ਅਸੀਂ ਮਰੀਜ਼ ਦੀ ਜਾਂਚ ਲਈ ਮਨ੍ਹਾਂ ਨਹੀਂ ਕਰ ਸਕਦੇ।”
“ਮੈਂ ਉਸ ਵਿਅਕਤੀ ਨੂੰ ਬੈਠਣ ਲਈ ਕਿਹਾ ਪਰ ਉਸ ਨੇ ਮੇਰੇ ਉਪਰ ਡਿੱਗਣ ਦੀ ਕੋਸ਼ਿਸ਼ ਕੀਤੀ। ਮੇਰੇ ਪਤੀ ਵੀ ਉਸੇ ਕਮਰੇ ਵਿੱਚ ਮੌਜੂਦ ਸਨ। ਉਨ੍ਹਾਂ ਨੇ ਉਸ ਵਿਅਕਤੀ ਨੂੰ ਦੇਖ ਲਿਆ। ਉਹ ਅਤੇ ਦੂਜੇ ਮੁਲਾਜ਼ਮ ਭੱਜਦੇ ਹੋਏ ਆਏ ਤੇ ਉਸ ਵਿਅਕਤੀ ਨੂੰ ਬਾਹਰ ਕੱਢ ਦਿੱਤਾ। ਮੈਂ ਅੱਜ ਤੱਕ ਇਹ ਘਟਨਾ ਭੁੱਲ ਨਹੀਂ ਸਕੀ।”
‘ਇਨਜੈਕਸ਼ਨ ਲਗਾਓ ਨਹੀਂ ਮਾਰ ਦੇਵਾਂਗਾ’

ਪਾਕਿਸਤਾਨ ਇਕੋਨਾਮਿਕ ਸਰਵੇ 2023 ਦੇ ਅਨੁਸਾਰ ਦੇਸ਼ ’ਚ ਸਰਕਾਰੀ ਹਸਪਤਾਲਾਂ ਦੀ ਗਿਣਤੀ ਕੇਵਲ 1284 ਹੈ। ਪਰ ਇਥੇ ਸੁਰੱਖਿਆ ਦੇ ਹਾਲਾਤ ਬਹੁਤ ਮਾੜੇ ਹਨ। ਜ਼ਿਆਦਾਤਾਰ ਹਸਪਤਾਲਾਂ ਵਿੱਚ ਕੈਮਰੇ ਨਹੀਂ ਹਨ ਜਾਂ ਘੱਟ ਹਨ ਜਾਂ ਕੰਮ ਹੀ ਨਹੀਂ ਕਰਦੇ।
ਉਨ੍ਹਾਂ ਸਾਰੇ ਹਸਪਤਾਲਾਂ ਵਿੱਚ ਹਰ ਦਿਨ ਹਜ਼ਾਰਾਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਆਉਂਦੇ ਹਨ ਅਤੇ ਹੁਣ ਮੈਡੀਕਲ ਸਟਾਫ ’ਤੇ ਹਮਲਾ ਆਮ ਗੱਲ ਹੋ ਚੁੱਕੀ ਹੈ।
ਡਾਕਟਰ ਸਮੀਆ ਦੱਸਦੇ ਹਨ ਕਿ ਉਨ੍ਹਾਂ ’ਤੇ ਪਹਿਲੀ ਵਾਰ ਇੱਕ ਹਿੰਸਕ ਭੀੜ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਨ੍ਹਾਂ ਨੂੰ ਆਪਣਾ ਕਰੀਅਰ ਸ਼ੁਰੂ ਕੀਤੇ ਹੋਏ ਨੂੰ ਹਾਲੇ ਸਿਰਫ ਛੇ ਸਾਲ ਹੋਏ ਸਨ।
ਉਹ ਕਹਿੰਦੇ ਹਨ,“ਮੇਰੇ ਨਾਲ ਤਾਂ ਹਿੰਸਕ ਭੀੜ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਇਹ ਹਮਲੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਵੀ ਕੀਤੇ ਹਨ ਅਤੇ ਮੇਰੇ ਆਲੇ-ਦੁਆਲੇ ਦੇ ਡਾਕਟਰਾਂ ਨੇ ਵੀ।
ਇਕ ਵਾਰ ਮੈਂ ਤਿੰਨ ਮਹਿਲਾਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨਾ ਸੀ। ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਪੋਸਟਮਾਰਟਮ ਨਹੀਂ ਕਰਵਾਉਣਾ।”
“ਫਿਰ 50-60 ਵਿਅਕਤੀਆਂ ਦੀ ਭੀੜ ਇਕੱਠੀ ਹੋ ਗਈ ਤੇ ਮੈਨੂੰ ਧੱਕਾ ਮਾਰ ਕੇ ਕੰਧ ਨਾਲ ਲਾ ਲਿਆ। ਉਹ ਮੈਨੂੰ ਉਥੋਂ ਨਿਕਲਣ ਵੀ ਨਹੀਂ ਦੇ ਰਹੇ ਸਨ। ਇਥੇ ਭੀੜ ਦੇ ਹਮਲੇ ਆਮ ਗੱਲ ਹਨ,ਸਾਡੇ ਹਸਪਤਾਲਾਂ ਵਿੱਚ ਸੁਰੱਖਿਆ ਦੀ ਸਹੂਲਤ ਨਹੀਂ ਹੈ। ਹੁਣ ਸਿੰਧ ਸਰਕਾਰ ਨੇ ਕੁਝ ਸੁਰੱਖਿਆ ਕਰਮੀ ਲਗਾਏ ਹਨ ਪਰ ਇਹ ਕਾਫੀ ਨਹੀਂ ਹਨ।”
ਉਹ ਦੱਸਦੇ ਹਨ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਹੀ ਪ੍ਰੇਸ਼ਾਨ ਕੀਤਾ।
ਉਨ੍ਹਾਂ ਕਿਹਾ,“ਮੇਰੇ ਆਪਣੇ ਸਾਥੀ ਡਾਕਟਰ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਉਹ ਮੇਰੇ ਤੋਂ ਜਬਰਦਸਤੀ ਇਕ ਰਿਪੋਰਟ ’ਤੇ ਦਸਤਖਤ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਦਸਤਖਤ ਕਰੋ ਨਹੀਂ ਤੁਹਾਨੂੰ ਅੰਦਾਜ਼ਾ ਨਹੀਂ ਕਿ ਅਸੀਂ ਤੁਹਾਡੇ ਨਾਲ ਕੀ ਕਰਾਂਗੇ।”
“ਬਾਹਰ ਮੌਜੂਦ ਲੋਕਾਂ ਨੇ ਮੇਰੇ ਦਰਵਾਜ਼ੇ ਨੂੰ ਤੋੜ ਕੇ ਮੈਨੂੰ ਕੱਢਿਆ ਨਹੀਂ ਹੁੰਦਾ ਤਾਂ ਪਤਾ ਨਹੀਂ ਕੀ ਹੋ ਜਾਂਦਾ। ਮੈਂ ਹੁਣ ਵੀ ਉਸ ਘਟਨਾ ਬਾਰੇ ਗੱਲ ਨਹੀਂ ਕਰ ਸਕਦੀ। ਮੈਂ ਉਸ ਕਮਰੇ ਵਿੱਚ ਮੁੜ ਨਹੀਂ ਜਾ ਸਕਦੀ। ਮੈਂ ਕੇਸ ਕੀਤਾ, ਹਰ ਥਾਂ ਗਈ ਪਰ ਮੈਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ।”
ਡਾਕਟਰ ਸਾਦੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਾਰ ਉਸ ਸਮੇਂ ਆਪਣੀ ਜ਼ਿੰਦਗੀ ਬਚਾਉਣ ਲਈ ਲੁਕਣਾ ਪਿਆ ਜਦੋਂ ਇਕ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ’ਤੇ ਇਸ ਲਈ ਹਮਲਾ ਕਰ ਦਿੱਤਾ ਕਿ ਉਹ ਮਰੀਜ਼ ਨੂੰ ਇਕ ਖਾਸ ਇੰਜੈਕਸ਼ਨ ਲਗਾਉਣ ਲਈ ਉਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਸਨ।”
ਉਨ੍ਹਾਂ ਦੱਸਿਆ,“ਉਹ ਬੰਦਾ ਬਹੁਤ ਉੱਚੇ ਕੱਦ ਦਾ ਸੀ। ਉਹ ਮੇਰੇ ’ਤੇ ਚੀਕਣ ਲੱਗਾ, ਧਮਕੀਆਂ ਦਿੰਦਾ ਰਿਹਾ। ਉਸ ਨੇ ਕਿਹਾ ਕਿ ਹੁਣੇ ਇੰਨਜੈਕਸ਼ਨ ਲਗਾਓ ਨਹੀਂ ਮਾਰ ਦਵਾਂਗਾ।”
ਪਾਕਿਸਤਾਨ ਵਿੱਚ ਨਰਸਿੰਗ ਸਟਾਫ ’ਚ ਇੱਕ ਬਹੁਤ ਵੱਡੀ ਗਿਣਤੀ ਗੈਰ-ਮੁਸਲਿਮ ਮਰਦਾਂ ਤੇ ਔਰਤਾਂ ਦੀ ਹੈ।
ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਆਂ ਮਹਿਲਾ ਡਾਕਟਰਾਂ ਲਈ ਸਮੱਸਿਆਵਾਂ ਕਈ ਗੁਣਾਂ ਵੱਧ ਜਾਂਦੀਆਂ ਹਨ।
ਅਜਿਹੀਆਂ ਕੁਝ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਓਵਰਟਾਇਮ ਵੀ ਲਾਉਣਾ ਪੈਂਦਾ ਹੈ, ਖਾਸ ਤੌਰ ’ਤੇ ਉਦੋਂ ਜਦੋਂ ਮੁਸਲਿਮ ਨਰਸਾਂ ਤਿਉਹਾਰਾਂ ਲਈ ਛੁੱਟੀਆਂ ’ਤੇ ਜਾਂਦੀਆਂ ਹਨ ਜਾਂ ਰਮਜ਼ਾਨ ਦੇ ਮਹੀਨੇ ’ਚ ਜਦੋਂ ਉਨ੍ਹਾਂ ਦੀ ਸ਼ਿਫਟ ਦਾ ਸਮਾਂ ਘੱਟ ਕੀਤਾ ਜਾਂਦਾ ਹੈ।
ਨਰਸ ਐਲਿਜ਼ਾਬੇਥ ਥਾਮਸ ਨੇ ਕਿਹਾ ਕਿ ਗੈਰ-ਮੁਸਲਿਮ ਨਰਸਾਂ ਨੂੰ ਵੀ ਉਨ੍ਹਾਂ ਦੇ ਧਰਮ ਕਾਰਨ ਬੇਹੱਦ ਹੇਠਲੇ ਦਰਜੇ ਦਾ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹ ਕਹਿੰਦੇ ਹਨ, “ਮੈਂ ਕਈ ਨਰਸਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਜੇਕਰ ਉਹ ਗੱਲ ਨਹੀਂ ਮੰਨਦੀਆਂ ਤਾਂ ਉਨ੍ਹਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਅਸੀਂ ਤੁਹਾਡੇ ’ਤੇ ਈਸ਼ਨਿੰਦਾ ਦਾ ਦੋਸ਼ ਲਾਵਾਂਗੇ। ਜੇਕਰ ਇੱਕ ਚੰਗੀ ਦਿੱਖ ਵਾਲੀ ਨਰਸ ਹੈ, ਤਾਂ ਬੜੇ ਆਰਾਮ ਨਾਲ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਧਰਮ ਬਦਲ ਲਵੋ।”
“ਉਸ ਸਮੇਂ ਅਸੀਂ ਸੋਚ ਰਹੇ ਹੁੰਦੇ ਹਾਂ ਕਿ ਇਸ ਦਾ ਕੀ ਜਵਾਬ ਦਿੱਤਾ ਜਾਵੇ। ਜੇਕਰ ਅਸੀਂ ਹਾਂ ਵਿੱਚ ਜਵਾਬ ਨਹੀਂ ਦਿੱਤਾ ਤਾਂ ਕੀ ਪਤਾ ਸਾਡੇ ’ਤੇ ਈਸ਼ਨਿੰਦਾ ਦਾ ਝੂਠਾ ਇਲਜ਼ਾਮ ਹੀ ਲਗਾ ਦਿੱਤਾ ਜਾਵੇ। ਕਈ ਨਰਸਾਂ ਨਾਲ ਅਜਿਹਾ ਹੋਇਆ ਹੈ।”
ਕੋਲਕਾਤਾ ਦੀ ਘਟਨਾ ਦਾ ਅਸਰ

ਤਸਵੀਰ ਸਰੋਤ, Getty Images
ਕੋਲਕਾਤਾ ਵਿੱਚ ਇੱਕ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ ਤਾਜ਼ਾ ਘਟਨਾ ਤੋਂ ਬਾਅਦ, ਪਾਕਿਸਤਾਨ ਵਿੱਚ ਮਹਿਲਾ ਡਾਕਟਰਾਂ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਬਣਾਇਆ ਜਾਵੇ।
ਡਾਕਟਰ ਸਾਦਿਆ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਕੁਝ ਬਦਲਾਅ ਕੀਤੇ ਹਨ।
ਉਨ੍ਹਾਂ ਨੇ ਕਿਹਾ, “ਮੈਂ ਇਹ ਬਦਲਾਅ ਕੀਤਾ ਹੈ ਕਿ ਹੁਣ ਮੈਂ ਹਨੇਰੇ ਵਾਲੀ ਜਾਂ ਸੁੰਨਸਾਨ ਥਾਵਾਂ ’ਤੇ ਨਹੀਂ ਜਾਂਦੀ। ਪਹਿਲਾਂ ਮੈਂ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰਦੀ ਸੀ ਪਰ ਹੁਣ ਮੈਨੂੰ ਸੁਰੱਖਿਆ ਲਈ ਲਿਫਟ ਬਿਹਤਰ ਪਸੰਦ ਹੈ।"
ਐਲਿਜ਼ਾਬੇਥ ਥਾਮਸ ਦਾ ਕਹਿਣਾ ਹੈ ਕਿ ਉਸ ਘਟਨਾ ਤੋਂ ਬਾਅਦ ਉਸ ਨੂੰ ਸੌਣ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਹੈ।
ਉਹ ਕਹਿੰਦੀ ਹੈ,“ਮੇਰੀ ਸੱਤ ਸਾਲ ਦੀ ਬੇਟੀ ਹੈ ਅਤੇ ਉਹ ਅਕਸਰ ਕਹਿੰਦੀ ਹੈ ਕਿ ਮੈਂ ਡਾਕਟਰ ਬਣਾਂਗੀ। ਪਰ ਮੈਂ ਇਹ ਸੋਚਦੀ ਹਾਂ ਕਿ ਇਸ ਦੇਸ਼ ਵਿੱਚ ਮਹਿਲਾ ਡਾਕਟਰ ਸੁਰੱਖਿਅਤ ਹੈ?”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












