You’re viewing a text-only version of this website that uses less data. View the main version of the website including all images and videos.
370 ਸਾਲ ਪਹਿਲਾਂ ਅਮਰੀਕਾ 'ਚ 'ਚੁੜੇਲ' ਹੋਣ ਦੇ ਇਲਜ਼ਾਮ ਹੇਠ ਦਿੱਤੀ ਗਈ ਸੀ ਸਜ਼ਾ, ਹੁਣ ਲਿਆ ਗਿਆ ਇਹ ਫੈਸਲਾ
- ਲੇਖਕ, ਬਰਨ ਡੇਬਸਮੈਨ ਜੂਨੀਅਰ
- ਰੋਲ, ਬੀਬੀਸੀ ਪੱਤਰਕਾਰ
ਕਨੈਟੀਕਟ ਦੇ ਸੈਨੇਟ ਮੈਂਬਰਾਂ ਨੇ 370 ਸਾਲ ਬਾਅਦ, ਉਨ੍ਹਾਂ 12 ਲੋਕਾਂ ਨੂੰ ਬਰੀ ਕੀਤਾ, ਜਿਨ੍ਹਾਂ ਨੂੰ ਬਸਤੀਵਾਦੀ ਅਮਰੀਕਾ ਵਿੱਚ 'ਵਿਚਕਰਾਫ਼ਟ' ਯਾਨੀ ਜਾਦੂ ਟੂਣੇ ਕਰਨ ਦੇ ਇਲਜ਼ਾਮਾਂ ਹੇਠ ਸਜ਼ਾ ਦਿੱਤੀ ਗਈ ਸੀ। ਇਨ੍ਹਾਂ ਵਿੱਚ ਬਹੁਤੀਆਂ ਔਰਤਾਂ ਸਨ।
12 ਵਿੱਚੋਂ 11 ਨੂੰ ਮਾਮਲਿਆਂ ਦੀ ਸੁਣਵਾਈ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸੂਬੇ ਦੀ ਸੈਨੇਟ ਨੇ ਹੁਣ ਮੰਨਿਆਂ ਕਿ ਇਹ ਬੇਇਨਸਾਫੀ ਸੀ।
ਜਿਨ੍ਹਾਂ ਲੋਕਾਂ ’ਤੇ ਇਲਜ਼ਾਮ ਲਗਾਏ ਗਏ ਸਨ ਉਨ੍ਹਾਂ ਦੇ ਪਰਿਵਾਰ ਲੰਬੇ ਸਮੇਂ ਤੋਂ ਇਨਸਾਫ਼ ਲਈ ਮੁਹਿੰਮ ਚਲਾ ਰਹੇ ਸਨ।
17ਵੀਂ ਸਦੀ ਵਿੱਚ ਅਮਰੀਕਾ ਵਿੱਚ ਜਾਦੂ-ਟੂਣਿਆਂ ਦੇ ਨਾਮ ਹੇਠ ਦਰਜਨਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
370 ਸਾਲ ਬਾਅਦ ਇਸ ਮਾਮਲੇ 'ਤੇ ਵਿਚਾਰ
ਵੀਰਵਾਰ ਨੂੰ, ਕਨੈਟੀਕਟ ਦੀ ਸੈਨੇਟ ਨੇ 1600 ਦੇ ਮੱਧ ਵਿੱਚ ਚੱਲੇ ਮੁਕੱਦਮੇ ਵਿੱਚ ਦੋਸ਼ੀ ਠਹਿਰਾਏ ਲੋਕਾਂ ਨਾਲ ਸਬੰਧਿਤ ਮਾਮਲਾ ਸੁਣਿਆ ਤੇ 33-1 ਦੀ ਵੋਟ ਨਾਲ ਉਨ੍ਹਾਂ ਨੂੰ ਬਰੀ ਕਰ ਦਿੱਤਾ।
ਬਰੀ ਕਰਨ ਦੇ ਵਿਰੋਧ ਵਿੱਚ ਵੋਟ ਪਾਉਣ ਵਾਲੇ ਸੈਨੇਟਰ ਰੌਬ ਸੈਮਪਸਨ ਨੇ ਕਿਹਾ ਕਿ ਉਹ ਮੰਨਦੇ ਹਨ ਕਿ, “ਬੀਤੇ ਸਮਿਆਂ ਬਾਰੇ ਕੀ ਚੰਗਾ ਸੀ ਜਾਂ ਮਾੜਾ, ਉਸ ਬਾਰੇ ਸਾਨੂੰ ਗਿਆਨ ਨਹੀਂ ਹੈ।”
ਐਸੋਸੀਏਟਡ ਪ੍ਰੈਸ ਮੁਤਾਬਕ ਉਨ੍ਹਾਂ ਕਿਹਾ, “ਮੈਂ ਅਜਿਹੇ ਬਿੱਲ ਨੂੰ ਨਹੀਂ ਦੇਖਣਾ ਚਾਹੁੰਦਾ ਜੋ ਸਹੀ ਜਾਂ ਗਲਤ ਤਰੀਕੇ ਨਾਲ ਅਮਰੀਕਾ ਦੇ ਅਕਸ ਨੂੰ ਇੱਕ ਮਾੜੇ ਇਤਿਹਾਸ ਦੇ ਆਧਾਰ ’ਤੇ ਇੱਕ ਬੁਰੀ ਜਗ੍ਹਾ ਵਜੋਂ ਦਰਸਾਉਣ ਦੀ ਕੋਸ਼ਿਸ਼ ਹੋਣ।”
"ਮੈਂ ਸਿਰਫ਼ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਿੱਥੇ ਜਾ ਰਹੇ ਹਾਂ, ਜੋ ਬਿਹਤਰ ਤੇ ਸ਼ਾਨਦਾਰ ਭਵਿੱਖ ਹੈ।"
ਇਹ ਮਤਾ ਕਨੈਟੀਕਟ ਹਾਊਸ ਆਫ਼ ਰੀਪ੍ਰਜੈਂਨਟੇਟਿਵਜ਼ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਸੀ, ਜਿਸ ਦੇ ਹੱਕ ਵਿੱਚ 121 ਅਤੇ ਵਿਰੋਧ ਵਿੱਚ 30 ਵੋਟਾਂ ਪਈਆਂ ਸਨ।
ਦੋਸ਼ੀਆਂ ਦੇ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ
ਦੋਸ਼ੀਆਂ ਦੇ ਪਰਿਵਾਰ ਵਾਲਿਆਂ ਨੇ 2005 ਵਿੱਚ ‘ਸੀਟੀ ਵਿੱਚ ਟਰਾਇਲ ਐਕਸੋਨਰੇਸ਼ਨ ਪ੍ਰੋਜੈਕਟ’ ਨਾਮ ਦਾ ਇੱਕ ਸਮੂਹ ਬਣਾਇਆ ਸੀ ਜਿਸ ਨੇ ਦੋ ਦਹਾਕੇ ਆਪਣੇ ਪੁਰਵਜਾਂ ਲਈ ਇਨਸਾਫ਼ ਲਈ ਆਵਾਜ਼ ਉਠਾਈ ਸੀ। ਇਸ ਤੋਂ ਬਾਅਦ ਹੀ ਮਤਾ ਪਾਸ ਕੀਤਾ ਗਿਆ ਸੀ।
ਸਮੂਹ ਦਾ ਕਹਿਣਾ ਸੀ ਕਿ ਉਹ "ਖੁਸ਼ਹਾਲ, ਪ੍ਰਸੰਨ ਅਤੇ ਪ੍ਰਸ਼ੰਸਾਯੋਗ" ਹਨ, ਖ਼ਾਸ ਤੌਰ 'ਤੇ ਜਦੋਂ ਇਹ ਫ਼ੈਸਲਾ ਨਿਊ ਇੰਗਲੈਂਡ ਦੀ ਐਲਿਸ ਯੰਗ ਨੂੰ ਚੁੜੇਲ ਕਹਿ ਕੇ ਫਾਂਸੀ ਲੱਗਣ ਦੀ 376 ਵੀਂ ਵਰ੍ਹੇਗੰਢ ਮੌਕੇ ਆਇਆ ਹੈ।
"ਅਸੀਂ ਮਰਨ ਵਾਲਿਆਂ ਦੇ ਪਰਿਵਾਰਾਂ, ਵਕੀਲਾਂ, ਇਤਿਹਾਸਕਾਰਾਂ, ਦੋਵਾਂ ਪਾਰਟੀਆਂ ਦੇ ਵਿਧਾਇਕਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਅਧਿਕਾਰਿਤ ਮਤੇ ਨੂੰ ਸੰਭਵ ਬਣਾਇਆ।"
ਉਨ੍ਹਾਂ ਨੇ ਕਿਹਾ ਕਿ ਉਹ "ਚੁੜੇਲ ਮੁਕੱਦਮੇ ਬਾਰੇ ਇਤਿਹਾਸਕ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਪੀੜਤਾਂ ਦੀ ਯਾਦਗਾਰ ਬਣਾਉਣ ਲਈ ਆਪਣੀ ਜਦੋਜਹਿਦ ਜਾਰੀ ਰੱਖਣਗੇ।"
ਸੰਸਥਾ ਦੇ ਕੁਝ ਮੈਂਬਰਾਂ ਨੇ ਵੰਸ਼ਾਵਲੀ ਟੈਸਟਾਂ ਦੀ ਵਰਤੋਂ ਕਰਕੇ ਆਪਣੇ ਪਰਿਵਾਰਕ ਸਬੰਧਾਂ ਬਾਰੇ ਪਤਾ ਕੀਤਾ ਹੈ।
ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਦਲੀਲ ਹੈ ਕਿ ਹੁਣ ਬੇਕਸੂਰ ਸਾਬਤ ਹੋਣਾ ਵੀ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਲਈ ਇੱਕ ਅਹਿਮ ਕਦਮ ਹੈ।
370 ਸਾਲ ਬਾਅਦ ਬੇਕਸੂਰ ਸਾਬਤ ਹੋਣ ਦੀ ਕਹਾਣੀ
- 370 ਸਾਲ ਪਹਿਲਾਂ ਜਿਨ੍ਹਾਂ ਨੂੰ ਜਾਦੂ-ਟੂਣਿਆ ਦੇ ਇਲਜ਼ਾਮ ਹੇਠ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਨੂੰ ਹੁਣ ਬੇਕਸੂਰ ਕਿਹਾ ਗਿਆ
- ਸੈਂਕੜੇ ਦਹਾਕੇ ਪਹਿਲਾਂ 12 ਵਿੱਚੋਂ 11 ਨੂੰ ਮਾਮਲਿਆਂ ਦੀ ਸੁਣਵਾਈ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਸੀ।
- 1563 ਤੇ 1736 ਵਿਚਕਾਰ ਸਕੌਟਲੈਂਡ ਵਿੱਚ ਵਿਚਕਰਾਫ਼ਟ ਦੇ ਮਾਮਲੇ ਵਿੱਚ 4000 ਲੋਕਾਂ ਨੂੰ ਦੋਸ਼ੀ ਦੱਸਿਆ ਗਿਆ ਸੀ।
- 2005 ਵਿੱਚ ਪੀੜਤਾਂ ਦੇ ਪਰਿਵਾਰਾਂ ਨੇ ‘ਸੀਟੀ ਵਿਚ ਟਰਾਇਲ ਐਕਸੋਨਰੇਸ਼ਨ ਪ੍ਰੋਜੈਕਟ’ ਸੰਸਥਾ ਬਣਾਈ
- ਪਿਛਲੇ ਸਾਲ ਅਗਸਤ ਵਿੱਚ ਮੈਸੈਚੁਸੇਟਸ ਨੇ ਰਸਮੀ ਤੌਰ 'ਤੇ ਐਲਿਜ਼ਾਬੈਥ ਜੌਨਸਨ ਨੂੰ ਬੇਕਸੂਰ ਕਰਾਰ ਦਿੱਤਾ।
ਸਾਊਦ ਅਨਵਰ ਇੱਕ ਸੈਨੇਟਰ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਉਸ ਸਮੇਂ ਦਿਲਚਸਪੀ ਲਈ ਜਦੋਂ ਉਨ੍ਹਾਂ ਦੇ ਹਲਕੇ ਤੋਂ ਇੱਕ ਵਿਅਕਤੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁਰਖਿਆ ਨੇ ਕਿਸੇ 'ਤੇ ਜਾਦੂ-ਟੂਣਾ ਕਰਨ ਦਾ ਇਲਜ਼ਾਮ ਲਗਾਇਆ ਸੀ।
ਸਾਊਦ ਦਾਅਵਾ ਕਰਦੇ ਹਨ ਕਿ ਅਜਿਹੇ ਮੁਕੱਦਮੇ ਅੱਜ ਵੀ ਦੁਨੀਆਂ ਵਿੱਚ ਹੁੰਦੇ ਹਨ। ਉਹ ਕਹਿੰਦੇ ਹਨ, “ਇਹ ਸਬੰਧਿਤ ਹਨ, ਇਥੋਂ ਤੱਕ ਕਿ ਅੱਜ ਦੇ ਸਮੇਂ ਵਿੱਚ ਵੀ।”
ਵਿਚ ਟ੍ਰਾਇਲ ਐਕਸੋਨਰੇਸ਼ਨ ਪ੍ਰੋਜੈਕਟ ਦੇ ਮੈਂਬਰਾਂ ਨੂੰ ਆਸ ਹੈ ਕਿ ਪਿਛਲੀਆਂ ਗਲਤੀਆਂ ਨੂੰ ਠੀਕ ਕਰਨ ਦੇ ਨਾਲ-ਨਾਲ, ਇਹ ਪ੍ਰੀਕ੍ਰਿਆ ਡਰ, ਦੁਰਵਿਹਾਰ ਅਤੇ ਅੰਧਵਿਸ਼ਵਾਸ ਕਾਰਨ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਹੋਣ ਵਾਲੇ ਅਜਿਹੇ ਵਰਤਾਰੇ 'ਤੇ ਰੋਕ ਲਗਾਵੇਗੀ ਤੇ ਜਾਗਰੂਕਤਾ ਵੀ ਪੈਦਾ ਹੋਵੇਗੀ।
ਬਸਤੀਵਾਦੀ ਕਨੈਟੀਕਟ ਵਿੱਚ ਘੱਟੋ-ਘੱਟ 45 ਲੋਕਾਂ 'ਤੇ ਜਾਦੂ-ਟੂਣੇ ਦੇ ਇਲਜ਼ਾਮ ਲਗਾਏ ਗਏ ਸਨ, ਹਾਲਾਂਕਿ ਟ੍ਰਾਇਲ ਐਕਸੋਨਰੇਸ਼ਨ ਪ੍ਰੋਜੈਕਟ ਦਾ ਮੰਨਣਾ ਹੈ ਕਿ ਅੰਕੜੇ ਅਧੂਰੇ ਹਨ।
ਅਜਿਹੇ ਹੋਰ ਮਾਮਲੇ
ਮੈਸੈਚੁਸੇਟਸ ਨੇੜਲੇ ਵਿਚਕਰਾਫ਼ਟ ਮਾਮਲੇ ਬਾਰੇ ਲੋਕ ਵਧੇਰੇ ਵਿਆਪਕ ਪੱਧਰ 'ਤੇ ਜਾਣਦੇ ਹਨ। ਇਸ ਮੁਕੱਦਮੇ ਨੂੰ ‘ਸਲੇਮ ਵਿਚ ਟ੍ਰਾਇਲਸ’ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਕਰੀਬ 200 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ।
ਪਿਛਲੇ ਸਾਲ ਅਗਸਤ ਵਿੱਚ ਮੈਸੈਚੁਸੇਟਸ ਨੇ ਰਸਮੀ ਤੌਰ 'ਤੇ ਐਲਿਜ਼ਾਬੈਥ ਜੌਨਸਨ ਨੂੰ ਬੇਕਸੂਰ ਕਰਾਰ ਦਿੱਤਾ। ਉਹ ਸਲੇਮ ਵਿਚ ਟ੍ਰਾਇਲਸ’ ਦੌਰਾਨ ਦੋਸ਼ੀ ਠਹਿਰਾਏ ਜਾਣ ਵਾਲੇ ਆਖਰੀ ਵਿਅਕਤੀ ਸਨ।
ਜੋਨਸਨ ਨੂੰ ਸ਼ੁਰੂਆਤ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਗਈ ਤੇ ਉਹ 77 ਸਾਲ ਦੀ ਉਮਰ ਤੱਕ ਜਿਊਂਦੇ ਰਹੇ। ਇਤਿਹਾਸਕਾਰ ਹੁਣ ਮੰਨਦੇ ਹਨ ਕਿ ਉਹ ਮਾਨਸਿਕ ਅਪਾਹਜਤਾ ਤੋਂ ਪੀੜਤ ਸਨ।
ਦੂਜੇ ਦੇਸ਼ਾਂ ਨੇ ਵੀ ਉਨ੍ਹਾਂ ਲੋਕਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਅਤੀਤ ਵਿੱਚ ਜਾਦੂ-ਟੂਣਿਆਂ ਲਈ ਗਲਤ ਤਰੀਕੇ ਨਾਲ ਪਰੇਸ਼ਾਨ ਕੀਤਾ ਗਿਆ ਸੀ।
ਪਿਛਲੇ ਸਾਲ, ਸਕੌਟਲੈਂਡ ਦੇ ਤਤਕਾਲੀਨ ਮੰਤਰੀ ਨਿਕੋਲਾ ਸਟਰਜਨ ਨੇ 4,000 ਸਕੌਟਲੈਂਡ ਵਾਸੀਆਂ ਨੂੰ ਰਸਮੀ ਮਾਫ਼ੀ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਵਿੱਚ ਵਧੇਰੇ ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੂੰ 1563 ਤੇ 1736 ਵਿੱਚ ਵਿਚਕਰਾਫ਼ਟ ਦੇ ਮਾਮਲੇ ਵਿੱਚ ਦੋਸ਼ੀ ਦੱਸਿਆ ਗਿਆ ਸੀ।
ਉਨ੍ਹਾਂ ਵਿੱਚੋਂ ਲਗਭਗ 2,500 ਨੂੰ ਫਾਂਸੀ ਦੇ ਦਿੱਤੀ ਗਈ ਸੀ।