ਭਾਰਤੀ ਹਵਾਈ ਫੌਜ ਦੀ ਹੋਂਦ ਦੀ ਕਹਾਣੀ ਜਿਸ ਦੇ ਕੋਮੋਡੋਰ ਮੇਹਰ ਸਿੰਘ ਨੇ ਤੇਲ ਦੇ ਲੈਂਪਾਂ ਦੀ ਰੌਸ਼ਨੀ ਵਿੱਚ ਜਹਾਜ਼ ਲੈਂਡ ਕੀਤਾ ਸੀ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਲਈ
ਭਾਰਤੀ ਹਵਾਈ ਫੌਜ ਅਧਿਕਾਰਤ ਤੌਰ 'ਤੇ 8 ਅਕਤੂਬਰ, 1932 ਨੂੰ ਹੋਂਦ ਵਿੱਚ ਆਈ।
ਉਸ ਦਿਨ ਛੇ ਭਾਰਤੀ ਕੈਡਿਟਾਂ ਨੂੰ ਰੋਇਲ ਏਅਰ ਫੋਰਸ ਕਾਲਜ ਕ੍ਰੋਮਵੈਲ ਤੋਂ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਆਪਣਾ 'ਕਿੰਗਜ਼ ਕਮਿਸ਼ਨ' ਜਾਂ ਅਧਿਕਾਰਤ ਅਹੁਦਾ ਮਿਲਿਆ।
ਇਨ੍ਹਾਂ ਵਿੱਚੋਂ ਪੰਜ ਕੈਡੇਟ ਪਾਇਲਟ ਬਣੇ ਸਨ ਅਤੇ ਛੇਵੇਂ ਨੂੰ ਜ਼ਮੀਨੀ ਡਿਊਟੀ ਅਫਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਇਨ੍ਹਾਂ ਪੰਜ ਪਾਇਲਟਾਂ ਵਿੱਚੋਂ ਇੱਕ ਸੁਬਰੋਤੋ ਮੁਖਰਜੀ ਸੀ, ਜੋ ਬਾਅਦ ਵਿੱਚ ਭਾਰਤੀ ਹਵਾਈ ਸੈਨਾ ਦੇ ਮੁਖੀ ਬਣੇ।
ਇਨ੍ਹਾਂ ਵਿੱਚੋਂ ਇੱਕਲੌਤੇ ਮੁਸਲਿਮ ਪਾਇਲਟ ਏਬੀ ਅਵਾਨ ਸੀ, ਜੋ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਚਲੇ ਗਏ ਸੀ।
1 ਅਪ੍ਰੈਲ, 1933 ਨੂੰ ਭਾਰਤੀ ਹਵਾਈ ਸੈਨਾ ਦਾ ਪਹਿਲਾ ਸਕੁਐਡਰਨ ਕਰਾਚੀ ਦੇ ਡ੍ਰਿਗ ਰੋਡ ਵਿਖੇ ਬਣਾਇਆ ਗਿਆ ਸੀ। ਇਸ ਸਕੁਐਡਰਨ ਵਿੱਚ ਸਿਰਫ਼ ਚਾਰ ਵੈਸਟਲੈਂਡ ਜਹਾਜ਼ ਸਨ।
ਹਵਾਈ ਫੌਜ ਦੀ ਪਹਿਲੀ ਵਰਤੋਂ

ਤਸਵੀਰ ਸਰੋਤ, Emmanuel DUNAND / AFP
ਤਿੰਨ ਸਾਲਾਂ ਦੀ ਸਿਖਲਾਈ ਤੋਂ ਬਾਅਦ ਸਕੁਐਡਰਨ ਨੂੰ ਰੋਇਲ ਏਅਰ ਫੋਰਸ ਦਾ ਸਮਰਥਨ ਕਰਨ ਅਤੇ ਸਰਹੱਦੀ ਸੂਬੇ ਵਿੱਚ ਕਬਾਇਲੀ ਵਿਦਰੋਹੀਆਂ ਵਿਰੁੱਧ ਕਾਰਵਾਈਆਂ ਵਿੱਚ ਬ੍ਰਿਟਿਸ਼ ਫੌਜ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਪੀਵੀਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਆਪਣੀ ਕਿਤਾਬ, "ਦਿ ਇੰਡੀਆ-ਪਾਕਿਸਤਾਨ ਏਅਰ ਵਾਰ ਆਫ 1965" ਵਿੱਚ ਲਿਖਦੇ ਹਨ, "ਇਹ ਸਕੁਐਡਰਨ ਮੀਰਨਸ਼ਾਹ ਵਿੱਖੇ ਰੱਖਿਆ ਗਿਆ ਸੀ। ਜ਼ਬਰਦਸਤੀ ਲੈਂਡਿੰਗ ਦੌਰਾਨ ਕਈ ਪਾਇਲਟਾਂ ਨੂੰ ਜਾਨੀ ਨੁਕਸਾਨ ਹੋਇਆ।"
"ਉਨ੍ਹਾਂ ਵਿੱਚੋਂ ਇੱਕ ਸਿੱਖ ਪਾਇਲਟ ਅਰਜਨ ਸਿੰਘ ਸੀ, ਜਿਨ੍ਹਾਂ ਨੂੰ ਮੀਰਨਸ਼ਾਹ ਅਤੇ ਰਜ਼ਮਕ ਵਿਚਕਾਰ ਉਡਾਣ ਭਰਦੇ ਸਮੇਂ ਇੱਕ ਕਬਾਇਲੀ ਵਿਅਕਤੀ ਦੀ ਰਾਈਫਲ ਤੋਂ ਚੱਲੀ ਗੋਲੀ ਲੱਗੀ ਸੀ ਅਤੇ ਉਨ੍ਹਾਂ ਨੂੰ ਆਪਣਾ ਜਹਾਜ਼ ਉਤਾਰਨ ਲਈ ਮਜਬੂਰ ਹੋਣਾ ਪਿਆ ਸੀ।"

ਲਾਇਸੰਸਸ਼ੁਦਾ ਪਾਇਲਟਾਂ ਨੂੰ ਹਵਾਈ ਸੈਨਾ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ
ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ ਰਿਸਾਲਪੁਰ ਵਿੱਚ ਤੈਨਾਤ ਰੋਇਲ ਏਅਰ ਫੋਰਸ ਸਕੁਐਡਰਨ ਨੂੰ ਭਾਰਤੀ ਹਵਾਈ ਫੌਜ ਲਈ ਏਅਰਕ੍ਰੂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਕਮਰਸ਼ੀਅਲ ਪਾਇਲਟ ਲਾਇਸੰਸ ਰੱਖਣ ਵਾਲਿਆਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਦਾ ਮੌਕਾ ਦਿੱਤਾ ਗਿਆ ਸੀ। ਲਗਭਗ ਸੌ ਅਜਿਹੇ ਪਾਇਲਟ ਭਾਰਤੀ ਹਵਾਈ ਵਲੰਟਰੀ ਰਿਜ਼ਰਵ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਪੀਸੀ ਲਾਲ ਅਤੇ ਰਾਮਾਸਵਾਮੀ ਰਾਜਾਰਾਮ ਸ਼ਾਮਲ ਸਨ, ਜੋ ਆਜ਼ਾਦੀ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਿੱਚ ਉੱਚ ਅਹੁਦਿਆਂ 'ਤੇ ਪਹੁੰਚੇ।
ਕੁਝ ਦਿਨਾਂ ਦੀ ਸਿਖਲਾਈ ਤੋਂ ਬਾਅਦ ਇਨ੍ਹਾਂ ਪਾਇਲਟਾਂ ਨੂੰ ਨਵੀਂ ਬਣੀ ਕੋਸਟਲ ਡਿਫੈਂਸ ਫਲਾਈਟ ਵਿੱਚ ਤੈਨਾਤ ਕੀਤਾ ਗਿਆ ਅਤੇ ਵਾਪਿਟੀ, ਹਾਰਟ ਅਤੇ ਔਡੈਕਸ ਵਰਗੇ ਨਾਗਰਿਕ ਜਹਾਜ਼ ਉਡਾਉਣ ਲਈ ਕਿਹਾ ਗਿਆ ਸੀ।
ਉਨ੍ਹਾਂ ਨੂੰ ਸਮੁੰਦਰੀ ਕੰਢੇ 'ਤੇ ਗਸ਼ਤ ਕਰਨ ਅਤੇ ਸਮੁੰਦਰੀ ਵਪਾਰ ਮਾਰਗਾਂ 'ਤੇ ਚੱਲਣ ਵਾਲੇ ਜਹਾਜ਼ਾਂ ਦੇ ਬੇੜਿਆਂ ਨੂੰ ਹਵਾਈ ਕਵਰ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਫੌਜੀ ਅਫ਼ਸਰਾਂ ਨੂੰ ਵੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ

ਤਸਵੀਰ ਸਰੋਤ, Getty Images
ਇਸ ਦੇ ਬਾਵਜੂਦ, ਪਾਇਲਟਾਂ ਦੀ ਇੰਨੀ ਘਾਟ ਸੀ ਕਿ ਫੌਜ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਹਵਾਈ ਸੈਨਾ ਵਿੱਚ ਥੋੜ੍ਹੀ ਜਿਹੀ ਵੀ ਦਿਲਚਸਪੀ ਹੈ, ਤਾਂ ਉਨ੍ਹਾਂ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ।
20 ਸਤੰਬਰ, 1938 ਨੂੰ ਤਿੰਨ ਫੌਜ ਦੇ ਲੈਫਟੀਨੈਂਟਾਂ ਨੇ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਦਿਖਾਈ।
ਅੰਚਿਤ ਗੁਪਤਾ ਆਪਣੇ ਲੇਖ, 'ਸੈਕੰਡਡ ਟੂ ਦਿ ਸਕਾਈਜ਼: ਦਿ ਆਰਮੀ ਅਫਸਰ ਹੂ ਹੈਲਪਡ ਬਿਲਡ ਦਿ ਇੰਡੀਅਨ ਏਅਰ ਫੋਰਸ' ਵਿੱਚ ਲਿਖਦੇ ਹਨ, "ਇਹ ਤਿੰਨ ਅਧਿਕਾਰੀ ਮੁਹੰਮਦ ਖ਼ਾਨ ਜੰਜੂਆ, ਆਤਮਾਰਾਮ ਨੰਦਾ ਅਤੇ ਬੁਰਹਾਨੂਦੀਨ ਸਨ। ਉਨ੍ਹਾਂ ਨੇ ਆਪਣੀ ਫੌਜ ਦੀ ਸੀਨੀਅਰਤਾ ਬਰਕਰਾਰ ਰੱਖੀ ਪਰ ਭਾਰਤੀ ਹਵਾਈ ਸੈਨਾ ਲਈ ਪੂਰੀ ਤਰ੍ਹਾਂ ਕੰਮ ਕਰਨ ਲੱਗੇ।"
"ਉਸ ਸਮੇਂ ਭਾਰਤ ਵਿੱਚ ਕੋਈ ਫਲਾਇੰਗ ਸਕੂਲ ਚਾਲੂ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਸਿਖਲਾਈ ਲਈ ਮਿਸਰ ਭੇਜਿਆ ਗਿਆ। ਭਾਰਤ ਵਾਪਸ ਆਉਣ 'ਤੇ ਜੰਜੂਆ ਨੂੰ ਸਕੁਐਡਰਨ ਨੰਬਰ ਵਨ ਵਿੱਚ ਤੈਨਾਤ ਕੀਤਾ ਗਿਆ ਸੀ। ਵੰਡ ਤੋਂ ਬਾਅਦ, ਉਨ੍ਹਾਂ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਅਤੇ ਉੱਥੇ ਆਪਣੇ ਪਹਿਲੇ ਦਿਨ ਹੀ ਉਨ੍ਹਾਂ ਨੂੰ ਗਰੁੱਪ ਕੈਪਟਨ ਵਜੋਂ ਤਰੱਕੀ ਦਿੱਤੀ ਗਈ। ਕੁਝ ਦਿਨਾਂ ਦੇ ਅੰਦਰ ਉਹ ਏਅਰ ਕਮਾਂਡਰ ਬਣ ਗਏ ਅਤੇ ਬਾਅਦ ਵਿੱਚ ਪਾਕਿਸਤਾਨ ਦੇ ਏਅਰ ਸਟਾਫ ਦੇ ਕਾਰਜਕਾਰੀ ਮੁਖੀ ਵਜੋਂ ਸੇਵਾ ਨਿਭਾਈ।"
ਭਾਰਤੀ ਹਵਾਈ ਸੈਨਾ ਦਾ ਵਿਸਥਾਰ

ਤਸਵੀਰ ਸਰੋਤ, Central Press/Hulton Archive/Getty Images)
ਆਜ਼ਾਦੀ ਤੋਂ ਬਾਅਦ ਨੰਦਾ ਕਾਨਪੁਰ ਵਿੱਚ ਹਵਾਈ ਰਿਪੇਅਰ ਡਿਪੂ ਦੇ ਮੁਖੀ ਬਣੇ। 1958 ਵਿੱਚ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਦਾ ਡਿਪਟੀ ਚੀਫ਼ ਨਿਯੁਕਤ ਕੀਤਾ ਗਿਆ।
ਕਿਸੇ ਕਾਰਨ ਕਰਕੇ ਬਰਹਾਨੂਦੀਨ 1941 ਵਿੱਚ ਫੌਜ ਵਿੱਚ ਵਾਪਸ ਚਲੇ ਗਏ। ਦੂਜੇ ਵਿਸ਼ਵ ਯੁੱਧ ਵਿੱਚ ਜੰਗੀ ਕੈਦੀ ਬਣਨ ਤੋਂ ਬਾਅਦ ਉਹ ਸੁਭਾਸ਼ ਚੰਦਰ ਬੋਸ ਦੇ ਕਹਿਣ 'ਤੇ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਲ ਹੋ ਗਿਆ।
1941 ਵਿੱਚ ਜਪਾਨ ਦੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਵਿਸਥਾਰ ਵਿੱਚ ਤੇਜ਼ੀ ਆਈ।
ਲਾਹੌਰ ਦੇ ਨੇੜੇ ਵਾਲਟਨ ਅਤੇ ਬਾਲਾ ਵਿੱਚ ਫਲਾਇੰਗ ਸਕੂਲ ਖੋਲ੍ਹੇ ਗਏ ਅਤੇ ਰਿਸਾਲਪੁਰ ਅਤੇ ਪੇਸ਼ਾਵਰ ਵਿੱਚ ਦੋ ਸਿਖਲਾਈ ਸਕੂਲ ਵੀ ਖੋਲ੍ਹੇ ਗਏ।
ਭਾਰਤੀ ਹਵਾਈ ਸੈਨਾ ਦੇ ਸਕੁਐਡਰਨ ਦੀ ਗਿਣਤੀ ਦੋ ਤੋਂ ਵਧਾ ਕੇ ਦਸ ਕਰ ਦਿੱਤੀ ਗਈ।
ਇੱਕ ਸਕੁਐਡਰਨ ਵਿੱਚ ਆਮ ਤੌਰ 'ਤੇ 12 ਜਹਾਜ਼ ਹੁੰਦੇ ਹਨ, ਪਰ ਇਹ ਗਿਣਤੀ ਵੱਖ-ਵੱਖ ਹੋ ਸਕਦੀ ਹੈ।
ਦੂਜੇ ਵਿਸ਼ਵ ਯੁੱਧ ਵਿੱਚ ਭਾਰਤੀ ਹਵਾਈ ਸੈਨਾ

ਤਸਵੀਰ ਸਰੋਤ, Universal Images Group via Getty Images
ਬਰਮਾ ਦੇ ਮੋਰਚੇ 'ਤੇ ਭਾਰਤੀ ਹਵਾਈ ਸੈਨਾ ਨੂੰ ਜਪਾਨ ਨਾਲੋਂ ਘੱਟ ਸਮਰੱਥਾ ਵਾਲੇ ਜਹਾਜ਼ ਦਿੱਤੇ ਗਏ ਸਨ।
ਪੀਵੀਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਲਿਖਦੇ ਹਨ, "ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਹਵਾਈ ਸੈਨਾ ਨੂੰ ਉਹ ਜਹਾਜ਼ ਉਡਾਉਣ ਲਈ ਦਿੱਤੇ ਗਏ ਸਨ ਜੋ ਰੋਇਲ ਹਵਾਈ ਸੈਨਾ ਦੁਆਰਾ ਰੱਦ ਕਰ ਦਿੱਤੇ ਗਏ ਸਨ। ਯੁੱਧ ਦੇ ਅੰਤ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਭਾਰਤੀ ਹਵਾਈ ਸੈਨਾ ਨੂੰ ਉਡਾਣ ਲਈ ਆਧੁਨਿਕ ਸਪਿਟਫਾਇਰ ਮਿਲੇ ਸਨ।"
ਭਾਰਤ ਦੇ ਸੈਨਾ ਮੁਖੀ, ਫੀਲਡ ਮਾਰਸ਼ਲ ਸਲਿਮ ਨੇ ਭਾਰਤੀ ਹਵਾਈ ਸੈਨਾ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, "ਮੈਂ ਭਾਰਤੀ ਹਵਾਈ ਸੈਨਾ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। ਜੋੜਿਆਂ ਵਿੱਚ ਉਡਾਣ ਭਰਦੇ ਹੋਏ ਭਾਰਤੀ ਪਾਇਲਟਾਂ ਨੇ ਆਪਣੇ ਪੁਰਾਣੇ ਹਰੀਕੇਨ ਜਹਾਜ਼ਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਜਾਪਾਨੀ ਜਹਾਜ਼ਾਂ ਦਾ ਸਾਹਮਣਾ ਕੀਤਾ।"
ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ, ਭਾਰਤੀ ਪਾਇਲਟਾਂ ਨੂੰ ਇੱਕ ਡੀਐੱਸਓ, 22 ਡੀਐੱਫਸੀ ਅਤੇ ਕਈ ਹੋਰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਪੂਰੀ ਜੰਗ ਦੌਰਾਨ ਭਾਰਤੀ ਹਵਾਈ ਸੈਨਾ ਦੇ 60 ਪਾਇਲਟ ਕਾਰਵਾਈ ਵਿੱਚ ਮਾਰੇ ਗਏ ਸਨ।
ਹਵਾਈ ਸੈਨਾ ਨੇ ਉਤਾਰੇ ਸ਼੍ਰੀਨਗਰ ਵਿੱਚ ਭਾਰਤੀ ਸੈਨਿਕ
ਵੰਡ ਤੋਂ ਬਾਅਦ ਭਾਰਤ ਨੂੰ ਸੱਤ ਲੜਾਕੂ ਅਤੇ ਇੱਕ ਟ੍ਰਾਂਸਪੋਰਟ ਸਕੁਐਡਰਨ ਮਿਲੇ, ਜਦੋਂ ਕਿ ਪਾਕਿਸਤਾਨ ਨੂੰ ਦੋ ਲੜਾਕੂ ਅਤੇ ਇੱਕ ਟ੍ਰਾਂਸਪੋਰਟ ਸਕੁਐਡਰਨ ਮਿਲੇ।
ਭਾਰਤੀ ਹਵਾਈ ਸੈਨਾ ਦੇ ਪਹਿਲੇ ਮੁਖੀ ਏਅਰ ਮਾਰਸ਼ਲ ਸਰ ਥਾਮਸ ਐਮਹਰਸਟ ਸਨ। ਇਸ ਤੋਂ ਬਾਅਦ ਏਅਰ ਮਾਰਸ਼ਲ ਐਵਲਾਅ ਚੈਪਮੈਨ ਅਤੇ ਸਰ ਗੈਰਾਲਡ ਗਿਬਸ ਭਾਰਤੀ ਹਵਾਈ ਸੈਨਾ ਦੇ ਮੁਖੀ ਬਣੇ।
ਆਜ਼ਾਦੀ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੀ ਪਹਿਲੀ ਕਾਰਵਾਈ 20 ਅਕਤੂਬਰ ਨੂੰ ਕਸ਼ਮੀਰ ਵਿੱਚ ਹੋਈ, ਭਾਰਤੀ ਹਵਾਈ ਸੈਨਾ ਨੇ ਮਹਾਰਾਜ ਹਰੀ ਸਿੰਘ ਦੀ ਬੇਨਤੀ ਉੱਤੇ ਭਾਰਤੀ ਸੈਨਿਕ ਉਤਰੇ।
ਮਹਾਰਾਜਾ ਹਰੀ ਸਿੰਘ ਦੀ ਬੇਨਤੀ 'ਤੇ ਭਾਰਤੀ ਫੌਜਾਂ ਨੂੰ ਸ਼੍ਰੀਨਗਰ ਵਿੱਚ ਉਤਾਰਿਆ।
ਭਾਰਤੀ ਫੌਜ ਦੀ ਇੱਕ ਟੁਕੜੀ 27 ਅਕਤੂਬਰ ਨੂੰ ਸਵੇਰੇ 9:30 ਵਜੇ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਉਡਾਣ ਭਰ ਕੇ ਸ਼੍ਰੀਨਗਰ ਹਵਾਈ ਅੱਡੇ 'ਤੇ ਉਤਰ ਚੁੱਕੀ ਸੀ।
ਇਹ ਇੱਕ ਬਹੁਤ ਹੀ ਜੋਖ਼ਮ ਭਰਿਆ ਕੰਮ ਸੀ ਕਿਉਂਕਿ ਭਾਰਤੀ ਹਵਾਈ ਫੌਜ ਨੂੰ ਇਹ ਵੀ ਨਹੀਂ ਪਤਾ ਸੀ ਕਿ ਸ਼੍ਰੀਨਗਰ ਹਵਾਈ ਅੱਡਾ ਸੁਰੱਖਿਅਤ ਵੀ ਹੈ ਜਾਂ ਪਾਕਿਸਤਾਨੀ ਹਮਲਾਵਰਾਂ ਨੇ ਇਸ 'ਤੇ ਕਬਜ਼ਾ ਤਾਂ ਨਹੀਂ ਕਰ ਲਿਆ ਸੀ।
ਸ਼ਾਮ ਤੱਕ, ਭਾਰਤੀ ਹਵਾਈ ਸੈਨਾ ਅਤੇ ਸਿਵਲੀਅਨ ਡਕੋਟਾ ਜਹਾਜ਼ਾਂ ਨੇ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਜਵਾਨਾਂ ਨੂੰ ਸ੍ਰੀਨਗਰ ਹਵਾਈ ਅੱਡੇ 'ਤੇ ਉਤਾਰਿਆ ਅਤੇ ਹਵਾਈ ਅੱਡੇ ਦਾ ਕੰਟ੍ਰੋਲ ਆਪਣੇ ਹੱਥਾਂ ਵਿੱਚ ਲੈ ਲਿਆ।
ਕਸ਼ਮੀਰ ਆਪਰੇਸ਼ਨ ਵਿੱਚ ਹਵਾਈ ਸੈਨਾ ਦੀ ਭੂਮਿਕਾ

ਤਸਵੀਰ ਸਰੋਤ, Keystone/Hulton Archive/Getty Images)
ਲੈਫਟੀਨੈਂਟ ਜਨਰਲ ਐੱਲਪੀ ਸੇਨ ਆਪਣੀ ਕਿਤਾਬ, 'ਸਲੈਂਡਰ ਵਾਜ਼ ਦਿ ਥ੍ਰੈੱਡ' ਵਿੱਚ ਲਿਖਦੇ ਹਨ, "28 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦੇ ਅੰਬਾਲਾ ਬੇਸ ਤੋਂ ਉਡਾਣ ਭਰਨ ਵਾਲੇ ਟੈਂਪੈਸਟ ਜਹਾਜ਼ ਨੇ ਪਾਟਨ ਵਿੱਚ ਘੁਸਪੈਠੀਆਂ ਦੇ ਟਿਕਾਣਿਆਂ 'ਤੇ ਬੰਬਾਰੀ ਕੀਤੀ। ਦੋ ਦਿਨ ਬਾਅਦ, ਸਪਿਟਫਾਇਰ ਜਹਾਜ਼ ਵੀ ਸ੍ਰੀਨਗਰ ਪਹੁੰਚਿਆ।"
"7 ਨਵੰਬਰ ਨੂੰ ਸ਼ਾਲਾਟੇਂਗ ਦੀ ਲੜਾਈ ਵਿੱਚ, ਫੌਜ ਅਤੇ ਹਵਾਈ ਸੈਨਾ ਨੇ ਸਾਂਝੇ ਤੌਰ 'ਤੇ ਇੱਕ ਪਾਕਿਸਤਾਨੀ ਹਮਲੇ ਨੂੰ ਰੋਕ ਦਿੱਤਾ। ਟੈਂਪੈਸਟ ਹਮਲਿਆਂ ਨੇ ਘੁਸਪੈਠੀਆਂ ਨੂੰ ਉੜੀ ਵੱਲ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਸ਼੍ਰੀਨਗਰ ਅਤੇ ਬਾਰਾਮੂਲਾ ਦੇ ਵਿਚਕਾਰ, ਘੁਸਪੈਠੀਆਂ ਦੀਆਂ 147 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਹ ਸਾਰੇ ਭਾਰਤੀ ਲੜਾਕੂ ਜਹਾਜ਼ਾਂ ਦੇ ਸ਼ਿਕਾਰ ਹੋਏ ਸਨ।"
ਉਸ ਸਮੇਂ ਪੁੰਛ ਵਿੱਚ ਨਾ ਤਾਂ ਕੋਈ ਹਵਾਈ ਅੱਡਾ ਸੀ ਅਤੇ ਨਾ ਹੀ ਕੋਈ ਹਵਾਈ ਪੱਟੀ, ਇਸ ਲਈ ਹਥਿਆਰ, ਭੋਜਨ ਅਤੇ ਦਵਾਈਆਂ ਫੌਜਾਂ ਨੂੰ ਹਵਾਈ ਜਹਾਜ਼ ਰਾਹੀਂ ਸੁੱਟੀ ਜਾਂਦੀ ਸੀ।
ਪੀਸੀ ਲਾਲ ਆਪਣੀ ਆਤਮਕਥਾ, "ਮਾਈ ਈਅਰਜ਼ ਵਿਦ ਦਿ ਆਈਏਐੱਫ" ਵਿੱਚ ਲਿਖਦੇ ਹਨ, "ਲੈਫਟੀਨੈਂਟ ਕਰਨਲ ਪ੍ਰੀਤਮ ਸਿੰਘ ਨੂੰ ਡਕੋਟਾ ਜਹਾਜ਼ਾਂ ਦੇ ਉਤਰਨ ਲਈ ਪੁੰਛ ਵਿੱਚ ਇੱਕ ਹਵਾਈ ਪੱਟੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਸ਼ਰਨਾਰਥੀਆਂ ਦੀ ਮਦਦ ਨਾਲ ਭਾਰਤੀ ਸੈਨਿਕਾਂ ਨੇ ਛੇ ਦਿਨਾਂ ਦੇ ਅੰਦਰ ਪਰੇਡ ਗਰਾਊਂਡ 'ਤੇ 600 ਗਜ਼ ਲੰਬੀ ਹਵਾਈ ਪੱਟੀ ਬਣਾਈ।"
ਇਸ ਨਿਰਮਾਣ ਕਾਰਜ ਉੱਤੇ ਹਵਾਈ ਸੈਨਾ ਦੇ ਜਹਾਜ਼ ਤੋਂ ਨਿਗਰਾਨੀ ਰੱਖਦੇ ਸਨ ਤਾਂ ਜੋ ਨਜ਼ਦੀਕੀ ਇਲਾਕਿਆਂ ਤੋਂ ਦੁਸ਼ਮਣ ਨਿਰਮਾਣ ਕਾਰਜ ਵਿੱਚ ਰੁਕਾਵਟ ਨਾ ਪਾ ਸਕਣ।
ਦਸੰਬਰ ਦੇ ਦੂਜੇ ਹਫ਼ਤੇ ਹਵਾਈ ਪੱਟੀ ਪੂਰੀ ਹੋਣ ਤੋਂ ਬਾਅਦ ਏਅਰ ਕਮੋਡੋਰ ਮੇਹਰ ਸਿੰਘ ਆਪਣੇ ਪਹਿਲੇ ਡਕੋਟਾ ਨਾਲ ਉੱਥੇ ਉਤਰੇ।
ਏਅਰ ਵਾਈਸ ਮਾਰਸ਼ਲ ਸੁਬਰੋਤੋ ਮੁਖਰਜੀ ਵੀ ਜਹਾਜ਼ ਵਿੱਚ ਸਨ।
ਉਸ ਸਮੇਂ ਡਕੋਟਾ ਜਹਾਜ਼ ਦਿਨ ਵਿੱਚ ਲਗਭਗ 12 ਵਾਰ ਰਸਦ ਨਾਲ ਉੱਥੇ ਉਤਰਦੇ ਸਨ ਅਤੇ ਵਾਪਸੀ ਦੀਆਂ ਉਡਾਣਾਂ ਵਿੱਚ ਉਹ ਜ਼ਖਮੀਆਂ ਅਤੇ ਸ਼ਰਨਾਰਥੀਆਂ ਨੂੰ ਲੈ ਕੇ ਜਾਂਦੇ ਸਨ।
ਰਾਤ ਦੀ ਲੈਂਡਿੰਗ
ਉਸ ਸਮੇਂ ਭਾਰਤੀ ਫੌਜ ਨੂੰ ਦੋ 25-ਪਾਊਂਡਰ ਮਾਊਂਟਡ ਬੰਦੂਕਾਂ ਦੀ ਲੋੜ ਸੀ। ਬੰਦੂਕਾਂ ਲੈ ਕੇ ਜਾਣ ਵਾਲੇ ਡਕੋਟਾ ਜਹਾਜ਼ਾਂ ਨੂੰ ਦਿਨ ਵੇਲੇ ਉਤਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਕਿਉਂਕਿ ਘੁਸਪੈਠੀਏ ਉਨ੍ਹਾਂ ਨੂੰ ਰਨਵੇ ਤੋਂ ਨੇੜਿਓਂ ਦੇਖ ਰਹੇ ਸਨ ਅਤੇ ਉਨ੍ਹਾਂ 'ਤੇ ਗੋਲੀਬਾਰੀ ਕਰ ਸਕਦੇ ਸਨ।
ਪੀਸੀ ਲਾਲ ਲਿਖਦੇ ਹਨ, "ਏਅਰ ਕਮੋਡੋਰ ਮੇਹਰ ਸਿੰਘ ਨੇ ਤੇਲ ਵਾਲੇ ਲੈਂਪਾਂ ਦੀ ਰੌਸ਼ਨੀ ਵਿੱਚ ਰਾਤ ਨੂੰ ਉੱਥੇ ਉਤਰਨ ਦਾ ਫ਼ੈਸਲਾ ਕੀਤਾ। ਇਹ ਮੇਹਰ ਸਿੰਘ ਦਾ ਹੀ ਫ਼ੈਸਲਾ ਸੀ ਕਿ ਪੰਜ ਡਕੋਟਾ ਜਹਾਜ਼ਾਂ ਨੂੰ ਬੰਬਾਰ ਵਜੋਂ ਵਰਤਿਆ ਜਾਵੇ। ਇਸ ਲਈ ਮੇਹਰ ਸਿੰਘ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।"
ਏਸ਼ੀਆ ਵਿੱਚ ਜੈੱਟ ਜਹਾਜ਼ਾਂ ਦੀ ਵਰਤੋਂ ਕਰਨ ਵਾਲੀ ਪਹਿਲੀ ਹਵਾਈ ਸੈਨਾ
ਉਸ ਸਮੇਂ, ਦੱਖਣੀ ਭਾਰਤ ਵਿੱਚ ਹੈਦਰਾਬਾਦ ਦੇ ਨਿਜ਼ਾਮ ਵਿਰੁੱਧ ਇੱਕ ਪੁਲਿਸ ਕਾਰਵਾਈ ਚੱਲ ਰਹੀ ਸੀ। ਇੱਥੇ ਵੀ ਹਵਾਈ ਸੈਨਾ ਦੇ ਟੈਂਪੈਸਟ ਅਤੇ ਡਕੋਟਾ ਜਹਾਜ਼ਾਂ ਨੇ ਫੌਜ ਦੀ ਸਹਾਇਤਾ ਕੀਤੀ, ਨਿਜ਼ਾਮ ਦੀਆਂ ਫੌਜਾਂ 'ਤੇ ਬੰਬ ਅਤੇ ਇਸ਼ਤਿਹਾਰ ਸੁੱਟੇ।
ਯੁੱਧ ਵਰਗੀ ਸਥਿਤੀ ਖ਼ਤਮ ਹੋਣ ਤੋਂ ਬਾਅਦ ਭਾਰਤੀ ਹਵਾਈ ਸੈਨਾ ਦਾ ਵਿਸਤਾਰ ਕੀਤਾ ਗਿਆ ਅਤੇ ਬ੍ਰਿਟੇਨ ਤੋਂ 100 ਸਪਿਟਫਾਇਰ ਅਤੇ ਟੈਂਪੈਸਟ ਲੜਾਕੂ ਜਹਾਜ਼ ਖਰੀਦੇ ਗਏ।
ਨਵੰਬਰ 1948 ਵਿੱਚ ਬ੍ਰਿਟੇਨ ਤੋਂ ਵੈਂਪਾਇਰ ਜਹਾਜ਼ ਆਯਾਤ ਕਰਨ ਤੋਂ ਬਾਅਦ ਭਾਰਤੀ ਹਵਾਈ ਸੈਨਾ ਜੈੱਟ ਜਹਾਜ਼ਾਂ ਦੀ ਵਰਤੋਂ ਕਰਨ ਵਾਲੀ ਏਸ਼ੀਆ ਦੀ ਪਹਿਲੀ ਹਵਾਈ ਸੈਨਾ ਬਣ ਗਈ।
ਇਹ ਜਹਾਜ਼ 23 ਸਾਲ ਬਾਅਦ 1971 ਦੀ ਜੰਗ ਤੱਕ ਵਰਤੇ ਜਾਂਦੇ ਰਹੇ।
1 ਅਪ੍ਰੈਲ, 1954 ਨੂੰ ਏਅਰ ਮਾਰਸ਼ਲ ਸੁਬਰੋਤੋ ਮੁਖਰਜੀ ਭਾਰਤੀ ਹਵਾਈ ਸੈਨਾ ਦੇ ਪਹਿਲੇ ਭਾਰਤੀ ਮੁਖੀ ਬਣੇ।
ਉਨ੍ਹਾਂ ਦੀ ਅਗਵਾਈ ਦੌਰਾਨ ਭਾਰਤੀ ਹਵਾਈ ਸੈਨਾ ਨੇ ਕੈਨਬਰਾ ਅਤੇ ਗਨੈਟ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕੀਤਾ।
1961 ਵਿੱਚ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਪਹਿਲੀ ਵਾਰ ਛੇ ਭਾਰਤੀ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ। ਗੋਆ ਨੂੰ ਆਜ਼ਾਦ ਕਰਵਾਉਣ ਦੇ ਉਦੇਸ਼ ਨਾਲ ਓਪਰੇਸ਼ਨ ਵਿਜੇ ਉਸ ਸਮੇਂ ਦੌਰਾਨ ਸ਼ੁਰੂ ਹੋਇਆ ਸੀ।
ਪੁਰਤਗਾਲੀ ਫੌਜ ਕੋਲ ਕੋਈ ਲੜਾਕੂ ਜਹਾਜ਼ ਨਹੀਂ ਸੀ। ਹਵਾਈ ਫੌਜ ਦੇ ਕੈਨਬਰਾ, ਹੰਟਰਸ ਅਤੇ ਵੈਂਪਾਇਰ ਜਹਾਜ਼ਾਂ ਨੇ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਕੰਮ ਨੂੰ ਅੰਜ਼ਾਮ ਦਿੱਤਾ।
ਡੇਬੋਲਿਮ ਅਤੇ ਦੀਉ ਹਵਾਈ ਪੱਟੀਆਂ 'ਤੇ ਬੰਬਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਕੰਮ ਕਰਨ ਲਾਇਕ ਨਹੀਂ ਛੱਡਿਆ।
ਪੂਰੀ ਕਾਰਵਾਈ ਦੌਰਾਨ ਪੁਰਤਗਾਲੀ ਫੌਜ ਨੇ ਇੱਕ ਵਾਰ ਵੀ ਜਹਾਜ਼ ਵਿਰੋਧੀ ਬੰਦੂਕਾਂ ਦੀ ਵਰਤੋਂ ਨਹੀਂ ਕੀਤੀ।
ਚੀਨ ਨਾਲ ਜੰਗ ਵਿੱਚ ਹਵਾਈ ਫੌਜ ਦੀ ਭੂਮਿਕਾ

ਤਸਵੀਰ ਸਰੋਤ, Getty Images
1962 ਦੀ ਭਾਰਤ-ਚੀਨ ਜੰਗ ਵਿੱਚ ਹਵਾਈ ਫੌਜ ਨੇ ਹਮਲੇ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ ਪਰ ਇਸ ਨੂੰ ਲੱਦਾਖ ਅਤੇ ਨੇਫਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਤੈਨਾਤ ਭਾਰਤੀ ਫੌਜਾਂ ਨੂੰ ਰਸਦ ਸਪਲਾਈ ਕਰਨ ਜ਼ਿੰਮਾ ਸੌਂਪਿਆ ਗਿਆ ਸੀ।
ਪੂਰੀ ਜੰਗ ਦੌਰਾਨ ਹਵਾਈ ਫੌਜ ਦੇ ਹੈਲੀਕਾਪਟਰਾਂ ਨੇ ਜ਼ਖਮੀ ਸੈਨਿਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਭਾਰਤੀ ਹਵਾਈ ਫੌਜ ਨੂੰ ਲੱਦਾਖ ਦੇ ਅਕਸਾਈ ਚਿਨ ਵਿੱਚ ਫੌਜਾਂ ਨੂੰ ਲੈ ਕੇ ਜਾਣ ਦਾ ਕੰਮ ਵੀ ਸੌਂਪਿਆ ਗਿਆ ਸੀ।
ਚੁਸ਼ੂਲ ਵਿਖੇ ਇੰਨੇ ਸਾਰੇ ਜਹਾਜ਼ ਉਤਰੇ ਕਿ ਉੱਥੇ ਸਟੀਲ ਪਲੇਟ ਨਾਲ ਬਣਿਆ ਰਨਵੇਅ ਲਗਭਗ ਟੁੱਟ ਹੀ ਗਿਆ ਸੀ ਪਰ ਬਹੁਤ ਸਾਰੇ ਫੌਜੀ ਮਾਹਰਾਂ ਨੇ ਹਵਾਈ ਫੌਜ ਦੀ ਹਮਲਾਵਰ ਵਰਤੋਂ ਨਾ ਕਰਨ 'ਤੇ ਸਵਾਲ ਉਠਾਏ, ਪਰ ਹਵਾਈ ਫੌਜ ਨੇ 1965 ਦੀ ਪਾਕਿਸਤਾਨ ਵਿਰੁੱਧ ਜੰਗ ਵਿੱਚ ਇਸ ਲੜਾਈ ਤੋਂ ਸਿੱਖੇ ਸਬਕਾਂ ਦੀ ਵਰਤੋਂ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












