ਆਂਧਰਾ ਪ੍ਰਦੇਸ਼: ਦਵਾਈਆਂ ਦੀ ਫੈਕਟਰੀ ਵਿੱਚ ਧਮਾਕੇ ਨਾਲ 17 ਮੌਤਾਂ ਦੀ ਪੁਸ਼ਟੀ, ਕਈ ਜ਼ਖਮੀ

- ਲੇਖਕ, ਲੱਕੋਜੂ ਸ਼੍ਰੀਨਿਵਾਸ
- ਰੋਲ, ਬੀਬੀਸੀ ਤੇਲੁਗੂ ਲਈ, ਵਿਸ਼ਾਖਾਪਟਨਮ ਤੋਂ
ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ ਦੇ ਐੱਸਾਈਜ਼ੈਡ ਇਲਾਕੇ ਵਿੱਚ ਐਸੇਂਟੀਆ ਐਡਵਾਂਸਡ ਸਾਇੰਸ ਪ੍ਰਾਈਵੇਟ ਲਿਮਿਟੇਡ ਵਿੱਚ ਬੁੱਧਵਾਰ ਨੂੰ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ।
ਸੂਬੇ ਦੇ ਗ੍ਰਹਿ ਮੰਤਰੀ ਅਨਿਤਾ ਨੇ 17 ਮੌਤਾਂ ਦੀ ਪੁਸ਼ਟੀ ਕਰਦਿਆਂ ਹਾਦਸੇ ਦਾ ਕਾਰਨ ਦੀ ਵੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਰਿਐਕਟਰ ਧਮਾਕੇ ਨੂੰ ਦੁਰਘਟਨਾ ਦਾ ਕਾਰਨ ਮੰਨਿਆ ਗਿਆ ਸੀ, ਪਰ ਦੁਰਘਟਨਾ ਕੈਮੀਕਲ ਰਿਸਾਅ ਦੇ ਕਾਰਨ ਹੋਈ।
ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਲਗਭਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਪ੍ਰਬੰਧਨ ਨੂੰ ਇਸ ਹਾਦਸੇ ਦੀ ਕੋਈ ਪਰਵਾਹ ਨਹੀਂ, ਉਨ੍ਹਾਂ ਖੁਦ ਫੋਨ ਕਰਕੇ ਸੰਦੇਸ਼ ਭੇਜਿਆ, ਪਰ ਅੱਗਿਓਂ ਕੋਈ ਜਵਾਬ ਨਹੀਂ ਆਇਆ।
ਇਹ ਮਾਮਲਾ ਅਚਯੁਤਾਪੁਰਮ ਸਪੈਸ਼ਲ ਇਕਨਾਮਿਕ ਜ਼ੋਨ (ਐੱਸਈਜ਼ੈਡ) ਦੀ ਇੱਕ ਫਾਰਮਾ ਕੰਪਨੀ ਦਾ ਹੈ। ਗ੍ਰਹਿ ਮੰਤਰੀ ਮੁਤਾਬਕ ਸਪੈਸ਼ਲ ਇਕੋਨੋਮਿਕ ਜ਼ੋਨ ਦੀਆਂ ਜ਼ਿਆਦਾਤਰ ਕੰਪਨੀਆਂ ਨੇ ਸੇਫਟੀ ਆਡਟਿੰਗ ਨਹੀਂ ਕੀਤੀ ਹੈ।
ਦੁਪਹਰਿ ਦੇ ਖਾਣੇ ਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ ਅਤੇ ਚਾਰੇ ਪਾਸੇ ਸੰਘਣਾ ਧੂਆਂ ਫੈਲ ਗਿਆ।
ਕਈ ਕਰਮਚਾਰੀ ਮਲਬੇ ਵਿੱਚ ਦੱਬ ਗਏ ਹਨ। ਹਾਦਸੇ ਵੇਲੇ ਫੈਕਟਰੀ ਵਿੱਚ 300 ਤੋਂ ਜ਼ਿਆਦਾ ਜਣੇ ਹਾਜ਼ਰ ਸਨ।
ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਵਿੱਚ ਇਮਾਰਤ ਦੀ ਇੱਕ ਮੰਜ਼ਿਲ ਢਹਿ ਗਈ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਨਾਕਾਪੱਲੀ ਜ਼ਿਲ੍ਹੇ ਦੇ ਕਲੈਕਟਰ ਨਾਲ਼ ਫ਼ੋਨ ਉੱਤੇ ਗੱਲ ਕੀਤੀ ਹੈ। ਸੀਐੱਮ ਨੇ ਜ਼ਖਮੀਆਂ ਨੂੰ ਬਿਹਤਰ ਇਲਾਜ ਦਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਜ਼ਖਮੀਆਂ ਨੂੰ ਕੱਢਣ ਲਈ ਏਅਰ ਐਂਬੂਲੈਂਸ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੀਐੱਮ ਨੇ ਸੂਬੇ ਦੇ ਸਿਹਤ ਸਕੱਤਰ ਨੂੰ ਅਚਯੁਤਾਪੁਰਮ ਜਾਣ ਦਾ ਹੁਕਮ ਦਿੱਤਾ ਹੈ। ਸੀਐੱਮ ਆਪ ਵੀ ਵੀਰਵਾਰ ਨੂੰ ਹਾਦਸੇ ਵਾਲੀ ਥਾਂ ਪਹੁੰਚੇ।

ਤਸਵੀਰ ਸਰੋਤ, CMO AP
ਅਨਾਕਾਪੱਲੀ ਜ਼ਿਲ੍ਹੇ ਵਿੱਚ ਵਿਸ਼ੇਸ਼ ਆਰਥਿਕ ਖੇਤਰ ਕਰੀਬਨ 10 ਹਜ਼ਾਰ ਏਕੜ ਵਿੱਚ ਫੈਲਿਆ ਹੋਇਆ ਹੈ।
ਇਸ ਇਲਾਕੇ ਨੂੰ ਅਚਯੁਤਾਪੁਰਮ ਫਾਰਮਾ ਐੱਸਈਜ਼ੈੱਡ ਵਜੋ ਜਾਣਿਆ ਜਾਂਦਾ ਹੈ।
ਇੱਥੇ ਮੌਜੂਦ ਫੈਕਟਰੀਆਂ ਵਿੱਚ ਰਸਾਇਣਾਂ ਦਾ ਨਿਰਮਾਣ ਅਤੇ ਭੰਡਾਰਨ ਕੀਤਾ ਜਾਂਦਾ ਹੈ। ਇੱਥੇ ਅਕਸਰ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਐੱਨਡੀਆਰਐੱਫ਼ ਦੀਆਂ ਟੀਮਾਂ ਵੀ ਹਾਦਸੇ ਵਾਲੀ ਥਾਂ ਪਹੁੰਚੀਆਂ ਹਨ।

ਪਹਿਲਾਂ ਵੀ ਵਾਪਰੇ ਹਨ ਹਾਦਸੇ
ਅਨਾਕਾਪੱਲੀ ਜ਼ਿਲ੍ਹੇ ਵਿੱਚ ਸਥਿਤ ਐੱਸਈਜ਼ੈੱਡ ਵਿੱਚ ਜ਼ਿਆਦਾਤਰ ਫਾਰਮਾ ਕੰਪਨੀਆਂ ਹਨ। ਇਸ ਐੱਸਈਜ਼ੈੱਡ ਵਿੱਚ ਕੁੱਲ 208 ਕੰਪਨੀਆਂ ਹਨ।
ਲੇਕਿਨ ਇੰਨੀਆਂ ਸਾਰੀਆਂ ਕੰਪਨੀਆਂ ਦੇ ਬਾਵਜੂਦ ਇੱਥੇ ਸਿਰਫ਼ ਇੱਕ ਦਮਕਲ ਗੱਡੀ ਹੈ।
ਇਸੇ ਕਾਰਨ ਆਸਪਾਸ ਦੇ ਫਾਇਰ ਸਟੇਸ਼ਨਾਂ ਤੋਂ ਅੱਗ ਬੁਝਾਉਣ ਲਈ ਦਮਕਲ ਗੱਡੀਆਂ ਸੱਦੀਆਂ ਗਈਆਂ।
ਪਿਛਲੇ ਸਾਲ ਇੱਥੇ ਦੀ ਕੰਪਨੀ ਸਾਹਿਤਯ ਸਾਲਵੈਂਟ ਵਿੱਚ ਚਾਰ ਜਣਿਆਂ ਦੀ ਜਾਨ ਚਲੀ ਗਈ ਸੀ।

ਕੰਪਨੀ ਵਿੱਚ ਕੀ ਬਣਦਾ ਹੈ
ਏਸੈਨਟੀਆ ਐਡਵਾਂਸ ਸਾਇੰਸਜ਼ ਇੱਕ ਫਾਰਮਾ ਕੰਪਨੀ ਹੈ। ਇੱਥੇ ਥੋਕ ਵਿੱਚ ਡਰੱਗ ਤਿਆਰ ਕੀਤੇ ਜਾਂਦੇ ਹਨ।
ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵਿੱਚ ਦਰਜ ਵੇਰਵਿਆਂ ਅਨੁਸਾਰ, ਪੈਂਡਰੀ ਯਾਦਗਿਰੀ ਰੈੱਡੀ, ਪੈਂਡਰੀ ਕਿਰਨ ਰੈੱਡੀ, ਡਾਂਡੂ ਚੱਕਰਧਰ, ਅਜੀਤ ਅਲੈਗਜ਼ੈਂਡਰ ਜਾਰਜ ਅਤੇ ਵਿਵੇਕ ਵਸੰਤ ਸੇਵ ਇਸ ਕੰਪਨੀ ਦੇ ਡਾਇਰੈਕਟਰ ਹਨ।
ਕੋਰਾਡਾ ਸ਼੍ਰੀਨਿਵਾਸ ਰਾਓ ਸੀਐੱਫਓ ਯਾਨਿ ਮੁੱਖ ਵਿੱਤੀ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ।
ਕੰਪਨੀ ਦੇ ਲਿੰਕਡਇਨ ਪ੍ਰੋਫਾਈਲ 'ਚ ਦਿੱਤੇ ਵੇਰਵਿਆਂ ਮੁਤਾਬਕ ਏਸੈਨਟੀਆ ਕੰਪਨੀ ਅਮਰੀਕੀ ਤਕਨੀਕ ਨਾਲ ਥੋਕ ਵਿੱਚ ਡਰੱਗ ਦਾ ਨਿਰਮਾਣ ਕਰ ਰਹੀ ਹੈ।
ਇਸ ਦੀ ਸਥਾਪਨਾ 2007 ਵਿੱਚ ਯਾਦਗਿਰੀ ਪੈਂਡਰੀ ਨੇ ਕੀਤੀ ਸੀ। ਉਹ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਪੈਂਡਰੀ ਕਿਰਨ ਕੰਪਨੀ ਦੇ ਸੰਸਥਾਪਕ ਪ੍ਰਧਾਨ ਹਨ।
ਲਿੰਕਡਇਨ ਮੁਤਾਬਕ ਕੰਪਨੀ ਦਾ ਮੁੱਖ ਦਫ਼ਤਰ ਦੱਖਣੀ ਵਿੰਡਸਰ, ਯੂਐੱਸਏ ਵਿੱਚ ਹੈ ਅਤੇ ਇਸ ਕੰਪਨੀ ਵਿੱਚ 1001 ਤੋਂ 5000 ਵਿਚਾਲੇ ਕਾਮੇ ਕੰਮ ਕਰਦੇ ਹਨ।
ਥੋਕ ਡਰੱਗ ਇੱਕ ਪਦਾਰਥ ਹੈ ਜੋ ਇਲਾਜ ਦੇ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ।
ਉਦਾਹਰਨ ਲਈ ਬਹੁਤ ਸਾਰੇ ਦਰਦ ਨਿਵਾਰਕ ਹਨ। ਇਸ ਵਿੱਚ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਇੱਕ ਥੋਕ ਡਰੱਗ ਹੈ। ਦਰਦ ਨਿਵਾਰਕ ਵੀ ਪੈਰਾਸੀਟਾਮੋਲ ਨਾਲ ਬਣਾਏ ਜਾਂਦੇ ਹਨ।
ਏਸੈਨਟੀਆ ਦੀਆਂ ਅਮਰੀਕਾ, ਅਚਯੁਤਾਪੁਰਮ ਅਤੇ ਹੈਦਰਾਬਾਦ ਵਿੱਚ ਕੰਪਨੀਆਂ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












