ਪਾਕਿਸਤਾਨ ਦੀ ਸੰਸਦ ਵਿੱਚ ਕਿਵੇਂ ‘ਬਿੱਲੀਆਂ ਨੂੰ ਡਰਾਉਣ ਵਾਲੇ’ ਚੂਹਿਆਂ ਨੇ ਕਹਿਰ ਮਚਾਇਆ

ਤਸਵੀਰ ਸਰੋਤ, Getty Images
- ਲੇਖਕ, ਸ਼ਹਿਜ਼ਾਦ ਮਲਿਕ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
ਪਾਕਿਸਤਾਨ ਦੀ ਸੰਸਦ ਨੇ ਆਖ਼ਰਕਾਰ ਮਹੱਤਵਪੂਰਨ ਵਿਧਾਨਿਕ ਦਸਤਾਵੇਜ਼ਾਂ ਨੂੰ ਨਸ਼ਟ ਕਰਨ ਵਾਲੇ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।
ਪਾਕਿਸਤਾਨ ਦੀ ਸੰਸਦ ਵਿੱਚ ਚੂਹਿਆਂ ਦੀ ਮੌਜੂਦਗੀ ਦਾ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਹਾਊਸਿੰਗ ਅਤੇ ਵਰਕਸ ਮੰਤਰਾਲੇ ਦੀ ਸਥਾਈ ਕਮੇਟੀ ਨੇ 2008 ਵਿੱਚ ਇੱਕ ਜਨਤਕ ਕਮੇਟੀ ਦਾ ਰਿਕਾਰਡ ਮੰਗਿਆ ਸੀ।
ਪਰ ਜਦੋਂ ਅਧਿਕਾਰੀ ਇਨ੍ਹਾਂ ਰਿਕਾਰਡਾਂ ਨੂੰ ਲੱਭਣ ਲਈ ਰਿਕਾਰਡ ਰੂਮ ਵਿੱਚ ਪੁੱਜੇ ਤਾਂ ਪਤਾ ਲੱਗਾ ਕਿ ਜ਼ਿਆਦਾਤਰ ਰਿਕਾਰਡ ਚੂਹਿਆਂ ਨੇ ਕੁਤਰ ਦਿੱਤੇ ਸਨ।
ਇਸ ਮਗਰੋਂ ਇਹ ਮਾਮਲਾ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਨੇ ਇਸਲਾਮਾਬਾਦ ਸਥਿਤ ਕੈਪੀਟਲ ਡਿਵੈਲਪਮੈਂਟ ਅਥਾਰਟੀ (ਸੀਡੀਏ) ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਇਸ ਦੇ ਹੱਲ ਲਈ ਸਬੰਧਤ ਵਿਭਾਗ ਨੂੰ ਸੂਚਿਤ ਕਰਨ।
ਨੈਸ਼ਨਲ ਅਸੈਂਬਲੀ ਦੇ ਬੁਲਾਰੇ ਜ਼ਫਰ ਸੁਲਤਾਨ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਿਆਦਾਤਰ ਚੂਹੇ ਸੰਸਦ ਭਵਨ ਦੀ ਪਹਿਲੀ ਮੰਜ਼ਿਲ 'ਤੇ ਹਨ ਅਤੇ ਇੱਥੇ ਕਮੇਟੀ ਰੂਮ ਵੀ ਸਥਿਤ ਹੈ।
ਇਸ ਮੰਜ਼ਿਲ 'ਤੇ ਨਾ ਸਿਰਫ਼ ਸਿਆਸੀ ਪਾਰਟੀਆਂ ਦੀਆਂ ਸੰਸਦੀ ਪਾਰਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਹਨ, ਬਲਕਿ ਵੱਖ-ਵੱਖ ਮੰਤਰਾਲਿਆਂ ਦੀਆਂ ਸਥਾਈ ਕਮੇਟੀਆਂ ਵੀ ਇੱਥੇ ਬੈਠਦੀਆਂ ਹਨ।
ਇਸੇ ਮੰਜ਼ਿਲ 'ਤੇ ਸੈਨੇਟ 'ਚ ਵਿਰੋਧੀ ਧਿਰ ਦੇ ਨੇਤਾ ਦਾ ਦਫ਼ਤਰ ਅਤੇ ਕੰਟੀਨ ਵੀ ਹੈ।
ਨੈਸ਼ਨਲ ਅਸੈਂਬਲੀ ਦੇ ਬੁਲਾਰੇ ਅਨੁਸਾਰ, "ਇਸ ਮੰਜ਼ਿਲ 'ਤੇ ਚੂਹੇ ਇੰਨੇ ਮੋਟੇ ਅਤੇ ਫੁਰਤੀਲੇ ਹਨ ਕਿ ਬਿੱਲੀਆਂ ਵੀ ਉਨ੍ਹਾਂ ਨੂੰ ਫੜ੍ਹਨ ਦੀ ਬਜਾਏ ਡਰ ਸਕਦੀਆਂ ਹਨ।"

ਚੂਹਿਆਂ ਤੋਂ ਛੁਟਕਾਰਾ ਪਾਉਣ ਲਈ 12 ਲੱਖ ਦੀ ਰਾਸ਼ੀ
ਸੰਸਦ ਭਵਨ 'ਚ ਤੈਨਾਤ ਇਕ ਅਧਿਕਾਰੀ ਮੁਤਾਬਕ ਸੰਸਦ ਭਵਨ ਦੀਆਂ ਵੱਖ-ਵੱਖ ਮੰਜ਼ਿਲਾਂ 'ਤੇ ਸੁੰਦਰਤਾ ਵਧਾਉਣ ਲਈ ਪਲਾਸਟਿਕ ਆਫ ਪੈਰਿਸ ਦੀਆਂ ਆਰਟੀਫੀਸ਼ੀਅਲ ਛੱਤਾਂ ਵੀ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਉਥੇ ਤੈਨਾਤ ਸਟਾਫ ਹੁਣ ਇਸ ਦਾ ਆਦੀ ਹੋ ਗਿਆ ਹੈ ਪਰ ਜੇਕਰ ਕੋਈ ਵਿਅਕਤੀ ਪਹਿਲੀ ਵਾਰ ਇੱਥੇ ਆਉਂਦਾ ਹੈ ਤਾਂ ਉਹ ਡਰ ਜਾਂਦਾ ਹੈ।
ਨੈਸ਼ਨਲ ਅਸੈਂਬਲੀ ਦੇ ਬੁਲਾਰੇ ਜ਼ਫਰ ਸੁਲਤਾਨ ਨੇ ਦੱਸਿਆ ਕਿ ਸੰਸਦ ਭਵਨ ਤੋਂ ਚੂਹਿਆਂ ਦੇ ਖ਼ਾਤਮੇ ਲਈ ਸਾਲਾਨਾ 12 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਸੰਸਦ ਭਵਨ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸੀਡੀਏ ਦੀ ਹੈ, ਇਸ ਲਈ ਉਨ੍ਹਾਂ ਨੂੰ ਇਸ ਸਬੰਧੀ ਟੈਂਡਰ ਜਾਰੀ ਕਰਕੇ ਕੰਮ ਕਿਸੇ ਚੰਗੇ ਅਦਾਰੇ ਨੂੰ ਸੌਂਪਣ ਲਈ ਆਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੀਡੀਏ ਨੇ ਇਸ ਸਬੰਧੀ ਵੱਖ-ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤਾ ਹੈ ਅਤੇ ਰਿਪੋਰਟਾਂ ਅਨੁਸਾਰ ਹੁਣ ਤੱਕ ਇਸ ਟੈਂਡਰ ਵਿੱਚ ਸਿਰਫ਼ ਦੋ ਧਿਰਾਂ ਨੇ ਹੀ ਦਿਲਚਸਪੀ ਦਿਖਾਈ ਹੈ।

ਤਸਵੀਰ ਸਰੋਤ, Getty Images
'ਪਿੰਜਰੇ ਅਤੇ ਬਿੱਲੀਆਂ ਦਾ ਵੀ ਪ੍ਰਬੰਧ'
ਸੰਸਦ ਭਵਨ ਵਿਖੇ ਤੈਨਾਤ ਇੱਕ ਅਧਿਕਾਰੀ ਅਨੁਸਾਰ ਸੀਡੀਏ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਕੰਪਨੀ ਨੂੰ 'ਚੂਹੇ ਫੜ੍ਹਨ ਪਿੰਜਰੇ ਅਤੇ ਬਿੱਲੀਆਂ' ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕਰੇ।
ਅਧਿਕਾਰੀ ਮੁਤਾਬਕ ਇਨ੍ਹਾਂ ਬਿੱਲੀਆਂ ਨੂੰ ਸੰਸਦ ਭਵਨ ਦੀਆਂ ਵੱਖ-ਵੱਖ ਥਾਵਾਂ 'ਤੇ ਛੱਡਿਆ ਜਾਵੇਗਾ।
ਪਰ ਸੰਸਦ ਭਵਨ ਇਸਲਾਮਾਬਾਦ ਦੀ ਇਕਲੌਤੀ ਅਜਿਹੀ ਸਰਕਾਰੀ ਇਮਾਰਤ ਨਹੀਂ ਹੈ, ਜਿੱਥੇ ਚੂਹਿਆਂ ਨੇ ਵਸਨੀਕਾਂ ਦੀ ਜ਼ਿੰਦਗੀ ਦੁਸ਼ਵਾਰ ਕੀਤੀ ਹੋਈ ਹੋਵੇ।
ਸੀਡੀਏ ਦੇ ਬੁਲਾਰੇ ਫੈਕ ਅਲੀ ਨੇ ਬੀਬੀਸੀ ਨੂੰ ਦੱਸਿਆ ਕਿ ਇਸਲਾਮਾਬਾਦ ਵਿੱਚ ਕਈ ਪੁਰਾਣੀਆਂ ਇਮਾਰਤਾਂ ਹਨ ਜਿੱਥੇ ਚੂਹਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਉਨ੍ਹਾਂ ਨੇ ਕਿਹਾ ਕਿ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਸੰਸਦ ਭਵਨ ਤੋਂ ਅਲਾਟ ਕੀਤੇ ਗਏ 12 ਲੱਖ ਰੁਪਏ ਦਾ ਟੈਂਡਰ ਹਾਸਿਲ ਕਰਨ ਵਾਲੀ ਕੰਪਨੀ ਸਿਰਫ਼ ਇੱਕ ਵਾਰ ਹੀ ਚੂਹਿਆਂ ਤੋਂ ਨਿਜ਼ਾਤ ਨਹੀਂ ਦਿਵਾਏਗੀ ਬਲਕਿ ਸਾਰਾ ਸਾਲ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਪਾਬੰਦ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਸੰਸਦ ਭਵਨ ਵਿੱਚੋਂ ਚੂਹਿਆਂ ਨੂੰ ਭਜਾਉਣ ਲਈ ਬਿੱਲੀਆਂ ਨੂੰ ਨੌਕਰੀ 'ਤੇ ਰੱਖਣ ਲਈ ਕੋਈ ਸ਼ਰਤ ਨਹੀਂ ਲਗਾਈ ਗਈ ਹੈ।

ਤਸਵੀਰ ਸਰੋਤ, Getty Images
ਫੈਕ ਅਲੀ ਦਾ ਕਹਿਣਾ ਹੈ ਕਿ ਇਸ ਟੈਂਡਰ ਨੂੰ ਦੇਣ ਦਾ ਮਕਸਦ ਸੰਸਦ ਭਵਨ ਤੋਂ ਚੂਹਿਆਂ ਨੂੰ ਭਜਾਉਣਾ ਹੈ ਅਤੇ ਇਸ ਲਈ ਨਿਯੁਕਤ ਕੀਤੀ ਗਈ ਕਿਸੇ ਵੀ ਕੰਪਨੀ ਨੂੰ ਗੋਂਦ ਵਾਲੀ ਸ਼ੀਟ ਦੀ ਵਰਤੋਂ ਕਰਨ ਲਈ ਕਿਹਾ ਜਾਵੇਗਾ।
ਇਸ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਇੱਕ ਗੋਂਦ ਵਾਲੀ ਚਾਦਰ 'ਤੇ ਰੱਖਿਆ ਜਾਂਦਾ ਹੈ ਅਤੇ ਜਿਵੇਂ ਹੀ ਚੂਹੇ ਉਨ੍ਹਾਂ ਨੂੰ ਖਾਣ ਲਈ ਉਧਰ ਆਉਂਦੇ ਹਨ ਤਾਂ ਉਨ੍ਹਾਂ ਦੇ ਪੈਰ ਉਸ ਚਾਦਰ ਨਾਲ ਚਿਪਕ ਜਾਂਦੇ ਹਨ।
ਫੈਕ ਅਲੀ ਮੁਤਾਬਕ, ਚੂਹੇ ਗੋਂਦ ਦੀ ਚਾਦਰ 'ਤੇ ਫਸਣ ਤੋਂ ਬਾਅਦ ਵੀ ਦੋ-ਤਿੰਨ ਦਿਨ ਤੱਕ ਜ਼ਿੰਦਾ ਰਹਿ ਸਕਦੇ ਹਨ ਅਤੇ ਫਿਰ ਜੇਕਰ ਉਨ੍ਹਾਂ ਦੀ ਮੌਜੂਦਗੀ ਦੀ ਸ਼ਿਕਾਇਤ ਮਿਲਦੀ ਹੈ ਤਾਂ ਦੋ ਮੈਂਬਰੀ ਟੀਮ ਸੰਸਦ ਭਵਨ ਤੋਂ ਚੂਹਿਆਂ ਬਾਹਰ ਕਿਤੇ ਬਹੁਤ ਦੂਰ ਛੱਡ ਕੇ ਆਵੇਗੀ।
ਸੀਡੀਏ ਦੇ ਬੁਲਾਰੇ ਨੇ ਕਿਹਾ ਕਿ ਚੂਹਾ ਇੱਕ ਜੰਗਲੀ ਜਾਨਵਰ ਹੈ, ਇਸ ਲਈ ਇਸ ਨੂੰ ਮਾਰਨਾ ਠੀਕ ਨਹੀਂ ਹੈ, ਅਜਿਹੇ ਵਿੱਚ ਇਨ੍ਹਾਂ ਚੂਹਿਆਂ ਨੂੰ ਜ਼ਿੰਦਾ ਫੜ੍ਹ ਕੇ ਕਿਤੇ ਦੂਰ ਛੱਡਣ ਦੀ ਪਹਿਲ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












