ਜ਼ਾਸ਼ੀਨ ਅਖ਼ਤਰ ਕੌਣ ਹੈ ਜਿਸ ਨੂੰ ਪੰਜਾਬ ਪੁਲਿਸ ਮਨੋਰੰਜਨ ਕਾਲੀਆ ਦੇ ਘਰ 'ਤੇ ਹਮਲੇ ਦਾ ਮੁਲਜ਼ਮ ਦੱਸ ਰਹੀ ਹੈ

    • ਲੇਖਕ, ਪ੍ਰਦੀਪ ਸ਼ਰਮਾ
    • ਰੋਲ, ਬੀਬੀਸੀ ਸਹਿਯੋਗੀ

ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਉੱਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸਦੀ ਜਾਣਕਾਰੀ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦਿੱਤੀ।

ਦਰਅਸਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ਬਾਹਰ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਇੱਕ ਧਮਾਕਾ ਹੋਇਆ ਸੀ।

ਪ੍ਰੈੱਸ ਕਾਨਫਰੰਸ ਕਰਦਿਆਂ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਟੀਮ ਨੇ ਕਰੀਬ 12 ਘੰਟਿਆਂ ਦੇ ਵਿੱਚ ਹੀ ਕੇਸ ਨੂੰ ਟਰੇਸ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਿਸ ਆਟੋ ਰਿਕਸ਼ਾ ਵਿੱਚ ਉਹ ਆਏ ਸੀ, ਉਹ ਵੀ ਬਰਾਮਦ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ, "ਇਹ ਬਹੁਤ ਵੱਡੀ ਸਾਜਿਸ਼ ਸੀ, ਜੋ ਪਾਕਿਸਤਾਨ ਦੇ ਆਈਐੱਸਆਈ ਵੱਲੋਂ ਰਚੀ ਗਈ ਸੀ, ਜਿਸ ਵਿੱਚ ਲਾਰੈਸ ਬਿਸ਼ਨੋਈ ਅਤੇ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਸਾਥੀ ਜੀਸ਼ਾਨ ਅਖ਼ਤਰ ਸ਼ਾਮਲ ਸੀ।"

ਅਰਪਿਤ ਸ਼ੁਕਲਾ ਨੇ ਕਿਹਾ ਕਿ ਬੱਬਰ ਖਾਲਸਾ ਨਾਲ ਜੁੜੇ ਤਾਰ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਦੀਆਂ ਏਜੰਸੀਆਂ ਨਾਲ ਵੀ ਸੰਪਰਕ ਵਿੱਚ ਹਨ।

ਮਨੋਰੰਜਨ ਕਾਲੀਆ ਨੇ ਦੱਸਿਆ ਕਿ ਉਹ ਰਾਤ ਘਰ ਸੁੱਤੇ ਪਏ ਸਨ ਜਦੋਂ ਇਹ ਧਮਾਕਾ ਹੋਇਆ। ਧਮਾਕਾ ਰਾਤ ਕਰੀਬ ਇੱਕ-ਡੇਢ ਵਜੇ ਹੋਇਆ ਸੀ।

ਕਾਲੀਆ ਦੇ ਘਰ ਉੱਤੇ ਹਮਲਾ ਕਰਨ ਵਾਲਾ ਮੁਲਜ਼ਮ ਕੌਣ

ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਦੇ ਮੁਤਾਬਕ, ਪੰਜਾਬ ਪੁਲਿਸ ਨੇ ਮੁਹੰਮਦ ਜ਼ਾਸ਼ੀਨ ਅਖ਼ਤਰ ਨੂੰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਦਾ ਮੁਲਜ਼ਮ ਕਰਾਰ ਦਿੱਤਾ ਹੈ।

ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਅਰਪਿਤ ਸ਼ੁਕਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਕਿ ਕਾਲੀਆ ਦੇ ਘਰ ਉੱਤੇ ਹਮਲਾ ਕਰਵਾਉਣ ਦੀ ਸਾਜਿਸ਼ ਪਿੱਛੇ ਮੁਹੰਮਦ ਜ਼ਾਸ਼ੀਨ ਅਖ਼ਤਰ ਨਾਂ ਦਾ ਸਖ਼ਸ਼ ਹੈ।

ਅਪਰਿਤ ਸ਼ੁਕਲਾ ਨੇ ਦੱਸਿਆ, "ਜ਼ਾਸ਼ੀਨ ਅਖ਼ਤਰ, ਗੁਜਰਾਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ ਦਾ ਸਾਥੀ ਹੈ। ਇਨ੍ਹਾਂ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਸਾਜਿਸ਼ ਰਚੀ ਸੀ, ਪਰ ਇਸ ਮਾਮਲੇ ਵਿੱਚ ਬੱਬਰ ਖਾਲਸਾ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"

ਅਰਪਿਤ ਸ਼ੁਕਲਾ ਨੇ ਜ਼ਾਸ਼ੀਨ ਦੇ ਨਾਲ ਜਿਸ ਦੂਜੇ ਮੁਲਜ਼ਮ ਦਾ ਨਾਂ ਜਨਤਕ ਕੀਤਾ ਹੈ, ਉਹ ਪਾਕਿਸਤਾਨੀ ਨਾਗਰਿਕ ਸ਼ਹਿਜਾਦ ਭੱਟੀ ਹੈ। ਉਸ ਨੇ 16 ਮਾਰਚ ਨੂੰ ਜਲੰਧਰ ਦੇ ਹੀ ਇੱਕ ਯੂ ਟਿਊਬਰ ਰੋਜ਼ਰ ਸੰਧੂ ਦੇ ਰਸੂਲਪੁਰ ਪਿੰਡ ਵਿਚਲੇ ਘਰ ਉੱਤੇ ਹਮਲੇ ਦੀ ਸੋਸ਼ਲ ਮੀਡੀਆ ਉੱਤੇ ਵੀਡੀਆ ਜਾਰੀ ਕਰ ਕੇ ਜਿੰਮੇਵਾਰੀ ਚੁੱਕੀ ਸੀ।

ਅਰਪਿਤ ਸ਼ੁਕਲਾ ਨੇ ਮੰਨਿਆ ਕਿ ਜ਼ਾਸ਼ੀਨ ਅਖ਼ਤਰ ਉਹੀ ਸ਼ਖਸ ਹੈ ਜੋ ਪੁਲਿਸ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਨੈਸ਼ਨਲ ਕਾਂਗਰਸ ਪਾਰਟੀ ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਲੋੜੀਂਦਾ ਹੈ। ਪਰ ਉਨ੍ਹਾਂ ਕਿਹਾ ਕਿ ਇਸ ਬਾਰੇ ਹੋਰ ਵੱਧ ਜਾਣਕਾਰੀ ਉਹ ਬਾਅਦ ਵਿੱਚ ਸਾਂਝੀ ਕਰਨਗੇ।

12 ਅਕਤੂਬਰ 2024 ਨੂੰ ਹੋਏ ਕਤਲ ਤੋਂ ਬਾਅਦ ਜ਼ਾਸ਼ੀਨ ਅਖ਼ਤਰ ਨੇ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਉਸ ਨੇ ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਭਾਰਤ ਛੱਡ ਦਿੱਤਾ ਹੈ।

ਭਾਰਤੀ ਸੁਰੱਖਿਆ ਏਜੰਸੀਆਂ ਨੇ ਵੀ ਮੰਨਿਆ ਸੀ ਕਿ ਅਖ਼ਤਰ ਅਜ਼ਰਬਾਇਜਾਨ ਤੋਂ ਕਾਰਵਾਈਆਂ ਕਰਵਾ ਰਿਹਾ ਹੈ।

ਜ਼ਾਸ਼ੀਨ ਅਖ਼ਤਰ ਦਾ ਪਿਛੋਕੜ

ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਜ਼ਾਸ਼ੀਨ ਅਖ਼ਤਰ ਦਾ ਜਨਮ ਨਕੋਦਰ ਦੇ ਸ਼ੰਕਰ ਪਿੰਡ ਵਿੱਚ 2003 ਵਿੱਚ ਹੋਇਆ। ਉਹ ਪਹਿਲਾਂ ਮਹਾਰਾਸ਼ਟਰ ਅਤੇ ਫੇਰ ਯੂਪੀ ਦੇ ਮਦਰੱਸਿਆ ਵਿੱਚ ਪੜ੍ਹਿਆ ਅਤੇ ਉਸ ਦੀ ਪਿੰਡ ਵਿੱਚ ਪੜ੍ਹਾਈ 6 ਜਮਾਤ ਤੋਂ ਸ਼ੁਰੂ ਹੋਈ।

ਪੁਲਿਸ ਸੂਤਰਾਂ ਮੁਤਾਬਕ ਉਹ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਮਾਰਬਲ ਲਗਾਉਣ ਦਾ ਕੰਮ ਕਰਨ ਲੱਗਾ ਸੀ ਜਿੱਥੇ ਉਸ ਦਾ ਕਿਸੇ ਨਾਲ ਝਗੜਾ ਹੋਇਆ ਅਤੇ ਮੋਬਾਇਲ ਫੋਨ ਚੋਰੀ ਕਰਨ ਦੇ ਇਲਜ਼ਾਮ ਲੱਗੇ।

ਉਹ ਪਹਿਲੀ ਵਾਰ ਪੁਲਿਸ ਰਿਕਾਰਡ ਵਿੱਚ 2022 ਦੌਰਾਨ ਆਇਆ। ਜਲੰਧਰ ਪੁਲਿਸ ਨੇ ਉਸ ਖ਼ਿਲਾਫ਼ ਲੁੱਟਖੋਹ ਵਿਰੋਧੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ। ਉਹ ਕਪੂਰਥਲਾ ਅਤੇ ਪਟਿਆਲ਼ਾ ਜੇਲ੍ਹ ਵਿੱਚ ਰਿਹਾ ਜਿੱਥੇ ਜੂਨ 2023 ਦੌਰਾਨ ਉਹ ਜ਼ਮਾਨਤ ਉੱਤੇ ਬਾਹਰ ਆ ਗਿਆ।

ਅਕਤੂਬਰ 2024 ਵਿੱਚ ਜਦੋਂ ਬਾਬਾ ਸਿੱਦੀਕੀ ਦਾ ਕਤਲ ਹੋਇਆ ਸੀ, ਉਦੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਨੇ ਜ਼ਾਸ਼ੀਨ ਦੇ ਪੰਜਾਬ ਦੇ ਕਸਬੇ ਨਕੋਦਰ ਦੇ ਪਿੰਡ ਸ਼ੰਕਰ ਵਿੱਚ ਜਾ ਕੇ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ।

ਪਿੰਡ ਸ਼ੰਕਰ ਦੇ ਸਰਪੰਚ ਹਿੰਮਤ ਭਾਰਦਵਾਜ ਨੇ ਦੱਸਿਆ ਸੀ ਕਿ ਉਹ ਜਮਾਨਤ ਮਿਲਣ ਤੋਂ ਬਾਅਦ ਕਦੇ ਪਿੰਡ ਨਹੀਂ ਆਇਆ।

ਉਦੋਂ ਹੀ ਡੀਐੱਸਪੀ ਨਕੋਦਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਮੁਹੰਮਦ ਜ਼ਾਸ਼ੀਨ ਉਰਫ਼ ਜੈਸੀ ਉਰਫ਼ ਸਿਕੰਦਰ ʼਤੇ 2022 ਵਿੱਚ ਪਤਾਰਾ ਥਾਣੇ ਵਿੱਚ ਇੱਕ ਐੱਫਆਈਆਰ ਦਰਜ ਹੋਈ ਸੀ। ਉਸੇ ਦੇ ਤਹਿਤ ਉਸ ਨੂੰ ਜੁਲਾਈ 2022 ਨੂੰ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।"

"ਉਦੋਂ ਤੋਂ ਲੈ ਕੇ ਜੂਨ 2024 ਤੱਕ ਉਹ ਜੇਲ੍ਹ ਵਿੱਚ ਹੀ ਸੀ। ਉੱਥੋਂ ਰਿਹਾਅ ਮਗਰੋਂ ਉਹ ਆਪਣੇ ਪਿੰਡ ਨਹੀਂ ਆਇਆ ਅਤੇ ਉਦੋਂ ਤੋਂ ਹੀ ਇਹ ਫਰਾਰ ਹੈ। ਅਸੀਂ ਇਸ ʼਤੇ ਨਜ਼ਰ ਰੱਖੀ ਸੀ ਪਰ ਉਹ ਫਰਾਰ ਹੈ ਅਤੇ ਆਪਣੇ ਪਿੰਡ ਵੀ ਨਹੀਂ ਗਿਆ।"

ਪੁਲਿਸ ਸੂਤਰਾਂ ਮੁਤਾਬਕ ਇਸ ਤੋਂ ਬਾਅਦ ਉਸ ਨੇ ਆਪਣਾ ਟਿਕਾਣਾ ਪੰਜਾਬ ਤੋਂ ਹਰਿਆਣਾ ਬਦਲ ਲਿਆ ਅਤੇ ਜੇਲ੍ਹ ਵਿੱਚ ਹੀ ਉਸ ਦਾ ਲਾਰੈਂਸ਼ ਬਿਸ਼ਨੋਈ ਦੀ ਗੈਂਗ ਨਾਲ ਰਾਬਤਾ ਜੁੜ ਗਿਆ ਸੀ।

ਘਟਨਾ ਤੋਂ ਬਾਅਦ ਕੀ-ਕੀ ਹੋਇਆ

ਡੀਸੀਪੀ ਮਨਪ੍ਰੀਤ ਢਿੱਲੋਂ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਨਾ ਤਾਂ ਕੋਈ ਸ਼ੈੱਲ ਮਿਲਿਆ ਹੈ ਅਤੇ ਨਾ ਹੀ ਕੋਈ ਵਿਸਫ਼ੋਟਕ ਸਮੱਗਰੀ ਮਿਲੀ। ਮਾਮਲੇ ਦਾ ਜਾਂਚ ਲਈ ਫੋਰੈਂਸਿਕ ਟੀਮਾਂ ਵੀ ਮੌਕੇ ਉੱਤੇ ਪਹੁੰਚੀਆਂ ਸਨ।

ਢਿੱਲੋਂ ਨੇ ਕਿਹਾ ਕਿ ਫ਼ੋਰੈਂਸਿਕ ਟੀਮ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਧਮਾਕਾ ਕਿਸ ਵਿਸਫ਼ੋਟਕ ਸਮੱਗਰੀ ਨਾਲ ਕੀਤਾ ਗਿਆ ਹੈ।

ਬਲਾਸਟ ਤੋਂ ਬਾਅਦ ਜਲੰਧਰ ਪੁਲਿਸ ਕਮਿਸ਼ਨਰ, ਧਨਪ੍ਰੀਤ ਕੌਰ ਨੇ ਸਥਿਤੀ ਦਾ ਜਾਇਜ਼ਾ ਲਿਆ।

ਮਨੋਰੰਜਨ ਕਾਲੀਆ ਨੇ ਕੀ ਦੱਸਿਆ

ਘਟਨਾ ਬਾਰੇ ਦੱਸਦਿਆਂ ਮਨੋਰੰਜਨ ਕਾਲੀਆ ਨੇ ਕਿਹਾ, "ਜਦੋਂ ਧਮਾਕੇ ਦੀ ਆਵਾਜ਼ ਆਈ, ਪਰਿਵਾਰ ਘਰ ਦੇ ਅੰਦਰ ਸੁੱਤਾ ਹੋਇਆ ਸੀ। ਪਹਿਲਾਂ ਸਾਨੂੰ ਲੱਗਿਆ ਸ਼ਾਇਦ ਬਾਹਰ ਬਿਜਲੀ ਦਾ ਟਰਾਂਸਫਾਰਮ ਸੜਿਆ ਹੈ।"

"ਧਮਾਕੇ ਤੋਂ ਬਾਅਦ ਵਾਈਬਰੇਸ਼ਨ ਬਹੁਤ ਸੀ ਜਿਸ ਤੋਂ ਇਹ ਵੀ ਸੋਚਿਆ ਕਿ ਸ਼ਾਇਦ ਤੇਜ਼ ਬੱਦਲ ਗਰਜੇ ਹਨ, ਮੈਂ ਅੰਦਰ ਹੀ ਰਿਹਾ ਅਤੇ ਡਰਾਈਵਰ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਧਮਾਕੇ ਬਾਰੇ ਦੱਸਿਆ।"

"ਸਾਰੀਆਂ ਚੀਜ਼ਾਂ ਖਿੱਲਰੀਆਂ ਹੋਈਆਂ ਸਨ। ਫ਼ਿਰ ਗੰਨਮੈਨ ਨੂੰ ਜਲੰਧਰ ਦੇ ਤਿੰਨ ਨੰਬਰ ਪੁਲਿਸ ਸਟੇਸ਼ਨ ਭੇਜਿਆ।"

ਮਨੋਰੰਜਨ ਕਾਲੀਆ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ, "ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਲਾਗੂ ਕਰਨਾ ਹੁੰਦੀ ਹੈ। ਪਰ ਪੰਜਾਬ ਵਿੱਚ ਅਮਨ-ਚੈਨ ਵਿਗਾੜਨ ਦਾ ਇਰਾਦਾ ਰੱਖਣ ਵਾਲਿਆਂ ਦੀ ਹਿੰਮਤ ਇੰਨੀ ਵੱਧ ਗਈ ਹੈ ਕਿ ਉਹ ਘਰਾਂ ਤੱਕ ਪਹੁੰਚ ਗਏ ਹਨ।"

ਉਨ੍ਹਾਂ ਕਿਹਾ ਕਿ ਪੁਲਿਸ ਅਤੇ ਫ਼ੋਰੈਂਸਿਕ ਟੀਮਾਂ ਸੀਸੀਟੀਵੀ ਸਣੇ ਬਾਕੀ ਪੱਖਾਂ ਦੀ ਜਾਂਚ ਕਰ ਰਹੀਆਂ ਹਨ।

ਸੀਸੀਟੀਵੀ ਫੁੱਟੇਜ਼ ਵਿੱਚ ਕੀ ਸਾਹਮਣੇ ਆਇਆ

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਇਸ ਵਿੱਚ ਇੱਕ ਬੈਟਰੀ ਰਿਕਸ਼ਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰੋਂ ਤੇਜ਼ੀ ਨਾਲ ਲੰਘਦਾ ਦੇਖਿਆ ਜਾ ਸਕਦਾ ਹੈ।

ਫਿਰ ਉਸ ਰਿਕਸ਼ਾ ਉੱਤੇ ਸਵਾਰ ਨੌਜਵਾਨ ਵੱਲੋਂ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਦੀ ਗੱਲ ਕਹੀ ਜਾ ਰਹੀ ਹੈ।

ਧਮਾਕਾ ਹੁੰਦਾ ਹੈ ਅਤੇ ਜ਼ੋਰਦਾਰ ਆਵਾਜ਼ ਆਉਂਦੀ ਹੈ।

ਵੱਖ-ਵੱਖ ਸਿਆਸੀ ਆਗੂਆਂ ਨੇ ਕੀਤੀ ਨਿੰਦਾ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਕਸ ਉੱਤੇ ਕਾਲੀਆ ਦੇ ਘਰ ਦੇ ਹੋਏ ਨੁਕਸਾਨ ਨੂੰ ਦਰਸਾਉਂਦੀ ਇੱਕ ਵੀਡੀਓ ਪਾ ਕੇ ਲਿਖਿਆ, "ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਪੰਜਾਬ ਦੀ ਸ਼ਾਂਤੀ, ਲੋਕਤੰਤਰ ਅਤੇ ਕਾਨੂੰਨ ਵਿਵਸਥਾ 'ਤੇ ਸਿੱਧਾ ਹਮਲਾ ਹੈ।"

"ਇਹ ਘਿਨਾਉਣਾ ਕਾਰਾ ਪੰਜਾਬ ਸਰਕਾਰ ਦੀ ਮੁਕੰਮਲ ਅਸਫਲਤਾ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਉਸਦੀ ਅਸਮਰੱਥਾ ਨੂੰ ਉਜਾਗਰ ਕਰਦਾ ਹੈ। ਦਹਿਸ਼ਤਗਰਦੀ ਦੇ ਅਜਿਹੇ ਕਾਇਰਤਾਪੂਰਨ ਕਾਰੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਅਤੇ ਨਾ ਹੀ ਬਰਦਾਸ਼ਤ ਕੀਤੇ ਜਾਣਗੇ।"

ਉਨ੍ਹਾਂ ਲਿਖਿਆ, "ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਫਰਜ਼ ਨਹੀਂ ਨਿਭਾ ਸਕਦੇ, ਤਾਂ ਉਨ੍ਹਾਂ ਨੂੰ ਫ਼ੌਰਨ ਅਸਤੀਫਾ ਦੇ ਦੇਣਾ ਚਾਹੀਦਾ ਹੈ।"

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਘਟਨਾ ਦੀ ਨਿੰਦੀ ਕੀਤੀ ਹੈ। ਉਨ੍ਹਾਂ ਐਕਸ 'ਤੇ ਲਿਖਿਆ, "ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਪੰਜਾਬ ਦੀ ਸ਼ਾਂਤੀ ਨੂੰ ਤਬਾਹ ਕਰਨ ਅਤੇ ਫਿਰਕੂ ਅਸ਼ਾਂਤੀ ਭੜਕਾਉਣ ਦੀ ਇੱਕ ਖ਼ਤਰਨਾਕ ਸਾਜ਼ਿਸ਼ ਦਾ ਹਿੱਸਾ ਹੈ।

"ਪਹਿਲਾਂ ਵੀ ਇਨ੍ਹਾਂ ਹੀ ਤਾਕਤਾਂ ਨੇ ਇੱਕ ਪੂਜਾ ਸਥਾਨ 'ਤੇ ਹਮਲਾ ਕੀਤਾ ਹੈ ਅਤੇ ਬਾਬਾ ਸਾਹਿਬ ਬੀਆਰ ਅੰਬੇਡਕਰ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਹੈ।"

ਉਨ੍ਹਾਂ ਲਿਖਿਆ,"ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹੈ ਕਿ ਗ੍ਰਹਿ ਮੰਤਰੀ ਵਜੋਂ ਆਪਣੀ ਡਿਊਟੀ ਨਿਭਾਉਣ ਅਤੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਨ ਜਾਂ ਤੁਰੰਤ ਅਸਤੀਫਾ ਦੇ ਦੇਣ।"

ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਵੀ ਧਮਾਕੇ ਦੀ ਨਿੰਦਾ ਕਰਦਿਆਂ ਐਕਸ ਉੱਤੇ ਲਿਖਿਆ, "ਮੈਂ ਸਾਬਕਾ ਮੰਤਰੀ ਅਤੇ ਭਾਜਪਾ ਆਗੂ 'ਤੇ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਭਗਵੰਤ ਮਾਨ ਦੀ ਸਰਕਾਰ ਦੇ ਅਧੀਨ ਪੰਜਾਬ ਵਿੱਚ ਕਾਨੂੰਨ- ਵਿਵਸਥਾ ਢਹਿ-ਢੇਰੀ ਹੋ ਗਈ ਹੈ।"

ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਿਤ ਹੁੰਦਿਆਂ ਲਿਖਿਆ, "ਭਗਵੰਤ ਮਾਨ, ਤੁਸੀਂ ਸਿਰਫ਼ ਮੁੱਖ ਮੰਤਰੀ ਵਜੋਂ ਹੀ ਅਸਫ਼ਲ ਨਹੀਂ ਹੋ ਰਹੇ, ਗ੍ਰਹਿ ਮੰਤਰੀ ਵਜੋਂ ਤੁਸੀਂ ਪੂਰੀ ਤਰ੍ਹਾਂ ਤਬਾਹੀ ਮਚਾ ਰਹੇ ਹੋ। ਪੰਜਾਬ ਦੇ ਆਮ ਲੋਕਾਂ ਲਈ ਕੀ ਉਮੀਦ ਹੈ?

‘ਕੁਝ ਲੋਕਾਂ ਨੂੰ ਸੂਬੇ ਵਿੱਚ ਅਮਨ-ਅਮਾਨ ਬਰਦਾਸ਼ਤ ਨਹੀਂ’- ਭਗਤ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਾਲੀਆ ਦੇ ਘਰ ਦੇ ਬਾਹਰ ਹੋਏ ਧਮਾਕੇ ਬਾਰੇ ਗੱਲ ਕਰਦਿਆਂ ਕਿਹਾ, "ਕੁਝ ਸ਼ਰਾਰਤੀ ਅਨਸਰਾਂ ਨੂੰ ਇਹ ਚੰਗਾ ਨਹੀਂ ਲੱਗ ਰਿਹਾ ਕਿ ਪੰਜਾਬ ਵਿੱਚ ਸਾਂਤੀ ਹੈ ਅਤੇ ਵਿਕਾਸ ਹੋ ਰਿਹਾ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦਾ ਪਾਕਿਸਤਾਨ ਨਾਲ ਵੀ ਕੋਈ ਸਬੰਧ ਹੋਵੇ।"

"ਪਾਕਿਸਤਾਨ ਵਲੋਂ ਹਮੇਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸਿਸ਼ ਕੀਤੀ ਗਈ ਹੈ, ਪਹਿਲਾਂ ਵੀ। ਹੁਣ ਜਦੋਂ ਪੰਜਾਬ ਵਿੱਚ ਸੁੱਖ-ਸ਼ਾਂਤੀ ਹੈ ਤਾਂ ਉਹ ਇਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

"ਅਸੀਂ ਇਸ ਮਸਲੇ ਨੂੰ ਗੰਭੀਰਤਾ ਅਤੇ ਸੰਵੇਦਨਸੀਲਤਾ ਲਿਆ ਹੈ। ਮੁੱਖ ਮੰਤਰੀ ਸਾਹਿਬ ਇਸ ਘਟਨਾ ਖ਼ਿਾਲਫ਼ ਕਾਰਵਾਈ ਕਰਨਗੇ। ਜੋ ਵੀ ਲੋਕ ਇਸ ਮਾਮਲੇ ਵਿੱਚ ਸ਼ਾਮਲ ਹਨ, ਨੂੰ ਬਖ਼ਸ਼ਇਆ ਨਹੀਂ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਅਤੇ ਸਰਕਾਰ ਦਾ ਸਪੱਸ਼ਟ ਏਜੰਡਾ ਹੈ ਕਿ ਸੂਬੇ ਵਿੱਚ ਅਮਨ-ਅਮਾਨ ਖ਼ਬਾਬ ਨਹੀਂ ਹੋਣ ਦੇਣਾ ਹੈ।

ਸੂਬੇ ਵਿੱਚ ਕਦੋਂ ਤੇ ਕਿੱਥੇ -ਕਿੱਥੇ ਹੋਏ ਹਮਲੇ

ਬੀਤੇ ਕੁਝ ਮਹੀਨਿਆਂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਕਈ ਧਮਾਕੇ ਹੋਏ ਹਨ।

ਇਨ੍ਹਾਂ ਧਮਾਕਿਆਂ ਦਾ ਸਿਲਸਿਲਾ ਬੀਤੇ ਸਾਲ 23 ਨਵੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਅਜਨਾਲਾ ਥਾਣੇ ਤੋਂ ਹੋਇਆ। ਜਿੱਥੇ ਪੁਲਿਸ ਨੂੰ ਆਈਈਡੀ ( (ਵਿਸਫੋਟਕ ਸਮੱਗਰੀ) ਬਾਰਮਦ ਹੋਈ ਸੀ।

  • 28 ਨਵੰਬਰ: ਗੁਰਬਖ਼ਸ਼ ਨਗਰ ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਉੱਤੇ ਹਮਲਾ ਹੋਇਆ
  • 4 ਦਸੰਬਰ: ਮਜੀਠੀਆ ਪੁਲਿਸ ਥਾਣੇ ਦੇ ਬਾਹਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ
  • 12 ਦਸੰਬਰ: ਗੁਰਦਾਸਪੁਰ ਦੇ ਪਿੰਡ ਅਲੀਵਾਲ ਵਿਖੇ ਪੁਲਿਸ ਥਾਣਾ ਘਣੀਏ ਕੇ ਬਾਂਗਰ ਉੱਤੇ ਦੇਰ ਰਾਤ ਹਮਲਾ ਹੋਇਆ
  • 17 ਦਸੰਬਰ: ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਇਸਲਾਮਾਬਾਦ ਉੱਤੇ ਹਮਲਾ
  • 18 ਦਸੰਬਰ: ਗੁਰਦਾਸਪੁਰ ਦੀ ਪੁਲਿਸ ਚੌਂਕੀ ਬਖਸ਼ੀਵਾਲ ਉੱਤੇ ਹਮਲਾ
  • 20 ਦਸੰਬਰ: ਵਡਾਲਾ ਬਾਂਗਰ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ
  • 3 ਫਰਵਰੀ: ਅੰਮ੍ਰਿਤਸਰ ਪੁਲਿਸ ਚੌਕੀ ਫਤਿਹਗੜ੍ਹ ਚੂੜੀਆ ਬਾਇਪਾਸ ਉੱਤੇ ਹਮਲਾ
  • 15 ਜਨਵਰੀ: ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਅਮਨ ਜੈਂਤੀਪੁਰ ਦੇ ਘਰ ਪਿੰਡ ਜੈਂਤੀਪੁਰ, ਅੰਮ੍ਰਿਤਸਰ ਉੱਤੇ ਹਮਲਾ
  • 17 ਫਰਵਰੀ: ਪੰਜਾਬ ਪੁਲਿਸ ਦੇ ਸਿਪਾਹੀ ਜਤਿੰਦਰ ਸਿੰਘ ਦੇ ਚਾਚੇ ਦੇ ਘਰ ਪਿੰਡ ਰਾਇਮਲ, ਬਟਾਲਾ 'ਚ ਧਮਾਕਾ
  • 11 ਮਾਰਚ: ਅੰਮ੍ਰਿਤਸਰ ਦੇ ਹਿੰਦੂ ਮੰਦਰ ਠਾਕੁਰ ਦੁਆਰੇ ਬਾਹਰ ਧਮਾਕਾ
  • 16 ਮਾਰਚ: ਜਲੰਧਰ ਦੇ ਪਿੰਡ ਰਸੂਲ ਵਿੱਚ ਘਰ ਉੱਤੇ ਧਮਾਕਾਖੇਜ਼ ਸਮੱਗਰੀ ਸੁੱਟੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)