You’re viewing a text-only version of this website that uses less data. View the main version of the website including all images and videos.
ਡਰੱਗਜ਼ ਮਾਮਲੇ 'ਚ ਅਮਰੀਕੀ ਏਜੰਸੀ ਨੂੰ ਲੋੜੀਂਦਾ 'ਸ਼ੌਨ ਭਿੰਡਰ' ਕਿਵੇਂ ਆਇਆ ਪੰਜਾਬ ਪੁਲਿਸ ਦੇ ਅੜਿੱਕੇ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਅਧਾਰਤ ਖ਼ੂਫੀਆ ਅਤੇ ਸੁਰੱਖਿਆ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੂੰ ਡਰੱਗਜ਼ ਮਾਮਲੇ ਵਿੱਚ ਲੋੜੀਂਦਾ ਨੌਜਵਾਨ ਪੰਜਾਬ ਦੀ ਤਰਨਤਾਰਨ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਨਾਮ ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਹੈ ਜਿਸ ਉੱਤੇ ਕੌਮਾਂਤਰੀ ਪੱਧਰ ਉੱਤੇ ਡਰੱਗਜ਼ ਗਿਰੋਹ ਨੂੰ ਚਲਾਉਣ ਦਾ ਇਲਜ਼ਾਮ ਹੈ। ਐੱਫਬੀਆਈ ਨੂੰ ਸ਼ੌਨ ਭਿੰਡਰ ਦੀ ਕੋਕੀਨ ਵੰਡਣ ਦੀ ਸਾਜ਼ਿਸ਼, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੀ ਵਰਤੋਂ ਕਰਨ ਦੇ ਵੱਖ ਵੱਖ ਕੇਸਾਂ ਵਿੱਚ ਭਾਲ ਸੀ।
ਪੰਜਾਬ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਦਾ ਕਹਿਣਾ ਹੈ ਕਿ ਸ਼ੌਨ ਭਿੰਡਰ ਗਲੋਬਲ ਨਾਰਕੋਟਿਕਸ ਸਿੰਡੀਕੇਟ ਵਿੱਚ ਇੱਕ ਮੁੱਖ ਖਿਡਾਰੀ ਸੀ, ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਸੀ।
ਕੌਣ ਹੈ ਸ਼ੌਨ ਭਿੰਡਰ
ਅਸਲ ਵਿੱਚ 33 ਸਾਲਾ ਸ਼ੌਨ ਭਿੰਡਰ ਦਾ ਜੱਦੀ ਪਿੰਡ ਬਟਾਲਾ ਦਾ ਮੰਡਿਆਲਾ ਹੈ ਅਤੇ ਉਸ ਦੀ ਪਤਨੀ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਨਾਲ ਹੈ ਅਤੇ ਇੱਥੋਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਸ਼ੌਨ ਦੇ ਮਾਪੇ ਕੈਨੇਡੀਅਨ ਨਾਗਰਿਕ ਹਨ ਅਤੇ ਉਸ ਨੇ ਕਾਲਜ ਦੀ ਪੜ੍ਹਾਈ ਬਟਾਲਾ ਤੋਂ ਹੀ ਕੀਤੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੈਨੇਡਾ ਦੀ ਪੱਕੀ ਨਾਗਰਿਕ ਇੱਕ ਕੁੜੀ ਨਾਲ ਵਿਆਹ ਕਰਵਾ ਕੇ ਉਹ ਕੈਨੇਡਾ ਚਲਾ ਗਿਆ।
ਪੁਲਿਸ ਮੁਤਾਬਕ ਸ਼ੌਨ ਭਿੰਡਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਹ ਟਰਾਂਸਪੋਰਟ ਦਾ ਕੰਮ ਕਰਦਾ ਸੀ ਅਤੇ ਇਸ ਕਾਰੋਬਾਰ ਦੀ ਆੜ ਵਿੱਚ ਉਹ ਡਰੱਗਜ਼ ਅਮਰੀਕਾ ਅਤੇ ਕੈਨੇਡਾ ਵਿੱਚ ਸਪਲਾਈ ਕਰਦਾ ਸੀ।
ਐੱਫਬੀਆਈ ਨੇ ਇਸ ਸਾਲ 26 ਫਰਵਰੀ ਮਹੀਨੇ ਵਿੱਚ ਸ਼ੌਨ ਭਿੰਡਰ ਦੇ ਚਾਰ ਸਾਥੀਆਂ ਨੂੰ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਪਰ ਸ਼ੌਨ ਐੱਫਬੀਆਈ ਨੂੰ ਚਕਮਾ ਦੇ ਕੇ ਭਾਰਤ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਤਰਨਤਾਰਨ ਪੁਲਿਸ ਮੁਤਾਬਕ "ਸ਼ੌਨ ਭਿੰਡਰ 3 ਮਾਰਚ ਨੂੰ ਭਾਰਤ ਪਹੁੰਚਿਆ ਸੀ।"
ਅਸਲ ਵਿੱਚ ਐੱਫਬੀਆਈ ਨੇ ਇਸ ਰੈਕਟ ਦਾ ਪਰਦਾਫਾਸ਼ 2024 ਵਿੱਚ ਉਸ ਸਮੇਂ ਕੀਤਾ ਜਦੋਂ ਸ਼ੌਨ ਭਿੰਡਰ ਗੈਂਗ ਦੇ ਕੁਝ ਮੈਂਬਰ ਉਸ ਦੇ ਧੱਕੇ ਚੜ ਗਏ।
ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਦਸੰਬਰ 2024 ਵਿੱਚ ਅਸਲਾ ਐਕਟ ਤਹਿਤ ਦਰਜ ਕੀਤੇ ਮਾਮਲੇ ਵਿੱਚ ਵੀ ਪੁਲਿਸ ਨੂੰ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਪੁਲਿਸ ਨੇ ਬਦਨਾਮ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਬਾਠ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਸੀ।
ਕਿਵੇਂ ਕਰਦਾ ਸੀ ਸ਼ੌਨ ਭਿੰਡਰ ਦਾ ਗਿਰੋਹ ਕੰਮ
ਅਮਰੀਕਾ ਦੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵੱਲੋਂ 27 ਫਰਵਰੀ ਨੂੰ ਜਾਰੀ ਕੀਤੀ ਗਈ ਇੱਕ ਪ੍ਰੈੱਸ ਰਿਲੀਜ਼ ਦੇ ਮੁਤਾਬਕ ਸ਼ੌਨ ਭਿੰਡਰ ਅਤੇ ਉਸ ਦੇ ਸਾਥੀ 2023 ਤੋਂ ਡਰੱਗਜ਼ ਦੇ ਕਾਰੋਬਾਰ ਵਿੱਚ ਸ਼ਾਮਲ ਹਨ।
ਸ਼ੌਨ ਭਿੰਡਰ ਤੋਂ ਇਲਾਵਾ ਪੰਜਾਬੀ ਮੂਲ ਦੇ ਹੋਰ ਨੌਜਵਾਨ ਜਿਨ੍ਹਾਂ ਵਿੱਚ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਉਰਫ਼ ਸਾਬੀ ਅਤੇ ਗੁਰਲਾਲ ਸਿੰਘ ਇਸ ਕੰਮ ਵਿੱਚ ਸ਼ਾਮਲ ਸਨ।
ਅਮਰੀਕੀ ਅਦਾਲਤ ਮੁਤਾਬਕ ਇਹ ਗਿਰੋਹ ਕੋਲੰਬੀਆ ਤੋਂ ਡਰੱਗਜ਼ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਸਨ।
ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਸ਼ੌਨ ਭਿੰਡਰ ਦਾ ਗਿਰੋਹ ਕੈਨੇਡਾ ਆਧਾਰਿਤ ਨਸ਼ਾ ਤਸਕਰਾਂ ਦਾ ਗਿਰੋਹ ਹੈ।
ਸ਼ੌਨ ਆਪਣੇ ਟਰਾਂਸਪੋਰਟ ਦੇ ਕਾਰੋਬਾਰ ਦੀ ਆੜ ਵਿੱਚ ਡਰੱਗਜ਼ ਦੀ ਤਸਕਰੀ ਕਰਦਾ ਸੀ ਅਤੇ ਅਮਰੀਕਾ-ਕੈਨੇਡਾ ਦੇ ਵੱਖ-ਵੱਖ ਰਾਜਾਂ ਵਿਚ ਉਸ ਦੇ ਗੁਰਗੇ ਨਸ਼ੇ ਦੀ ਸਪਲਾਈ ਦਾ ਕੰਮ ਕਰਦੇ ਸਨ।
ਅਮਰੀਕਾ ਦੀ ਅਦਾਲਤ ਮੁਤਾਬਕ ਅਪ੍ਰੈਲ 2024 ਵਿੱਚ ਇਸ ਗਿਰੋਹ ਦੇ ਮੈਂਬਰ ਤਕਦੀਰ ਸਿੰਘ ਉਰਫ਼ ਰੋਮੀ ਅਤੇ ਸਰਬਜੀਤ ਸਿੰਘ ਉਰਫ਼ ਸਾਬੀ ਪੁਲਿਸ ਦੇ ਧੱਕੇ ਚੜ ਗਏ।
ਇਸ ਤੋਂ ਬਾਅਦ ਜਦੋਂ ਇਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਚਾਰ ਹਥਿਆਰ, ਕਰੀਬ 391 ਕਿਲੋਗ੍ਰਾਮ ਮੈਥਾਮਪੇਟਾਮਾਈਨ ਅਤੇ ਕਰੀਬ 109 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ।
ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ ਅਤੇ ਗੁਰਲਾਲ ਸਿੰਘ ਨੂੰ ਅਮਰੀਕਾ ਦੇ ਵੱਖ-ਵੱਖ ਰਾਜਾਂ ਤੋਂ ਗ੍ਰਿਫ਼ਤਾਰ ਕਰ ਲਿਆ।
ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਨੇ ਦੱਸਿਆ, "ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਸ਼ੌਨ ਭਿੰਡਰ ਨੇ ਟਰੱਕਾਂ ਅਤੇ ਟਰੇਲਰਾਂ ਰਾਹੀਂ ਅੰਤਰਰਾਸ਼ਟਰੀ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸੀ।"
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸ਼ੌਨ ਭਿੰਡਰ 2014 ਤੋਂ ਕੈਨੇਡਾ ਵਿੱਚ ਟਰਾਂਸਪੋਰਟ ਕਾਰੋਬਾਰ ਕਰ ਰਿਹਾ ਹੈ ਅਤੇ ਉਸ ਦੀ ਆੜ ਵਿੱਚ ਇਨ੍ਹਾਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸ਼ੌਨ ਭਿੰਡਰ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਹਫ਼ਤੇ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਅਤੇ ਕੈਨੇਡਾ ਵਿੱਚ ਲਗਭਗ 600 ਕਿਲੋਗ੍ਰਾਮ ਕੋਕੀਨ ਸਪਲਾਈ ਕਰ ਰਿਹਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ